ਲਾਲਾਂ ਦੀ ਕੁਰਬਾਨੀ

1/5/2020 4:19:24 PM

ਹੋਏ ਸ਼ਹੀਦ ਚਮਕੌਰ ਅੰਦਰ
ਯੋਧੇ ਅਜੀਤ ਜੁਝਾਰ ਦੋਵੇਂ
ਵਾਂਗ ਸ਼ੇਰਾਂ ਦੇ ਲੜੇ ਸੀ ਲਾਲ ਸੂਰੇ
ਸੋਹਣੇ ਹੱਥਾਂ ਚ ਲੈ ਤਲਵਾਰ ਦੋਵੇਂ
ਬਣ ਬਿਜਲੀਆਂ ਵਰ੍ਹੇ ਸੀ ਵੈਰੀਆਂ ਤੇ
ਨਾਲੇ ਖੜੇ ਸੀ ਬਣ ,ਪਹਾੜ ਦੋਵੇਂ
ਸਿੱਖ ਕੌਮ ਦੀ ਪੱਤ ਨੂੰ ਢਕਣ ਖ਼ਾਤਿਰ
ਬੇ ਕੱਫਨੇ ਗਏ ਸਰਦਾਰ ਦੋਵੇਂ
ਵਿੰਨ੍ਹੇ ਪਏ ਸੀ ਤੀਰਾਂ ਦੇ ਨਾਲ ਦੋਵੇਂ
ਬਾਜਾਂ ਵਾਲੇ ਦੇ ਸ਼ਾਹ ਅਸਵਾਰ ਦੋਵੇਂ
ਦੂਜੇ ਪਾਸੇ ਗੁਰੂ ਦੇ ਲਾਲ ਛੋਟੇ
ਸ਼ਹਾਦਤ ਵਾਸਤੇ ਹੋਏ ਤਿਆਰ ਦੋਵੇਂ
ਇੱਕ ਪੋਹ ਠੰਢਾ ਦੂਜਾ ਬੁਰਜ ਠੰਢਾ
ਜਾਨ ਕੱਢਦੇ ਸੀ ਠੰਡੇ ਠਾਰ ਦੋਵੇਂ
ਮਾਤਾ ਗੁਜਰ ਨੇ ਸਿਰਾਂ ਤੇ ਹੱਥ ਫੇਰੇ
ਲਾਡਾਂ ਨਾਲ ਸੀ ਕੀਤੇ ਤਿਆਰ ਦੋਵੇਂ
ਜਾਂਦੀ ਵਾਰ ਦਾ ਰੱਜ ਕੇ ਪਿਆਰ ਕੀਤਾ
ਘੁੱਟ ਲਏ ਕਲਾਵੇ ਵਿਚਕਾਰ ਦੋਵੇਂ
ਸਿੱਖੀ ਦਾ ਮਹਿਲ ਬਣਾਉਣ ਖਾਤਿਰ
ਚਿਣੇ ਗਏ ਸੀ ਵਿਚ ਦੀਵਾਰ ਦੋਵੇਂ
ਡਾਨਸੀਵਾਲੀਆ ਮੌਤ ਨੂੰ ਗਲ ਲਾ ਕੇ
ਗਏ ਤਖਤ ਨੂੰ ਠੋਕਰ ਮਾਰ ਦੋਵੇਂ

ਕੁਲਵੀਰ ਸਿੰਘ ਡਾਨਸੀਵਾਲਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

This news is Edited By Aarti dhillon