ਪ੍ਰੀਤ ਪਰੁਚੀ ਬਿਰਹਾ ਦੀ ਸਦਾਬਹਾਰ ਕਵਿਤਰੀ ‘ਸੁਰਿੰਦਰ ਕੌਰ ਬਿੰਨਰ’

04/16/2021 2:14:48 PM

ਉਜਾਗਰ ਸਿੰਘ

ਸੁਰਿੰਦਰ ਕੌਰ ਬਿੰਨਰ ਪ੍ਰੀਤ ਅਤੇ ਪੀੜਾ ’ਚ ਪਰੁਚੀ ਬਿਰਹਾ ਦੀ ਸਦਾਬਹਾਰ ਕਵਿਤਰੀ ਹੈ। ਉਹ ਕਵਿਤਾਵਾਂ ਪੀੜਾ ਭਰੀਆਂ ਲਿਖਦੀ ਹੈ ਪਰ ਹਮੇਸ਼ਾ ਖ਼ੁਸ਼ਤਬੀਅਤ ਰਹਿੰਦੀ ਹੈ। ਸਾਰੀ ਉਮਰ ਲਈ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਬਾਅਦ ਕਵਿਤਾ ਲਿਖਣ ਵਿਚ ਦਿਲਚਸਪੀ ਲੈਣ ਲੱਗ ਪਈ। ਹਲਾਤ ਨੇ ਉਨ੍ਹਾਂ ਨੂੰ ਕਵਿਤਰੀ ਬਣਾ ਦਿੱਤਾ। ਆਪਣੀ ਉਮਰ ਦੇ ਛੇਵੇਂ ਦਹਾਕੇ ਤੱਕ ਉਹ ਕਵਿਤਾ ਦੇ ਨੇੜੇ ਤੇੜੇ ਵੀ ਨਹੀਂ ਢੁੱਕੀ ਸੀ ਪਰ ਪਰਿਵਾਰ ਵਿਚ ਲਗਾਤਾਰ ਵਾਪਰੇ ਦੋ ਹਾਦਸਿਆਂ ਨਾਲ ਪਏ ਨਜ਼ਦੀਕਆਂ ਦੇ ਵਿਛੋੜੇ ਦੇ ਦੁਖਾਂ ਨੇ ਕਵਿਤਾ ਨੂੰ ਜਨਮ ਦਿੱਤਾ। 2010 ਤੋਂ ਲਗਾਤਾਰ ਉਪਰੋਥਲੀ 4 ਸਾਲਾਂ ਵਿਚ ਹੀ 8 ਪੁਸਤਕਾਂ, ਜਿਨ੍ਹਾਂ ਵਿਚੋਂ 7 ਕਵਿਤਾ ਅਤੇ 1 ਕਹਾਣੀਆਂ ਦੀ ਪੁਸਤਕ ਸ਼ਾਮਲ ਹੈ, ਪੰਜਾਬੀ ਬੋਲੀ ਦੀ ਝੋਲੀ ਪਾਈਆਂ ਹਨ। ਤੁਧ ਬਿਨ-2010, ਤੇਰੇ ਜਾਣ ਪਿਛੋਂ-2011, ਇੱਕ ਖ਼ਤ ਤੇਰੇ ਨਾਮ-2011, ਤਨ ਮਨ ਦੋਵੇਂ ਅਥਰੇ-2012, ਰੰਗ ਕਿਰਮਚੀ-2012, ਚਿੜੀਆਂ ਦੀ ਡਾਰ-2013 ਅਤੇ ਤੇਰੀ ਲੋਅ ਦੇ ਸਦਕੇ-2014 ਵਿਚ ਪ੍ਰਕਾਸ਼ਤ ਕੀਤੀਆਂ ਹਨ। ਉਨ੍ਹਾਂ ਦੀ 2020 ਵਿਚ ਇਕ ਕਹਾਣੀਆਂ ਦੀ ਪੁਸਤਕ ‘‘ਨਾਈਨ ਵੰਨ ਵੰਨ’’ ਪ੍ਰਕਾਸ਼ਤ ਹੋਈ ਹੈ, ਜਿਸਨੇ ਸਾਹਿਤਕ ਖੇਤਰ ਵਿਚ ਹਲਚਲ ਪੈਦਾ ਕਰ ਦਿੱਤੀ ਹੈ। 

ਇਹ ਪੁਸਤਕ ਕੈਨੇਡਾ ਵਿਚ ਕੁਝ ਪੰਜਾਬੀ ਨੌਜਵਾਨ ਅਤੇ ਪੰਜਾਬੀ ਕੁੜੀਆਂ ਦੇ ਘਿਨਾਉਣੇਂ ਕਿਰਦਾਰ ਦਾ ਪਰਦਾਫਾਸ਼ ਕਰਦੀ ਹੈ, ਜਿਹੜੇ ਕੈਨੇਡੀਅਨ ਸਭਿਆਚਾਰ ਵਿਚ ਆਪਣੇ ਆਪ ਨੂੰ ਫਰਾਕ ਦਿਲ, ਬੇਬਾਕ ਅਤੇ ਖੁਲ੍ਹਦਿਲੇ ਕਹਿਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਅਸਲ ਵਿਚ ਉਹ ਇਨਸਾਨੀਅਤ ਤੋਂ ਗਿਰੇ ਹੋਏ ਕੰਮ ਕਰ ਰਹੇ ਹਨ। ਸੁਰਿੰਦਰ ਬਿੰਨਰ ਕੌਰ ਦਾ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿਚ ਫਗਵਾੜਾ ਨੇੜੇ ਡੂਮੇਣੀ ਪਿੰਡ ਵਿਚ ਫ਼ੌਜੀ ਅਧਿਕਾਰੀ ਪਿਤਾ ਤਰਲੋਚਨ ਸਿੰਘ ਅਤੇ ਮਾਤਾ ਚਰਨਜੀਤ ਕੌਰ ਦੇ ਘਰ 16 ਦਸੰਬਰ 1946 ਵਿਚ ਜਨਮ ਹੋਇਆ। ਪਿਤਾ ਦੇ ਫ਼ੌਜ ਦੇ ਐਜੂਕੇਸ਼ਨ ਕੋਰ ਵਿਚ ਨੌਕਰੀ ਕਰਨ ਕਰਕੇ ਸਾਰੇ ਦੇਸ਼ ਨੂੰ ਘੁੰਮ ਫਿਰ ਕੇ ਵੇਖਣ ਦਾ ਮੌਕਾ ਮਿਲਿਆ। ਉਨ੍ਹਾਂ ਦਾ ਦਾਦਾ ਭਾਗ ਸਿੰਘ ਨਿੱਝਰ ਵੀ ਅਧਿਆਪਕ ਸਨ। ਉਨ੍ਹਾਂ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਬੰਗਲੌਰ, ਦਸਵੀਂ ਦਿੱਲੀ ਅਤੇ ਬੀ.ਏ.ਰਾਮਗੜ੍ਹੀਆ ਕਾਲਜ ਫਗਵਾੜਾ ਤੋਂ 1967 ਵਿਚ ਪਾਸ ਕੀਤੀ।

ਉਨ੍ਹਾਂ ਦੇ ਪਿਤਾ ਨੇ ਫ਼ੌਜ ਦੀ ਨੌਕਰੀ ਕਰਕੇ ਵੱਖ-ਵੱਖ ਰਾਜਾਂ ਵਿਚ ਰਹਿਣ ਦੀ ਵਜਾਹ ਕਰਕੇ ਅੰਗਰੇਜ਼ੀ ਮਾਧਿਅਮ ਵਿਚ ਸਾਰੀ ਪੜ੍ਹਾਈ ਕੀਤੀ। ਪੰਜਾਬਣ ਹੋਣ ਕਰਕੇ ਪੰਜਾਬੀ ਬੋਲੀ ਉਸ ਦੀ ਮਾਤ ਭਾਸ਼ਾ ਸੀ, ਜਿਸ ਕਰਕੇ ਪੰਜਾਬੀ ਬੋਲੀ ਦੀ ਮਿਠਾਸ ਉਸ ਨੂੰ ਪੜ੍ਹਨ ਲਿਖਣ ਲਈ ਉਕਸਾਉਂਦੀ ਰਹੀ। ਬੀ.ਏ. ਕਰਨ ਤੋਂ ਬਾਅਦ 1967 ਵਿਚ ਉਨ੍ਹਾਂ ਦਾ ਵਿਆਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਮਾਜਰੀ ਦੇ ਪੜ੍ਹੇ ਲਿਖੇ ਪਰਿਵਾਰ ਵਿਚ ਮੁੱਖ ਅਧਿਆਪਕ ਮਾਸਟਰ ਗੁਰਚਰਨ ਸਿੰਘ ਦੇ ਅਧਿਆਪਕ ਸਪੁੱਤਰ ਦਿਲਬਾਗ ਸਿੰਘ ਨਾਲ ਹੋ ਗਿਆ। ਹੁਣ ਇਹ ਪਿੰਡ ਖਮਾਣੋ ਤਹਿਸੀਲ ਅਤੇ ਜ਼ਿਲ੍ਹਾ ਫ਼ਤਿਹਗੜ੍ਹ ਵਿਚ ਪੈਂਦਾ ਹੈ। ਉਨ੍ਹਾਂ ਦੇ ਤਿੰਨ ਮੁੰਡੇ ਅਤੇ ਇੱਕ ਕੁੜੀ ਹੈ। ਉਨ੍ਹਾਂ ਦਾ ਪੇਕਾ ਅਤੇ ਸਹੁਰਾ ਪਰਿਵਾਰ ਦੋਵੇਂ ਪੜ੍ਹੇ ਲਿਖੇ ਵਿਦਿਆ ਮਾਹਿਰ ਪਰਿਵਾਰ ਸਨ। ਵਿਆਹ ਤੋਂ 29 ਸਾਲ ਬਾਅਦ 1996 ਵਿਚ ਉਹ ਆਪਣੇ ਪਰਿਵਾਰ ਸਮੇਤ ਕੈਨੇਡਾ ਆ ਕੇ ਵਸ ਗਏ। ਪਰਿਵਾਰ ਕੈਨੇਡਾ ਵਿਚ ਖ਼ੁਸ਼ੀਆਂ ਅਤੇ ਖੇੜਿਆਂ ਵਿਚ ਜੀਵਨ ਬਸਰ ਕਰ ਰਿਹਾ ਸੀ, ਜਦੋਂ ਅਚਾਨਕ ਆਪ ਦੇ ਪਤੀ ਦਿਲਬਾਗ ਸਿੰਘ ਦੀ 2009 ਵਿਚ ਮੌਤ ਹੋ ਗਈ ਅਤੇ ਪਰਿਵਾਰ ’ਤੇ ਕਹਿਰ ਦਾ ਪਹਾੜ ਟੁਟ ਪਿਆ। ਅਜੇ ਇਸ ਸਦਮੇ ਵਿਚੋਂ ਨਿਕਲੇ ਨਹੀਂ ਸਨ ਤਾਂ ਜਵਾਨ ਪੁੱਤਰ ਵਿੱਕੀ ਇੱਕ ਸੜਕੀ ਦੁਰਘਟਨਾਂ ਵਿਚ ਸਵਰਗਵਾਸ ਹੋ ਗਿਆ। ਇਸ ਦੂਹਰੇ ਸਦਮੇਂ ਨੇ ਸੁਰਿੰਦਰ ਕੌਰ ਬਿੰਨਰ ਨੂੰ ਮਾਨਸਿਕ ਤੌਰ ਝੰਬ ਕੇ ਰੱਖ ਦਿੱਤਾ। 


ਇਨ੍ਹਾਂ ਹਾਦਸਿਆਂ ਤੋਂ ਬਾਅਦ ਉਨ੍ਹਾਂ ਦੇ ਬਜ਼ੁਰਗ ਸਹੁਰੇ ਮਾਸਟਰ ਗੁਰਚਰਨ ਸਿੰਘ ਦੀ ਦੇਖ ਭਾਲ ਦੀ ਜ਼ਿੰਮੇਵਾਰੀ ਵੀ ਉਨ੍ਹਾਂ ’ਤੇ ਆ ਪਈ। ਇਸ ਦੁਖ ਦੀ ਘੜੀ ਵਿਚ ਜੱਦੋਜਹਿਦ ਅਤੇ ਅਸਹਿਣਯੋਗ ਇਕਲਾਪੇ ਦੇ ਮਾਹੌਲ ਹੋਣ ਕਰਕੇ ਉਨ੍ਹਾਂ ਨੇ ਆਪਣੇ ਦਿਲ ਦੇ ਸਕੂਨ ਅਤੇ ਡੋਲੇ ਹੋਏ ਮਨ ਨੂੰ ਢਾਰਸ ਦੇਣ ਲਈ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ, ਇੱਕ ਕਿਸਮ ਨਾਲ ਸ਼ੁਰੂ ਵਿਚ ਆਪਣੀ ਕਵਿਤਾ ਆਪਣੇ ਪਤੀ ਅਤੇ ਪੁੱਤਰ ਤੋਂ ਵਿਛੋੜੇ ਦਾ ਹੀ ਇਜ਼ਹਾਰ ਸੀ ਪਰ ਉਨ੍ਹਾਂ ਨੇ ਆਪਣੇ ਪਤੀ ਦੇ ਵਿਛੋੜੇ ਦੀ ਪੀੜਾ ਨੂੰ ਐਸੇ ਢੰਗ ਨਾਲ ਕਵਿਤਾ ਦਾ ਰੂਪ ਦਿੱਤਾ ਕਿ ਉਨ੍ਹਾਂ ਦੀ ਕਵਿਤਾ ਆਮ ਲੋਕਾਈ ਦੀ ਪੀੜਾ ਬਣ ਗਈ। ਉਨ੍ਹਾਂ ਦੀਆਂ 7 ਪੁਸਤਕਾਂ ਵਿਚ ਕਵਿਤਾਵਾਂ ਦੀ ਰਵਾਨਗੀ ਦਰਿਆ ਦੇ ਪਾਣੀ ਦੀ ਤਰ੍ਹਾਂ ਹੈ, ਜਿਹੜ੍ਹਾ ਵਹਿੰਦਾ ਵੀ ਹੈ ਤੇ ਮਨਾਂ ਨੂੰ ਟੁੰਬਦਾ, ਝੰਜੋੜਦਾ ਅਤੇ ਝੁਣਝੁਣੀਆਂ ਵੀ ਪੈਦਾ ਕਰਦਾ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਇਸਤਰੀ ਜਾਤੀ ਦੀ ਮਾਨਸਿਕਤਾ ਦੀ ਪੀੜ ਦਾ ਪ੍ਰਗਟਾਵਾ ਕਰਦੀਆਂ ਇਨਸਾਨੀ ਮਨਾਂ ਨੂੰ ਕੁਰੇਦ ਕੇ ਉਸਦੇ ਵੇਗ ਵਿਚ ਵਹਿਣ ਲਈ ਮਜ਼ਬੂਰ ਕਰਦੀਆਂ ਹਨ। ਜਨਾਨੀਆਂ ਨੂੰ ਉਹ ਮੋਹ, ਮੋਹਬਤ ਤੇ ਮਮਤਾ ਦੀ ਮੂਰਤ ਦਸਦੀ ਹੈ ਪਰ ਉਹ ਇਹ ਵੀ ਕਹਿੰਦੀ ਹੈ ਕਿ ਮੁਹੱਬਤ ਵਿਚ ਅਕਲ ਕੰਮ ਨਹੀਂ ਕਰਦੀ, ਸਭ ਕੁਝ ਛਿੱਕੇ ਤੇ ਟੰਗ ਕੇ ਜਨਾਨੀਆਂ ਤਪਦੀਆਂ, ਬਲਦੀਆਂ ਅਤੇ ਤੜਫਦੀਆਂ ਰਹਿੰਦੀਆਂ ਹਨ, ਪਿਛੇ ਫਿਰ ਵੀ ਨਹੀਂ ਹਟਦੀਆਂ ਤਾਂ ਹੀ ਉਨ੍ਹਾਂ ਦੀਆਂ ਪ੍ਰੀਤਾਂ ਅਮਰ ਰਹਿੰਦੀਆਂ ਹਨ। 

ਬਿੰਨਰ ਦੀਆਂ ਕਵਿਤਾਵਾਂ ਸੰਸਾਰੀਕਰਨ ਦੀ ਤੇਜ਼ ਤਰਾਰ ਪਦਾਰਥਕ ਦੌੜ ਦਾ ਜ਼ਿਕਰ ਕਰਦੀਆਂ ਮੋਹ-ਮੁਹੱਬਤ ਨਾਲ ਵਿਚਰਣ ਲਈ ਵੀ ਪ੍ਰੇਰਦੀਆਂ ਹਨ। ਕਠਿਨ, ਦੁਸ਼ਬਾਰੀਆਂ ਅਤੇ ਮੁਸੀਬਤਾਂ ਭਰੀ ਜ਼ਿੰਦਗੀ ਹੋਣ ਦੇ ਬਾਵਜੂਦ ਉਸ ਦੀਆਂ ਕਵਿਤਾਵਾਂ ਉਸ ਹਾਲਾਤ ਵਿਚੋਂ ਨਿਕਲਕੇ ਦੁਖਾਂ ਤਕਲੀਫਾਂ ਨੂੰ ਤਿਲਾਂਜਲੀ ਦੇ ਕੇ ਆਨੰਦਮਈ ਜੀਵਨ ਮਾਨਣ ਦੀ ਪੁਰਜ਼ੋਰ ਤਾਕੀਦ ਕਰਦੀਆਂ ਹਨ, ਕਿਉਂਕਿ ਮਨੁੱਖੀ ਜੀਵਨ ਦੁਰਲਭ ਹੁੰਦਾ ਹੈ, ਇਸ ਦਾ ਸਦਉਪਯੋਗ ਕਰਨਾ ਬਣਦਾ ਹੈ। ਝੁਰ-ਝੁਰ ਕੇ ਜੀਣਾ ਉਨ੍ਹਾਂ ਨੂੰ ਭਾਉਂਦਾ ਨਹੀਂ। ਉਨ੍ਹਾਂ ਦੀਆਂ ਕਵਿਤਾਵਾਂ ਦੀ ਖ਼ਾਸੀਅਤ ਇਹ ਹੈ ਕਿ ਗੱਲਬਾਤੀ ਢੰਗ ਨਾਲ ਲਬਰੇਜ, ਉਹ ਸਰਲ, ਸ਼ਪਸ਼ਟ, ਸਹਿਜਤਾ ਅਤੇ ਸੁਹਿਰਦਤਾ ਵਿਚ ਗੜੂੰਦ ਹਨ। ਉਸ ਦੀਆਂ ਸਾਰੀਆਂ ਕਵਿਤਾਵਾਂ ਇਸਤਰੀ ਜਾਤੀ ਦੇ ਇਤਿਹਾਸਕ ਦੁਖਾਂਤ ਅਤੇ ਉਨ੍ਹਾਂ ਦੇ ਜ਼ਜਬਾਤਾਂ ਦੀਆਂ ਪ੍ਰਤੀਕ ਹਨ। ਬਿੰਨਰ ਆਪਣੀਆਂ ਕਵਿਤਾਵਾਂ ਵਿਚ ਬਿੰਬ ਅਜਿਹੇ ਵਰਤਦੀ ਹੈ, ਜਿਹੜੇ ਧੁਰ ਅੰਦਰੋਂ ਇਨਸਾਨੀ ਮਨਾਂ ਨੂੰ ਹਲੂਣਕੇ ਰੱਖ ਦਿੰਦੇ ਹਨ। 
ਉਸ ਦੀਆਂ ਕਵਿਤਾਵਾਂ ਰੁਮਾਂਸਵਾਦ ਵਿਚ ਗੜੁਚ ਹਨ, ਕਿਉਂਕਿ ਉਹ ਮਹਿਸੂਸ ਕਰਦੀ ਹੈ ਕਿ ਰੁਮਾਂਸ ਜ਼ਿੰਦਗੀ ਹੈ ਅਤੇ ਰੁੱਖਾਂ, ਪਾਣੀ, ਪੰਛੀਆਂ, ਹਵਾ, ਧਰਤ, ਆਕਾਸ਼, ਪਾਤਾਲ, ਫਸਲਾਂ ਅਤੇ ਕੁਦਰਤ ਦੀਆਂ ਕ੍ਰਿਤਾਂ ਦੇ ਆਲੇ ਦੁਆਲੇ ਘੁੰਮਦੀਆਂ ਹਨ। ਬਿੰਨਰ ਇਨ੍ਹਾਂ ਕਵਿਤਾਵਾਂ ਵਿਚ ਪਾਇਲ, ਘੁੰਗਰੂ, ਗੁੜ, ਭਾਫ, ਠੰਡ, ਬਰਫ, ਫਲ, ਫੁਲ, ਪੱਤੇ, ਖ਼ੁਸ਼ਬੂ, ਧੁਪ, ਛਾਂ, ਨਿੱਘ, ਦਰਦ, ਚੰਨ, ਸੂਰਜ, ਸੇਕ, ਠੰਡ, ਨੱਚਣ, ਕੁਦਣ, ਪੀੜ, ਪਰਾਗਾ, ਅੰਗਿਆਰ, ਪਲ-ਪਲ, ਲੀਰੋ-ਲੀਰ, ਹਓਕੇ, ਹੰਝੂ, ਰਗ-ਰਗ, ਗੁਟਕੂੰ, ਤਿਲਤਿਲ, ਫੰਬਾ-ਫੰਬਾ, ਪੋਰ-ਪੋਰ, ਮਗਧਾ ਅਤੇ ਪੰਜਾਬੀ ਕਿਸਿਆਂ ਵਿਚੋਂ ਸੱਸੀ-ਪੁੰਨੂੰ, ਹੀਰ-ਰਾਂਝਾ ਅਤੇ ਲੈਲਾ ਮਜਨੂੰ ਆਦਿ ਦੀ ਥਾਂ ਥਾਂ ਵਰਤੋਂ ਕਰਦੇ ਹਨ। ਅਸਲ ਵਿਚ ਉਹ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਨਾਲ ਸੰਬੰਧਤ ਸ਼ਬਦਾਵਲੀ ਦੀ ਜ਼ਿਆਦਾ ਵਰਤੋਂ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਪੰਜਾਬੀ ਵਿਰਸੇ ਨਾਲ ਹੇਜ ਹੈ। ਪੰਜਾਬੀਆਂ ਦੀ ਨੌਜਵਾਨ ਪੀੜ੍ਹੀ ਦਾ ਆਪਣੇ ਵਿਰਸੇ ਨਾਲੋਂ ਟੁਟਣਾ ਉਨ੍ਹਾਂ ਨੂੰ ਖਟਕਦਾ ਹੈ। ਕੋਈ ਵੀ ਕਵਿਤਾ ਨਿੱਜੀ ਨਹੀਂ ਹੁੰਦੀ, ਸਗੋਂ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਜ਼ਿੰਦਗੀ ਦੇ ਬਿਰਤਾਂਤਾਂ ਦੀ ਤਰਜਮਾਨੀ ਕਰਦੀ ਹੁੰਦੀ ਹੈ। ਬਿੰਨਰ ਦੀ ਕਵਿਤਾ ਇਸ ਸੰਧਰਵ ਵਿਚ ਖਰੀ ਉਤਰਦੀ ਹੈ। ਨਿੱਜੀ ਪੀੜ ਨੂੰ ਲੋਕਾਂ ਦੀ ਪੀੜ ਵਿਚ ਬਦਲਣ ਦੀ ਉਹ ਮਾਹਿਰ ਹਨ ਅਤੇ ਆਪਣੇ ਬਿੰਬਾਂ ਦੀ ਸਹਾਇਤਾ ਨਾਲ ਮਨ ਦੀਆਂ ਤਰੰਗਾਂ ਛੇੜ ਕੇ ਕੁਦਰਤ ਦੀ ਗੋਦ ਵਿਚ ਲੈ ਜਾਂਦੇ ਹਨ।

ਉਨ੍ਹਾਂ ਦੀਆਂ ਕੁਝ ਕਵਿਤਾਵਾਂ ਸਮਾਜਿਕ ਬੁਰਾਈਆਂ ਦਾ ਪਰਦਾਫ਼ਾਸ਼ ਕਰਦੀਆਂ ਹਨ। ਕਿਤੇ ਕਿਤੇ ਵਿਦਰੋਹ ਵੀ ਨਜ਼ਰ ਆਉਂਦਾ ਹੈ। ਉਨ੍ਹਾਂ ਨੂੰ ਜਨਾਨੀਆਂ ਦੀ ਬੇਬਸੀ ਦਾ ਵੀ ਅਹਿਸਾਸ ਹੈ। ਕਵਿਤਰੀ ਭਰੂਣ ਹੱਤਿਆ, ਸਮਾਜਿਕ ਅਨਿਆਏ, ਨਸ਼ੇ, ਵਹਿਮਾਂ ਭਰਮਾਂ, ਊਚ ਨੀਚ, ਜਾਤ ਪਾਤ ਬਾਰੇ ਚਿੰਤਤ ਹੈ ਪਰ ਫਿਰ ਵੀ ਆਸ਼ਾਵਾਦੀ ਹੈ। ਭਰੂਣ ਹੱਤਿਆ ਜੁਗਾਂ ਜੁਗਾਂਤਰਾਂ ਤੋਂ ਚਲਦੀ ਆ ਰਹੀ ਹੈ, ਅੱਜ ਢੰਗ ਆਧੁਨਿਕ ਹਨ। ਜਨਾਨੀਆਂ ਦੇ ਸਰੀਰ ਕਬਰਾਂ ਬਣ ਗਏ ਹਨ। ਜ਼ਮੀਨਾਂ ਦੀ ਵੰਡ ਰੋਕਣ ਲਈ ਸਾਡਾ ਵਿਰਸਾ ਬਹੁ ਪਤੀ ਦੇ ਸੰਕਲਪ ਤੇ ਚਲਦਾ ਰਿਹਾ ਹੈ। ਦਰੋਪਤੀ ਦਾ ਦੁਖ ਉਹ ਮਹਿਸੂਸ ਕਰ ਰਹੀ ਹੈ। ਜਨਾਨੀਆਂ ਉਦੋਂ ਵੀ ਤੇ ਅੱਜ ਵੀ ਇਹ ਸੰਤਾਪ ਹੰਢਾ ਰਹੀ ਹੈ। ਅਣਜੋੜ ਵਿਆਹਾਂ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ ਕਿ ਅੱਜ ਅਨੇਕਾਂ ਜਨਾਨੀਆਂ ਮਜ਼ਬੂਰੀ ਵਸ ਲੂਣਾਂ ਬਣੀਆਂ ਹੋਈਆਂ ਹਨ। ਜਨਾਨੀ ਨੂੰ ਆਦਮੀ ਜਿਣਸੀ ਭੁੱਖ ਪੂਰੀ ਕਰਨ ਲਈ ਵਰਤਦਾ ਹੈ, ਜਦੋਂਕਿ ਆਦਮੀ ਤੇ ਜਨਾਨੀ ਇਕ ਦੂਜੇ ਦੇ ਪੂਰਕ ਹਨ। ਉਹ ਜਨਾਨੀ ਨੂੰ ਹਰ ਮੁਸ਼ਕਲ ਹਾਲਾਤ ਵਿਚ ਦਲੇਰੀ ਨਾਲ ਜ਼ਿੰਦਗੀ ਜਿਓਣ ਦੀ ਪ੍ਰੇਰਨਾ ਦਿੰਦੇ ਹਨ। 

ਉਨ੍ਹਾਂ ਦੀ ਕਵਿਤਾ ਸਮਾਜਿਕ ਕਦਰਾਂ ਕੀਮਤਾਂ ਵਿਚ ਆਈ ਗਿਰਾਵਟ ਦਾ ਜ਼ਿਕਰ ਕਰਦੀ ਹੈ, ਕਿਉਂਕਿ ਆਪਣੇ ਹੀ ਆਪਣਿਆਂ ਦੀਆਂ ਜੜ੍ਹਾਂ ਵਿਚ ਤੇਲ੍ਹ ਦੇ ਰਹੇ ਹਨ। ਪਿਓ-ਪੁਤ, ਮਾਂ-ਧੀ, ਪਤੀ-ਪਤਨੀ, ਪਿਓ-ਧੀ ਦੇ ਰਿਸ਼ਤਿਆਂ ਵਿਚ ਗਿਰਾਵਟ ਅਖ਼ਬਾਰਾਂ ਦੀਆਂ ਖ਼ਬਰਾਂ ਬਣਦੀ ਉਨ੍ਹਾਂ ਨੂੰ ਅਸਹਿਜ ਕਰਦੀ ਹੈ। ਉਨ੍ਹਾਂ ਦੀ ਕਵਿਤਾ ਇਹ ਵੀ ਸ਼ਪਸ਼ਟ ਕਰਦੀ ਹੈ ਕਿ ਆਦਮੀ ਪ੍ਰਧਾਨ ਸਮਾਜ ਜਨਾਨੀਆਂ ਨੂੰ ਬਣਦਾ ਯੋਗ ਮਾਣ ਸਨਮਾਨ ਨਹੀਂ ਦੇ ਰਿਹਾ ਅਤੇ ਔਰਤਾਂ ਦੀ ਤਰਾਸਦੀ ਹੈ ਕਿ ਉਹ ਹਰ ਜ਼ਬਰਦਸਤੀ ਨੂੰ ਬਰਦਾਸ਼ਤ ਕਰਨ ਦੀਆਂ ਆਦੀ ਹੋ ਗਈਆਂ ਹਨ। ਉਨ੍ਹਾਂ ਦੀ ਕਵਿਤਾ ਪਿਆਰ ਨੂੰ ਵਰਜਿਤ ਨਹੀਂ ਕਹਿੰਦੀ ਪਰ ਸਬਰ ਸੰਤੋਖ ਦਾ ਪੱਲਾ ਫੜਕੇ ਹਿੰਮਤ ਕਰਨ ਲਈ ਹੌਸਲਾ ਜ਼ਰੂਰ ਦਿੰਦੀ ਹੈ। ਜਨਾਨੀਆਂ ਬਾਰੇ ਉਹ ਲਿਖਦੀ ਹੈ-

ਔਰਤ ਨੂੰ ਇਨਸਾਨ ਮੰਨਣ ਤੋਂ, ਸਾਡੇ ਮੁਲਕ ਦੇ ਡਰਦੇ ਲੋਕ।
ਐਪਰ ਉਸ ਨੂੰ ਕੱਲੀ ਤੱਕ ਕੇ, ਕੀ ਕੀ ਖੇਖਨ ਕਰਦੇ ਲੋਕ।

ਅੱਗੋਂ ਲਿਖਦੀ ਹੈ-
ਦੂਜੇ ਦੀ ਧੀ ਭੈਣ ਨੂੰ ਤੱਕ ਕੇ, ਠੰਡੇ ਹਉਕੇ ਭਰਦੇ ਲੋਕ।
ਹੁਕਮਰਾਨਾਂ ਵਲੋਂ ਰਿਆਇਆ ਨੂੰ ਅਣਡਿਠ ਕਰਨਾ ਅਤੇ ਗ਼ਰੀਬੀ ਦਾ ਵਧਣਾ ਸਿਆਸਤਦਾਨਾ ਦੇ ਅਵੇਸਲੇਪਨ ਦਾ ਨਤੀਜਾ ਹੈ।
ਉਸ ਨੂੰ ਜਨਤਾ ਦੇ ਦੁਖਾਂ ਦੀ ਸਾਰ ਕੀ, ਉਹ ਤਾਂ ਸੱਤਾ ਦੇ ਨਸ਼ੇ ਵਿਚ ਚੂਰ ਹੈ।
ਪੱਖੇ ਕੂਲਰ ਕੀ ਕਰਨੇ ਨੇ ਹੁਣ, ਵਿਚ ਪਿੰਡਾਂ ਦੇ ਬਿਜਲੀ ਹੈ ਨਹੀਂ।
ਕੋਈ ਪਿੰਡ ਜਾਂ ਕੋਈ ਸ਼ਹਿਰ ਕੀ ਜੇ ਢਿਡ ’ਚ ਰੋਟੀ ਹੈ ਨਹੀਂ
ਜੋ ਭੁੱਖੇ ਨੂੰ ਅੰਨ ਦੇਵੇ ਉਹ ਹੀ ਰੁਤਬਾ ਵਿਸ਼ੇਸ਼ ਹੈ।

ਪਰਵਾਸ ਵਿਚ ਜਾ ਕੇ ਵਸਣ ਦੇ ਲਾਲਚ ’ਚ ਗ਼ੈਰ ਕਾਨੂੰਨੀ ਢੰਗ ਵਰਤਣਾ ਅਤੇ ਅਣਜੋੜ ਵਿਆਹ ਕਰਨ ਵਾਲਿਆਂ ਨੂੰ ਵੀ ਉਹ ਆੜੇ ਹੱਥੀਂ ਲੈਂਦੀ ਹੈ।


rajwinder kaur

Content Editor

Related News