ਮੇਰਾ ਨਹੀਂ, ਵੀਰੇ ਦਾ ਘਰ

Friday, Sep 21, 2018 - 06:24 PM (IST)

ਮੇਰਾ ਨਹੀਂ, ਵੀਰੇ ਦਾ ਘਰ

ਕਾਰੋਬਾਰ ਨੂੰ ਧਿਆਨ ਵਿਚ ਰੱਖਦੇ ਹੋਏ ਪਿੰਡ ਤੋਂ ਸ਼ਹਿਰ ਵੱਲ ਰੁੱਖ ਕਰ ਲਿਆ। ਸਮੇਂ ਅਤੇ ਹਲਾਤ ਮੁਤਾਬਕ ਇਕ ਮਕਾਨ ਵੀ ਸ਼ਹਿਰ ਵਿਚ ਬਣਾ ਲਿਆ ਸੀ।ਪਤਨੀ ਦੇ ਨਾਲ ਦੋ ਬੱਚੇ ਬੇਟਾ ਤੇ ਬੇਟੀ ਅਜੇ ਛੋਟੇ ਸਨ।ਬੱਚਿਆਂ ਦੀ ਪੜ੍ਹਾਈ ਅਤੇ ਲੱਕ ਤੋੜ ਮਹਿੰਗਾਈ ਵਿਚ ਜ਼ਿੰਦਗੀ ਨਾਲ ਜੱਦੋ-ਜ਼ਹਿਦ ਕਰਦੇ ਹੋਏ ਜੀਵਨ ਬਸ਼ੇਰਾ ਕਰਦਿਆਂ ਪਤਾ ਨਹੀਂ ਲੱਗਿਆ ਕਦ ਪੰਦਰਾਂ ਸਾਲ ਬੀਤ ਗਏ।ਹੁਣ ਬੱਚੇ ਵੀ ਵੱਡੇ ਹੋ ਗਏ ਤੇ ਵੱਡੀਆਂ ਕਲਾਸਾਂ ਵਿਚ ਪੜਾਈ ਕਰਨ ਲੱਗ ਪਏ ਸੀ ।ਪਿਛਲੇ ਸਾਲ ਤੋਂ ਪਤਨੀ ਅਤੇ ਬੇਟਾ ਸਲਾਹਾਂ ਦੇ ਰਹੇ ਸਨ ਕਿ ਇਸ ਮਕਾਨ ਨੂੰ ਵੇਚ ਕੇ ਹੁਣ ਨਵੀਂ ਜਗ੍ਹਾ ਤੇ ਸਮੇਂ ਅਤੇ ਨਕਸ਼ੇ ਅਨੁਸਾਰ ਮਕਾਨ ਬਣਾਇਆ ਜਾਵੇ,ਜਿਸ ਦਾ ਰਾਏ ਮਸ਼ਵਰਾ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਕਿ ਜੇਕਰ ਮਕਾਨ ਬਨਾਇਆ ਤਾਂ ਕਿਸ ਤਰ੍ਹਾਂ ਨਕਸ਼ਾ ਬਣਾਇਆ ਜਾਵੇ? ਕੁਦਰਤੀ ਤੌਰ ਤੇ ਮੇਰਾ ਮੇਰੀ ਬੇਟੀ ਪ੍ਰਤੀ ਮੋਹ ਜ਼ਿਆਦਾ ਹੋਣ ਕਰਕੇ ਸੋਚ ਰਿਹਾ ਸੀ ਕਿ ਮੇਰੀ ਬੇਟੀ ਨੇ ਕਦੇ ਵੀ ਨਵੇਂ ਮਕਾਨ ਬਾਰੇ ਕੋਈ ਸਲਾਹ ਨਹੀਂ ਦਿੱਤੀ।ਜਦ ਮੈਂ ਆਪਣੀ ਬੇਟੀ ਦੀ ਨਵੇਂ ਮਕਾਨ ਬਾਰੇ ਰਾਇ ਜਾਨਣੀ ਚਾਹੀ ਤਾਂ ਉਸਦਾ ਜਵਾਬ ਸੁਣ ਕੇ ਮੇਰੇ ਦਿਲ ਵਿਚੋਂ ਇਕ ਚੀਸ ਜਿਹੀ ਨਿਕਲੀ ਤੇ ਨਾ ਚਾਹੁੰਦੇ ਹੋਏ ਵੀ ਅੱਖਾਂ ਵਿਚੋਂ ਨਿਕਲਦੇ ਅੱਥਰੂ ਰੋਕ ਨਾ ਸਕਿਆ,ਜਦ ਉਸਨੇ ਕਿਹਾ ਕਿ 'ਪਾਪਾ ਮੈਂ ਕਿਹੜਾ ਇੱਥੇ ਰਹਿਣੈ,ਵੀਰੇ ਦਾ ਘਰ ਐ, ਉਨ੍ਹਾਂ ਨੇ ਹੀ ਰਹਿਣੈ ਤੇ ਉਨ੍ਹਾਂ ਨੂੰ ਪੁੱਛੋ ਕਿਹੋ ਜਿਹਾ ਨਕਸ਼ਾ ਬਨਾਉਣੈ,।ਮੈਂ ਸੋਚਣ ਤੇ ਮਜ਼ਬੂਰ ਹੋ ਗਿਆ ਕਿ ਆਖਰ ਇਕ ਲੜਕੀ (ਬੇਟੀ) ਦਾ ਆਪਣਾ ਘਰ ਕਿਹੜਾ?ਕਿਉਂਕਿ ਸਹੁਰੇ ਘਰ ਜਾ ਕੇ ਵੀ ਉਹ ਘਰ ਜਾਂ ਮਕਾਨ ਪਤੀ ਦਾ ਹੀ ਹੋਵੇਗਾ। 
ਮਨਜੀਤ ਪਿਉਰੀ 94174 47986
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ


Related News