ਬਨੂੜ 'ਚ 6 ਜੂਨ 1984 ਨੂੰ ਵੇਖਿਆ ਅੱਖੀਂ ਡਿੱਠਾ ਹਾਲ

Monday, Jun 05, 2023 - 01:21 PM (IST)

ਬਨੂੜ 'ਚ 6 ਜੂਨ 1984 ਨੂੰ ਵੇਖਿਆ ਅੱਖੀਂ ਡਿੱਠਾ ਹਾਲ

……ਬਨੂੜ ਜੂਨ 84 ਦਾ ਉਹ ਮਨਹੂਸ ਦਿਨ ਜਦੋਂ ਸਮੁੱਚਾ ਪੰਜਾਬ ਭਾਰਤ ਦੇਸ਼ ਤੋਂ ਵੱਖ ਕਰ ਸਮੇਂ ਦੀ ਸਰਕਾਰ ਨੇ ਫੌਜ ਹਵਾਲੇ ਕਰ ਦਿੱਤਾ ਤੇ ਕਿਸੇ ਵੀ ਵਿਅਕਤੀ ਦੇ ਘਰਾਂ ਵਿੱਚੋਂ ਬਾਹਰ ਨਿਕਲਣ 'ਤੇ ਮੁਕੰਮਲ ਪਾਬੰਦੀ ਲੱਗ ਗਈ ਚਾਹੇ ਉਹ ਪੰਜਾਬ ਦਾ ਹਿੰਦੂ ਸੀ, ਸਿੱਖ ਜਾਂ ਮੁਸਲਮਾਨ ਸੀ। ਕਰਫਿਊ ….. ਬਾਹਰ ਨਿਕਲਦੇ ਹੀ ਗੋਲੀ ਮਾਰਨ ਦੇ ਹੁਕਮ ………। ਫ਼ੌਜਾਂ ਨੇ ਅਕਾਲ ਤਖ਼ਤ ਸਾਹਿਬ ਸਮੇਤ 46 ਹੋਰ ਗੁਰਦੁਆਰਿਆਂ 'ਤੇ ਹਮਲਾ ਕਰਕੇ ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਕੀਤੀ ਸੀ। ਇੰਦਰਾ, ਉਸ ਦੇ ਝੋਲੀ ਚੁੱਕ ਸਲਾਹਕਾਰਾਂ ਤੇ ਪੰਜਾਬ ਦੇ ਵੱਡੇ ਮੋਹਰੀ ਲੀਡਰਾਂ ਨੇ ਆਪਣੀ ਸੱਤਾ ਜਾਂਦੀ ਵੇਖ ਇਕ ਅੱਤਵਾਦੀ ਤੇ ਉਸ ਦੇ ਮੁੱਠੀ ਭਰ ਸਾਥੀਆਂ ਨੂੰ ਫੜਨ ਲਈ ਫ਼ੌਜ਼ਾਂ ਭੇਜ ਪੂਰਾ ਪੰਜਾਬ ਅੱਗ ਦੀ ਭੱਠੀ ਵਿੱਚ ਝੋਕ ਦਿੱਤਾ ਸੀ। 

ਭਾਵੇਂ ਇੰਟਰਨੈਂਟ ਦੇ ਇਸ ਯੁੱਗ ਵਿੱਚ ਸਰਕਾਰ ਵੱਲੋਂ ਅੱਤਵਾਦੀ ਦੱਸਣ ਵਾਲੇ ਸ਼ਖ਼ਸ ਖਿਲਾਫ਼ ਪੂਰੇ ਭਾਰਤ ਦੇ ਕਿਸੇ ਥਾਣੇ ਅੰਦਰ ਇਕ ਵੀ ਐੱਫ.ਆਈ.ਆਰ. ਅੱਜ ਤੱਕ ਦਰਜ ਨਹੀਂ ਮਿਲਦੀ। ਬਨੂੜ ਛੋਟਾ ਜਿਹਾ ਕਸਬਾ ਛੋਟੀ ਜਿਹੀ ਮੇਰੀ ਉਮਰ, ਪੂਰਾ ਪੰਜਾਬ ਫੌਜ ਦੇ ਹਵਾਲੇ ਤੇ ਬਸ ਪੰਜਾਬ ਦੇ ਜਾਏ ਪੁਲਸ ਵਾਲੇ ਆਪਣੇ ਨੇੜਲਿਆਂ ਹਮਦਰਦਾਂ ਨੂੰ ਹੀ ਅੰਮ੍ਰਿਤਸਰ ਵਿੱਚ ਚੱਲ ਰਹੀ ਗੋਲੀ ਬਾਰੀ ਜਾਣਕਾਰੀ ਦੇ ਜਾਂਦੇ ਸਨ ਤੇ ਆਮ ਲੋਕਾਂ ਨੇ ਮੰਦਰਾਂ ਜਾਂ ਨੇੜੇ ਖੁੱਲ੍ਹੀਆਂ ਥਾਂਵਾਂ 'ਤੇ ਜਾ ਕੇ ਤਾਸ਼, ਬਾਰਾਂ ਬੀ.ਟੀ. ਖੇਡਣੀ ਤੇ ਬੱਚਿਆਂ ਨੇੜੇ ਹੀ ਖੇਡਦੇ ਰਹਿਣਾ ਬੱਸ ਇਹੀ ਰੌਜ਼ਾਨਾ ਦਾ ਕੰਮ ਕਾਰ ਸੀ। ਕਸਬਾ ਬਨੂੜ ਵਿਚ ਜਾਂ ਕਦੇ ਕਦੇ ਕਿਸੇ ਘਰੇ ਲੱਗਦੇ ਬੀ ਬੀ ਸੀ ਲੰਡਨ ਰੇਡੀਓ ਸਟੇਸ਼ਨ 'ਤੇ ਹਮਲੇ ਦੀ ਜਾਣਕਾਰੀ ਸੁਣਨ ਨੂੰ ਮਿਲਦੀ ਹੁੰਦੀ ਸੀ ਕਿਉਂਕਿ ਬੀ ਬੀ ਸੀ ਰੇਡੀਓ 'ਤੇ ਆਮ ਲੋਕ ਬਹੁਤ ਜ਼ਿਆਦਾ ਭਰੋਸਾ ਕਰਦੇ ਸਨ ਜਿਵੇਂ ਜਿਵੇਂ ਫ਼ੌਜਾਂ ਨੇ ਅਕਾਲ ਤਖਤ ਸਾਹਿਬ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕਰਨ ਦੀ ਖ਼ਬਰ ਪਿੰਡਾਂ ਸ਼ਹਿਰਾਂ ਵਿੱਚ ਪਹੁੰਚਣ ਲੱਗੀ। 

ਕਸਬਾ ਬਨੂੜ ਦੇ ਨੇੜਲੇ ਪਿੰਡਾਂ ਦੇ ਹਜ਼ਾਰਾਂ ਲੋਕੀ, ਨੌਜਵਾਨ ਮਾਤਾ ਬੰਨੋ ਮਾਈ ਮੰਦਰ ਤੇ ਗੂੰਗਾ ਮਾੜੀ ਮੰਦਰ ਨੇੜੇ ਲੰਘਦੀ ਸੜਕ 'ਤੇ ਇਕੱਤਰ ਹੋਣ ਲੱਗੇ, ਜੂਨ 84 ਸਮੇਂ ਮੰਦਰ ਨੇੜਿਓ ਚੋਈ ਵੱਗਦੀ ਸੀ ਜੋ ਮੀਹਾਂ ਦਾ ਪਾਣੀ ਵੱਧਣ ਨਾਲ ਬਨੂੜ ਨੂੰ ਦੋ ਹਿੱਸਿਆ ਵਿੱਚ ਵੰਡ ਦਿੰਦੀ ਸੀ ਪਰ ਹੁਣ ਉਹ ਕੰਮ ਸੜਕ ਵਾਲਿਆਂ ਉੱਚ ਪੁਲ਼ ਬਣਾ ਕਰ ਦਿੱਤਾ ਗਿਆ। ਉਸ ਵਕਤ ਤੱਕ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਨਹੀਂ ਬਣੀ ਸੀ ਸਿਰਫ ਇਕ ਛੋਟੇ ਜਿਹੇ ਕਮਰੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਸੀ ਜਿੱਥੇ ਕਦੇ ਕਦੇ ਨਾਭੇ ਵਾਲੀਆਂ ਬੀਬੀਆਂ ਆ ਕੇ ਢਾਡੀ ਵਾਰਾਂ ਗਾਉਦੀਆਂ ਸਨ ਤੇ ਨੇੜਲੇ ਪਿੰਡਾਂ ਦੇ ਲੋਕ ਉਨਾਂ ਨੂੰ ਵੇਖਣ ਆਉਣਾ, ਨਾਲ ਹੀ ਬਨੂੜ ਦਾ ਗੰਦੇ ਪਾਣੀ ਦਾ ਨਾਲਾ ਪੈਟਰੋਲ ਪੰਪ ਕੋਲ ਆ ਇਕੱਠਾ ਹੋ ਜਾਂਦਾ ਸੀ ਪਰ ਅੰਮ੍ਰਿਤਸਰ ਦੇ ਘੱਲੂਘਾਰੇ ਨੇ ਹਰੇਕ ਵਰਗ ਵਿੱਚ ਕੱਟੜਤਾ ਭਰ ਦਿੱਤੀ ਪਰ ਕੁਝ ਕੁ ਨੂੰ ਛੱਡ ਸਾਰੇ ਇਕੱਠੇ ਹੀ ਰਹੇ ਤੇ ਬਨੂੜ ਵਿੱਚ ਕੱਟੜ ਲੋਕਾਂ ਵੱਲੋਂ ਸਿੱਖਾਂ ਦੇ ਗੁਰਦੁਆਰਿਆਂ ਨੂੰ ਖ਼ਤਮ ਤਰਨ ਦੀਆਂ ਗੱਲਾਂ ਤੱਕ ਕਹਿ ਦਿੱਤੀਆਂ ਗਈਆਂ ਪਰ ਅਜਿਹਾ ਕੁਝ ਨਾ ਵਾਪਰਿਆ। 

ਦਰਬਾਰ ਸਾਹਿਬ ਤੇ ਹਮਲੇ ਦੀ ਖ਼ਬਰ ਕਾਰਨ ਬਨੂੜ ਨੇੜਲੇ ਪਿੰਡਾਂ ਦੇ ਲੋਕ ਬਹੁਤ ਜ਼ਿਆਦਾ ਗ਼ੁੱਸੇ ਵਿੱਚ ਸਨ ਕਿਉਂਕਿ ਸਰਕਾਰ ਦੇ ਇਸ਼ਾਰੇ ਤੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਦੀ ਖ਼ਬਰ ਪੰਜਾਬ ਵਿੱਚ ਜੰਗਲ ਦੀ ਅੱਗ ਵਾਂਗੂ ਫੈਲ ਚੁੱਕੀ ਸੀ। ਪੰਜਾਬ ਵਿੱਚ ਕਰਫਿਊ ਲੱਗਾ ਹੋਣ ਦੇ ਬਾਵਜੂਦ ਕਈ ਥਾਂਵਾਂ 'ਤੇ ਗੋਲੀਆਂ ਚੱਲੀਆਂ ਤੇ ਇਕ ਸਮਾਂ ਸੀ ਜਦੋਂ ਬਨੂੜ ਵਿੱਚ ਵੀ ਪੈਰਾ ਮਿਲਟਰੀ ਫ਼ੌਜਾਂ ਦੇ ਟਰੱਕ ਲੰਘਣੇ ਤਾਂ ਅਸੀਂ ਉਨ੍ਹਾਂ ਨੂੰ ਹੱਥ ਹਿਲਾ ਕੇ ਸਵਾਗਤ ਕਰਨਾ ਪਰ ਜਦੋਂ ਜੂਨ 84 ਵਿੱਚ ਫ਼ੌਜੀ ਟਰੱਕ ਲੰਘੇ ਤਾਂ ਆਮ ਲੋਕਾਂ ਦੀ ਫੌਜ ਨਾਲ ਆਪਸੀ ਝੜਪ ਹੁੰਦੀ ਵੇਖ ਮਨ ਉਦਾਸ ਹੋ ਗਿਆ। ਪਹਿਲਾਂ ਇਕ ਪਾਸੇ ਤੋਂ ਇੱਟਾਂ ਰੋੜੇ ਚੱਲੇ ਤੇ ਦੂਜੇ ਪਾਸੇ ਤੋਂ ਪਹਿਲਾਂ ਅੱਥਰੂ ਗੈਸ ਦੇ ਗੋਲੇ ਤੇ ਮੁੜ ਭੀੜ ਨੂੰ ਖਿੰਡਾਉਣ ਲਈ ਹਵਾਈ ਗੋਲੀਆਂ……. ਤਾੜ ਤਾੜ…… ਸਭ ਆਪਣੀ ਜਾਨ ਬਚਾਉਣ ਲਈ ਚੋਈ ਵਿੱਚੋਂ ਲੰਘ ਬਸੀ ਵਾਡਿਆ ਤੇ ਗੁੱਗਾ ਮਾੜੀ ਮੰਦਰ ਨੇੜੇ ਲੱਕੜ ਦੇ ਆਰਿਆਂ ਵੱਲ ਭੱਜਣ ਲੱਗੇ। ਲੋਕੀਂ ਪੈਰੀਂ ਪਾਈਆਂ ਆਪਣੀਆਂ ਜੁੱਤੀਆਂ ਛੱਡ ਖਿੱਲਰ ਗਏ ਜਦੋਂ ਮਿਲਟਰੀ ਦੀਆਂ ਗੱਡੀਆਂ ਲੰਘ ਜਾਣੀਆਂ ਲੋਕਾਂ ਮੁੜ ਸੜਕ ਤੇ ਆ ਜਾਣ…… ਛੋਟੀ ਉਮਰ ਹੋਣ ਕਾਰਨ ਮੈਂ ਵਸੰਤੀ ਮਾਈ ਮੰਦਰ ਤੇ ਵਿਸ਼ਕਰਮਾ ਮੰਦਰ ਨੇੜੇ ਲੱਕੜ ਦੇ ਆਰੇ ਕੋਲ ਉੱਚੇ ਟਿੱਬੇ ਦੇ ਖੜ ਸਭ ਵੇਖਿਆ ਪਰ ਜਦੋਂ ਲੋਕਾਂ ਭੱਜਣਾ ਅਸੀਂ ਉਨ੍ਹਾਂ ਤੋਂ ਪਹਿਲਾਂ ਭੱਜ ਜਾਣਾ। ਇਸੇ ਥਾਂ ਤੇ ਗੁੱਗਾ ਮਾੜੀ ਦਾ ਮੇਲਾ ਬਹੁਤ ਜ਼ਿਆਦਾ ਭਰਿਆ ਕਰਦਾ ਸੀ ਤੇ ਕਦੇ ਸੁਰਿੰਦਰ ਛਿੰਦੇ ਦਾ ਅਖਾੜਾ ਸੁਣਨ ਨੂੰ ਮਿਲਿਆ। 

ਸ਼ਾਇਦ ਉਸ ਵਕਤ ਗੱਲ ਸਮਝ ਨਾ ਲੱਗੀ ਹੋਵੇ ਪਰ ਬਹੁਤੇ ਅੱਜ ਸਵਾਲ ਕਰਦੇ 84 ਭੁੱਲ ਜਾਵੋ ….. ਜਿਨ੍ਹਾਂ ਦਰਦ ਸੀਨੇ ਹੰਢਾਇਆ, ਉਹ ਕਿੰਝ ਭੁੱਲਣ ਜੂਨ 84…..ਬਨੂੜ ਦੇ ਹਜ਼ਾਰਾਂ ਲੋਕ ਬਨੂੜ ਕਸਬੇ ਦੇ ਸੈਂਕੜੇ ਨੌਜਵਾਨ ਇਸ ਘਟਨਾ ਖਿਲਾਫ਼ ਮਿਲਟਰੀ ਨਾਲ ਉਲਝ ਪਏ ਤੇ ਅੱਜ ਵੀ ਇਸ ਘਟਨਾ ਦੇ ਸੈਂਕੜੇ ਗਵਾਹ ਹੋਣਗੇ। ਸ਼ਾਇਦ ਇਸ ਲਿਖਤ ਬੀਤੇ ਦੀਆਂ ਹੋਰ ਸਤਰਾਂ ਜੁੜ ਪੈਣ………ਸ਼ਾਇਦ ਕਈਆਂ ਨੇ ਤਾਂ ਦਰਬਾਰ ਸਾਹਿਬ ਦੇਖਿਆ ਤੱਕ ਨਹੀਂ ਸੀ ਉਸ ਨੂੰ ਵੀ ਦਰਦ ਸੀ ਪਰ ਅੱਜ ਬੀਤੇ ਦੀਆਂ ਗੱਲਾਂ ਬਣ ਅੱਖਰ ਬਣ ਗਈਆਂ। ਕਈ ਅਜਿਹੇ ਮਿਲੇ ਜਿਨ੍ਹਾਂ ਦੇ ਅੱਖਾਂ ਵਿੱਚ ਅੱਥਰੂ ਗੈਸ ਦੇ ਗੋਲੇ ਆ ਵੱਜੇ ਪਰ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਕਈਆਂ ਨੇ ਭਿੰਡਰਾਂਵਾਲਾ ਵੇਖਿਆ ਤੱਕ ਨਹੀਂ ਸੀ ਪਰ ਭੜਕਾਉਣ ਵਾਲੇ ਉਸ ਨੂੰ ਸਿੱਖਾਂ ਦਾ ਗਿਆਰਵਾਂ ਗੁਰੂ ਕਹਿ ਚੜਾਉਣ ਲੱਗੇ। ਦਰਦ 84 ਦਾ ਇਕੱਲੇ ਬਨੂੜ ਨੇ ਨਹੀਂ ਪੂਰੇ ਪੰਜਾਬ ਤੇ ਦੇਸ਼ ਵਿਦੇਸ਼ ਬੈਠੇ ਸਿੱਖਾਂ ਨੇ ਝੱਲਿਆ…ਤੇ ਅੱਜ ਵੀ ਝੱਲ ਰਹੇ ਹਨ। ਇੱਕ ਕਵਿਤਾ ਜੋ ਆਪ ਮੁਹਾਰੇ ਸ਼ਬਦਾਂ ਦਾ ਜੋੜ ਬਣ ਗਈ। 
ਕਈ ਬਣ ਮੰਤਰੀ 
ਹੁਕਮ ਚਲਾਉਣ ਲੱਗੇ, 
ਕਈ ਅੱਤਵਾਦੀ ਕਹਿ ਦੁਰਕਾਰ ਦਿੱਤੇ 
ਬਸ ਇਹੀ ਕਹਾਣੀ ਮੇਰੇ ਬਨੂੜ ਦੀ…….। 
ਕਈ ਜੰਮੇ ਨਹੀਂ ਉਸ ਵੇਲੇ 
ਉਹ ਵੀ ਆ ਮੱਤਾ 
ਅੱਜ ਦੇਣ ਲੱਗੇ। 
ਕੋਈ ਕਹਿੰਦਾ ਕਲਮ 
ਫੜ ਸੱਜਣਾਂ ….
ਕਈ ਪੜ੍ਹਣ ਦੀ ਦੁਹਾਈ 
ਅੱਜ ਦੇਣ ਲੱਗੇ । 
ਕਹਾਣੀ 84 ਦੀ ਜਿੰਨਾ 
ਹੰਢਾਈ ਸੱਜਣਾਂ 
ਬਸ ਦਰਦ ਵੀ ਤਾਂ 
ਉਹੀ ਜਾਣਦਾ ਨੇ। 
ਕੀ ਦੱਸਾਂ ਇਸ 84 ਦੇ 
ਜਿੱਥੇ ਆਪਣਿਆਂ ਨੇ 
ਆਪਣਿਆਂ ਨੂੰ 
ਖ਼ੂਨ ਦੇ ਫੱਟ ਦਿੱਤੇ। 
ਅੱਜ 39 ਵਰ੍ਹੇ ਹੋਏ ਨੇ 
ਅੱਜ ਵੀ ਫੱਟ ਰਿਸਦੇ ਨੇ
ਨਾ ਸਰਕਾਰਾੰ ਫੱਟ ਸੀਂਤਾ ਐ
ਨਾ ਨਿਆ ਮਿਲਿਆ 
ਉੱਚ ਅਦਾਲਤਾਂ ਤੋਂ। 
ਦੱਸ 84 ਕਿਵੇਂ ਭੁੱਲ ਜਾਵਾਂ 
ਇੱਥੇ ਆਪਣਿਆਂ ਨੇ ਜਖ਼ਮ ਦਿੱਤੇ ਨੇ । 
ਭਾਵੇਂ ਪੰਜਾਬ ਅੱਜ ਉਸ ਦੌਰ ਵਿੱਚ ਨਹੀਂ ਪਰ ਪੰਜਾਬ 'ਤੇ ਕਾਬਜ਼ ਰਹੇ ਲੋਕ ਮੁੜ ਪੰਜਾਬ ਨੂੰ ਬਲਦੀ ਭੱਠੀ ਵਿੱਚ ਸੁੱਟਣ ਨੂੰ ਕਾਹਲ਼ੇ ਜਾਪਦੇ ਹਨ  ਜਦੋਂ ਸੱਤਾ ਵਿੱਚ ਹੋਵਣ ਤਾਂ ਜੂਨ ਮਹੀਨੇ ਸੱਭਿਆਚਾਰਿਕ ਮੇਲੇ ਲਾਉਦੇ ਸਨ ਅੱਜ ਸੱਤਾ ਤੋਂ ਬਾਹਰ ਹੋ ਗਏ ਤਾਂ ਪੰਥ ਖਤਰੇ ਵਿੱਚ ਪੈ ਗਿਆ। ਸੱਤਾ ਦੇ ਭੁੱਖਿਓ ਪੰਜਾਬ ਨੂੰ ਪੰਜ-ਆਬ ਰਹਿਣ ਦੇਵੋ। ਕੀ ਪਤਾ ਕਲ ਨੂੰ ਸੱਤਾ ਬਨੂੜ ਵਾਲਿਆਂ ਹੱਥ ਆ ਜਾਵੇ।

ਭੁੱਲ ਚੁੱਕ ਦੀ ਮਾਫ਼ੀ 

ਸਰਬਜੀਤ ਸਿੰਘ ਬਨੂੜ
 


author

Vandana

Content Editor

Related News