ਸਿੰਗਲ ਟਰੈਕ “ਮੇਰੀ ਜਾਨ“ ਰਾਹੀਂ ਫਿਰ ਕਰੇਗੀ ਵਾਪਸੀ ਗਾਇਕਾ ਪਰਵੀਨ ਭਾਰਟਾ
Thursday, Jun 21, 2018 - 01:46 PM (IST)

ਪੰਜਾਬ ਵਿਚ ਦੋਗਾਣਾ ਗਾਇਕੀ ਦਾ ਕਾਫੀ ਪੁਰਾਣੇ ਸਮੇਂ ਤੋਂ ਹੀ ਕਾਫੀ ਬੋਲਬਾਲਾ ਰਿਹਾ ਹੈ ਪਰ ਇਕ ਵਾਰ ਅਜਿਹਾ ਦੌਰ ਵੀ ਆਇਆ ਸੀ ਜਦੋਂ ਲੋਕ ਦੁਗਾਣੇ ਸੁਨਣਾ ਘੱਟ ਪਸੰਦ ਕਰਨ ਲੱਗੇ ਸਨ ਤੇ ਉਸ ਸਮੇਂ ਪੰਜਾਬ ਵਿਚ ਮਿਸ ਪੂਜਾ, ਸੁਦੇਸ਼ ਕੁਮਾਰ ਅਤੇ ਪਰਵੀਨ ਭਾਰਟਾ ਨੇ ਦੋਗਾਣਾ ਗਾਇਕੀ ਵੱਲ ਪੰਜਾਬੀਆ ਦਾ ਦੁਬਾਰਾ ਮੋਹ ਪੁਵਾ ਦਿਤਾ।ਪਰ ਫਿਰ ਇਕ ਐਸਾ ਦੌਰ ਵੀ ਆਇਆ ਜਦੋਂ ਇਨ੍ਹਾਂ ਕਲਾਕਰਾਂ ਵਿਚੋਂ ਪੰਜਾਬ ਦੀ ਉਹ ਬੁਲੰਦ ਅਵਾਜ਼ ਦੀ ਮਾਲਿਕ ਪਰਵੀਨ ਭਾਰਟਾ ਅਲੋਪ ਜਹੀ ਜਾਪੀ ਪਰ ਕਦੇ-ਕਦੇ ਇਹ ਅਵਾਜ਼ ਲਾਈਵ ਪ੍ਰੋਗਾਮਾਂ ਦੇ ਵੀਡੀਓ ਰਾਹੀਂ ਸੁਨਣ ਨੂੰ ਮਿਲਦੀ ਰਹੀ।ਹੁਣ ਫਿਰ ਕਾਫੀ ਲੰਮੇ ਸਮੇਂ ਬਾਅਦ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਪਰਵੀਨ ਭਾਰਟਾ ਫਿਰ ਆਪਣੀ ਹਾਜ਼ਰੀ ਸਿੰਗਲ ਟਰੈਕ ਨਾਲ ਲਵਾਉਣ ਜਾ ਰਹੀ ਹੈ।
ਪਰਵੀਨ ਭਾਰਟਾਂ ਦਾ ਪੂਰਾ ਨਾਮ ਸੋਨਾ ਪਰਵੀਨ ਹੈ।ਪਰਵੀਨ ਭਾਰਟਾ ਦਾ ਜਨਮ ਗੜ੍ਹਸੰਕਰ ਜਿਲ੍ਹਾਂ ਨਵਾਂ ਸ਼ਹਿਰ ਵਿਚ ਮਾਤਾ ਜਸਵਿੰਦਰ ਕੌਰ ਅਤੇ ਪਿਤਾ ਕਮਲਜੀਤ ਸਿੰਘ ਦੇ ਘਰ ਹੋਇਆ ਅਤੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਭਾਰਟਾ ਜਿਲ੍ਹਾ ਨਵਾਂ ਸ਼ਹਿਰ ਵਿਚ ਮੁੰਕਮਲ ਕੀਤੀ।ਸਕੂਲ ਵਿਚ ਪੜ੍ਹਦੇ ਸਮੇਂ ਤੋਂ ਗਾਉਣ ਦਾ ਸ਼ੌਕ ਸੀ ਪਰ ਪਰਵੀਨ ਭਾਰਟਾਂ ਦਾ ਇਹ ਵੀ ਮੰਨਣਾ ਹੈ ਕਿ ਉਸ ਨੂੰ ਨੂਰ ਜਹਾਂ ਨੂੰ ਸੁਣਨ ਦਾ ਬਹੁਤ ਸ਼ੋਕ ਸੀ ਤੇ ਨੂਰ ਜਹਾਂ ਦੀ ਗਾਇਕੀ ਤੋਂ ਕਾਫੀ ਪ੍ਰਭਾਵਿਤ ਹੈ ਜਿਸ ਤੋਂ ਪ੍ਰੇਰਿਤ ਹੋ ਕੇ ਉਸ ਨੇ ਗਾਉਣਾ ਸ਼ੁਰੂ ਕੀਤਾ।ਪਰਵੀਨ ਭਾਰਟਾਂ ਨੂਰ ਜਹ੍ਹਾਂ ਦੀ ਗਾਇਕੀ ਤੋਂ ਇੰਨੀ ਪ੍ਰਭਾਵਿਤ ਹੈ ਨੂਰ ਜਹਾਂ ਦੀ ਝਲਕ ਪਰਵੀਨ ਭਾਰਟਾਂ ਦੇ ਚਿਹਰੇ ਤੇ ਵੀ ਝਲਕਦੀ ਹੈ।ਇਸ ਤੋਂ ਬਾਅਦ ਪਰਵੀਨ ਭਾਰਟਾ ਨੇ ਸੰਗੀਤ ਦੀਆ ਬਰੀਕੀਆਂ ਉਸਤਾਦ ਐਮ.ਐਸ. ਗਰਚਾ ਤੋਂ ਸਿਖੀਆ।
ਲਗਭਗ ਸਾਲ 2002-03 ਵਿਚ ਪਰਵੀਨ ਭਾਰਟਾ ਦਾ ਪਹਿਲਾ ਧਾਰਮੀਕ ਗੀਤ ਰਲੀਜ ਹੋਇਆ।ਉਸ ਤੋਂ ਸਾਲ 2004 ਵਿਚ ਬਲਕਾਰ ਸਿਧੂ ਨਾਲ ਪਹਿਲੀ ਕੈਸਟ ਮਾਰਕੀਟ ਵਿਚ ਆਈ ਪਰ ਇਸੇ ਸਾਲ ਸੁਰਜੀਤ ਭੁੱਲਰ ਨਾਲ “ਟੋਹਰ ਸ਼ੁਕਿਨੀ'' ਕੈਸਟ ਮਾਰਕੀਟ ਵਿਚ ਆਈ ਤਾਂ ਪਰਵੀਨ ਭਾਰਟਾ ਦਾ ਨਾਮ ਪੰਜਾਬ ਦੇ ਸਿਖਰਲੇ ਕਲਾਕਰਾਂ ਵਿਚ ਆਉਂਣ ਲੱਗ ਪਿਆ ਅਤੇ ਦੋਗਾਣਾ ਗਾਇਕੀ ਨੂੰ ਵੀ ਇਕ ਨਵੀਂ ਪਰਵਾਜ਼ ਦਿੱਤੀ।ਇਸ ਤੋਂ ਬਾਅਦ ਲਗਤਾਰ ਇਹ ਸਿਲਸਲਾ ਚਲਦਾ ਰਿਹਾ ਸਾਲ 2007 ਵਿਚ ਜਸ਼ਨਦੀਪ ਨਾਲ ਛੁੱਟੀਆਂ ਕੈਸਟ ਅਤੇ ਫਿਰ ਇਸੇ ਸਾਲ ਹੀ ਪੰਜਾਬ ਦੇ ਪ੍ਰਸਿੱਧ ਕਲਾਕਾਰ ਲਵਲੀ ਦੀ ਲੋਕਟ ਕੈਸਟ ਉਹ ਪ੍ਰਸਿੱਧੀ ਦਿੱਤੀ ਜਿਸ ਨੂੰ ਹਰ ਕਲਾਕਾਰ ਦੀ ਦਿਲੀ ਇੱਛਾ ਹੁੰਦੀ ਹੈ ਕਿ ਇਸੇ ਮੁਕਾਮ ਤੇ ਪਹੁੰਚੇ।ਇਸ ਤੋਂ ਇਲਾਵਾ ਪਰਵੀਨ ਭਾਰਟਾ ਨੇ ਪੰਜਾਬ ਦੇ ਲਗਭਗ ਹਰੇਕ ਪ੍ਰਸਿੱਧ ਕਲਾਕਾਰ ਨਾਲ ਗਾਇਆ ਜਿਵੇਂ ਧਰਮਪ੍ਰੀਤ, ਲਾਭ ਹੀਰਾ, ਬਲਕਾਰ ਸਿੱਧੂ, ਸੰਦੀਪ ਆਖਤਰ, ਹਰਪੀ੍ਰਤ ਮਾਂਗਟ ਵਰਗੇ ਨਾਮ ਲੈਣ ਯੋਗ ਹਨ।ਹੁਣ ਤਕ ਪਰਵੀਨ ਭਾਰਟਾ ਦੀ 150 ਤੋਂ ਉੱਪਰ ਕੈਸਟਾ ਆ ਚੁੱਕੀਆ ਹਨ।ਇਸ ਤੋਂ ਇਲਾਵਾ ਇਕ ਧਾਰਮੀਕ ਕੈਸਟ ਦਾ ਗੀਤ ਅਮ੍ਰਿਤ ਵੇਲਾ ਵੀ ਕਾਫੀ ਹਿੱਟ ਹੋਇਆ।ਜਿਸ ਕਾਰਨ ਪਰਵੀਨ ਭਾਰਟਾ ਨੂੰ ਕਾਫੀ ਮਾਨ ਸਨਮਾਨ ਮਿਲ ਚੁੱਕੇ ਹਨ ਵਿਸ਼ੇਸ ਤੌਰ ਤੇ ਮਾਲਿਕਾ-ਏ-ਤਰਨੁਮ ਨੂਰ ਜਹਾਂ ਅਵਾਰਡ ਨੂੰ ਬੜੀ ਸ਼ਿਦਤ ਨਾਲ ਆਪਣੇ ਦਿਲ ਵਿਚ ਅਣਮੁੱਲੀ ਯਾਦ ਬਣਾ ਕੇ ਰੱਖਿਆ ਹੈ।ਪ੍ਰੰਤੂ ਪਿਛਲੇ ਕਾਫੀ ਸਮੇਂ ਤੋਂ ਪਰਵੀਨ ਭਾਰਟਾ ਆਪਣੀ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਲੈ ਕੇ ਕੈਨੇਡਾ ਸ਼ਿਫਟ ਹੋਈ ਅਤੇ ਉਥੋ ਦੀ ਪੀ.ਆਰ.ਮਿਲਣ ਤੋਂ ਬਾਅਦ ਕਾਫੀ ਸਮੇਂ ਬਾਅਦ ਭਾਰਤ ਪਰਤੀ ਹੈ।ਆਪਣੇ ਕਰੀਅਰ ਦੀ ਪਰਵਾਹ ਨਾ ਕਰਦੇ ਹੋਏ ਪਰਵੀਨ ਭਾਰਟਾ ਨੇ ਸਮਾਂ ਆਪਣੇ ਪਰਿਵਾਰ ਨੂੰ ਦਿੱਤਾ।
ਹੁਣ ਪਰਵੀਨ ਭਾਰਟਾ ਦੁਬਾਰਾ ਫਿਰ ਲੋਕਾਂ ਦੀ ਕਚਿਹਰੀ ਵਿਚ ਨਵਾਂ ਸਿੰਗਲ ਟਰੈਕ “ਮੇਰੀ ਜਾਨ'' ਲੈ ਕੇ ਆ ਰਹੀ ਹੈ।ਇਸ ਇਕ ਸੈਡ ਰੁਮਾਂਟਿਕ ਗੀਤ ਹੈ।ਜਿਸ ਨੂੰ ਪ੍ਰਸਿਧ ਕੰਪਨੀ ਵਾਈਟ ਹਿੱਲ ਬਹੁਤ ਜਲਦ ਰਲੀਜ਼ ਕਰ ਰਹੀ ਹੈ।ਇਸ ਗੀਤ ਦਾ ਮਿਊਜਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੱਸੀ ਬ੍ਰਦਰਜ਼ ਦਾ ਹੈ।ਵੀਡੀਓ ਮਨੀ ਸ਼ੇਰਗਿੱਲ ਨੇ ਕੀਤਾ ਹੈ ਅਤੇ ਇਸ ਗੀਤ ਦੇ ਸ਼ਬਦਾ ਨੂੰ ਪਰਵੀਨ ਭਾਰਟਾਂ ਦੇ ਪਤੀ ਗੁਰਸ਼ਰਨ ਸਿੰਘ ਸ਼ਰਨ ਬਾਖੁਬੀ ਆਪਣੀ ਕਲਮ ਨਾਲ ਸਿੰਗਾਰਿਆ ਹੈ।ਇਸ ਵੀਡੀਓ ਵਿਚ ਪ੍ਰਸਿੱਧ ਮਾਡਲ ਉਪਮਾ ਸ਼ਰਮਾਂ ਨੇ ਕੰਮ ਕੀਤਾ ਹੈ।ਇਸ ਗੀਤ ਤੋਂ ਪਰਵੀਨ ਭਾਰਟਾ ਨੂੰ ਕਾਫੀ ਉਮੀਦਾਂ ਹਨ।ਪਰਵੀਨ ਨੂੰ ਯਕੀਨ ਹੈ ਕਿ ਉਸ ਨੂੰ ਚਾਹੁਣ ਵਾਲੇ ਪਹਿਲਾ ਵਾਲੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਰੱਜਵਾਂ ਪਿਆਰ ਦੇਣਗੇ।
ਸੰਦੀਪ ਰਾਣਾ ਬੁਢਲਾਡਾ
ਪਤਾ: ਨੇੜੇ ਬੀ.ਡੀ.ਪੀ.ਓ ਦਫਤਰ
ਬੁਢਲਾਡਾ(ਮਾਨਸਾ) 151502
ਮੋਬਾ: 98884-58127