ਸਿਆਸੀ ਵਾਅਦੇ ਜੋ ਵਫ਼ਾ ਨਹੀਂ ਹੋ ਪਾਉਂਦੇ, ਹੁਣ ਮੁੱਦੇ ਨਹੀਂ ਹੱਲ ਪੁੱਛਣ ਦਾ ਮੌਕਾ

Tuesday, Aug 10, 2021 - 02:41 PM (IST)

ਸਿਆਸੀ ਵਾਅਦੇ ਜੋ ਵਫ਼ਾ ਨਹੀਂ ਹੋ ਪਾਉਂਦੇ, ਹੁਣ ਮੁੱਦੇ ਨਹੀਂ ਹੱਲ ਪੁੱਛਣ ਦਾ ਮੌਕਾ

ਸਿਆਸਤ ਚਾਹੇ ਪੰਜਾਬ ਦੀ ਹੋਵੇ, ਚਾਹੇ ਸਮੂਹ ਭਾਰਤ ਦੀ ਪਰ ਜੇਕਰ ਗੱਲ ਨਿਘਾਰ ਦੀ ਕਰੀਏ ਤਾਂ ਜਿੰਨਾ ਨਿਘਾਰ ਸਿਆਸਤ ਵਿੱਚ ਆ ਚੁੱਕਾ ਹੈ ਸ਼ਾਇਦ ਐਨਾ ਨਿਘਾਰ ਸਾਨੂੰ ਕਿਤੇ ਵੀ ਵੇਖਣ ਨੂੰ ਨਾ ਮਿਲੇ। ਸਿਆਸਤ ਤੋਂ ਗੰਦੀ ਸ਼ਾਇਦ ਕੋਈ ਪੰਜਾਬੀ ਦੀ ਗਾਲ ਵੀ ਨਾ ਹੋਵੇ। ਇਸ ਸਿਆਸਤ ਵਿੱਚ ਨਿਘਾਰ ਆਉਣਾ ਸਾਡੇ ਸਿਆਸੀ ਲੀਡਰਾਂ ਦੀ ਘਟੀਆ ਸੋਚ ਦਾ ਨਤੀਜਾ ਹੈ। ਚੱਲੋ ਅਸੀਂ ਦੋ ਘੜੀਆਂ ਮੰਨ ਲੈਂਦੇ ਹਾਂ ਕਿ ਸਿਆਸਤ ਗੰਦੀ ਹੈ, ਸਿਆਸਤੀ ਲੀਡਰ ਗੰਦੇ ਨੇ ਭਾਵ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੁੰਦਾ ਹੈ। ਹੋਵੇ ਵੀ ਕਿਉਂ ਨਾ ਕਿਉਂਕਿ ਚੁਣਦੇ ਵੀ ਅਸੀਂ ਹਾਂ ਤੇ ਬੁਰਾ ਭਲਾ ਵੀ ਅਸੀਂ ਕਹਿੰਦੇ ਹਾਂ।
      
ਚੋਣ ਮੈਦਾਨ ਵਿੱਚ ਕਿਸੇ ਵੀ ਪਾਰਟੀ ਦਾ ਲੀਡਰ ਵਾਅਦਿਆਂ ਤੇ ਲਾਰਿਆ ਤੋਂ ਬਿਨਾਂ ਤੁਹਾਨੂੰ ਤੇ ਸਾਨੂੰ ਲੁਭਾ ਨਹੀਂ ਸਕਦਾ। ਜਿੱਥੇ ਲੋਭ ਆ ਗਿਆ ਭਾਵ ਸਿਆਸਤ ਆ ਗਈ। ਲੋਭ ਤੋਂ ਖਹਿੜਾ ਛੁਡਾਉਣਾ ਕੀ ਸਾਡੇ ਪੰਜਾਬੀਆਂ ਦੇ ਵੱਸ ਦੀ ਗੱਲ ਹੈ? ਸ਼ਾਇਦ ਨਹੀਂ। ਤੁਸੀਂ ਕਹੋਗੇ ਕਿਉਂ ਨਹੀਂ। ਉਹ ਇਸ ਕਰਕੇ ਕੀ ਸਾਡੇ ਗੁਰੂਆਂ ਦਾ ਸ਼ੁਰੂ ਤੋਂ ਹੀ ਇੱਕੋ ਉਪਦੇਸ਼ ਸੀ ਕੀ ਪੰਜ ਚੋਰਾਂ ਤੋਂ ਆਪਣਾ ਬਚਾਅ ਕਰੋ। ਜੇਕਰ ਤੁਸੀਂ ਇਹਨਾਂ ਪੰਜਾਂ ਚੋਰਾਂ ਤੋਂ ਬਚਾਅ ਕਰਗੇ ਤਾਂ ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਉਹ ਚੋਰਾਂ ਵਾਰੇ ਤੁਸੀਂ ਜਾਣਦੇ ਹੋ ਪਰ ਮੈਂ ਨਾਂ ਵੀ ਦੱਸ ਦਿੰਦਾ ਹਾਂ ਕਿਉਂਕਿ ਮੇਰੇ ਪੰਜਾਬੀ ਭਰਾ ਭੁੱਲ ਛੇਤੀ ਜਾਂਦੇ ਹਨ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅਸੀਂ ਇਹਨਾਂ ਪੰਜ ਚੋਰਾਂ ਤੋਂ ਗੁਰੂਆਂ ਦੀ ਦੱਸੀ ਬਾਣੀ ਪੜ੍ਹਕੇ ਵੀ ਖਹਿੜਾ ਨਹੀਂ ਛੁਡਾ ਸਕੇ। ਫੇਰ ਅਸੀਂ ਸਿਆਸੀ ਲੀਡਰਾਂ ਦੇ ਚੱਕਰਾਂ ਵਿੱਚੋਂ ਬਾਹਰ ਕਿਵੇਂ ਨਿਕਲਾਂਗੇ? ਸਾਨੂੰ ਏਥੇ ਵੀ ਸੋਚਣਾ ਪਵੇਗਾ।
            
 ਸਿਆਸੀ ਪਾਰਟੀਆਂ ਮੁੱਦਿਆਂ ਨੂੰ ਅਧਾਰ ਬਣਾ ਕੇ ਚੋਣਾਂ ਲੜਦੀਆਂ ਹਨ ਪਰ ਪੂਰੇ ਨਹੀਂ ਕਰਦੀਆਂ ਕਿਉਂਕਿ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਵਾਅਦੇ ਪੂਰੇ ਕਰਵਾਉਣੇ ਆਉਂਦੇ ਹੀ ਨਹੀਂ । ਜਿੱਥੇ ਵਾਅਦੇ ਹੋਣਗੇ ਉੱਥੇ ਸ਼ਰਤਾਂ ਦਾ ਹੋਣਾ ਵੀ ਲਾਜ਼ਮੀ ਬਣ ਜਾਂਦਾ ਹੈ। ਸ਼ਰਤਾਂ ਭਾਵ ਵਿੱਚ ਸਾਡਾ ਖ਼ੁਦ ਦਾ ਸਵਾਰਥ ਵੀ ਭਾਵ ਲੋਭ। ਸ਼ਰਤਾਂ ਤੋਂ ਬਿਨਾਂ ਵਾਅਦੇ ਨਹੀਂ ਹੁੰਦੇ ਤੇ ਵਾਅਦਿਆਂ ਤੋਂ ਬਿਨਾਂ ਸ਼ਰਤਾਂ ਨਹੀਂ ਹੁੰਦੀਆਂ ਕਿਉਂਕਿ ਸ਼ਰਤਾਂ ਭਾਵ ਕਾਨੂੰਨ ਤੇ ਕਾਨੂੰਨ ਤੋਂ ਬਿਨਾਂ ਸਰਕਾਰ ਨਹੀਂ ਚੱਲਦੀ। ਬੇਸ਼ਰਤੇ ਚਲਾਉਣ ਵਾਲੇ ਬੇਈਮਾਨ ਕਿਉਂ ਨਾ ਹੋਣ। ਕਿਸੇ ਨੇ ਬਹੁਤ ਹੀ ਖ਼ੂਬ ਕਿਹਾ ਹੈ ਕਿ ਇੱਕ ਵਾਰ ਇੱਕ ਆਦਮੀ ਮੁਰਗੇ ਦੇ ਖੰਭ ਤੋੜ ਦਿੰਦਾ ਹੈ ਲੱਤਾਂ ਤੋਂ ਅਪਾਹਿਜ ਜਿਹਾ ਬਣਾ ਕੇ ਸੜਕ ਉੱਤੇ ਛੱਡ ਦਿੰਦਾ ਹੈ ਪਰ ਕੁੱਝ ਦੇਰ ਪਿੱਛੋਂ ਉਹ ਹੀ ਆਦਮੀ ਦਾਣੇ ਖ਼ਿਲਾਰ ਕੋਲ ਬੁਲਾਉਂਦਾ ਹੈ ਤੇ ਮੁਰਗਾ ਫੇਰ ਕੋਲ ਚਲਾ ਜਾਂਦਾ ਹੈ। ਬਸ ਇਥੇ ਹੀ ਸਾਡੇ ਸਮਾਜ ਤੇ ਸਾਡੇ ਲੋਕਾਂ ਦੀ ਸੋਚ ਖੜੀ ਹੈ।

ਸਿਆਸੀ ਪਾਰਟੀਆਂ ਕੋਲ ਮੁੱਦੇ ਬੜੇ ਹਨ, ਧਰਮਾਂ ਦੇ, ਜਾਤਾਂ ਦੇ, ਬੇਰੁਜ਼ਗਾਰੀ ਦੇ,ਬਿਜਲੀ ਦੇ,ਪਾਣੀ ਦੇ,ਸਭ ਤੋਂ ਅਹਿਮ ਤੇ ਸਮਾਜ ਨੂੰ ਅਪਾਹਿਜ ਬਣਾਉਣ ਵਾਲਾ ਮੁੱਦਾ ਹੈ ਮੁਫ਼ਤ ਭਾਵ ਫ਼ਰੀ। ਇਹ ਸ਼ਬਦ ਸਾਡੇ ਸਭ ਲਈ ਘਾਤਕ ਤੇ ਉਸਾਰੂ ਸੋਚ ਲਈ ਇੱਕ ਜ਼ਹਿਰ ਦਾ ਕੰਮ ਕਰਨ ਲਈ ਕਾਫ਼ੀ ਹੈ ਪਰ ਜ਼ੇਕਰ ਇਹ ਫ਼ਰੀ ਸ਼ਬਦ ਜ਼ਹਿਰ ਪਿਆਲਾ ਹੈ ਤਾਂ ਸਾਡੇ ਲੋਕ ਪੀਣ ਲਈ ਕਾਹਲੇ ਕਿਉਂ..? ਸ਼ਾਇਦ ਉਹਨਾਂ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਤੇ ਭਰੋਸਾ ਨਹੀਂ ਰਿਹਾ। ਗੁਰੂਆਂ ਦੇ ਦਿੱਤੇ ਉਪਦੇਸ਼ਾਂ ਨੂੰ ਵਿਸਾਰ ਗਏ। ਅੰਮ੍ਰਿਤ ਬਾਟੇ ਦੀ ਅਦਭੁਤ ਸ਼ਕਤੀ ਨੂੰ ਭੁੱਲ ਗਏ। ਕਿਸੇ ਕੌਮ ਜਾਂ ਸਮਾਜ ਦਾ ਖ਼ਤਮ ਹੋ ਜਾਣਾ ਉਹਨਾਂ ਲਈ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕੀਤੇ ਕਾਰਜ ਵਿਸਾਰ ਦੇਣਾ ਹੀ ਪਤਨ ਦਾ ਮੁੱਖ ਕਾਰਨ ਹੁੰਦਾ ਹੈ। ਜੋ ਇਤਿਹਾਸ ਜਾਂ ਆਪਣਾ ਵਜੂਦ ਭੁੱਲ ਜਾਂਦੇ ਹਨ ਅਸਲ ਵਿੱਚ ਉਹ ਰੁਲ਼ ਜਾਂਦੇ ਹਨ।
       
 ਸੋ ਸੰਭਲ ਜਾਓ ਜਾਂ ਆਪਣੇ ਆਪ ਨੂੰ ਸੰਭਾਲ ਲਉ ਕਿਉਂਕਿ ਸਮਾਂ ਹਰੇਕ ਵਾਰ ਮੌਕਾ ਨਹੀਂ ਦਿੰਦਾ। ਸਿਆਸੀ ਪਾਰਟੀਆਂ ਤੋਂ ਮੁੱਦੇ ਨਹੀਂ ਉਹਨਾਂ ਤੋਂ ਹੱਲ ਪੁੱਛੋ ਕਿਉਂਕਿ ਹੁਣ ਤੱਕ ਅਸੀਂ ਗੱਲਾਂ ਵਿੱਚ ਹੀ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ। ਸਾਡੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ,ਪ੍ਰਦੂਸ਼ਣ ਕਾਰਨ ਅਸੀਂ ਮਰ ਰਹੇ ਹਾਂ, ਦੂਸ਼ਿਤ ਪਾਣੀ ਅਸੀਂ ਪੀ ਰਹੇ ਹਾਂ, ਬੇਰੁਜ਼ਗਾਰੀ ਨਾਲ ਅਸੀਂ ਲੜ ਰਹੇ ਹਾਂ। ਅਸੀਂ ਹਰੇਕ ਵਸਤੂ ਜਾਂ ਚੀਜ਼ ਉੱਤੇ ਟੈਕਸ ਭਰਕੇ ਵੀ ਨਰਕ ਭੋਗ ਰਹੇ ਹਾਂ ਤੇ ਇਹ ਸਿਆਸੀ ਲੀਡਰ ਨਾ ਟੈਕਸ ਨਾ ਕੋਈ ਖ਼ਰਚ ਕੀਤਿਆਂ ਬਿਨਾਂ ਹੀ ਸੁਰਗ ਭਰੀ ਜ਼ਿੰਦਗੀ ਬਿਤਾ ਰਹੇ ਹਨ। ਕਾਰੋਬਾਰ ਵਧਾ ਰਹੇ ਹਨ,ਬੱਚਿਆਂ ਲਈ ਹਰੇਕ ਐਸ਼ੋ ਅਰਾਮ ਦੀਆਂ ਵਸਤੂਆਂ ਬਣਾ ਰਹੇ ਹਨ। ਸਿਰਫ਼ ਤੇ ਸਿਰਫ਼ ਝੂਠੇ ਵਾਅਦੇ ਕਰਕੇ ਅਸਲ ਮੁੱਦਿਆਂ ਤੋਂ ਸਾਡਾ ਧਿਆਨ ਹਟਾਕੇ ।

ਜੇਕਰ ਮਹਾਭਾਰਤ ਦੇ ਅਰਜਨ ਆਪਣੇ ਨਿਸ਼ਾਨੇ ਤੋਂ ਧਿਆਨ ਹਟਾ ਦਿੰਦੇ ਕੀ ਉਹ ਜਿੱਤ ਪਾਉਂਦੇ? ਸ਼ਾਇਦ ਨਹੀਂ। ਹੁਣ ਭਾਰਤੀ ਲੋਕਾਂ ਨੂੰ ਅਰਜੁਨ ਵਾਲੀ ਅੱਖ ਦੀ ਲੋੜ ਹੈ। ਹੁਣ ਪੰਜਾਬ ਵਾਸੀਆਂ ਨੂੰ ਸਵਾਲ ਜਵਾਬ ਕਰਨ ਦੀ ਲੋੜ ਹੈ। ਉਂਝ ਹੀ ਨਾ ਮੂੰਹ ਚੁੱਕਕੇ ਲੀਡਰਾਂ ਪਿੱਛੇ ਨਾ ਲੱਗ ਜਾਇਆ ਕਰੋ। ਕਿਸਾਨੀ ਸੰਘਰਸ਼ ਵੱਲ ਵੇਖੋ ਤੇ ਦੂਸਰੇ ਪਾਸੇ ਸਾਡੇ ਬੇਸ਼ੁਕਰੇ ਲੋਕਾਂ ਵੱਲ ਜੋ ਕਿਸਾਨੀ ਸੰਘਰਸ਼ ਛੱਡਕੇ ਲੀਡਰਾਂ ਪਿੱਛੇ ਘੁੰਮ ਰਹੇ ਹਨ। ਪਾਰਟੀਆਂ ਪਿੱਛੇ ਨਾ ਲੜੋ ਆਪਣੇ ਹੱਕਾਂ ਖ਼ਾਤਰ ਲੜੋ। ਸਿਆਸੀ ਪਾਰਟੀਆਂ ਦੇ ਕਹੇ ਮੁੱਦਿਆਂ ਦੀ ਗੱਲ ਪੁੱਛਿਓ। ਪੰਜਾਬ ਤੇ ਪੰਜਾਬੀਅਤ ਲਈ ਕਰੇ ਵਾਅਦਿਆਂ ਦੀ ਗੱਲ ਪੁੱਛਣਾ, ਹੋਈ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ,ਫੜੇ ਨਹੀਂ ਦੋਸ਼ੀ, ਜ਼ਰੂਰ ਪੁੱਛਣਾ। ਅੰਤ ਵਿੱਚ ਸਮੂਹ ਪੰਜਾਬੀਆਂ ਨੂੰ ਇਕੋ ਅਰਜ ਕਰਾਂਗਾ ਕਿ ਪਾਰਟੀਆਂ ਨਾ ਚੁਣੋ ਚੰਗੇ ਬੰਦੇ ਚੁਣੋ। ਪਾਰਟੀਆਂ ਨੇ ਕਿਸੇ ਦਾ ਕੁੱਝ ਨਹੀਂ ਸੰਵਾਰਨਾ ਜਦੋਂ ਸੁਧਾਰ ਲਹਿਰ ਚੱਲਣੀ ਹੈ ਤਾਂ ਚੰਗੇ ਬੰਦਿਆਂ ਤੋਂ ਚੱਲਣੀ ਹੈ।

ਗੁਰਪ੍ਰੀਤ ਸਿੰਘ ਜਖਵਾਲੀ 


author

Harnek Seechewal

Content Editor

Related News