ਇਕ ਸੱਚ ਇਹ ਵੀ... ਭੈਣਾਂ ਵਰਗਾ ਸਾਕ ਨਾ ਕੋਈ
Saturday, Aug 06, 2022 - 03:02 AM (IST)
ਭੈਣ-ਭਰਾ ਦਾ ਰਿਸ਼ਤਾ ਬਹੁਤ ਪਾਕ-ਪਵਿੱਤਰ ਅਤੇ ਪਿਆਰਾ ਹੁੰਦਾ ਹੈ। ਜ਼ਿਆਦਾਤਰ ਪਰਿਵਾਰਾਂ 'ਚ ਭੈਣ-ਭਰਾਵਾਂ ਦੇ ਬਚਪਨ ਦੇ ਸਾਲ ਇਕੱਠੇ ਹੀ ਬੀਤੇ ਹੁੰਦੇ ਹਨ। ਬਚਪਨ ਦੀਆਂ ਸਾਂਝਾਂ ਰਿਸ਼ਤਿਆਂ ਦੀਆਂ ਨੀਹਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਮਜ਼ਬੂਤ ਨੀਹਾਂ ਵਾਲੇ ਰਿਸ਼ਤੇ ਲੰਮੀਆਂ ਉਮਰਾਂ ਵਾਲੇ ਹੁੰਦੇ ਹਨ। ਜਦੋਂ ਆਪਣੀ ਖੁਸ਼ੀ ਅਤੇ ਸੁੱਖਾਂ ਦੀ ਪ੍ਰਵਾਹ ਕੀਤੇ ਬਿਨਾਂ ਪਰਿਵਾਰ ਦੇ ਸਾਰੇ ਜੀਅ ਇਕ ਦੂਜੇ ਦੀ ਖੁਸ਼ੀ ਅਤੇ ਭਾਵਨਾਵਾਂ ਦਾ ਮਾਣ-ਸਤਿਕਾਰ ਕਰਦੇ ਹਨ ਤਾਂ ਰਿਸ਼ਤੇ ਦੂਰ ਤੱਕ ਨਿਭਦੇ ਹਨ। ਬਚਪਨ ਦੀਆਂ ਯਾਦਾਂ ਕਿਸੇ ਨੂੰ ਵੀ ਨਹੀਂ ਭੁੱਲਦੀਆਂ। ਜਦੋਂ ਭੈਣ-ਭਰਾ ਵੱਡੇ ਹੋ ਕੇ ਇਕੱਠੇ ਜੁੜਦੇ ਹਨ ਤਾਂ ਬਚਪਨ ਦੀਆਂ ਗੱਲਾਂ ਚੇਤੇ ਕਰਕੇ ਹਾਸਿਆਂ ਦੀਆਂ ਫ਼ੁਹਾਰਾਂ ਛੁੱਟਦੀਆਂ ਹਨ ਅਤੇ ਇਹੀ ਫ਼ੁਹਾਰਾਂ ਰਿਸ਼ਤਿਆਂ ਲਈ ਖੁਰਾਕ, ਪਾਣੀ ਦਾ ਕੰਮ ਕਰਦੀਆਂ ਹਨ।
ਨਿੱਕੇ-ਨਿੱਕੇ ਲੜਾਈ-ਝਗੜੇ, ਰੁੱਸਣਾ ਮਨਾਉਣਾ, ਜੇ ਕਿਤੇ ਭੈਣ ਜਾਂ ਭਰਾ ਨੇ ਕਿਸੇ ਗੱਲੋਂ ਰੁੱਸ ਜਾਣਾ ਤਾਂ ਮਨਾਉਣ ਲਈ ਨਿੱਕੀਆਂ-ਨਿੱਕੀਆਂ ਕੋਸ਼ਿਸ਼ਾਂ ਕਰਨੀਆਂ ਤੇ ਰੁੱਸੇ ਹੋਏ ਨੂੰ ਵੀ ਮਹਿਸੂਸ ਹੋਣਾ ਕਿ ਕੋਈ ਛੇਤੀ ਮਨਾ ਲਵੇ। ਮੰਨਣ ਤੋਂ ਬਾਅਦ ਲੱਗਣਾ ਕਿ ਪਿਆਰ ਹੋਰ ਵੀ ਵਧ ਗਿਆ। ਨਾ ਈਰਖਾ, ਨਾ ਦਵੈਸ਼, ਬਚਪਨ ਬਾਰੇ ਸੋਚ ਕੇ ਹੀ ਰੂਹ ਆਨੰਦਿਤ ਹੋ ਜਾਂਦੀ ਹੈ। ਜੇ ਕੋਈ ਖਾਣ ਦੀ ਨਿੱਕੀ ਜਿਹੀ ਚੀਜ਼ ਵੀ ਮਿਲਣੀ, ਵੰਡ ਕੇ ਖਾਣੀ। ਖੰਡ ਗੋਲੀ ਤੋੜਿਆਂ ਨਾ ਟੁੱਟਣੀ ਤਾਂ ਜੂਠੀ ਹੋਣ ਦੇ ਡਰੋਂ ਕਮੀਜ਼ ਜਾਂ ਫ਼ਰਾਕ ਦੇ ਪੱਲੇ ਵਿੱਚ ਲਪੇਟ ਕੇ ਦੰਦਾਂ ਨਾਲ ਭੰਨ੍ਹ ਲੈਣੀ। ਫਿਰ ਥੋੜ੍ਹੀ-ਥੋੜ੍ਹੀ ਸਭ ਨੂੰ ਵੰਡਣੀ। ਜੇ ਕਿਸੇ ਝਾੜੀ ਜਾਂ ਬੇਰੀ ਤੋਂ ਇਕ ਬੇਰ ਵੀ ਲੱਭ ਜਾਣਾ ਤਾਂ ਉਸ ਨੂੰ ਅੰਗੂਠੇ ਦੇ ਨਹੁੰ ਨਾਲ ਤੋੜ-ਤੋੜ ਵੰਡਣਾ, ਉਦੋਂ ਇਹ ਨਹੀਂ ਸੀ ਪਤਾ ਕਿ ਨਹੁੰਆਂ ਵਿੱਚ ਬਿਮਾਰੀ ਦੇ ਕਿਟਾਣੂ ਛੁਪੇ ਹੁੰਦੇ ਨੇ। ਕਈ ਵਾਰ ਵੱਡੀ ਭੈਣ ਜਾਂ ਭਰਾ ਆਪਣਾ ਹਿੱਸਾ ਛੋਟਿਆਂ ਨੂੰ ਦੇ ਦਿੰਦੇ। ਛੋਟੇ ਭੈਣ-ਭਰਾਵਾਂ ਨੂੰ ਖਾਂਦਿਆਂ ਦੇਖ ਕੇ ਹੀ ਮਨ ਸੁਆਦੋ-ਸੁਆਦ ਹੋ ਜਾਂਦਾ।
ਵਕਤ ਦੇ ਬੀਤਣ ਨਾਲ ਬਚਪਨ ਦੀਆਂ ਇਹ ਗੱਲਾਂ ਬਹੁਤ ਪਿੱਛੇ ਛੁੱਟ ਜਾਂਦੀਆਂ ਹਨ। ਸਮਿਆਂ ਦੀਆਂ ਬਦਲਦੀਆਂ ਹਵਾਵਾਂ ਦੇ ਰੁੱਖਾਂ ਨਾਲ ਕਿੰਨਾ ਕੁਝ ਤੀਲਿਆਂ ਵਾਂਗ ਬਿਖਰ ਜਾਂਦਾ ਹੈ ਅਤੇ ਕਿੰਨਾ ਕੁਝ ਹੋਰ ਆ ਜੁੜਦਾ ਹੈ। ਪਤਾ ਨਹੀਂ ਲੱਗਦਾ ਸਮਾਂ ਕਿਹੜੇ ਵੇਲੇ ਹੱਥਾਂ 'ਚੋਂ ਖਿਸਕਦਾ ਚਲਿਆ ਜਾਂਦਾ ਹੈ। ਆਪਣੇ ਭੈਣ-ਭਰਾਵਾਂ ਨੂੰ ਮਾਪਿਆਂ ਦੀਆਂ ਝਿੜਕਾਂ ਤੋਂ ਬਚਾਉਣ ਲਈ ਇਕ ਦੂਜੇ ਦੀ ਗਲਤੀ ਆਪਣੇ ਸਿਰ ਲੈਣ ਵਾਲੇ ਭੈਣ-ਭਰਾ ਆਪਣੀ ਉਪਜੀਵਕਾ ਚਲਾਉਣ ਲਈ ਕੰਮ-ਧੰਦਿਆਂ ਵਿੱਚ ਐਨੇ ਮਸ਼ਰੂਫ ਹੋ ਜਾਂਦੇ ਹਨ ਕਿ ਪਹਿਲਾਂ ਦਿਨ, ਫੇਰ ਮਹੀਨੇ ਲੰਘਣ ਲੱਗ ਪੈਂਦੇ ਹਨ ਇਕ ਦੂਜੇ ਦੀ ਖ਼ਬਰ ਲਿਆਂ। ਫਰਜ਼ ਨਿਭਾਉਣ ਦੀ ਧੂਹ ਘੜੀਸ ਚੱਲਦੀ ਰਹਿੰਦੀ ਐ।
ਇਕ ਵਾਰ ਦੀ ਗੱਲ ਹੈ... ਤੀਆਂ ਦੇ ਦਿਨ ਲੰਘੇ ਜਾ ਰਹੇ ਸਨ। ਵੀਰ ਕੋਲ ਸਮਾਂ ਨਹੀਂ ਸੀ ਭੈਣ ਕੋਲ ਜਾਣ ਦਾ। ਇਹ ਸੋਚ ਕੇ ਕਿ ਭੈਣ ਸੰਧਾਰਾ ਉਡੀਕਦੀ ਹੋਣੀ ਐ। ਦੂਰ ਨੇੜੇ ਦੇ ਰਿਸ਼ਤੇਦਾਰ ਨੇ ਉੱਧਰ ਦੀ ਲੰਘਣਾ ਸੀ। ਭਰਜਾਈ ਨੇ ਸੰਧਾਰੇ ਦਾ ਸਾਰਾ ਸਾਮਾਨ ਬੰਨ੍ਹ ਕੇ ਉਨ੍ਹਾਂ ਨੂੰ ਫੜਾ ਦਿੱਤਾ ਕਿ ਭੈਣ ਨੂੰ ਫੜਾਉਂਦੇ ਜਾਣਾ। ਸਾਮਾਨ ਭੈਣ ਪਿੰਡ ਪਹੁੰਚ ਗਿਆ। ਭੈਣ ਵੀਰ ਜਾਂ ਭਾਬੀ ਨੂੰ ਨਾ ਆਇਆ ਦੇਖ ਕੇ ਹੈਰਾਨ ਪ੍ਰੇਸ਼ਾਨ ਤਾਂ ਬਥੇਰੀ ਹੋਈ। ਸੰਧਾਰਾ ਪਹੁੰਚਾਉਣ ਵਾਲੇ ਵੀ ਨਾ ਖੜ੍ਹੇ ਨਾ ਬੈਠੇ, "ਅਸੀਂ ਲੇਟ ਹੋ ਰਹੇ ਆਂ।" ਆਖ ਕੇ ਚਲੇ ਗਏ। ਭੈਣ ਚੁੱਪ-ਗੜੁੱਪ ਖੜ੍ਹੀ ਦੇਖਦੀ ਰਹੀ। ਹਉਕਾ ਜਿਹਾ ਲਿਆ ਅਤੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ, "ਵੀਰਾ ਮੇਰੇ ਘਰ ਖਾਣ-ਪੀਣ ਦੇ ਸਾਮਾਨ ਦੀ ਤੇ ਕੱਪੜੇ-ਲੀੜੇ ਦੀ ਗੁੰਜਾਇਸ਼ ਹੈ। ਮੈਂ ਤਾਂ ਤੈਨੂੰ ਮਿਲਣ ਨੂੰ ਤਾਂਘਦੀ ਸੀ। ਕੋਈ ਜ਼ਰੂਰੀ ਨਹੀਂ ਕਿ ਇਨ੍ਹਾਂ ਖਾਸ ਦਿਨਾਂ ਵਿੱਚ ਹੀ ਆਵੇਂ। ਜਦੋਂ ਸਮਾਂ ਮਿਲੇ ਅੱਗੇ-ਪਿੱਛੇ ਵੀ ਮਿਲਣ ਆਇਆ ਜਾ ਸਕਦਾ ਏ।" ਪੇਕਿਆਂ ਤੋਂ ਆਏ ਸਾਮਾਨ ਨੇ ਭੈਣ ਨੂੰ ਖੁਸ਼ੀ ਦੇਣ ਦੀ ਥਾਂ ਉਸ ਦੀਆਂ ਅੱਖਾਂ ਸਿੱਲ੍ਹੀਆਂ ਕਰ ਦਿੱਤੀਆਂ।
ਇਹ ਤਿਉਹਾਰ ਸਾਡੇ ਬਜ਼ੁਰਗਾਂ ਨੇ ਬਣਾਏ ਵੀ ਇਸੇ ਲਈ ਸਨ। ਉਹ ਜਾਣਦੇ ਸਨ ਕਿ ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ ਹੁੰਦੇ ਹਨ। ਰਿਸ਼ਤਿਆਂ ਨੂੰ ਜਿਊਂਦੇ ਰੱਖਣ ਲਈ ਮਿਲਦੇ ਰਹਿਣਾ ਵੀ ਜ਼ਰੂਰੀ ਹੈ। ਬਿਸਕੁੱਟ, ਮਠਿਆਈਆਂ, ਫਲ਼, ਕੱਪੜੇ-ਲੀੜੇ ਤਾਂ ਇਸ ਲਈ ਦਿੱਤੇ ਜਾਂਦੇ ਹਨ ਕਿ ਇਸੇ ਫਰਜ਼ ਨਿਭਾਉਣ ਦੇ ਬਹਾਨੇ ਧੀਆਂ-ਭੈਣਾਂ ਦੀ ਸੁੱਖ-ਸਾਂਦ ਦਾ ਪਤਾ ਲੱਗ ਜਾਂਦਾ ਸੀ। ਦੋ ਕੁ ਦਹਾਕੇ ਪਹਿਲਾਂ ਤੱਕ ਤਾਂ ਧੀਆਂ ਨੂੰ ਖਾਣ ਲਈ ਦਿੱਤਾ ਜਾਣ ਵਾਲਾ ਸਾਮਾਨ ਘਰ ਵਿੱਚ ਹੀ ਬਣਾ ਕੇ ਦਿੱਤਾ ਜਾਂਦਾ ਸੀ। ਵੈਸੇ ਵੀ ਘਰ ਦੀਆਂ ਬਣੀਆਂ ਮੱਠੀਆਂ, ਗੁਲਗੁਲੇ, ਖੀਰ ਪੂੜੇ ਆਦਿ ਭਾਂਤ-ਭਾਂਤ ਦੀਆਂ ਰੰਗ-ਬਿਰੰਗੀਆਂ ਬਜ਼ਾਰੀ ਮਠਿਆਈਆਂ ਤੋਂ ਕਿਤੇ ਵੱਧ ਸੁਆਦ ਦਿੰਦੇ ਹਨ ਅਤੇ ਸਿਹਤ 'ਤੇ ਵੀ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਵੈਸੇ ਇਕ ਗੱਲ ਐ, ਜੇ ਕਿਤੇ ਇਹ ਸਾਰੀਆਂ ਚੀਜ਼ਾਂ ਪੈਕਟ ਬੰਦ ਮਿਲਣ ਲੱਗ ਪੈਣ, ਆਪਣੇ ਆਧੁਨਿਕਪੁਣੇ ਦੀ ਸ਼ੋਸ਼ੇਬਾਜ਼ੀ ਵਿੱਚ ਰੰਗੇ ਲੋਕ ਭੱਜ-ਭੱਜ ਕੇ ਖਰੀਦਣ, ਜਿਵੇਂ ਘਰ ਦੀਆਂ ਬਣੀਆਂ ਸੇਵੀਆਂ ਨੂੰ ਛੱਡ ਕੇ ਆਧੁਨਿਕ ਸੇਵੀਆਂ ਜਿਨ੍ਹਾਂ ਨੂੰ ਨੂਡਲਜ਼ ਆਖਿਆ ਜਾਂਦਾ ਹੈ, ਨੂੰ ਬੜੇ ਸੁਆਦ ਨਾਲ ਖਾਂਦੇ ਹਨ।
ਸਮੇਂ ਦੇ ਬੀਤਣ ਨਾਲ ਬੜਾ ਕੁਝ ਬੀਤ ਜਾਂਦਾ ਹੈ। ਭੈਣ-ਭਰਾ ਦੀਆਂ ਸ਼ਰਾਰਤਾਂ, ਹਾਸੇ ਖੇਡਾਂ, ਇਕ ਦੂਜੇ ਤੋਂ ਖੋਹ ਕੇ ਦੌੜ ਜਾਣਾ ਭਾਵੇਂ ਖਾਣ ਵੇਲੇ ਵੰਡ ਕੇ ਹੀ ਖਾਣਾ ਪਰ ਇਸ ਤਰ੍ਹਾਂ ਭੱਜ-ਭਜਾਈ ਕਰਨ ਵਿੱਚ ਜੋ ਮਜ਼ਾ ਆਉਂਦਾ, ਉਹ ਹੋਰ ਕਿਤੇ ਨਹੀਂ। ਲੰਘਦੇ ਸਮੇਂ ਨਾਲ ਪਤਾ ਨਹੀਂ ਲੱਗਦਾ, ਕੌਣ ਅੱਗੇ ਲੰਘ ਗਿਆ, ਕੌਣ ਪਿੱਛੇ ਰਹਿ ਗਿਆ। ਕਈ ਵਾਰ ਆਰਥਿਕ ਪਾੜੇ ਕਾਰਨ ਰਿਸ਼ਤੇ ਕਮਜ਼ੋਰ ਪੈ ਜਾਂਦੇ ਹਨ। ਬਦਲਦੇ ਸਮੇਂ ਦਾ ਲੋਕ ਗੀਤਾਂ 'ਤੇ ਅਸਰ ਪੈਣਾ ਵੀ ਕੁਦਰਤੀ ਗੱਲ ਹੈ। ਲੰਘੇ ਸਮੇਂ ਵਿੱਚ ਕੁੜੀਆਂ ਗਿੱਧੇ 'ਚ ਗਾਉਂਦੀਆਂ ਸਨ...
ਹਰੇ ਹਰੇ ਘਾਹ ਉੱਤੇ ਉੱਡਣ ਭੰਬੀਰੀਆਂ,
ਬੋਲੋ ਵੀਰੋ ਵੇ ਭੈਣਾਂ ਮੰਗਣ ਜ਼ੰਜੀਰੀਆਂ।
ਹੁਣ ਇਹ ਵੀ ਗਾਇਆ ਜਾਂਦਾ ਹੈ...
ਹਰੇ ਹਰੇ ਘਾਹ ਉੱਤੇ ਉੱਡਣ ਭੰਬੀਰੀਆਂ,
ਵਰਤੋ ਵੀਰੋ ਵੇ ਭੈਣਾਂ ਗੂੜ੍ਹੀਆਂ ਸਕੀਰੀਆਂ।
ਮਤਲਬ ਅਸੀਂ ਸਾਰੇ ਸਮਝ ਸਕਦੇ ਹਾਂ ਕਿ ਕਿਤੇ ਨਾ ਕਿਤੇ ਅੰਦਰ ਡਰ ਬੈਠ ਗਿਆ ਕਿ ਵੀਰ ਵਰਤਦੇ ਰਹਿਣ, ਇਹੀ ਕਾਫ਼ੀ ਐ, ਕਿਸੇ ਚੀਜ਼ ਦੀ ਮੰਗ ਕਰਨ ਦੀ ਤਾਂ ਗੱਲ ਈ ਬੜੀ ਦੂਰ ਚਲੀ ਗਈ। ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਭੈਣ ਭਾਈ ਨੂੰ ਮਿਲਣ ਚਲੇ ਜਾਣ, ਇਹੀ ਬਹੁਤ ਹੈ। ਅੱਗੇ ਗੀਤ ਗਾਇਆ ਜਾਂਦਾ ਸੀ...
ਟੁੱਟ ਕੇ ਨਾ ਬਹਿ ਜੀਂ ਵੀਰਨਾ,
ਭੈਣਾਂ ਵਰਗਾ ਸਾਕ ਨਾ ਕੋਈ।
ਹੁਣ ਰਿਸ਼ਤਿਆਂ ਦੀ ਕਮਜ਼ੋਰੀ ਵਿੱਚ ਇਕ ਕਦਮ ਅੱਗੇ ਵਧ ਗਏ। ਹੁਣ ਜਿਹੜੇ ਵੀਰ ਕਿਸੇ ਨਾ ਕਿਸੇ ਕਾਰਨ ਕਰਕੇ ਭੈਣਾਂ ਨੂੰ ਮਿਲਣਾ ਬੰਦ ਕਰੀ ਬੈਠੇ ਨੇ, ਉਹ ਭੈਣਾਂ ਭਰੇ ਗਲ਼ੇ ਨਾਲ ਸਵਾਲ ਈ ਕਰਦੀਆਂ ਸੁਣੀਆਂ ਗਈਆਂ...
ਟੁੱਟ ਕੇ ਕਿਉਂ ਬਹਿ ਗਏ ਵੀਰਨੋ,
ਭੈਣਾਂ ਵਰਗਾ ਸਾਕ ਨਾ ਕੋਈ।
ਬੜੇ ਦੁਖਦਾਈ ਹੁੰਦੇ ਨੇ ਇਹ ਅਹਿਸਾਸ... ਕਈ ਵਾਰ ਤਾਂ ਮੌਤੋਂ ਭੈੜੇ ਹੋ ਨਿਬੜਦੇ ਨੇ। ਭੈਣਾਂ ਵਰਗਾ ਰਿਸ਼ਤਾ ਤਾਂ ਕੋਈ ਨਹੀਂ ਹੁੰਦਾ, ਇਹ ਸੱਚ ਹੈ। ਭੈਣਾਂ ਭਾਵੇਂ ਦੂਰ ਹੋਣ ਜਾਂ ਨੇੜੇ, ਹਰ ਪਲ ਆਪਣੇ ਵੀਰਾਂ ਦੀ ਸੁੱਖ ਮੰਗਦੀਆਂ ਹਨ। ਸਭ ਦੇ ਭੈਣ-ਭਰਾ ਮਿਲਦੇ-ਵਰਤਦੇ ਰਹਿਣ, ਇਹਦੇ ਵਰਗੀ ਕੋਈ ਰੀਸ ਨਹੀਂ। ਰੁੱਸਿਆਂ ਨੂੰ ਮਨਾਉਣ ਦਾ ਰਿਵਾਜ਼ ਵੀ ਜਾਂਦਾ ਰਿਹਾ। ਬੰਦਾ ਆਪੇ ਰੁੱਸ ਜਾਂਦਾ ਹੈ ਤੇ ਥੋੜ੍ਹੇ ਦਿਨਾਂ ਬਾਅਦ ਆਪੇ ਹੀ ਮੰਨ ਜਾਂਦੈ ਜਾਂ ਚੁੱਪ ਕਰਕੇ ਆਪਣੇ ਘਰ ਬੈਠ ਜਾਂਦਾ ਹੈ ਅਤੇ ਉਸ ਨੂੰ ਕੋਈ ਨਹੀਂ ਮਨਾਉਂਦਾ। ਰੁੱਸਿਆਂ ਨੂੰ ਮਨਾਉਣ ਵਿੱਚ ਪਹਿਲ ਨਾ ਕਰਨਾ ਆਮ ਤੌਰ 'ਤੇ ਮਨਾਂ 'ਤੇ ਹਉਮੈ ਦਾ ਭਾਰੂ ਹੋਣਾ ਹੁੰਦਾ ਹੈ। ਇਨ੍ਹਾਂ ਮੋਹ ਭਰੀਆਂ ਤੰਦਾਂ ਦੇ ਟੁੱਟਣ ਦਾ ਕਾਰਨ ਕੋਈ ਵੀ ਹੋ ਸਕਦਾ ਹੈ, ਕਿਤੇ ਭੈਣਾਂ, ਕਿਤੇ ਭਰਾ। ਜਿਹੜੇ ਭੈਣ-ਭਰਾ ਆਪਣੇ ਰਿਸ਼ਤਿਆਂ ਨੂੰ ਮੋਹ-ਪਿਆਰ ਦੀਆਂ ਤੰਦਾਂ ਨਾਲ ਜੋੜੀ ਰੱਖਦੇ ਹਨ, ਉਨ੍ਹਾਂ ਪਰਿਵਾਰਾਂ ਦੇ ਏਕੇ ਦਾ ਗੁਲਦਸਤਾ ਦੂਰ-ਦੂਰ ਤੱਕ ਮਹਿਕਾਂ ਵੰਡਦਾ ਹੈ। ਟੁੱਟੇ ਪਰਿਵਾਰਾਂ ਦੀ ਸਮਾਜਿਕ ਬੁੱਕਤ ਵੀ ਗੁੱਛੇ ਨਾਲੋਂ ਟੁੱਟੇ ਅੰਗੂਰਾਂ ਵਾਂਗ ਰਹਿ ਜਾਂਦੀ ਹੈ।
ਇਹ ਗੱਲਾਂ ਸਮਾਂ ਪਾ ਕੇ ਸਮਝ ਲੱਗਦੀਆਂ ਹਨ। ਜਿੰਨਾ ਮਾਣ-ਸਨਮਾਨ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਨਾਲ ਮਿਲਦਾ ਹੈ, ਓਨਾ ਟੁੱਟ ਕੇ ਬੈਠਣ ਨਾਲ ਜਾਂ ਟੁੱਟੇ ਪਰਿਵਾਰਾਂ ਨੂੰ ਨਹੀਂ ਮਿਲਦਾ। ਬਹੁਤੀ ਥਾਈਂ ਰਿਸ਼ਤੇ ਟੁੱਟਣ ਦੀ ਪੀੜ ਘਰ ਦੀਆਂ ਧੀਆਂ-ਭੈਣਾਂ ਨੂੰ ਹੀ ਪੀਣੀ ਪੈਂਦੀ ਹੈ। ਸਾਰੇ ਪਰਿਵਾਰਾਂ ਵਿੱਚ ਧੀਆਂ-ਭੈਣਾਂ ਦਾ ਮਾਣ ਵੱਖੋ-ਵੱਖਰਾ ਹੁੰਦਾ ਹੈ। ਕਈ ਪਰਿਵਾਰ ਅਜਿਹੇ ਹੁੰਦੇ ਹਨ ਜਿਹੜੇ ਆਪਣੇ ਘਰ ਦੀਆਂ ਜੰਮੀਆਂ ਜਾਈਆਂ ਦੀਆਂ ਅੱਖਾਂ ਵਿੱਚ ਅੱਥਰੂ ਨਹੀਂ ਦੇਖ ਸਕਦੇ। ਜਿੱਥੇ ਧੀਆਂ-ਭੈਣਾਂ ਦੀ ਪ੍ਰਵਾਹ ਕੀਤੀ ਜਾਂਦੀ ਹੈ, ਉੱਥੇ ਭਰਾਵਾਂ ਵਿੱਚ ਕਾਣੀ ਵੰਡ ਨਹੀਂ ਕੀਤੀ ਜਾਂਦੀ ਸਗੋਂ ਸਾਰੇ ਭੈਣ-ਭਰਾ ਮਿਲ ਬੈਠ ਕੇ ਘਾਟੇ-ਵਾਧੇ ਨਜਿੱਠ ਲੈਂਦੇ ਹਨ। ਥੋੜ੍ਹੇ ਬਹੁਤੇ ਘਾਟੇ ਵਾਧੇ ਸਹਿ ਕੇ ਵੀ ਪਰਿਵਾਰ ਜੁੜੇ ਰਹਿੰਦੇ ਹਨ। ਇਸ ਤਰ੍ਹਾਂ ਦੇ ਪਰਿਵਾਰਾਂ ਉੱਤੇ ਸੁਆਰਥਪੁਣੇ ਨੇ ਅਜੇ ਗਲਬਾ ਨਹੀਂ ਪਾਇਆ ਹੁੰਦਾ। ਪਿਆਰ-ਮੁਹੱਬਤ ਨਾਲ ਰਹਿੰਦੇ ਪਰਿਵਾਰਾਂ ਦਾ ਘੱਟ ਹੋਣਾ ਸਭ ਲਈ ਬੜਾ ਨੁਕਸਾਨਦੇਹ ਹੈ। ਪਰਿਵਾਰਾਂ ਦੇ ਟੁੱਟਣ ਦਾ ਘਾਤਕ ਅਸਰ ਸਾਡੇ ਸਮਾਜ 'ਤੇ ਸ਼ਰੇਆਮ ਦੇਖਿਆ ਜਾ ਸਕਦਾ ਹੈ। ਟੁੱਟੇ ਪਰਿਵਾਰਾਂ ਦੀਆਂ ਪੀੜਾਂ, ਮੋਹ-ਪਿਆਰ ਦੀਆਂ ਤੰਦਾਂ ਦਾ ਟੁੱਟਣਾ ਜਾਂ ਟੁੱਟਣ ਕਿਨਾਰੇ ਹੋਣਾ, ਸੁਆਰਥਪੁਣੇ ਦਾ ਬੋਲ-ਬਾਲਾ ਆਦਿ ਐਨਾ ਕੁਝ ਹੋਣ ਦੇ ਬਾਵਜੂਦ ਬਹੁਤੇ ਪਰਿਵਾਰ ਅਜੇ ਵੀ ਸੁਚੱਜੇ ਤਰੀਕੇ ਨਾਲ ਰਿਸ਼ਤੇ ਨਿਭਾ ਰਹੇ ਹਨ।
ਸਾਉਣ ਮਹੀਨੇ ਦੇ ਨੇੜੇ ਆਉਂਦਿਆਂ ਹੀ ਭੈਣ-ਭਰਾਵਾਂ ਦੇ ਪਿਆਰ ਦੇ ਗੀਤ ਗਾਏ ਜਾਂਦੇ ਹਨ ਤੇ ਬੋਲੀਆਂ ਪਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਕਿ ਦਿਲ ਮੱਲੋਮੱਲੀ ਆਪਣੇ ਮਾਂ ਜਾਏ ਵੀਰਾਂ-ਭੈਣਾਂ ਬਾਰੇ ਸੋਚਣ ਲੱਗ ਪੈਂਦਾ ਹੈ ਭਾਵੇਂ ਉਹ ਸੱਤ ਸਮੁੰਦਰੋਂ ਪਾਰ ਕਿਉਂ ਨਾ ਬੈਠੇ ਹੋਣ। ਸਾਉਣ ਮਹੀਨੇ ਵਿੱਚ ਤੀਆਂ ਦੀ ਰੌਣਕ ਬੀਤੇ ਸਮਿਆਂ ਵਰਗੀ ਤਾਂ ਨਹੀਂ ਪਰ ਫਿਰ ਵੀ ਆਪਣੇ ਸੱਭਿਆਚਾਰ ਦੀ ਸਾਂਭ-ਸੰਭਾਲ ਪ੍ਰਤੀ ਸਮਰਪਿਤ ਉੱਦਮੀ ਸ਼ਖਸੀਅਤਾਂ ਇਨ੍ਹਾਂ ਤਿਉਹਾਰਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਮੇਂ ਦੇ ਬਦਲਣ ਨਾਲ ਭਾਵੇਂ ਪਿੰਡਾਂ ਵਿੱਚ ਪਹਿਲਾਂ ਵਾਂਗਰਾਂ ਤੇਰਾਂ ਦਿਨ ਗਿੱਧਾ ਤਾਂ ਨਹੀਂ ਪੈਂਦਾ ਪਰ ਇਕ-ਦੋ ਦਿਨ ਜ਼ਰੂਰ ਇਹ ਤਿਉਹਾਰ ਮਨਾਉਂਦੇ ਹਨ। ਆਪਣੇ ਵਿਰਸੇ ਨੂੰ ਸੰਭਾਲਣ ਦੇ ਯਤਨ ਵੀ ਜ਼ਰੂਰੀ ਹਨ ਅਤੇ ਸਮੇਂ ਦੇ ਅਨੁਸਾਰ ਸਕਾਰਾਤਮਕ ਬਦਲਾਅ ਵੀ ਜ਼ਰੂਰੀ ਹਨ। ਦੁਆ ਹੈ ਕਿ ਸਾਰੇ ਪਰਿਵਾਰ ਮਿਲਜੁਲ ਕੇ ਰਹਿਣ, ਸਭ ਭੈਣਾਂ ਦੇ ਵੀਰ ਕਰਮੋਂ ਨੇਕ, ਉੱਦਮੀ ਅਤੇ ਤੰਦਰੁਸਤੀ ਭਰੀਆਂ ਲੰਮੀਆਂ ਉਮਰਾਂ ਵਾਲੇ ਹੋਣ।
-ਅੰਮ੍ਰਿਤ ਕੌਰ, ਬਡਰੁੱਖਾਂ (ਸੰਗਰੂਰ)