ਪੀਏਯੂ ਵੱਲੋਂ ਪਰਮਲ ਝੋਨੇ ਦੀ ਨਵੀਂ ਕਿਸਮ ਪੀ ਆਰ 127 ਕਾਸ਼ਤ ਲਈ ਜਾਰੀ
Friday, Mar 30, 2018 - 04:28 PM (IST)

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਰਮਲ ਝੋਨੇ ਦੀ ਨਵੀਂ ਕਿਸਮ ਪੀ.ਆਰ. 127 ਵਿਕਸਤ ਕੀਤੀ ਗਈ ਹੈ। ਇਹ ਕਿਸਮ ਪੂਸਾ 44 ਅਤੇ ਅਫ਼ਰੀਕਨ ਝੋਨੇ ਦੇ ਮੇਲ ਤੋਂ ਤਿਆਰ ਕੀਤੀ ਗਈ ਹੈ। ਇਸ ਕਿਸਮ ਨੂੰ ਸਟੇਟ ਵਰਾਇਟੀ ਅਪਰੂਵਲ ਕਮੇਟੀ ਵੱਲੋਂ ਖੇਤੀਬਾੜੀ ਸਾਇੰਸਦਾਨਾਂ, ਅਧਿਕਾਰੀਆਂ, ਖਰੀਦ ਏਜੰਸੀਆਂ ਅਤੇ ਸ਼ੈਲਰ ਉਦਯੋਗ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਪ੍ਰਵਾਨਗੀ ਦਿੱਤੀ ਗਈ ਇਹ ਕਿਸਮ ਪੱਕਣ ਲਈ ਪਨੀਰੀ ਸਮੇਤ ਲਗਭਗ 137 ਦਿਨਾਂ ਦਾ ਸਮਾਂ ਲੈਂਦੀ ਹੈ। ਇਹ ਕਿਸਮ ਪੰਜਾਬ ਵਿਚ ਇਸ ਸਮੇਂ ਪਾਈਆਂ ਜਾਂਦੀਆਂ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਜਾਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦੇ ਚੌਲ ਲੰਬੇ ਪਤਲੇ (ਲੰਬਾਈ/ਚੌੜਾਈ ਅਨੁਪਾਤ 3.23) ਅਤੇ ਚਮਕਦਾਰ ਹੁੰਦੇ ਹਨ ਜੋ ਰਿੰਨਣ ਉਪਰੰਤ ਜੁੜਦੇ ਨਹੀਂ। ਇਸ ਕਿਸਮ ਵਿਚ ਸਾਬਤ ਅਤੇ ਕੁੱਲ ਚੌਲਾਂ ਦੀ ਮਾਤਰਾ ਪੂਸਾ 44 ਦੇ ਮੁਕਾਬਲਤਨ 2-3 ਪ੍ਰਤੀਸ਼ਤ ਜ਼ਿਆਦਾ ਹੈ। ਇਸ ਕਿਸਮ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਪੂਸਾ 44 ਵਾਂਗ ਇਹ ਕਿਸਮ ਮਾੜੇ ਪਾਣੀਆਂ/ਜ਼ਮੀਨਾਂ ਲਈ ਢੁੱਕਵੀਂ ਨਹੀਂ ਹੈ। ਵਧੇਰੇ ਝਾੜ, ਘੱਟ ਸਮੇਂ ਵਿਚ ਪੱਕਣ ਅਤੇ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਕਿਸਮ ਪੀ.ਆਰ. 127 ਦੀ ਕਾਸ਼ਤ ਨਾਲ ਕਿਸਾਨਾਂ, ਵਪਾਰੀਆਂ ਅਤੇ ਉਪਭੋਗਤਾਵਾਂ ਨੂੰ ਲਾਭ ਹੋਵੇਗਾ। ਇਹ ਕਿਸਮ ਝੋਨੇ ਦੀ ਕਾਸ਼ਤ ਵਿਚ ਵਿਭਿੰਨਤਾ ਲਿਆਉਣ ਦੇ ਨਾਲ-ਨਾਲ ਮੌਜੂਦਾ ਸਮੇਂ ਝੋਨੇ ਦੀ ਰਹਿੰਦ-ਖਹੰਦ ਨੂੰ ਸਾਂਭਣ ਦੀ ਸਮੱਸਿਆ ਦੇ ਹੱਲ ਵਿਚ ਵੀ ਸਹਾਈ ਹੋਵੇਗੀ। ਇਸ ਕਿਸਮ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਲਾਡੋਵਾਲ, ਨਰਾਇਣਗੜ•, ਫਰੀਦਕੋਟ ਅਤੇ ਕਪੂਰਥਲਾ ਵਿਖੇ ਸਥਿਤ ਬੀਜ ਫਾਰਮਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਹਫ਼ਤੇ ਦੇ ਸੱਤ ਦੇ ਸੱਤ ਦਿਨ ਉਪਲਬਧ ਹੈ।
ਜਗਦੀਸ਼ ਕੌਰ