ਕਵਿਤਾ : ਦੇਸ਼ ਦੇ ਰਾਖੇ ਫੌਜੀ ਵੀਰਾਂ ਨੂੰ ਸਮਰਪਿਤ
Thursday, Aug 17, 2023 - 11:56 AM (IST)

*ਜਿਗਰ ਏ ਵਤਨ*
ਮਿੱਟੀ ਦੇਸ਼ ਦੀ ਚੁੰਮਕੇ ਮੱਥੇ ਲਾਵਾਂ,
ਅਣਖੀ ਖੂਨ ਦੀ ਮਹਿਕ ਨਾ ਭਰੀ ਹੋਈ ਐ ।
ਜਿਗਰੇ ਵਤਨ ਹੈ ਸਾਡਾ ਸਲੂਟ ਤੈਨੂੰ,
ਜਾਨ ਤੇਰੇ ਲਈ ਤਲੀ 'ਤੇ ਧਰੀ ਹੋਈ ਐ।
ਭੌਰੇ ਫੁੱਲਾਂ 'ਤੇ ਉਡ-ਉਡ ਬੈਠਦੇ ਨੇ,
ਪ੍ਰਵਾਨੇ ਸਮਾਂ ਤੋਂ ਹੋਣ ਕੁਰਬਾਨ ਇਥੇ।
ਅੱਖ ਭਰ ਵੈਰੀ ਨੇ ਜਦ ਤੱਕਿਆ ਏ,
ਮੈਦਾਨੇ ਜੰਗ ਨੇ ਬਣਦੇ ਸ਼ਮਸ਼ਾਨ ਏਥੇ।
ਦੇਸ਼ ਕੌਮ ਲਈ ਜੀਣਾਂ ਤੇ ਕਿਵੇਂ ਮਰਨਾ,
ਐਸੀ ਸਖ਼ਤ ਟ੍ਰੇਨਿੰਗ ਅਸੀਂ ਕਰੀ ਹੋਈ ਐ।
ਜਿਗਰੇ ਵਤਨ ਹੈ ਸਾਡਾ ਸਲੂਟ...
ਤੱਤੇ ਰੇਤਿਆਂ ਦੀ ਤਪਸ਼ ਹੰਢਾਈ ਪਿੰਡੇ,
ਸੁਆਦ ਚੱਖੇ ਆ ਖਾਰੇ ਸਮੁੰਦਰਾਂ ਦੇ।
ਪਾਰਾ ਡਿਗੇ ਜਿੱਥੇ ਬਰਫ਼ਾ ਦੀਆਂ ਚੋਟੀਆਂ ਦਾ,
ਬਿਜਲੀ ਗੜ੍ਹਕਦੀ ਲਿਸ਼ਕੇ ਵਿੱਚ ਅੰਬਰਾਂ ਦੇ।
ਜੰਮਣ ਭੋਇ ਲਈ ਮਿਟਨਾ ਜਨੂੰਨ ਸਾਡਾ,
ਇਹੋ ਭਾਵਨਾ ਕੁੱਟ-ਕੁੱਟ ਭਰੀ ਹੋਈ ਐ।
ਜਿਗਰੇ ਵਤਨ ਹੈ ਸਾਡਾ ਸਲੂਟ.....
ਗੋਲੀ ਤਾੜ-ਤਾੜ ਚਲੇ ਮੈਂਦਾਨ ਅੰਦਰ,
ਮੌਤ ਕੰਬਦੀ ਚੁਫੇਰੇ ਸਾਡੇ ਨੱਚਦੀ ਏ।
ਤੋਪਾਂ ਚੱਲਣ ਅੱਗ ਅੰਗਿਆਰ ਉਗਲਣ,
ਭੱਠੀ ਅਣਖੀ ਖੂਨ ਦੀ ਮੱਚਦੀ ਏ।
ਛਾਇਆ ਤਿੱਖੇ ਸੰਗੀਨਾਂ ਦਾ ਸਾਥ ਸਾਡਾ,
ਅਸੀਂ ਮੰਗਣੀ ਮੌਤ ਨਾਲ਼ ਕਰੀ ਹੋਈ ਐ।
ਜਿਗਰੇ ਵਤਨ ਹੈ ਸਾਡਾ ਸਲੂਟ-----
ਝੰਡਾ ਦੇਸ਼ ਦਾ ਝੂਲਦਾ ਰਹੇ ਉਂਚਾ,
ਜਾਨਾਂ ਵਾਰ ਕੇ ਫਰਜ਼ ਨਿਭਾ ਦਿਆਂਗੇ।
ਜਗਦੀ ਰਹੇ ਜੋ ਅਮਰ -ਜਵਾਨ ਜੋਤੀ,
ਤੇਲ ਓ੍ਹਦੇ ਵਿੱਚ ਖੂਨ ਦਾ ਪਾ ਦਿਆਂਗੇ।
ਧਾਲੀਵਾਲ ਕੁਲਵੰਤ ਸਿੰਘ ਸੈਦੋ ਵਾਲੇ,
ਇੱਕੀ ਸਾਲ ਸੇਵਾ ਦੇਸ਼ ਦੀ ਕਰੀ ਹੋਈ ਐ।
ਜਿਗਰੇ ਵਤਨ ਹੈ ਸਾਡਾ ਸਲੂਟ ਤੈਨੂੰ,
ਜਾਨ ਤੇਰੇ ਲਈ ਤਲੀ 'ਤੇ ਧਰੀ ਹੋਈ ਐ।
ਕੁਲਵੰਤ ਸਿੰਘ ਸੈਦੋਕੇ
----------------------------------------
ਪੰਜਾਬ ਲੱਭਦੇ
ਅਸੀਂ ਉਹ ਪੰਜਾਬ ਲੱਭਦੇ,
ਜੋ ਦੇਸ਼ ਵੰਡ ਤੋਂ ਪਹਿਲਾਂ ਦਾ ਪੰਜਾਬ ਸੀ !
ਹਰਿਆਣਾ, ਹਿਮਾਚਲ, ਦਿੱਲੀ, ਲਾਹੌਰ ਜਿੱਥੇ ,
ਉਹ ਭਰਾਵਾਂ ਵਰਗੇ ਪਿਆਰ ਹੁਣ ਕਿੱਥੇ ਸੀ
ਸਰਬੱਤ ਦਾ ਭਲਾ ਜਿੱਥੇ, ਤੜਕੇ ਉੱਠਕੇ ਮੰਗਦੇ ਸੀ
ਗੁਰੂਆਂ ,ਪੀਰਾਂ-ਫ਼ਕੀਰਾਂ, ਮਾਹਾਰਾਜੇਆਂ ਦੀ ਧਰਤੀ ਜਿੱਥੇ, ਕੋਈ ਵਾਲ ਵਿੰਗਾ ਨਾ ਕਰ ਸਕਦਾ ਸੀ
ਹੱਸਦੇ-ਵੱਸਦੇ ਚਿਹਰੇ ਜਿੱਥੇ, ਇੱਕ ਮੰਜੇ ਤੇ ਡੇਰੇ ਸੀ
ਖੇਤੀ ,ਧੰਦੇ , ਰੁਜ਼ਗਾਰ ਜਿੱਥੇ, ਵਿਦੇਸ਼ੀ ਮੁਲਕਾਂ ਦੇ ਨਾ ਰੌਲੇ ਸੀ
ਧਰਤੀ 'ਚੋਂ ਸੋਨਾ ਉੱਗਦਾ ਜਿੱਥੇ, ਕਿਸਾਨ ਬੜਾ ਖੁਸ਼ਹਾਲ ਸੀ
ਅਸੀਂ ਉਹ ਪੰਜਾਬ ਲੱਭਦੇ,
ਜੋ ਦੇਸ਼ ਵੰਡ ਤੋਂ ਪਹਿਲਾਂ ਦਾ ਪੰਜਾਬ ਸੀ!
ਸਤਲੁਜ,ਬਿਆਸ, ਜੇਹਲਮ, ਚਿਨਾਬ, ਰਾਵੀ ਜਿੱਥੇ ਪਾਣੀ ਦੇ ਨਾ ਘਾਟੇ ਸੀ
ਦੁੱਧ, ਮਲਾਈ, ਮੱਖਣ, ਸਾਗ ਜਿੱਥੇ ਖੁੱਲ੍ਹੀਆਂ ਘਰ ਦੀਆਂ ਖੁਰਾਕਾਂ ਸੀ
ਸਬਜ਼ੀਆਂ, ਦਾਲਾਂ, ਸੁੱਕੇ ਮੇਵੇ ਜਿੱਥੇ ਖਾ-ਖਾ ਮਾਂਵਾਂ ਦੇ ਝੋਟੇ ਪੁੱਤ ਉੱਗਦੇ ਸੀ
ਪਿੱਠੂ, ਗੀਟੇ, ਕਿੱਕਲੀ, ਪੀਚੋ, ਕੁਸ਼ਤੀ, ਕੱਬਡੀ ਜਿੱਥੇ ਤਾਹਿਓ ਨਸ਼ਾ ਤੇ ਫ਼ੋਨ ਨਾ ਨੇੜੇ ਸੀ
ਮਾਂ ਬੋਲੀ, ਗਿੱਧਾ, ਭੰਗੜਾ ਜਿੱਥੇ ਦੇਸ਼ ਪੰਜਾਬ ਦੀ ਸ਼ਾਨ ਸੀ
ਅਸੀਂ ਉਹ ਪੰਜਾਬ ਲੱਭਦੇ ,
ਜੋ ਦੇਸ਼ ਵੰਡ ਤੋਂ ਪਹਿਲਾਂ ਦਾ ਪੰਜਾਬ ਸੀ !
ਸਾਈਕਲ, ਗੱਡੇ, ਚੁੱਲ੍ਹੇ ਪਾਥੀਆਂ ਜਿੱਥੇ ਉਹ ਸਾਦੇ-ਸਿੱਧੇ ਮਾਹੌਲ ਸੀ
ਦਰੀਆਂ ਬੁਣਦੇ, ਕੋਠੇ ਲਿੱਪਦੇ, ਆਟਾ-ਦਾਲਾਂ ਪੀਂਹਦੇ ਜਿੱਥੇ ਘਰ 'ਚ ਰੁੱਝ-ਰੁਝੇਵੇਂ ਸੀ
ਮੱਝਾਂ, ਘਾਹ, ਟੋਭੇ, ਕੁੱਪ ਜਿੱਥੇ ਹਰ-ਘਰ ਦੇ ਰੋਜ਼ਾਨਾ ਕੰਮ ਸੀ
ਘਰਾਂ ਵਿੱਚ ਬਜ਼ੁਰਗਾਂ ਦਾ ਸ਼ਾਸਨ ਸੀ ਜਿੱਥੇ ਬਿਨ ਪੁੱਛੇ ਪੱਤਾ ਨਾ ਹਿੱਲਦਾ ਸੀ
ਅਸੀਂ ਉਹ ਪੰਜਾਬ ਲੱਭਦੇ ,
ਜੋ ਦੇਸ਼ ਵੰਡ ਤੋਂ ਪਹਿਲਾਂ ਦਾ ਪੰਜਾਬ ਸੀ !
ਗੁਰਦੀਪ ਕਸੌਲੀ