ਜਾਣੋ ਮਾਤ-ਭਾਸ਼ਾ ਦਾ ਅਸਲ ਮਹੱਤਵ

02/21/2021 6:45:30 PM

ਸੁਰਜੀਤ ਪਾਤਰ
ਇਨਸਾਈਕਲੋਪੀਡੀਆ ਬ੍ਰਟੈਨਿਕਾ ਵਿਚ ਇਹ ਪੜ੍ਹ ਕੇ ਖੁਸ਼ੀ ਹੋਈ ਕਿ ਬੋਲਣ ਵਾਲਿਆਂ ਦੀ ਗਿਣਤੀ ਪੱਖੋਂ ਪੰਜਾਬੀ ਇਸ ਵੇਲੇ ਦੁਨੀਆ ਦੀ ਦਸਵੀਂ ਵੱਡੀ ਬੋਲੀ ਹੈ। ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਇਹ ਇਸ ਵੇਲੇ ਅੰਗਰੇਜ਼ੀ ਅਤੇ ਫ਼ਰਾਂਸੀਸੀ ਤੋਂ ਬਾਅਦ ਕੈਨੇਡਾ ਦੀ ਤੀਸਰੀ ਭਾਸ਼ਾ ਹੈ। ਤਕਰੀਬਨ 150 ਮੁਲਕਾਂ ਵਿਚ ਵੱਸਦੇ ਪੰਜਾਬੀ ਇਸ ਨੂੰ ਆਪਣੀਆਂ ਅਗਲੀਆਂ ਪੁਸ਼ਤਾਂ ਦੇ ਮਨਾਂ ਵਿਚ ਜਿਊਂਦੀ ਜਾਗਦੀ ਰੱਖਣ ਲਈ ਤਾਂਘਦੇ ਤੇ ਉਪਰਾਲੇ ਕਰਦੇ ਰਹਿੰਦੇ ਹਨ। ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਪੰਜਾਬੀ ਕਵੀ ਮਨਜੀਤ ਨੇ ਕਵੀਆਂ ਨੂੰ ਮਿਲੇ ਅੱਤਕਥਨੀ ਲਾਈਸੈਂਸ ਦੀ ਵਰਤੋਂ ਕਰਦਿਆਂ ਮਾਣ ਨਾਲ ਕਿਹਾ:  

ਪੰਜਾਬੀ ਇਸ ਵੇਲੇ ਪੰਜਾਂ ਦਰਿਆਵਾਂ ਦੀ ਨਹੀਂ, ਸੱਤ ਸਮੁੰਦਰਾਂ ਦੀ ਬੋਲੀ ਹੈ।

ਪਰ ਆਸਟ੍ਰੇਲੀਆ ਵਿਚ ਹੀ ਮੈਨੂੰ ਇਕ ਕੁੜੀ ਮਨਦੀਪ ਕਹਿਣ ਲੱਗੀ ਕਿ ਸਕੂਲ ਵਿਚ ਅੰਗਰੇਜ਼ੀ ਪੜ੍ਹਦੀ ਆਪਣੀ ਧੀ ਨੂੰ ਮੈਂ ਘਰ ਵਿਚ ਬਹੁਤ ਨੇਮ ਤੇ ਜੁਗਤ ਨਾਲ ਪੰਜਾਬੀ ਬੋਲਣੀ ਸਿਖਾਈ ਅਤੇ ਕਿਹਾ : ‘ਜਦੋਂ ਆਪਾਂ ਪੰਜਾਬ ਜਾਵਾਂਗੇ, ਉਥੇ ਜਾ ਕੇ ਤੂੰ ਏਨੀ ਸੋਹਣੀ ਪੰਜਾਬੀ ਬੋਲੇਂਗੀ ਤਾਂ ਉਹ ਸੁਣ ਕੇ ਬਹੁਤ ਖੁਸ਼ ਹੋਣਗੇ। ਫਿਰ ਉਹ ਵਡਭਾਗਾ ਦਿਨ ਆਇਆ। ਉਹ ਪੰਜਾਬ ਆਏ। ਗਲੀ-ਮੁਹੱਲੇ ਦੇ ਹਾਣੀ ਬੱਚਿਆਂ ਨਾਲ ਕੈਨੇਡਾ ਤੋਂ ਆਈ ਬੱਚੀ ਖੇਡਣ ਮੱਲਣ ਲੱਗੀ ਤਾਂ ਹੈਰਾਨੀ ਹੋਈ ਕਿ ਗਲੀ ਦੇ ਸਾਰੇ ਹਾਣੀ ਅੰਗਰੇਜ਼ੀ ਰਲੀ ਹਿੰਦੀ ਬੋਲਦੇ ਸਨ।

ਚਾਰ-ਪੰਜ ਦਿਨਾਂ ਬਾਅਦ ਧੀ ਨੇ ਆਪਣੀ ਮਾਂ ਮਨਦੀਪ ਨੂੰ ਪੁੱਛਿਆ : ਅੰਮੀ, ਆਪਾਂ ਪੰਜਾਬ ਕਦੋਂ ਜਾਣਾਂ?

ਇਹ ਹਿੰਦੀ ਅੰਗਰੇਜ਼ੀ ਬੋਲਣ ਵਾਲੇ ਬੱਚੇ ਪੰਜਾਬ ਦੇ ਉਹ ਧੀਆਂ-ਪੁੱਤਰ ਹਨ, ਜਿਹੜੇ ਉਨ੍ਹਾਂ ਸਕੂਲਾਂ ਵਿਚ ਪੜ੍ਹਦੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ ਪੰਜਾਬੀ ਬੋਲਣ ’ਤੇ ਜੁਰਮਾਨਾ ਹੁੰਦਾ ਹੈ। ਜੂੜਿਆਂ ਵਾਲੇ ਬੱਚੇ ਵੀ ਘਰੋਂ ਜੇ ਪੰਜਾਬੀ ਬੋਲਦੇ ਜਾਣ ਤਾਂ ਸਕੂਲੋਂ ਹਿੰਦੀ ਬੋਲਦੇ ਮੁੜਦੇ ਹਨ। ਪੰਜਾਬ ਦੀ ਧਰਤੀ ’ਤੇ ਬਣੇ ਸਕੂਲਾਂ ਵਿਚ ਪੰਜਾਬੀ ਦਾ ਕੋਈ ਲਫ਼ਜ਼ ਬੋਲਣਾ ਜੁਰਮ ਹੋ ਗਿਆ ਹੈ।

ਇਸ ਤੋਂ ਅਗਲੀ ਗੱਲ ਮੈਂ ਆਪਣੀ ਇਕ ਕਵਿਤਾ ਨਾਲ ਤੋਰਨਾ ਚਾਹੁੰਦਾ ਹਾਂ :
ਸਭ ਕਲ ਕਲ ਕਰਦੀਆਂ ਨਦੀਆਂ ਦਾ
ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ
ਸਭ ਸਾਂ ਸਾਂ ਕਰਦੇ ਬਿਰਖਾਂ ਦਾ
ਆਪਣਾ ਹੀ ਤਰਾਨਾ ਹੁੰਦਾ ਹੈ
ਪਰ ਸੁਣਿਆ ਹੈ
ਇਸ ਧਰਤੀ ’ਤੇ
ਇਕ ਉਹ ਵੀ ਦੇਸ਼ ਹੈ, ਜਿਸ ਅੰਦਰ
ਬੱਚੇ ਜੇ ਆਪਣੀ ਮਾਂ-ਬੋਲੀ ਬੋਲਣ
ਜੁਰਮਾਨਾ ਹੁੰਦਾ ਹੈ।

ਏਥੇ ਹੀ ਬਸ ਨਹੀਂ। ਮੈਨੂੰ ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨੇ ਗੱਲ ਸੁਣਾਈ ਕਿ ਕਾਨਵੈਂਟ ਸਕੂਲ ਵਿਚ ਪੜ੍ਹਦੇ ਮੇਰੇ ਬੱਚੇ ਨੇ ਮੈਨੂੰ ਆ ਕੇ ਇਹ ਸੁਨੇਹਾ ਦਿੱਤਾ ਕਿ ਪ੍ਰਿੰਸੀਪਲ ਸਾਹਿਬ ਨੇ ਕਿਹਾ ਹੈ ਕਿ ਤੁਸੀਂ ਘਰ ਵਿਚ ਵੀ ਬੱਚੇ ਨਾਲ ਪੰਜਾਬੀ ਨਾ ਬੋਲਿਆ ਕਰੋ।

ਜਿਹੜੀਆਂ ਦਸ-ਗਿਆਰਾਂ ਧਿਰਾਂ ਕਿਸੇ ਭਾਸ਼ਾ ਦੇ ਵਿਕਾਸ ਵਿਚ ਸਹਾਈ ਹੋ ਸਕਦੀਆਂ ਹਨ-ਉਹ ਹਨ ਸਾਡੇ ਵਿੱਦਿਅਕ ਅਦਾਰੇ, ਸਾਡੇ ਸਾਹਿਤਕਾਰ, ਲੋਕ, ਸਰਕਾਰ, ਧਰਮ, ਸਾਡੇ ਗਾਇਕ, ਰੰਗਕਰਮੀ, ਫ਼ਿਲਮਸਾਜ਼, ਪੰਜਾਬੀ ਨੂੰ ਆਪਣੇ ਪ੍ਰਗਟਾਅ ਦਾ ਮਾਧਿਅਮ ਬਣਾਉਣ ਵਾਲੇ ਚਿੰਤਕ ਵਿਗਿਆਨੀ, ਬੁਲਾਰੇ ਤੇ ਮੀਡੀਆ। 

ਸੋ ਬਹੁਤ ਜ਼ਰੂਰੀ ਹੈ ਕਿ ਇਹ ਸਾਰੇ ਅਦਾਰੇ ਇਸ ਸੱਚ ਨੂੰ ਪਛਾਣਨ ਕਿ ਸਾਡੀ ਧਰਤੀ ਦੇ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਮਾਂ-ਬੋਲੀ ਨੂੰ ਅਪਨਾਉਣਾ ਬਹੁਤ ਜ਼ਰੂਰੀ ਹੈ। ਇਸ ਨੂੰ ਅਪਨਾਉਣ ਵਿਚ ਹੀ ਸਾਡਾ ਆਤਮਿਕ, ਮਾਨਸਿਕ, ਰਾਜਸੀ ਤੇ ਆਰਥਿਕ ਵਿਕਾਸ ਸਮਾਇਆ ਹੋਇਆ ਹੈ।

ਪਰ ਨਾ ਭੁੱਲੀਂ  

ਸਿੱਖ ਅੰਗਰੇਜ਼ੀ
ਲਿਖ ਅੰਗਰੇਜ਼ੀ
ਇਹ ਵੀ ਇਕ ਅਮੀਰੀ
ਪਰ ਨਾ ਭੁੱਲੀਂ ਜਿਉਣ ਜੋਗਿਆ  
ਊੜਾ ਐੜਾ ਈੜੀ  
ਮਾਂ ਬੋਲੀ ਨੂੰ ਜੇਕਰ  
ਮਨੋ ਵਿਸਾਰੇਂਗਾ  
ਆਪਣੇ ਹੱਥੀਂ ਆਪਣਾ 
ਬਾਗ ਉਜਾੜੇਂਗਾ
ਨਾਨਕ, ਬੁੱਲੇ,
ਫ਼ਰੀਦ ਨੂੰ  
ਜੇ ਤੂੰ ਭੁੱਲ ਗਿਉਂ  
ਵੇਖ ਲਈਂ ਤੂੰ ਪੈਰ ਪੈਰ ’ਤੇ ਹਾਰੇਂਗਾ  

ਤਿੰਨ ਮਾਵਾਂ  

ਇਕ ਮਾਂ ਧਰਤੀ
ਇਕ ਮਾਂ ਬੋਲੀ  
ਇਕ ਜੰਮਣ ਵਾਲੀ ਮਾਂ  
ਉਸ ਬੰਦੇ ਦੀ ਹਸਤੀ  
ਸ਼ਹਿਨਸ਼ਾਹਾਂ ਤੋਂ ਵੀ ਉੱਚੀ
ਜਿਸ ਬੰਦੇ ਦੇ  
ਸਿਰ ’ਤੇ ਹੁੰਦੀ  
ਤਿੰਨ ਮਾਵਾਂ ਦੀ ਛਾਂ 

ਤ੍ਰੈਲੋਚਨ ਲੋਚੀ


rajwinder kaur

Content Editor

Related News