ਖੁਦ ਮਾਂ-ਬਾਪ ਵੀ ਨੇ ਨਸ਼ਿਆਂ ਦੇ ਘਰ ਪ੍ਰਵੇਸ਼ ਲਈ ਜਿੰਮੇਵਾਰ
Tuesday, Feb 05, 2019 - 03:31 PM (IST)

ਮੌਜੂਦਾ ਸਮੇਂ ਪੰਜਾਬ 'ਚ ਤੇਜ਼ੀ ਨਾਲ ਪਸਰ ਰਹੇ ਨਸ਼ਿਆਂ ਦੇ ਪੈਰ ਜਿੱਥੇ ਨੌਜਵਾਨ ਪੀੜ੍ਹੀ ਲਈ ਚਿੰਤਾਂ ਦਾ ਵਿਸ਼ਾ ਬਣੇ ਹੋਏ ਨੇ ਉੱਥੇ ਹੀ ਇਸ ਅਲਾਮਤ ਦੇ ਪ੍ਰਭਾਵਾਂ ਹੇਠ ਸੁੱਕ ਕੇ ਪਿੰਜਰ ਬਣੀਆਂ ਜ਼ਿਆਦਾਤਰ ਨਰੋਈਆਂ ਲੱਤਾਂ ਵੀ ਨੌਜਵਾਨ ਵਰਗ ਦੀਆਂ ਹੀ ਨਜ਼ਰੀਂ ਆਉਂਦੀਆਂ ਹਨ। ਚਾਹੇ ਅੱਜ ਤੱਕ ਤਾਰੀਖ ਦੇ ਕਿਸੇ ਵੀ ਪੰਨੇ ਤੇ ਪੰਜਾਬ ਦੇ ਪੂਰਨ ਤੌਰ 'ਤੇ ਨਸ਼ਾ ਮੁਕਤ ਹੋਣ ਦੀ ਪੁਸ਼ਟੀ ਨਾਂ ਦਰਜ ਹੋਈ ਹੋਵੇ ਪਰ ਫਿਰ ਵੀ ਮਾਂ-ਬਾਪ ਵੱਲੋਂ ਜੇਕਰ ਔਲਾਦ ਪ੍ਰਤੀ ਬਣਦੇ ਫਰਜਾਂ ਦੀ ਪੂਰਤੀ ਗੰਭੀਰਤਾ ਨਾਲ ਕੀਤੀ ਜਾਵੇ ਤਾਂ ਇਹਨਾਂ ਅਲਾਮਤੀ ਪੈਰਾਂ ਨੂੰ ਥੰਮਿਆ ਜ਼ਰੂਰ ਜਾ ਸਕਦਾ ਹੈ। ਨਸ਼ਿਆਂ ਦੀ ਉਪਲੱਬਧਤਾ ਲਈ ਬੇਸ਼ੱਕ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸ਼ਨ ਜਿੰਮੇਵਾਰ ਹੋਣ ਪਰ ਇਸ ਦੀ ਬੇਹਿਸਾਬੀ ਖਪਤ ਦਾ ਸਿਹਰਾ ਕੇਵਲ ਨੌਜਵਾਨਾਂ ਸਿਰ ਜਾਂਦਾ ਹੈ ਅਤੇ ਇਸ ਖਪਤ ਦੇ ਨਾਲ-ਨਾਲ ਨੌਜਵਾਨਾਂ ਵੱਲੋਂ ਬਿਨ੍ਹਾਂ ਕਿਸੇ ਡਰ ਤੋਂ ਕੀਤੇ ਜਾ ਰਹੇ ਨਸ਼ਿਆਂ ਦੇ ਸੇਵਨ ਨੂੰ ਦੇਖਦੇ ਹੋਏੇ ਖੁਦ ਮਾਂ-ਬਾਪ ਵੀ ਮੌਜ਼ੂਦਾ ਹਾਲਾਤਾਂ ਦੇ ਵਜੂਦ ਲਈ ਜ਼ਿੰਮੇਵਾਰ ਜਾਪਦੇ ਨੇ।
ਮਾਂ-ਬਾਪ ਵੱਲੋਂ ਅਕਸਰ ਆਪਣੇ ਫਰਜਾਂ ਦੀ ਪੂਰਤੀ ਪੁਲਸ ਪ੍ਰਸ਼ਾਸ਼ਨ ਅਤੇ ਸਮਾਜਿਕ ਜਰ੍ਹਾ
ਨਿਵਾਜ਼ੀ ਤੋਂ ਬਾਅਦ ਸ਼ੁਰੂ ਕੀਤੀ ਜਾਂਦੀ ਹੈ ਅਤੇ ਉਦੋਂ ਤੱਕ ਔਲਾਦ ਰਸਤਾ ਭਟਕ ਕੇ ਦ੍ਰਿਸ਼ਟੀਹੀਣ ਹੋ ਚੁੱਕੀ ਹੁੰਦੀ ਹੈ। ਇਹਨਾਂ ਨਸ਼ਿਆਂ ਦਾ ਘਰ
ਪ੍ਰਵੇਸ਼ ਰੋਕਣ ਲਈ ਮਾਂ-ਬਾਪ ਵੱਲੋਂ ਔਲਾਦ ਦੀ ਹਰ ਛੋਟੀ ਵੱਡੀ ਗਤੀਵਿਧੀ ਤੇ ਗੰਭੀਰਤਾ ਨਾਲ ਧਿਆਨ ਕੇਂਦਰਿਤ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਔਲਾਦ ਦੇ ਇਸ ਅਲਾਮਤ ਵੱਲ ਵਧ ਰਹੇ ਚੁੱਪੀਤੇ ਕਦਮਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਸਮਾਂ ਰਹਿੰਦੇ ਔਲਾਦ ਨੂੰ ਥਿੜਕਣ ਤੋਂ ਬਚਾਇਆ ਜਾ ਸਕੇ। ਜਿੰਨਾ ਚਿਰ ਮਾਂ-ਬਾਪ ਵੱਲੋਂ ਆਪਣੇ ਮੁੱਢਲੇ ਫਰਜਾਂ ਦੀ ਪੂਰਤੀ ਦੇ ਨਾਲ ਨਾਲ ਇਹਨਾਂ ਅਲਾਮਤਾਂ ਦੇ ਮਾਰੂ ਪ੍ਰਭਾਵਾਂ ਬਾਰੇ ਔਲਾਦ ਨੂੰ ਜਾਗਰੂਕ ਨਹੀਂ ਕੀਤਾ ਜਾਂਦਾ ਤੇ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਇਸ ਦੇ ਖਾਤਮੇ ਲਈ ਕੋਈ ਠੋਸ ਕਦਮ ਨਹੀਂ ਪੁੱਟੇ ਜਾਂਦੇ ਓਨਾ ਚਿਰ ਨੌਜਵਾਨ ਵਰਗ ਤੋਂ ਚੰਗੇ ਆਚਰਣ ਦੀ ਉਮੀਦ ਰੱਖਣਾ ਵੀ ਬੇ-ਮਾਇਨੇ ਹੈ।
ਦਵਿੰਦਰ ਵਰਮਾਂ
94642-43000