ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਦੇ ਰਾਜਨੀਤਕ ਜੀਵਨ 'ਤੇ ਇਕ ਨਜ਼ਰ

01/21/2021 12:06:09 PM

20 ਜਨਵਰੀ, 2021 ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕ ਕੇ ਜੋਅ ਬਾਈਡੇਨ ਨੇ ਇਤਿਹਾਸ ਦਾ ਨਵਾਂ ਪੰਨਾ ਲਿਖ ਦਿੱਤਾ ਹੈ। ਜੋਅ ਬਾਈਡੇਨ ਦਾ ਪੂਰਾ ਨਾਮ ਜੋਸੇਫ ਰੌਬਿਨੇਟ ਬਾਈਡੇਨ ਜੂਨੀਅਰ ਹੈ। ਉਹਨਾਂ ਦਾ ਜਨਮ 20 ਨਵੰਬਰ, 1942 ਨੂੰ ਹੋਇਆ। ਜ਼ਿਕਰਯੋਗ ਹੈ ਕਿ ਜੋਅ ਬਾਈਡੇਨ ਇਕ ਅਮਰੀਕੀ ਸਿਆਸਤਦਾਨ ਅਤੇ ਇਸ ਤੋਂ ਪਹਿਲਾਂ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਸੰਯੁਕਤ ਰਾਜ ਅਮਰੀਕਾ ਦੇ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ। ਜਦਕਿ ਬੀਤੇ ਸਾਲ ਨਵੰਬਰ 2020 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਉਹਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਇਆ। ਇੱਥੇ ਜ਼ਿਕਰਯੋਗ ਹੈ ਕਿ 1968 ਵਿਚ ਰਿਚਰਡ ਨਿਕਸਨ ਦੇ ਬਾਅਦ ਰਾਸ਼ਟਰਪਤੀ ਚੁਣੇ ਜਾਣ ਵਾਲੇ ਬਾਈਡੇਨ ਦੂਜੇ ਸਾਬਕਾ ਗੈਰ ਉਪ-ਰਾਸ਼ਟਰਪਤੀ ਹੋਣਗੇ।

ਅਮਰੀਕੀ ਇਤਿਹਾਸ ਦੇ 6ਵੇਂ ਸਭ ਤੋਂ ਘੱਟ ਉਮਰ ਦੇ ਸੈਨੇਟਰ
ਜਦੋਂ ਅਸੀਂ ਉਹਨਾਂ ਦੇ ਜੀਵਨ ਤੇ ਝਾਤ ਮਾਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਇਸ ਤੋਂ ਪਹਿਲਾਂ ਬਾਈਡੇਨ ਡੈਮੋਕ੍ਰੈਟਿਕ ਪਾਰਟੀ ਦੇ ਇਕ ਮੈਂਬਰ ਦੇ ਤੌਰ 'ਤੇ 2009 ਤੋਂ 2017 ਤੱਕ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਉਪ ਰਾਸ਼ਟਰਪਤੀ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਉਹ 1973 ਤੋਂ 2009 ਤੱਕ ਡੈਲਾਵੇਅਰ ਦੇ ਸੈਨੇਟਰ ਦੇ ਤੌਰ 'ਤੇ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਜੇਕਰ ਬਾਈਡੇਨ ਦੇ ਜੀਵਨ ਦੀ ਗੱਲ ਕਰੀਏ ਤਾਂ ਉਹ ਸਕ੍ਰੈਂਟਨ, ਪੈਨਸਿਲਵੇਨੀਆ ਅਤੇ ਨਿਊ ਕੈਸਲ ਕਾਊਂਟੀ, ਡੈਲਾਵੇਅਰ ਵਿਚ ਵੱਡੇ ਹੋਏ ਹਨ। ਉਹਨਾਂ ਨੇ ਆਪਣੀ ਸਿੱਖਿਆ ਡੈਲਾਵੇਅਰ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈ। ਉਸ ਮਗਰੋਂ ਉਹਨਾਂ ਨੇ 1968 ਵਿਚ ਸਿਰੈਕਿਊਜ਼ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। 1970 ਵਿਚ ਉਨ੍ਹਾਂ ਨੂੰ ਨਿਊ ਕੈਸਲ ਕਾਊਂਟੀ ਦਾ ਪਾਰਸ਼ਦ ਚੁਣਿਆ ਗਿਆ ਜਦਕਿ 1972 ਵਿਚ ਉਹਨਾਂ ਦੀ ਉਮਰ ਸਿਰਫ 29 ਸਾਲ ਸੀ ਜਦੋਂ ਉਹ ਡੈਲਾਵੇਅਰ ਤੋਂ ਅਮਰੀਕੀ ਸੈਨੇਟ ਲਈ ਚੁਣੇ ਗਏ ਅਤੇ ਇਸ ਤਰ੍ਹਾਂ ਉਹ ਅਮਰੀਕੀ ਇਤਿਹਾਸ ਦੇ 6ਵੇਂ ਸਭ ਤੋਂ ਘੱਟ ਉਮਰ ਦੇ ਸੈਨੇਟਰ ਬਣੇ ਸਨ । 

ਅਮਰੀਕੀ ਸੈਨਿਕਾਂ ਦੀ ਗਿਣਤੀ ਵਿਚ ਵਾਧੇ ਦਾ ਵਿਰੋਧ
ਬਾਈਡੇਨ ਸੈਨੇਟ ਚ ਵਿਦੇਸ਼ ਸੰਬੰਧ ਕਮੇਟੀ ਦੇ ਲੰਬੇ ਸਮੇਂ ਤੱਕ ਮੈਂਬਰ ਰਹੇ ਅਤੇ ਅਖੀਰ ਵਿਚ ਇਸ ਦੇ ਪ੍ਰਧਾਨ ਦੇ ਅਹੁਦੇ 'ਤੇ ਬਿਰਾਜਮਾਨ ਹੋਏ । ਉਹਨਾਂ ਨੇ 1991 ਵਿਚ ਖਾੜੀ ਯੁੱਧ ਦਾ ਵਿਰੋਧ ਕੀਤਾ ਪਰ ਪੂਰਬੀ ਯੂਰਪ ਵਿਚ ਨਾਟੋ ਗਠਜੋੜ ਦਾ ਵਿਸਥਾਰ ਕਰਨ ਅਤੇ 1990 ਦੇ ਦਹਾਕੇ ਦੇ ਯੁਗੋਸਲਾਵੀਆ ਯੁੱਧਾਂ ਵਿਚ ਦਖਲ ਅੰਦਾਜ਼ੀ ਦੀ ਹਮਾਇਤ ਕੀਤੀ ਸੀ। ਇਸ ਦੇ ਇਲਾਵਾ ਅਧਿਕਾਰਤ ਤੌਰ 'ਤੇ 2002 ਵਿਚ ਇਰਾਕ ਯੁੱਧ ਦੇ ਪ੍ਰਸਤਾਵ ਦਾ ਵੀ ਸਮਰਥਨ ਕੀਤਾ ਸੀ ਜਦਕਿ 2007 ਵਿਚ ਅਮਰੀਕੀ ਸੈਨਿਕਾਂ ਦੀ ਗਿਣਤੀ ਵਿਚ ਵਾਧੇ ਦਾ ਵਿਰੋਧ ਕੀਤਾ ਸੀ। ਬਾਈਡੇਨ 1987 ਤੋਂ 1995 ਤੱਕ ਸੈਨੇਟ ਨਿਆਂਪਾਲਿਕਾ ਕਮੇਟੀ ਪ੍ਰਧਾਨ ਵੀ ਰਹੇ । ਇਸ ਦੇ ਨਾਲ-ਨਾਲ ਦਵਾਈ ਨੀਤੀ, ਅਪਰਾਧ ਦੀ ਰੋਕਥਾਮ ਅਤੇ ਨਾਗਰਿਕ ਆਜ਼ਾਦੀ ਦੇ ਮੁੱਦਿਆਂ ਨਾਲ ਨਜਿੱਠਣ, ਹਿੰਸਕ ਅਪਰਾਧ ਕੰਟਰੋਲ ਅਤੇ ਕਾਨੂੰਨ ਲਾਗੂ ਕਰਨ ਵਾਲੇ ਐਕਟ ਅਤੇ ਬੀਬੀਆਂ ਖ਼ਿਲਾਫ਼ ਹਿੰਸਾ ਐਕਟ ਨੂੰ ਪਾਸ ਕਰਾਉਣ 'ਚ ਵੀ ਉਹਨਾਂ ਆਪਣੀਆਂ ਅਹਿਮ ਭੂਮਿਕਾਵਾਂ ਨਿਭਾਈਆਂ ਸਨ । 

ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ

ਉਪ ਰਾਸ਼ਟਰਪਤੀ ਦੇ ਅਹੁਦੇ 'ਤੇ
ਬਾਈਡੇਨ ਨੇ ਰੌਬਰਟ ਬੋਰਕ ਅਤੇ ਕਲੇਰੈਂਸ ਥਾਮਸ ਦੇ ਲਈ ਵਿਵਾਦਿਤ ਸੁਣਵਾਈ ਸਮੇਤ ਅਮਰੀਕੀ ਸੁਪਰੀਮ ਕੋਰਟ ਦੀਆਂ ਛੇ ਸੁਣਵਾਈਆਂ ਦੀ ਨਿਗਰਾਨੀ ਵੀ ਕੀਤੀ ਸੀ। ਇਸ ਤੋਂ ਪਹਿਲਾਂ 1988 ਵਿਚ ਅਤੇ ਫਿਰ 2008 ਵਿਚ ਉਹਨਾਂ ਨੇ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਲਈ ਕੋਸ਼ਿਸ਼ਾਂ ਵੀ ਕੀਤੀਆਂ ਸਨ ਪਰ ਇਹਨਾਂ ਕੋਸ਼ਿਸ਼ਾਂ ਵਿਚ ਉਹ ਅਸਫਲ ਨਹੀਂ ਹੋ ਸਕੇ ਸਨ । ਇੱਥੇ ਜ਼ਿਕਰਯੋਗ ਹੈ ਕਿ ਬਾਈਡੇਨ 6 ਵਾਰ ਸੈਨੇਟ ਲਈ ਚੁਣੇ ਗਏ ਜਦਕਿ 2008 ਵਿਚ ਜਦੋਂ ਉਹਨਾਂ ਨੇ ਬਰਾਕ ਓਬਾਮਾ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਮਗਰੋਂ ਸਰਕਾਰ ਵਿਚ ਉਪ ਰਾਸ਼ਟਰਪਤੀ ਦੇ ਰੂਪ ਵਿਚ ਸੇਵਾ ਕਰਨ ਲਈ ਅਸਤੀਫਾ ਦਿੱਤਾ ਸੀ ਉਦੋਂ ਉਹ ਚੌਥੇ ਸਭ ਤੋਂ ਸੀਨੀਅਰ ਸੈਨੇਟਰ ਸਨ ਪਰ 2012 ਵਿਚ ਜਦੋਂ ਓਬਾਮਾ ਅਤੇ ਬਾਈਡੇਨ ਨੂੰ ਅਮਰੀਕੀ ਲੋਕਾਂ ਨੇ ਇਕ ਵਾਰ ਫਿਰ ਸੱਤਾ ਸੌਂਪੀ ਤਾਂ ਬਾਈਡੇਨ ਨੇ ਉਪ ਰਾਸ਼ਟਰਪਤੀ ਦੇ ਰੂਪ ਵਿਚ 2009 ਦੀ ਵੱਡੀ ਮੰਦੀ ਦਾ ਮੁਕਾਬਲਾ ਕਰਨ ਲਈ 'ਬੁਨਿਆਦੀ ਢਾਂਚੇ 'ਤੇ ਖਰਚ' ਦੀ ਨਿਗਰਾਨੀ ਕੀਤੀ । 

ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ
ਆਪਣੇ ਉਪ ਰਾਸ਼ਟਰਪਤੀ ਦੇ ਇਸ ਕਾਰਜਕਾਲ ਵਿਚ ਉਹਨਾਂ ਨੇ ਕਾਂਗਰਸ ਰਿਪਬਲਿਕਨ ਮੈਂਬਰਾਂ ਨਾਲ ਗੱਲਬਾਤ ਕਰ ਰਾਹਤ ਐਕਟ 2010 ਨੂੰ ਪਾਸ ਕਰਾਇਆ ਜਿਸ ਨਾਲ ਇਕ ਟੈਕਸ ਗਤੀਰੋਧ ਦੀ ਸਮੱਸਿਆ ਹੱਲ ਹੋਈ। ਇਸ ਦੇ ਨਾਲ-ਨਾਲ ਉਹਨਾਂ ਨੇ 2011 ਦਾ ਬਜਟ ਕੰਟਰੋਲ ਐਕਟ, ਜਿਸ ਨੇ ਕਰਜ਼ ਹੱਦ ਸੰਕਟ ਨੂੰ ਹੱਲ ਕੀਤਾ ਅਤੇ 2012 ਦੇ ਅਮਰੀਕੀ ਟੈਕਸਪੇਅਰ ਰਾਹਤ ਐਕਟ ਦੇ ਪਾਸ ਹੋਣ ਨਾਲ ਇਕ ਹੋਰ ਸਮੱਸਿਆ ਦਾ ਹੱਲ ਕੱਢਿਆ। ਬਾਈਡੇਨ ਨੇ ਸੰਯੁਕਤ ਰਾਜ ਅਮਰੀਕਾ-ਰੂਸ ਨਵੀਂ ਸਟਾਰਟ ਸੰਧੀ, ਲੀਬੀਆ ਵਿਚ ਮਿਲਟਰੀ ਦਖਲ ਅੰਦਾਜ਼ੀ ਦਾ ਸਮਰਥਨ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਅਗਵਾਈ ਕੀਤੀ। ਜਨਵਰੀ 2017 ਵਿਚ ਓਬਾਮਾ ਨੇ ਬਾਈਡੇਨ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ। 

ਇਹ ਵੀ ਪੜ੍ਹੋ -ਬਾਈਡੇਨ ਨੇ ਰਾਸ਼ਟਰਪਤੀ ਅਹੁਦਾ ਸੰਭਾਲਦੇ ਹੀ ਇਨ੍ਹਾਂ ਵੱਡੇ ਫੈਸਲਿਆਂ ’ਤੇ ਕੀਤੇ ਦਸਤਖਤ

ਅਪ੍ਰੈਲ 2019 ਵਿਚ ਬਾਈਡੇਨ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਅਤੇ ਜੂਨ 2020 ਵਿਚ ਉਹ ਡੈਮੋਕ੍ਰੈਟਿਕ ਨਾਮਜ਼ਦਗੀ ਨੂੰ ਸੁਰੱਖਿਅਤ ਕਰਨ ਲਈ ਲੋੜੀਂਦੀ ਪ੍ਰਤੀਨਿਧੀ ਹੱਦ ਤੱਕ ਪਹੁੰਚੇ। 11 ਅਗਸਤ ਨੂੰ ਉਹਨਾਂ ਨੇ ਕੈਲੀਫੋਰਨੀਆ ਦੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੂੰ ਆਪਣੇ ਉਪ ਰਾਸ਼ਟਰਪਤੀ ਦੇ ਦਾਅਵੇਦਾਰ ਦੇ ਤੌਰ 'ਤੇ ਪੇਸ਼ ਕੀਤਾ ਜਦਕਿ ਬੀਤੇ ਸਾਲ 3 ਨਵੰਬਰ ਨੂੰ ਉਹਨਾਂ ਨੇ ਚੋਣਾਂ ਵਿਚ ਡੋਨਾਲਡ ਟਰੰਪ ਨੂੰ ਹਰਾਉਂਦੇ ਹੋਏ ਅਮਰੀਕਾ ਵਿਚ ਆਪਣੀ ਜਿੱਤ ਦੇ ਇਕ ਨਵੇਂ ਅਧਿਆਏ ਨੂੰ ਸ਼ੁਰੂ ਕੀਤਾ। ਇਸ ਪ੍ਰਕਾਰ ਆਖਰਕਾਰ ਉਹ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ 'ਤੇ ਬਿਰਾਜਮਾਨ ਹੋਣ ਵਿੱਚ ਕਾਮਯਾਬ ਹੋਏ। ਇਹ ਵੇਖਣਾ ਹੁਣ ਕਾਫ਼ੀ ਦਿਲਚਸਪ ਹੋਵੇਗਾ ਕਿ ਟਰੰਪ ਸਮਰਥਕਾਂ ਦੁਆਰਾ ਪਿਛਲੇ ਦਿਨੀਂ ਖੇਰੂੰ ਖੇਰੂੰ ਕੀਤੀ ਅਮਰੀਕੀ ਜਮਹੂਰੀਅਤ ਨੂੰ ਬਾਈਡਨ ਕਿਸ ਤਰ੍ਹਾਂ ਅਤੇ ਕਿੰਨੇ ਕੁ ਸਮੇਂ ਪਹਿਲਾਂ ਵਾਲੀਆਂ ਲੀਹਾਂ ਤੇ ਲੈ ਕੇ ਆਉਣ ਵਿੱਚ ਕਾਮਯਾਬ ਹੁੰਦੇ ਹਨ। 


ਅੱਬਾਸ ਧਾਲੀਵਾਲ, 
ਮਲੇਰਕੋਟਲਾ। 
ਸੰਪਰਕ 9855259650 
Abbasdhaliwal72@gmail.com 
ਨੋਟ: ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ, ਕੁਮੈਂਟ ਕਰਕੇ ਦਿਓ ਆਪਣੀ ਰਾਏ

 


Harnek Seechewal

Content Editor

Related News