ਪਾਕਿਸਤਾਨ : ਕੀ ਇਮਰਾਨ ਦੀ ਦਾਲ ’ਚ ਕੁਝ ਕਾਲਾ ਹੈ

01/18/2022 1:45:20 PM

ਪਾਕਿਸਤਾਨ ਜਦੋਂ ਤੋਂ ਪੈਦਾ ਹੋਇਆ ਹੈ, ਉਹ ਸਿਰ ਦੇ ਭਾਰ ਖੜ੍ਹਾ ਰਿਹਾ ਹੈ ਪਰ ਇਮਰਾਨ ਖਾਨ ਨੇ ਉਸ ਨੂੰ ਪੈਰ ਦੇ ਭਾਰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹੀ ਨੀਤੀ ਦਾ ਐਲਾਨ ਕੀਤਾ ਹੈ, ਜੋ ਨਾ ਸਿਰਫ ਭਾਰਤ ਦੇ ਨਾਲ ਉਨ੍ਹਾਂ ਦੇ ਰਿਸ਼ਤਿਆਂ ਨੂੰ ਸੁਧਾਰ ਦੇਵੇਗੀ ਸਗੋਂ ਦੁਨੀਆ ’ਚ ਪਾਕਿਸਤਾਨ ਦੀ ਹੈਸੀਅਤ ਨੂੰ ਵੀ ਬਦਲ ਦੇਵੇਗੀ।ਹੁਣ ਤੱਕ ਪਾਕਿਸਤਾਨ ਦੁਨੀਆ ਦੇ ਸ਼ਕਤੀਸ਼ਾਲੀ ਅਤੇ ਮਾਲਦਾਰ ਰਾਸ਼ਟਰਾਂ ਦੇ ਅੱਗੇ ਆਪਣੀ ਝੋਲੀ ਫੈਲਾਈ ਖੜ੍ਹਾ ਰਹਿੰਦਾ ਹੈ ਅਤੇ ਉਨ੍ਹਾਂ ਦਾ ਫ਼ੌਜੀ ਪਿਛਲੱਗੂ ਬਣਿਆ ਰਹਿੰਦਾ ਹੈ। ਇਸ ਦਾ ਇਕੋ-ਇਕ ਕਾਰਨ ਹੈ-ਭਾਰਤ ਦੇ ਨਾਲ ਉਸ ਦੀ ਦੁਸ਼ਮਣੀ। ਇਹ ਦੁਸ਼ਮਣੀ ਪਾਕਿਸਤਾਨ ਨੂੰ ਬੜੀ ਮਹਿੰਗੀ ਪਈ ਹੈ।

ਉਸ ਨੇ ਤਿੰਨ-ਤਿੰਨ ਜੰਗਾਂ ਲੜੀਆਂ, ਅੱਤਵਾਦ ਦੀ ਪਿੱਠ ਥਾਪੜੀ ਅਤੇ ਜਿੱਨਾਹ ਦੇ ਦੇਸ਼ ਦੇ ਦੋ ਟੁਕੜੇ ਕਰਵਾ ਲਏ। ਕਦੀ ਉਸ ਨੂੰ ਅਮਰੀਕਾ ਦਾ ਚਰਨਦਾਸ ਬਣਨਾ ਪਿਆ ਤਾਂ ਕਦੀ ਚੀਨ ਦਾ। ਇੰਨਾ ਹੀ ਨਹੀਂ, ਪਾਕਿਸਤਾਨ ਦੇ ਸਵੈਮਾਣੀ ਅਤੇ ਆਜ਼ਾਦ ਤਬੀਅਤ ਦੇ ਲੋਕਾਂ ਨੂੰ ਫੌਜ ਦੀ ਗੁਲਾਮੀ ਵੀ ਕਰਨੀ ਪੈ ਰਹੀ ਹੈ।ਪਿਛਲੇ 7 ਸਾਲਾਂ ਤੋਂ ਤਿਆਰ ਹੋ ਰਹੀ ਪਾਕਿਸਤਾਨ ਦੀ ਸੁਰੱਖਿਆ ਅਤੇ ਅਰਥ ਨੀਤੀ ਦਾ ਐਲਾਨ ਹੁਣ ਇਮਰਾਨ ਸਰਕਾਰ ਨੇ ਕੀਤਾ ਹੈ। ਇਸ ਦੀ ਸ਼ੁਰੂਆਤ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਮਾਰਗਦਰਸ਼ਕ ਮੀਆਂ ਸਰਤਾਜ ਅਜ਼ੀਜ਼ ਨੇ ਕੀਤੀ ਸੀ। ਜ਼ਾਹਿਰ ਹੈ ਕਿ ਇਮਰਾਨ ਸਰਕਾਰ ਆਪਣੀ ਫੌਜ ਦੀ ਹਰੀ ਝੰਡੀ ਦੇ ਬਿਨਾਂ ਇਸ ਦਾ ਐਲਾਨ ਨਹੀਂ ਕਰ ਸਕਦੀ ਸੀ। ਇਸ ’ਚ ਕਿਹਾ ਗਿਆ ਹੈ ਕਿ ਭਾਰਤ ਨਾਲ ਅਗਲੇ ਸੌ ਸਾਲ ਤੱਕ ਕਿਸੇ ਤਰ੍ਹਾਂ ਦੀ ਦੁਸ਼ਮਣੀ ਨਹੀਂ ਰੱਖੀ ਜਾਵੇਗੀ ਅਤੇ ਆਪਣੇ ਗੁਆਂਢੀ ਨਾਲ ਪਾਕਿਸਤਾਨ ਸ਼ਾਂਤੀ ਦੀ ਨੀਤੀ ਦਾ ਪਾਲਣ ਕਰੇਗਾ।

ਭਾਰਤ ਦੇ ਨਾਲ ਵਪਾਰਕ ਅਤੇ ਆਰਥਿਕ ਸਬੰਧ ਵੀ ਸਹਿਜ ਰੂਪ ਧਾਰਨ ਕਰਨਗੇ। ਇਸ ਪ੍ਰਕਿਰਿਆ ’ਚ ਕਸ਼ਮੀਰ ਅੜਿੱਕਾ ਨਹੀਂ ਬਣੇਗਾ। ਇਸੇ ਦਸਤਾਵੇਜ਼ ’ਚ ਇਕ ਬਹੁਤ ਹੀ ਸੂਖਮ ਗੱਲ ਵੀ ਕਹੀ ਗਈ ਹੈ ਜਿਸ ’ਤੇ ਭਾਰਤ ਦੀਆਂ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਦਾ ਧਿਆਨ ਨਹੀਂ ਗਿਆ ਹੈ। ਉਹ ਇਹ ਹੈ ਕਿ ਉਹ ਕਿਸੇ ਮਹਾਸ਼ਕਤੀ ਦਾ ਦੁਮਛੱਲਾ ਨਹੀਂ ਬਣੇਗਾ। ਉਹ ਜੰਗ ਤੋਂ ਵੀ ਵੱਧ ਆਪਣੀ ਆਰਥਿਕ ਰਣਨੀਤੀ ’ਤੇ ਧਿਆਨ ਕੇਂਦਰਿਤ ਕਰੇਗਾ।ਜੇਕਰ ਸੱਚਮੁੱਚ ਪਾਕਿਸਤਾਨ ਆਪਣੀ ਕਥਨੀ ਨੂੰ ਕਰਨੀ ’ਚ ਬਦਲ ਸਕੇ ਤਾਂ ਪੂਰੇ ਦੱਖਣੀ ਏਸ਼ੀਆ ਦਾ ਭਵਿੱਖ ਹੀ ਚਮਕ ਉੱਠੇਗਾ ਪਰ ਇਹ ਸਾਫ ਹੈ ਕਿ ਇਹ ਆਖਰੀ ਫੈਸਲਾ ਪਾਕਿਸਤਾਨ ਦੀ ਫੌਜ ਦੇ ਹੱਥ ’ਚ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਵਿਲੱਖਣ ਐਲਾਨ ਫੌਜ ਦੀ ਸਹਿਮਤੀ ਨਾਲ ਹੋਇਆ ਹੈ। ਜੇਕਰ ਅਜਿਹਾ ਹੈ ਤਾਂ ਅਫਗਾਨ-ਸੰਕਟ ’ਤੇ ਭਾਰਤ ਵੱਲੋਂ ਆਯੋਜਿਤ ਬੈਠਕ ਦਾ ਪਾਕਿਸਤਾਨ ਨੇ ਚੀਨ ਨਾਲ ਰਲ ਕੇ ਬਾਈਕਾਟ ਕਿਉਂ ਕੀਤਾ? ਅਫਗਾਨਿਸਤਾਨ ਨੂੰ ਭੇਜੀ ਜਾਣ ਵਾਲੀ 50 ਹਜ਼ਾਰ ਟਨ ਕਣਕ ਅਜੇ ਤੱਕ ਕਿਉਂ ਨਹੀਂ ਉੱਥੇ ਲਿਜਾਣ ਦਿੱਤੀ ਜਾ ਰਹੀ? ਕਸ਼ਮੀਰ ਦੇ ਸਵਾਲ ਨੂੰ ਵਾਰ-ਵਾਰ ਸੰਯੁਕਤ ਰਾਸ਼ਟਰ ਦੇ ਮੰਚਾਂ ’ਤੇ ਕਿਉਂ ਘਸੀਟਿਆ ਜਾ ਰਿਹਾ ਹੈ? ਇਮਰਾਨ ਸਰਕਾਰ ਭਾਰਤ ਨਾਲ ਗੱਲ ਕਰਨ ਦੀ ਪਹਿਲ ਕਿਉਂ ਨਹੀਂ ਕਰਦੀ?ਇਮਰਾਨ ਖਾਨ, ਨਵਾਜ਼ ਸ਼ਰੀਫ, ਜਨਰਲ ਮੁਸ਼ੱਰਫ, ਬੇਨਜ਼ੀਰ ਭੁੱਟੋ ਅਤੇ ਜਨਰਲ ਜ਼ਿਆ ਨਾਲ ਜਦੋਂ ਵੀ ਮੇਰੀ ਮੁਲਾਕਾਤ ਹੋਈ ਹੈ, ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਜ਼ੁਲਫਿਕਾਰ ਅਲੀ ਭੁੱਟੋ ਭਾਰਤ ਨਾਲ ਇਕ ਹਜ਼ਾਰ ਸਾਲ ਤੱਕ ਲੜ ਕੇ ਕਸ਼ਮੀਰ ਖੋਹਣ ਦੀ ਗੱਲ ਕਰਦੇ ਸਨ, ਇਹ ਗੱਲ ਬਿਲਕੁਲ ਵਿਅਰਥ ਹੈ। ਕਸ਼ਮੀਰ ਦਾ ਹੱਲ ਧੱਕੇ ਨਾਲ ਨਹੀਂ ਗੱਲਬਾਤ ਨਾਲ ਹੋ ਸਕਦਾ ਹੈ ਪਰ ਹੁਣ ਵੀ ਇਸ ਨਵੇਂ ਦਸਤਾਵੇਜ਼ ਦੇ 100 ਸਫਿਆਂ ’ਚੋਂ 50 ਤਾਂ ਲੁਕਾ ਕੇ ਰੱਖੇ ਗਏ ਹਨ। ਕਿਉਂ? ਕੀ ਇਮਰਾਨ ਦੀ ਦਾਲ ’ਚ ਕੁਝ ਕਾਲਾ ਹੈ?

ਡਾ. ਵੇਦਪ੍ਰਤਾਪ ਵੈਦਿਕ


Vandana

Content Editor

Related News