ਕਹਾਣੀਨਾਮਾ 26 : ਗੜ੍ਹੀ ਪਠਾਣਾਂ

10/20/2020 11:11:03 AM

ਅਜਮੇਰ ਸਿੱਧੂ

ਜੇਠ ਮਹੀਨੇ ਦੀ ਸਿਖ਼ਰ ਦੁਪਹਿਰ ਸੀ।
ਮੈਂ ਠੇਕੇ 'ਤੇ ਨੌਕਰ ਨੂੰ ਬਿਠਾ ਕੇ ਘਰ ਨੂੰ ਜਾ ਰਿਹਾ ਸੀ। ਜਦੋਂ ਮੈਂ ਗੜ੍ਹੀ ਕੋਲੋਂ ਲੰਘਣ ਲੱਗਾ, ਚਾਰ-ਪੰਜ ਜਵਾਨ ਤੇ
ਖ਼ੂਬਸੂਰਤ ਮੁਟਿਆਰਾਂ ਸੱਜ-ਫੱਬ ਕੇ ਖੜ੍ਹੀਆਂ ਸਨ। ਪਿੱਛੋਂ ਮੈਂ ਦੇਖਿਆ ਸੀ। ਉਨ੍ਹਾਂ ਦੇ ਮੂੰਹ ਬੁਰਕਿਆਂ ਨਾਲ ਢੱਕੇ ਹੋਏ ਸਨ। ਜਿਉਂ ਹੀ ਮੈਂ ਉਨ੍ਹਾਂ ਦੇ ਕੋਲ ਪੁੱਜਾ, ਉਨ੍ਹਾਂ ਬੁਰਕਿਆਂ ਦੀਆਂ ਜਾਲੀਆਂ ਵਾਲੀਆਂ ਪੱਟੀਆਂ ਚੁੱਕ ਕੇ ਸਿਰ 'ਤੇ ਸੁੱਟ ਲਈਆਂ। ਮੈਨੂੰ ਲੱਗਾ, ਜਿਵੇਂ ਅਰਸ਼ ਤੋਂ ਪਰੀਆਂ ਉੱਤਰ ਆਈਆਂ ਹੋਣ।…ਮੈਂ ਉਨ੍ਹਾਂ ਦੇ ਹੋਰ ਨੇੜੇ ਹੋਇਆ ਤਾਂ ਅਤਰ ਫੁਲੇਲ ਵਰਗੀ ਸੁਗੰਧੀ ਮੇਰੇ ਵੰਨੀ ਆਈ। ਇਹ ਸੁਗੰਧੀ ਉਨ੍ਹਾਂ ਦੇ ਭਰ-ਭਰ ਡੁਲ੍ਹਦੇ ਹੁਸਨ ਦੀ ਸੀ। ਬੁਰਕਿਆਂ ਵਿਚੋਂ ਵੀ ਉਨ੍ਹਾਂ ਦੇ ਗਦਰਾਏ ਜਿਸਮ ਮੇਰੀ ਅੱਖ ਦੀ ਮਾਰੂਥਲੀ ਤੇਹ ਨੂੰ ਸਰਸ਼ਾਰ ਕਰਨ ਲੱਗੇ।
ਮੈਂ ਰੂਹ ਭਰ ਕੇ ਉਨ੍ਹਾਂ ਵੱਲ ਵੇਖ ਨਾ ਸਕਿਆ। ਆਪਣੀ ਧੌਣ ਧਰਤੀ 'ਚ ਗੱਡ ਲਈ। ਤੇਜ਼ ਕਦਮੀਂ ਤੁਰਦਾ ਰਿਹਾ।
ਜਿਉਂ ਹੀ ਉਨ੍ਹਾਂ ਦੇ ਕੋਲੋਂ ਦੀ ਲੰਘਣ ਲੱਗਾ, ਇਕ ਤਨਜ਼ ਭਰੀ ਆਵਾਜ਼ 'ਚ ਬੋਲੀ-
"ਏ ਹੀਰੋ! ਥੋੜ੍ਹਾ ਸਰ ਤੋ ਉਠਾਈਏ।"
ਮੈਂ ਪਹਿਲਾਂ ਹੀ ਘਬਰਾਹਟ ਵਿਚ ਸੀ ਪਰ ਡਰਦਾ ਮਾਰਿਆ ਖੜ੍ਹ ਗਿਆ। ਘਾਬਰੇ ਹੋਏ ਨੇ ਜਦ ਮੈਂ ਆਪਣਾ ਮੂੰਹ
ਉਨ੍ਹਾਂ ਵੱਲ ਕੀਤਾ। ਪਹਿਲੇ ਵਾਲੀ ਫੇਰ ਬੋਲੀ-
"ਹਜ਼ੂਰ, ਕਭੀ ਅਪਨੀ ਨਸ਼ੀਲੀ ਨਜ਼ਰੋਂ ਸੇ ਹਮ ਗ਼ੁਸਤਾਖੋਂ ਕੀ ਔਰ ਭੀ ਦੇਖ ਲੀਆ ਕਰੋ।" ਉਹ ਸਾਰੀਆਂ
ਖਿੜਖਿੜਾ ਕੇ ਹੱਸ ਪਈਆਂ ਸਨ।
"ਅੱਲ੍ਹਾ ਕੀ ਮਾਰ ਪੜੇ ਤੁਮ ਪਰ, ਬਿਚਾਰੇ ਕੋ ਕਿਉਂ ਪਰੇਸ਼ਾਨ ਕਰ ਰਹੀ ਹੋ? ਜਾਈਏ! ਸਰਦਾਰ ਜੀ ਆਪ
ਜਾਈਏ।"
ਇਹ ਰਾਬੀਆ ਸੀ…।
ਇਕ ਦਿਨ ਮੈਂ ਠੇਕੇ ਦੇ ਅੰਦਰ ਬੈਠਾ, ਸ਼ਰਾਬ ਦੇ ਗਾਹਕਾਂ ਦੀ ਉਡੀਕ ਕਰ ਰਿਹਾ ਸੀ। ਪਤਾ ਹੀ ਨਹੀਂ ਲੱਗਿਆ,
ਕਦੋਂ ਸਾਹਮਣੇ ਟੰਗੇ ਇਸ਼ਤਿਹਾਰ ਵਾਲੀ ਸੁੰਦਰੀ ਦੀ ਪਿਆਰ ਭਰੀ ਤੱਕਣੀ ਵੱਲ ਖਿੱਚਿਆ ਗਿਆ।…ਮੈਨੂੰ ਇਸ
ਵਿਚੋਂ ਰਾਬੀਆ ਹੀ ਦਿਸ ਰਹੀ ਸੀ। ਸਵੇਰੇ ਹੀ ਕੰਪਨੀ ਵਾਲੇ ਇਸ਼ਤਿਹਾਰ ਦੀਆਂ ਸ਼ੀਟਾਂ ਟੰਗ ਕੇ ਗਏ ਸਨ।ਇਸ
'ਜਾਲ' ਵਿਚੋਂ ਨਿਕਲਣ ਲਈ ਠੇਕੇ ਤੋਂ ਬਾਹਰ ਨਿਕਲ ਆਇਆ। ਇਮਲੀ ਦੇ ਰੁੱਖ ਦੀ ਛਾਵੇਂ ਖੜ੍ਹ ਗਿਆ… ਤੇ ਦੂਰ ਤੱਕ ਨਜ਼ਰ ਦੌੜਾਈ।
ਬਰਖੇੜੇ ਦੀ ਸੁੰਦਰਤਾ ਅਤੇ ਦਲਿੱਦਰਤਾ ਦਾ ਮਿਲਿਆ ਜੁਲਿਆ ਰੂਪ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਲੰਮੇ ਤੇ
ਸੰਘਣੇ ਇਮਲੀ ਤੇ ਮਹੂਏ ਦੇ ਰੁੱਖ ਪੰਜਾਬ ਦੀਆਂ ਟਾਹਲੀਆਂ ਦਾ ਭੁਲੇਖਾ ਪਾ ਰਹੇ ਸਨ। ਜਦੋਂ ਬਰਸਾਤਾਂ ਵਿਚ ਠੇਕੇ ਦੇ ਲਾਗੇ ਵਾਲਾ ਨਾਲ਼ਾ ਪਾਣੀ ਨਾਲ ਨੱਕੋ-ਨੱਕ ਭਰਿਆ ਵਗ ਰਿਹਾ ਹੁੰਦਾ, ਮੇਰੇ ਪਿੰਡ ਚੱਬੇਵਾਲ ਵਾਲਾ ਚੋਅ ਯਾਦ ਆ ਜਾਂਦਾ। ਮੀਹਾਂ ਦੇ ਦਿਨਾਂ ਵਿਚ ਹੀ ਬਰਖੇੜੇ ਦੀ ਕਾਲ਼ੀ ਮਿੱਟੀ ਫੁੱਲ ਜਾਂਦੀ। ਇਸ ਚਿੱਕੜ ਵਿਚ ਪਿੰਨੀਆਂ ਫਸ ਜਾਂਦੀਆਂ। ਪਿਤਾ ਜੀ ਅਕਸਰ ਆਖਦੇ-'ਇਹ ਮਿੱਟੀ ਸੁੱਕ ਜਾਵੇ ਤਾਂ ਲੋਹਾ, ਗਿੱਲੀ ਹੋ ਗਈ ਤਾਂ ਗੋਹਾ।'
ਮੈਂ ਮਿੰਟ 'ਚ ਪੰਜਾਬ ਪਹੁੰਚ ਜਾਂਦਾ ਤੇ ਮਿੰਟ 'ਚ ਬਰਖੇੜੇ। ਕਿੱਥੇ ਦਾਣਾ-ਪਾਣੀ ਖਿੱਚ ਲਿਆਇਆ? ਮੈਂ ਆਪਣੀਆਂ
ਸੋਚਾਂ ਨੂੰ ਪੰਜਾਬ ਅਤੇ ਬਰਖੇੜੇ ਨਾਲੋਂ ਤੋੜਿਆ।ਸੜਕ ਵੱਲ ਤੁਰਿਆ ਜਾਂਦਾ, ਦਿਨ-ਦਿਹਾੜੇ ਹੁਸਨ-ਪਰੀ ਦੇ ਸੁਪਨੇ ਲੈਣ ਲੱਗਾ। ਮੈਂ ਸੁਪਨੇ ਵਿਚ ਅਜੇ ਉਸੇ ਸੁੰਦਰੀ ਨਾਲ ਇਸ਼ਕ ਫ਼ਰਮਾ ਹੀ ਰਿਹਾ ਸੀ, ਇਕ ਤਿੱਖੀ ਆਵਾਜ਼ ਨੇ ਮੇਰੀ ਬਿਰਤੀ ਭੰਗ ਕਰ ਦਿੱਤੀ-
"ਬੜੀ ਆਪਾ ਨੇ ਆਪ ਕੋ ਘਰ ਪੇ ਬੁਲਾਇਆ।"
ਦਸ ਸਾਲ ਦੀ ਲੜਕੀ ਮੇਰੇ ਸਾਹਮਣੇ ਖੜ੍ਹੀ ਸੀ, ਉਸ ਬੱਚੀ ਦੀ ਗੱਲ ਸੁਣ ਕੇ ਮੈਂ ਥੋੜ੍ਹਾ ਘਬਰਾ ਗਿਆ। ਜ਼ਿਆਦਾ ਘਬਰਾਹਟ ਤਾਂ ਹਰ ਵਕਤ ਗਹਿਰੀ ਨਜ਼ਰ ਰੱਖਣ ਵਾਲੀ ਇਹਦੀ ਤਾਈ ਬਸ਼ੀਰਾ ਬੇਗਮ ਦੀ ਸੀ। ਉਹ ਮੈਨੂੰ ਜ਼ਿਆਦਾ ਹੀ ਕੱਟੜ ਦਿਖਾਈ ਦਿੰਦੀ। ਮੈਂ ਨਾ ਹੂੰ ਨਾ ਹਾਂ ਕਰ ਸਕਿਆ। ਉਸ ਵੇਲੇ ਸ਼ਰਾਬ ਲੈਣ ਵੜੇ ਤਿੰਨੋਂ ਬੰਦੇ ਹੱਸ ਪਏ ਸਨ। ਉਨ੍ਹਾਂ ਦੇ ਹਾਸੇ ਨੇ ਤਾਂ ਮੇਰੇ ਸਾਹ ਹੀ ਸੂਤ ਲਏ।…ਸਭ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਬੋਤਲਾਂ ਦਿੱਤੀਆਂ। ਮੁੜ ਨਿੱਕੀ ਕੋਲ ਆ ਗਿਆ। ਮੈਨੂੰ ਚੁੱਪ ਦੇਖ, ਬੱਚੀ ਨੇ ਫਿਰ ਉਹੀ ਸ਼ਬਦ ਦੁਹਰਾਏ। ਉਹਦਾ ਠੇਕੇ ਲਾਗੇ ਆਉਣਾ, ਮੈਨੂੰ ਬੜਾ ਅਜੀਬ ਲੱਗਿਆ।
"ਅੱਛਾ!" ਮੇਰੇ ਮੂੰਹੋਂ ਸਿਰਫ਼ ਏਨਾ ਹੀ ਨਿਕਲਿਆ।
ਮੇਰੀ ਹਾਂ ਸੁਣ ਕੇ ਬੱਚੀ ਨੇ ਦਬੀੜ ਵੱਟ ਲਈ। ਮੈਂ ਠੇਕੇ ਅੰਦਰ ਆ, ਕੁਰਸੀ 'ਤੇ ਬਹਿ ਗਿਆ। ਉਸੇ ਵੇਲੇ ਦਾੜ੍ਹੇ 'ਤੇ
ਹੱਥ ਫੇਰਦੇ, ਪਿਤਾ ਜੀ ਅੰਦਰ ਆ ਵੜੇ। ਮੈਂ ਉਨ੍ਹਾਂ ਨੂੰ ਦੇਖ ਕੇ ਸੁੰਗੜ ਜਿਹਾ ਗਿਆ। ਉਹ ਹਨੇਰਾ ਹੋਣ ਤੱਕ ਉੱਥੇ ਹੀ ਰਹੇ ਤੇ ਮੈਨੂੰ ਸ਼ਰਾਬ ਵੇਚਣ ਦੇ ਗੁਰਮੰਤਰ ਦੱਸਦੇ ਰਹੇ। ਮੈਂ ਉਨ੍ਹਾਂ ਦੇ ਹੁੰਦਿਆਂ 'ਉੱਥੇ' ਜਾਣ ਦੀ ਹਿੰਮਤ ਹੀ ਨਾ ਜੁਟਾ ਸਕਿਆ। ਉਦਾਂ ਵੀ ਮੈਂ ਜਾਣਾ ਨਹੀਂ ਸੀ। ਬਸ਼ੀਰਾ ਬੇਗਮ ਦੀਆਂ ਅੱਖਾਂ ਦੀ ਲਾਲੀ ਦਾ ਭੈਅ ਸਤਾਉਂਦਾ ਸੀ ਤੇ ਮੁੰਨਾ ਪਠਾਣ ਦੀ ਰਫ਼ਲ ਤਾਂ ਸਿੱਧਾ ਛਾਤੀ ਵਿਚ ਛੇਕ ਕਰਦੀ ਸੀ। ਉਸ ਦਿਨ ਠੇਕਾ ਵੀ ਪਿਤਾ ਜੀ ਨੇ ਹੀ ਬੰਦ ਕਰਵਾਇਆ ਸੀ। ਜਦੋਂ ਅਸੀਂ ਘਰ ਪੁੱਜੇ, ਮੇਰੇ ਮਾਤਾ ਜੀ ਤੇ ਭੈਣਾਂ ਰਸੋਈ ਵਿਚ ਰਾਤ ਦਾ ਖਾਣਾ ਬਣਾ ਰਹੀਆਂ ਸਨ। ਦਾਦੀ ਜੀ ਪਾਠ ਕਰਨ ਵਿਚ ਮਗਨ ਸਨ। ਉਨ੍ਹਾਂ ਪਾਠ ਸਮਾਪਤੀ ਪਿੱਛੋਂ ਸਭ ਤੋਂ ਪਹਿਲਾਂ ਮੈਨੂੰ ਕਲਾਵੇ ਵਿਚ ਲਿਆ। ਉਹ ਬਸ਼ੀਰਾ ਬੇਗਮ ਮੇਰੀ ਦਾਦੀ ਵਰਗੀ ਕਿਉਂ ਨਹੀਂ ਬਣਦੀ? ਇਹ ਸਵਾਲ ਮੈਂ ਦਾਦੀ ਨੂੰ ਮਨੋ-ਮਨੀ ਪੁੱਛਿਆ ਪਰ ਪਿਤਾ ਜੀ ਵੱਲ ਦੇਖ ਕੇ ਚੁੱਪ ਕਰ ਗਿਆ। ਦਾਦੀ ਜੀ ਦੇ ਪੋਥੀ ਸੰਤੋਖਣ ਪਿੱਛਿਉਂ ਹੀ ਸਾਨੂੰ ਖਾਣਾ ਮਿਲਿਆ ਸੀ।
ਖਾਣੇ ਤੋਂ ਗੱਲ ਯਾਦ ਆਈ, ਉਹ ਬੱਚੀ ਅਗਲੇ ਦਿਨ ਫੇਰ ਠੇਕੇ ਦੇ ਸਾਹਮਣੇ ਬੰਦ ਪਈਆਂ ਦੁਕਾਨਾਂ ਕੋਲ ਆ
ਧਮਕੀ। ਉਹ ਬੜੀ ਫੁਰਤੀ ਨਾਲ ਇਧਰ-ਉਧਰ ਗੇੜੇ ਕੱਢਣ ਲੱਗੀ। ਮੈਂ ਉਹਦੇ ਕੋਲ ਪੁੱਜਾ ਤਾਂ ਉਹ ਰੋਹਬ ਨਾਲ ਬੋਲੀ-
"ਸਰਦਾਰ ਜੀ, ਬੜੀ ਆਪਾ ਨੇ ਬੋਲਾ ਹੈ। ਅਗਰ ਆਪ ਆਜ ਤਸ਼ਰੀਫ਼ ਨਾ ਲਾਏ ਤੋਂ ਮੈਂ ਆਜ ਭੀ ਖਾਨਾ ਨਹੀਂ
ਖਾਊਂਗੀ।"
ਉਦੋਂ ਕੁਦਰਤੀ ਠੇਕੇ 'ਤੇ ਕੋਈ ਗਾਹਕ ਨਹੀਂ ਸੀ। ਨੌਕਰ ਵੀ ਘਰ ਗਿਆ ਹੋਇਆ ਸੀ। ਉੱਦਾਂ ਮੈਂ ਅੰਦਰੋਂ ਪੂਰੀ ਤਰ੍ਹਾਂ ਡਰ ਗਿਆ ਪਰ ਬੱਚੀ ਸਾਹਮਣੇ ਇਹ ਡਰ ਦਿਖਾਇਆ ਨਾ। ਸੋਚਦਾ ਪਿਆ ਸੀ, ਕਿਤੇ ਕੱਲ੍ਹ ਵਾਂਗ ਪਿਤਾ ਜੀ ਹੀ ਨਾ ਆ ਧਮਕਣ।
"ਠੀਕ ਐ! ਆਜ ਮੈਂ ਜ਼ਰੂਰ ਆਊਂਗਾ।" ਕਹਿਕੇ ਉਹਨੂੰ ਉਥੋਂ ਜਲਦੀ ਤੋਰਿਆ ਸੀ।
ਉਹ ਚਲੇ ਗਈ ਪਰ ਉਸ ਪਿੱਛੋਂ ਮੇਰੇ ਲਈ ਵਕਤ ਕੱਢਣਾ ਔਖਾ ਹੋ ਗਿਆ। ਇਹ ਰਾਬੀਆ ਦੀ ਚਚੇਰੀ ਭੈਣ
ਆਸ਼ੀਆ ਸੀ। ਸਾਡੇ ਠੇਕੇ ਤੋਂ ਥੋੜ੍ਹੀ ਦੂਰੀ ਤੇ ਕਸਬੇ ਵੱਲ ਨੂੰ ਇਨ੍ਹਾਂ ਪਠਾਣਾਂ ਦੀ ਅਬਦਾਲ ਨਾਂ ਦੀ ਗੜ੍ਹੀ ਸੀ। ਇਹ ਗੜ੍ਹੀ ਦਸ-ਬਾਰ੍ਹਾਂ ਕਿੱਲਿਆਂ ਵਿਚ ਫ਼ੈਲੀ ਹੋਈ ਸੀ। ਇਸਦੇ ਚਾਰੇ ਪਾਸੇ ਅਕਬਰਸ਼ਾਹੀ ਇੱਟਾਂ ਅਤੇ ਚੂਨੇ ਨਾਲ ਲੰਬਾਚੌੜਾ ਬਗਲ਼ ਕੀਤਾ ਹੋਇਆ ਸੀ। ਬਗਲ਼ ਦੀ ਕੰਧ ਦੋ-ਚਾਰ ਥਾਵਾਂ ਤੋਂ ਢਹੀ ਹੋਈ ਸੀ ਪਰ ਢਹੀਆਂ ਥਾਵਾਂ ਨੂੰ ਬੇਰਾਂ ਅਤੇ ਮਲ੍ਹਿਆਂ ਦੀਆਂ ਝਾੜੀਆਂ ਨੇ ਢੱਕਿਆ ਹੋਇਆ ਸੀ। ਇਸ ਗੜ੍ਹੀ 'ਚ ਪਠਾਣਾਂ ਦੇ ਪੱਚੀ-ਤੀਹ ਪਰਿਵਾਰ ਰਹਿੰਦੇ ਸਨ। ਘਰ, ਪਸ਼ੂਆਂ ਦੇ ਵਾੜੇ ਤੇ ਸਬਜ਼ੀਆਂ ਦੀਆਂ ਕਿਆਰੀਆਂ… ਸਭ ਕੁਝ ਖੁੱਲ੍ਹਾ-ਡੁੱਲ੍ਹਾ। ਸੰਘਣੇ ਦਰਖ਼ਤਾਂ ਅਤੇ ਫ਼ਲਾਂ ਦੇ ਬੂਟਿਆਂ ਨਾਲ ਇਹ ਥਾਂ ਹਰੀ-ਭਰੀ ਲੱਗਦੀ।
ਇਹ ਬਰਖੇੜਾ 'ਸੀਹੋਰ' ਜ਼ਿਲ੍ਹੇ ਦਾ ਉਦੋਂ ਛੋਟਾ ਜਿਹਾ ਕਸਬਾ ਹੁੰਦਾ ਸੀ ਤੇ ਭੁਪਾਲ ਜ਼ਿਲ੍ਹੇ ਨਾਲ ਜਾ ਲੱਗਦਾ
ਸੀ। ਸ਼ਾਇਦ ਪਿਤਾ ਜੀ ਸਾਨੂੰ ਪੰਜਾਬ ਤੋਂ ਉੱਥੇ ਕਦੀ ਵੀ ਨਾ ਲਿਜਾਂਦੇ, ਜੇਕਰ ਸਾਡੇ ਇਲਾਕੇ ਵਿਚ ਇਨਕਲਾਬੀ 
ਨੌਜਵਾਨਾਂ ਦੀਆਂ ਖਾੜਕੂ ਕਾਰਵਾਈਆਂ ਤੇਜ਼ ਨਾ ਹੁੰਦੀਆਂ। ਸੱਠਵਿਆਂ ਦੇ ਅਖੀਰ ਵਿਚ ਪੰਜਾਬ ਦੇ ਕਾਲਜਾਂ ਵਿਚ ਵੀ ਇਨਕਲਾਬ ਦੀ ਗੂੰਜ ਪੈਣ ਲੱਗ ਗਈ ਸੀ। ਅਸੀਂ ਉਦੋਂ ਮਾਹਿਲਪੁਰ ਦੇ ਕਾਲਜ ਵਿਚ ਜਾਣ ਹੀ ਲੱਗੇ ਸੀ। 'ਸੌਲੀ' ਵਾਲੇ ਗੋਪੀ ਹੋਰਾਂ ਦਾ ਖਾੜਕੂ ਜਥਾ ਕਾਲਜ ਅਤੇ ਇਲਾਕੇ ਵਿਚ ਸਰਗਗਰਮ ਹੋ ਗਿਆ ਸੀ। ਅਸੀਂ ਕੁਝ ਕਾਲਜੀਏਟ ਮੁੰਡੇ ਉਨ੍ਹਾਂ ਵੱਲ ਖਿੱਚੇ ਗਏ। ਪਿਤਾ ਜੀ ਇਲਾਕੇ ਵਿਚ ਜਥੇਦਾਰ ਵਜੋਂ ਮਸ਼ਹੂਰ ਸਨ। ਉਨ੍ਹਾਂ ਨੂੰ ਡਰ ਲੱਗਣ ਲੱਗ ਪਿਆ ਸੀ ਕਿ ਕਿਤੇ ਮੈਂ ਇਸ ਹਥਿਆਰਬੰਦ ਮੂਵਮੈਂਟ ਨਾਲ ਜੁੜ ਕੇ ਮਾਰਿਆ ਨਾ ਜਾਵਾਂ।
ਇਸੇ ਡਰ ਵਿਚੋਂ ਉਨ੍ਹਾਂ ਭੂਪਾਲ ਰਹਿੰਦੇ ਮਾਸੜ ਨਾਲ ਗੱਲਬਾਤ ਤੋਰੀ। ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਮਾਸੜ ਦਾ
ਪਰਿਵਾਰ ਸਿਆਲਕੋਟ ਜ਼ਿਲ੍ਹੇ ਦੀ ਤਹਿਸੀਲ ਨਾਰੋਵਾਲ ਦੇ ਪਿੰਡ ਬੱਦੋਮੱਲ੍ਹੀ ਰਹਿੰਦਾ ਸੀ। ਉਹ ਵੱਢ-ਵਢਾਂਗੇ ਦੇ ਦਿਨਾਂ ਵਿਚ ਨਾਰੋਵਾਲ ਤੋਂ ਸਿੱਧੇ ਭੂਪਾਲ ਜਾ ਵਸੇ। ਉੱਥੇ ਉਹ ਬੁਣਾਈ ਦਾ ਕੰਮ ਕਰਦੇ-ਕਰਦੇ ਕੱਪੜੇ ਦਾ ਵਪਾਰ ਕਰਨ ਲੱਗ ਪਏ ਸੀ। ਭੂਪਾਲ ’ਚ ਸਰਦਾਰਾਂ ਦੇ ਤਕੜੇ ਕਾਰੋਬਾਰ ਸਨ। ਉਨ੍ਹਾਂ ਸਾਨੂੰ ਬਰਖੇੜਾ ਤੇ ਅਹਿਮਦਪੁਰ ਵਿਚ ਦੋ ਸ਼ਰਾਬ ਦੇ ਠੇਕੇ ਲੈ ਦਿੱਤੇ। ਬਣਿਆ-ਬਣਾਇਆ ਘਰ ਵੀ ਖਰੀਦ ਦਿੱਤਾ। ਮੈਂ ਉੱਥੇ ਨਾ ਜਾਣ ਲਈ ਬਥੇਰੇ ਅੜਿੱਕੇ ਡਾਹੇ ਪਰ ਮੇਰੀ ਇਕ ਨਾ ਚੱਲੀ। ਪਿਤਾ ਜੀ ਸਖ਼ਤ ਸੁਭਾਅ ਦੇ ਸਨ। ਉਨ੍ਹਾਂ ਹਰ ਤਰੀਕਾ ਵਰਤਿਆ। ਮੈਂ ਉਨ੍ਹਾਂ ਅੱਗੇ ਤਾਂ ਨਾ ਝੁਕਿਆ ਪਰ ਦਾਦੀ ਜੀ ਦਾ ਕਹਿਣਾ ਮੰਨਣਾ ਪਿਆ। ਪਿਤਾ ਜੀ ਸਾਨੂੰ ਸਾਰੇ ਟੱਬਰ ਨੂੰ ਉੱਥੇ ਲੈ ਗਏ। ਸਾਡੇ ਲਾਗੇ ਸਰਦਾਰਾਂ ਦੇ ਹੋਰ ਵੀ ਘਰ ਸਨ। ਪਿਤਾ ਜੀ ਮੈਨੂੰ ਚੱਬੇਵਾਲ ਤੋਂ ਏਨਾ ਦੂਰ ਲੈ ਗਏ, ਮੈਂ ਨਵੀਂ ਬਣੀ ਪਾਰਟੀ ਦੇ ਨੇੜੇ ਕੀ ਰਹਿਣਾ ਸੀ? ਫੇਰ ਤਾਂ ਮੇਰੇ ਲਈ ਪੰਜਾਬ, ਲਾਹੌਰ ਨਾਲੋਂ ਵੀ ਦੂਰ ਹੋ ਗਿਆ ਸੀ…।
ਸਾਡਾ ਮਕਾਨ ਤਾਂ ਕਸਬੇ ਦੇ ਅੰਦਰ ਹੀ ਸੀ ਪਰ ਇਹ ਅਬਦਾਲ ਗੜ੍ਹੀ ਬਾਹਰਲੇ ਪਾਸੇ ਸੀ। ਸਾਡਾ ਠੇਕਾ ਗੜ੍ਹੀ ਤੋਂ ਅੱਗੇ ਸੀ। ਪਠਾਣਾਂ ਦੇ ਖੇਤ ਠੇਕੇ ਤੋਂ ਕਾਫੀ ਅੱਗੇ ਸਨ। ਚਾਰ ਦੀਵਾਰੀ ਦੇ ਬਾਹਰੋਂ ਇਹ ਗੜ੍ਹੀ ਪੁਰਾਣੇ ਕਿਲ੍ਹੇ ਵਰਗੀ ਲੱਗਦੀ। ਇਹਦੇ ਅੰਦਰ ਘੁੰਮਦੇ ਉੱਚੇ-ਲੰਮੇ ਪਠਾਣਾਂ ਤੋਂ ਡਰ ਆਉਂਦਾ। ਰਫ਼ਲਾਂ ਤਾਂ ਇਹ ਲੋਕ ਇਵੇਂ ਲਈ ਫਿਰਦੇ, ਜਿਵੇਂ ਸਰਹੱਦ 'ਤੇ ਫੌਜੀ ਮੋਢਿਆਂ ਤੇ ਪਾਈ ਫਿਰਦੇ ਹੁੰਦੇ ਆ। ਉਨ੍ਹਾਂ ਦਿਨਾਂ ਵਿਚ ਮੁੰਨਾ ਪਠਾਣ ਚਾਰ-ਪੰਜ ਛੋਕਰੇ ਨਾਲ ਲੈ ਕੇ ਸ਼ਿਕਾਰ ਖੇਡਣ ਗਿਆ, ਵਾਪਸੀ ਤੇ ਸਾਡੇ ਠੇਕੇ ਮੋਹਰੇ ਆ ਰੁਕਿਆ ਸੀ।
"ਸਰਦਾਰ ਭਾਈ! ਤੀਨ ਬੋਤਲੇਂ ਦੇ ਛੋੜੋ।ਆਜ ਕਬਾਬ ਕੇ ਸਾਥ ਨਵਾਬ ਬਨੇਂਗੇ।ਤਮਾਮ ਕਬੀਲਾ ਅੱਜ ਦਾਅਵਤ-ਏਮੁੰਨਾ ਕਬੂਲ ਫੁਰਮਾਏਗਾ।" ਉਹਨੇ ਆਲਾ-ਦੁਆਲਾ ਦੇਖ ਕੇ ਹੌਲੀ ਦੇਣੀ ਕਿਹਾ ਸੀ। ਦਰਅਸਲ ਗੜ੍ਹੀ ਦੇ ਕੁੱਝ ਪਠਾਣ ਚੋਰੀ ਸ਼ਰਾਬ ਪੀਂਦੇ ਸਨ।
ਮੋਢਿਆਂ 'ਤੇ ਪਾਈਆਂ ਰਫ਼ਲਾਂ ਅਤੇ ਹੱਥਾਂ ਵਿਚ ਮਾਰ ਕੇ ਫੜੇ ਹੋਏ ਸ਼ਿਕਾਰ ਤੋਂ ਉਹ ਕਬੀਲੇ ਦਾ ਸਰਦਾਰ ਲੱਗ ਰਿਹਾ ਸੀ। ਉਸਦੇ ਨਾਲਦਿਆਂ ਨੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਝੋਲੇ ਵਿਚ ਲੁਕਾਈਆਂ ਤੇ ਤੁਰਦੇ ਬਣੇ। ਇਹ ਰਾਬੀਆ ਦੇ ਅੱਬਾ ਸਨ।
ਉਸ ਦਿਨ, ਜਿਸ ਪਰੀ ਵਰਗੀ ਪਠਾਣ ਮੁਟਿਆਰ ਦਾ ਹੁਸਨ ਸਭ ਤੋਂ ਵੱਧ ਡੁੱਲ੍ਹ-ਡੁੱਲ੍ਹ ਪੈਂਦਾ ਸੀ- ਉਹ ਰਾਬੀਆ ਹੀ ਸੀ।… ਮੇਰੀ ਰਾਬੀਆ! ਗੋਰਾ ਨਿਛੋਹ ਰੰਗ। ਹਲਕੀ ਗੁਲਾਬੀ ਭਾਅ ਮਾਰਦੀਆਂ ਮੋਟੀਆਂ ਗੱਲ੍ਹਾਂ। ਗੁਲਾਬ ਦੀਆਂ ਪੰਖੜੀਆਂ ਵਰਗੇ ਬੁੱਲ੍ਹ। ਚੌੜਾ ਚੰਨ ਵਰਗਾ ਮੱਥਾ। ਅੱਧ ਬਿੱਲੀਆਂ ਅੱਖਾਂ।…ਸਰੂ ਵਰਗਾ ਕੱਦ । ਬਿਲਕੁਲ ਆਪਣੀ ਅੰਮੀ ਬਸ਼ੀਰਾਂ ਵਰਗੀ। ਗੱਲ ਕੀ ਮੇਰੇ ਚਿਤਵੇ ਰੂਹ-ਬੁੱਤ ਦੀ ਹਾਣਨ। 'ਅੱਲ੍ਹਾ ਕੀ ਮਾਰ ਪੜੇ ਤੁਮ ਪਰ ਬੇਚਾਰੇ…।' ਸੁਣ ਕੇ ਮੈਂ ਉਹਦੀ ਝੋਲੀ ਪੈ ਗਿਆ ਸੀ।
ਉਹ ਮੈਨੂੰ ਦੂਏ-ਤੀਏ ਦਿਨ 'ਦਰਸ਼ਨ' ਦੇਣ ਲੱਗ ਪਈ। ਲੱਗਭਗ ਇਕ ਹੀ ਵਕਤ ਉਹ ਆਇਆ ਕਰੇ ਤੇ ਮੇਰੀ
ਨੈਣ ਪਿਆਸ ਦਾ ਹੀਲਾ ਕਰ ਜਾਇਆ ਕਰੇ। ਜਿਉਂ ਹੀ ਮੈਂ ਅਬਦਾਲ ਗੜ੍ਹੀ ਪੈਸਿਆਂ ਦੀ ਉਗਰਾਹੀ ਕਰਨ ਜਾਣਾ ਤਾਂ ਕੁਦਰਤੀ ਰਾਬੀਆ ਵੀ ਉੱਚੀਆਂ ਡਿਉਢੀਆਂ ਦੀਆਂ ਸਰਦਲਾਂ 'ਤੇ ਖੜ੍ਹੀ ਹੋਣਾ। ਉਹ ਇਕੋ ਟਕ ਮੇਰੇ ਵੱਲ ਦੇਖਦੀ ਰਹਿੰਦੀ। ਕਈ ਵਾਰੀ ਮੈਂ ਕੋਲੋਂ ਲੰਘਦੇ ਸਮੇਂ ਡਰ ਜਾਣਾਂ। ਖਾਸ ਕਰ ਉਦੋਂ, ਜਦੋਂ ਬਾਜ਼ਾਰ ਨੂੰ ਜਾਂਦੇ ਸਮੇਂ ਉਹਦੀ ਅੰਮੀ ਨਾਲ ਹੋਣੀਂ। ਇਸ ਡਰ ਵਿਚੋਂ ਹੀ ਨੀਵੀਂ ਪਾ ਲੈਣੀ। ਕਈ ਵਾਰ ਸ਼ੇਰ ਬਣ ਜਾਣਾਂ। ਮੂੰਹ ਪਿੱਛੇ ਕਰ-ਕਰ ਦੇਖੀ ਜਾਣਾਂ ਪਰ ਕੁਝ ਵੀ ਕਹਿਣ ਦੀ ਹਿੰਮਤ ਨਾ ਉਹਦੇ ਵਿਚ ਸੀ ਤੇ ਨਾ ਮੇਰੇ ਵਿਚ। ਇਹ ਤਾਂ ਹੁਣ ਉਹਨੇ ਆਸ਼ੀਆ ਰਾਹੀਂ ਸੁਨੇਹਾ ਭੇਜ ਕੇ ਸ਼ੁਰੂਆਤ ਕੀਤੀ ਸੀ।
ਬੱਚੀ ਤਾਂ ਸੁਨੇਹਾ ਦੇ ਕੇ ਚਲੀ ਗਈ। ਮੈਂ ਸੋਚਣ ਲੱਗਾ ਕਿ ਰਾਬੀਆ ਕੋਲ ਜਾਵਾਂ ਜਾਂ ਨਾ? ਗੜ੍ਹੀ ਦੇ ਪਠਾਣਾਂ ਦਾ ਡੀਲ ਡੌਲ ਤੇ ਰਫ਼ਲਾਂ ਦਾ ਸੋਚ ਕੇ, ਵਾਰ-ਵਾਰ ਨਾਂਹ ਵਿਚ ਸਿਰ ਵੱਜ ਰਿਹਾ ਸੀ।ਰਾਬੀਆ ਦੇ ਭੁੱਖੀ ਪਿਆਸੀ ਹੋਣ ਦਾ
ਖਿਆਲ ਆਇਆ ਤਾਂ ਮਨ ਪਸੀਜ ਗਿਆ।ਦਾਦੀ ਵਾਂਗ ਮੈਂ ਹਰ ਰੋਜ਼ ਪੰਛੀਆਂ ਨੂੰ ਕੋਠੇ 'ਤੇ ਪਾਣੀ ਰੱਖਦਾ ਸੀ ਤੇ
ਰੋਟੀਆਂ ਦੇ ਛੋਟੇ-ਛੋਟੇ ਟੁਕੜੇ ਕਰ ਕੇ ਪਾਉਂਦਾ ਸੀ।ਆਖਿਰ ਇਹ ਪੰਛੀ ਵੀ ਤਾਂ…। ਮਨ ਜਾਵਾਂ ਜਾਂ ਨਾ ਜਾਵਾਂ ਦੀ
ਉਧੇੜਬੁਣ ਵਿਚ ਫਸਿਆ ਹੋਇਆ ਸੀ।ਤਦ ਨੌਕਰ ਆ ਗਿਆ। ਮੈਂ ਉਹਨੂੰ ਠੇਕੇ 'ਤੇ ਬਿਠਾ ਗੜ੍ਹੀ ਅੰਦਰ ਦਾਖ਼ਲ ਹੋ ਗਿਆ। ਗਰਮੀ ਨੇ ਕਾਂ ਦੀ ਅੱਖ ਕੱਢਣੀ ਲਈ ਹੋਈ ਸੀ। ਬੰਦਾ ਤੇ ਬੰਦੇ ਦੀ ਜਾਤ ਤਾਂ ਕੀ, ਕੋਈ ਕੁੱਤਾ-ਬਿੱਲੀ ਵੀ ਨਜ਼ਰੀਂ ਨਹੀਂ ਸੀ ਪੈ ਰਿਹਾ। ਮੈਂ ਜਿਉਂ ਹੀ ਸੱਤਵੇਂ ਘਰ ਕੋਲੋਂ ਲੰਘਿਆ, ਉਹ ਝੱਟ ਗਲੀ ਵਿਚ ਆ ਗਈ।
ਮੈਂ ਉਸਦੇ ਮਗਰ ਹੀ ਤੁਰ ਪਿਆ। ਮੇਰਾ ਦਿਲ ਧੜਕ ਰਿਹਾ ਸੀ। ਕਿਤੇ ਘਰ ਅੰਮੀ, ਅੱਬਾ, ਭਰਾ-ਭਰਜਾਈਆਂ ਨਾ
ਹੋਣ? ਉਨ੍ਹਾਂ ਬਾਰੇ ਸੋਚਦਾ, ਅੰਦਰ ਜਾ ਵੜਿਆ ਸੀ। ਕਮਰਿਆਂ ਦੀਆਂ ਕੰਧਾਂ ਬਹੁਤ ਮੋਟੀਆਂ ਸਨ ਅਤੇ ਛੱਤਾਂ
ਅਵਾਗੌਣ ਉੱਚੀਆਂ। ਕਮਰਾ ਬਿਲਕੁਲ ਠੰਢਾ। ਮੰਜੇ 'ਤੇ ਬੈਠਿਆਂ, ਕਮਰੇ ਦੀ ਠੰਢਕ ਨੇ ਤਪਦਾ ਸਰੀਰ ਠਾਰਿਆ
ਸੀ। ਘੜੇ ਦਾ ਪਾਣੀ ਮੈਂ ਗਟ-ਗਟ ਕਰਕੇ ਅੰਦਰ ਲੰਘਾਇਆ। ਉਸਨੇ ਵੀ ਪਾਣੀ ਨਾਲ ਮੂੰਹ ਸੁੱਚਾ ਕੀਤਾ।
"ਅਜੀ ਹਜ਼ੂਰ! ਕਿਤਨਾ ਇੰਤਜ਼ਾਰ ਕਰਾਇਆ ਆਪ ਨੇ। ਹਮਾਰੀ ਨਜ਼ਰੇਂ ਤੋ ਆਪਕੀ ਰਾਹੇਂ ਤਲਾਸ਼ਤੀ ਰਹਤੀ ਥੀ। ਆਜ ਪਰਵਰਦਿਗਾਰ ਕੇ ਰਹਿਮੋ ਕਰਮ ਸੇ ਆਪ ਨਸੀਬ ਹੂਏ ਹੋ। ਆਪ ਜ਼ਿੰਦਗੀ ਹੋ ਮੇਰੀ…ਸਾਂਸੋ ਕੀ ਡੋਰ।"
ਉਸਨੇ ਅੱਖਾਂ ਮੇਰੇ ਚਿਹਰੇ 'ਤੇ ਗੱਡ ਦਿੱਤੀਆਂ। ਇੱਧਰ ਮੈਂ ਡਰ ਰਿਹਾ ਸਾਂ ਕਿ ਕਿਤੇ ਕੋਈ ਆ ਨਾ ਜਾਵੇ।
"…ਕਹਾਂ ਗਏ ਸਭੀ?"
"ਵੋਹ ਸਭੀ ਆਗਰੇ ਬੂਆ ਕੇ ਘਰ ਨਿਕਾਹ ਕੀ ਰਸਮ ਪੇ ਤਸਰੀਫ਼ ਫੁਰਮਾਂਹ ਹੈਂ। ਦੋ ਰੋਜ਼ ਕੇ ਬਾਅਦ ਆਏਂਗੇ। ਮੈਂ
ਆਪਸੇ ਜੀਅ ਭਰ ਕਰ ਬਾਤੇਂ ਕਰਨਾ ਚਾਹਤੀ ਹੂੰ।"
ਇਹ ਸੁਣ ਕੇ ਮੇਰੇ ਕਲੇਜੇ ਹੋਰ ਠੰਢ ਪੈ ਗਈ ਤੇ ਮੈਂ ਭੈਅ ਮੁਕਤ ਹੋ ਕੇ ਰਾਬੀਆ ਨੂੰ ਨਿਹਾਰਨ ਲੱਗਾ। ਉਹ ਸ਼ਰਾਰੇ ਵਿਚ ਬੜਾ ਫੱਬ ਰਹੀ ਸੀ। ਨਹੀਂ ਮੈਂ ਤਾਂ ਹਮੇਸ਼ਾਂ ਉਸ ਨੂੰ ਬੁਰਕੇ ਵਿਚ ਹੀ ਦੇਖਿਆ ਸੀ। ਜਿਸ ਦਿਨ ਜਿਹੜੀਆਂ ਚਾਰ-ਪੰਜ ਕੁੜੀਆਂ ਨੇ ਮੈਨੂੰ ਘੇਰਿਆ ਸੀ, ਮੈਂ ਇਸ 'ਤੇ ਹੀ ਲੱਟੂ ਹੋਇਆ ਸੀ। ਜਿਹਨੂੰ ਮੈਂ ਚੰਗੀ ਤਰ੍ਹਾਂ ਦੇਖਣ ਲਈ ਤਰਸਦਾ ਹੁੰਦਾ ਸੀ, ਉਹ ਮੇਰੇ ਸਾਹਮਣੇ ਬੈਠੀ ਸੀ। ਦੁਧੀਆ ਸ਼ਰਾਰੇ ਵਿਚ ਇਹ ਕੁੜੀ ਚੰਦਰਮਾ ਦੀਆਂ ਕਿਰਨਾਂ ਵਰਗੀ ਲੱਗ ਰਹੀ ਸੀ। ਇਹ ਲੰਮੀ-ਝੰਮੀ, ਮੋਟੀਆਂ-ਮੋਟੀਆਂ ਅੱਖਾਂ 'ਤੇ ਸਿੱਧੇ ਸਿਆਹ ਕਾਲੇ ਵਾਲਾਂ ਵਾਲੀ ਮੈਨੂੰ ਸਭ ਤੋਂ ਵੱਧ ਆਕ੍ਰਸ਼ਿਤ ਕਰ ਰਹੀ ਸੀ।
ਮੈ ਉਹਦੇ ਵਾਲਾਂ ਵਿਚ ਹੱਥ ਫੇਰਿਆ। ਇੰਝ ਲੱਗਾ ਜਿਵੇਂ ਉਸਦੇ ਅੰਗ-ਅੰਗ ਵਿਚ ਥਿਰਕਣ ਪੈਦਾ ਹੋ ਗਈ ਹੋਵੇ। ਇਹ ਖਿੱਲਰੇ ਵਾਲਾਂ ਵਿਚ ਵੀ ਕਿਸੇ ਪੋਰਟਰੇਟ ਵਿਚਲੀ ਸੁੰਦਰੀ ਲੱਗਣ ਲੱਗ ਪਈ। ਬਿਲਕੁਲ ਉਵੇਂ ਦੀ, ਜਿਵੇਂ
ਦੀਆਂ ਠੇਕੇ 'ਤੇ ਲੱਗੇ ਇਸ਼ਤਿਹਾਰਾਂ ਵਿਚ ਮਨਮੋਹਣੀਆਂ ਸੂਰਤਾਂ। ਉਹ ਪੰਜ-ਸੱਤ ਮਿੰਟ ਮੇਰੇ ਕੋਲ ਬਹਿੰਦੀ, ਫੇਰ
ਖਾਣ-ਪੀਣ ਲਈ ਕੁਝ ਨਾ ਕੁਝ ਚੁੱਕੀ ਲਿਆਉਂਦੀ। ਜਿਵੇਂ ਮੈਂ ਸਦੀਆਂ ਦਾ ਭੁੱਖਾ-ਪਿਆਸਾ ਹੋਵਾਂ। ਅਸੀਂ ਗੱਲਾਂ ਇਵੇਂ ਕਰ ਰਹੇ ਸੀ, ਜਿਵੇਂ ਜਨਮਾਂ ਤੋਂ ਜਾਣਦੇ ਹੋਈਏ। ਮੈਂ ਜ਼ਿੰਦਗੀ ਵਿਚ ਪਹਿਲੀ ਵਾਰੀ ਕਿਸੇ ਕੁੜੀ ਨੂੰ ਏਨਾ ਨੇੜਿਓਂ ਤੱਕ ਰਿਹਾ ਸੀ।
"ਕਿਆ ਹਮ ਫਿਰ ਮਿਲ ਸਕਤੇ ਹੈਂ?" ਮੈਂ ਤੁਰਨ ਵੇਲੇ ਹੌਲੀ ਦੇਣੀ ਪੁੱਛਿਆ ਸੀ।
ਉਹਨੇ ਨਾਂਹ ਵਿਚ ਸਿਰ ਮਾਰਿਆ। ਇਕ ਪਲ ਲਈ ਨਕਲੀ ਗੁੱਸਾ ਵੀ ਦਿਖਾਇਆ। ਫੇਰ ਖੁੱਲ੍ਹ ਕੇ ਹੱਸੀ। ਉਹਨੇ ਮੁੜਮੁੜ ਆਉਣ ਦੇ ਵਾਅਦੇ ਲਏ। ਤੁਰਨ ਵੇਲੇ ਘਰ ਦੇ ਸਾਰੇ ਕਮਰੇ ਦਿਖਾਏ। ਇਕ ਪਾਸੇ ਉਸਦੇ ਭਰਾ-ਭਰਜਾਈਆਂ ਰਸ਼ੀਦ ਮੁਹੰਮਦ-ਲਾਡੋ ਬੇਗਮ ਤੇ ਚਾਂਦ ਮੀਆਂ-ਸ਼ਬੀਨਾ ਬੇਗਮ ਦੇ ਕਮਰੇ ਸਨ। ਇਹ ਮੁੱਖ ਦਰਵਾਜ਼ੇ ਦੇ ਸਾਹਮਣੇ ਸਨ। ਇਹ ਨਵੇਂ ਛੱਤੇ ਹੋਏ ਸਨ। ਇਹ ਮਾਵਾਂ-ਧੀਆਂ ਦੂਜੇ ਪਾਸੇ ਪੁਰਾਣੇ ਕਮਰਿਆਂ ਵਿਚ ਹੀ ਸੌਂਦੀਆਂ ਸਨ। ਰਾਬੀਆ ਦਾ ਇੱਕਲੀ ਦਾ ਕਮਰਾ ਸੀ। ਇਸਦਾ ਛੋਟਾ ਦਰਵਾਜ਼ਾ ਖੇਤ ਵੱਲ ਨੂੰ ਨਿਕਲਦਾ ਸੀ। ਉਸਦੀ ਅੰਮਾ ਬਸ਼ੀਰਾ ਬੇਗਮ ਦਾ ਕਮਰਾ ਬਿਲਕੁਲ ਨਾਲ ਸੀ। ਉਸਦੇ ਅੱਬਾ ਮੁੰਨਾ ਪਠਾਣ ਜ਼ਿਆਦਾਤਰ ਖੇਤ ਹੀ ਸੌਂਦੇ ਸਨ। ਕਦੇ ਕਦਾਈਂ ਅੰਮਾਂ ਵਾਲੇ ਕਮਰੇ ਨੂੰ 'ਚਾਰ-ਚੰਨ' ਲਾਉਂਦੇ ਸਨ।

"ਜਿਸ ਦਿਨ ਮੁਝੇ ਆਪ ਸੇ ਮਿਲਨਾ ਹੋਗਾ, ਆਸ਼ੀਆ ਆਪ ਕੋ ਠੇਕੇ ਪਰ ਇਸ਼ਾਰਾ ਕਰੇਗੀ। ਆਪ ਉਸ ਰਾਤ ਖੇਤੋਂ ਕੀ ਤਰਫ਼ ਸੇ ਆ ਜਾਨਾ। ਮੈਂ ਕੁੰਡੀ ਖੋਲ੍ਹ ਦੂੰਗੀ।" ਰਾਬੀਆ ਨੇ ਭੋਲੇਪਨ 'ਚ ਤੁਰਨ ਵੇਲੇ ਮੈਨੂੰ ਕਿਹਾ ਸੀ।
ਹਾਂ, ਫੇਰ ਇਵੇਂ ਹੋਣ ਲੱਗ ਪਿਆ ਸੀ। ਪਠਾਣਾਂ ਦਾ ਟੋਲਾ ਜੰਗਲ ਵਿਚ ਸ਼ਿਕਾਰ ਖੇਡਣ ਜਾਂਦਾ। ਤਿੰਨ-ਤਿੰਨ, ਚਾਰਚਾਰ ਦਿਨ ਨਾ ਮੁੜਦੇ। ਮੁੰਨਾ ਪਠਾਣ, ਰਸ਼ੀਦ ਮੁਹਮੰਦ, ਚਾਂਦ ਮੀਆਂ ਤਾਂ ਸ਼ਿਕਾਰ ਖੇਡਣ ਤੁਰੇ ਹੀ ਰਹਿੰਦੇ। ਇਨ੍ਹਾਂ ਦਿਨਾਂ ਵਿਚ ਹੀ ਮੇਰਾ ਉੱਥੇ ਜਾਣ ਦਾ ਦਾਅ ਲੱਗਦਾ। ਮੈਂ ਠੇਕੇ ਤੋਂ ਉੱਠ ਕੇ ਉਥੇ ਚਲਾ ਜਾਂਦਾ। ਉਹ ਮੇਰੀ ਇੰਤਜ਼ਾਰ ਵਿਚ ਬੈਠੀ ਹੁੰਦੀ। ਉਸ ਕੋਲ ਪਿਆਰ-ਮੁਹੱਬਤ ਦੀਆਂ ਗੱਲਾਂ ਦਾ ਭੰਡਾਰ ਹੁੰਦਾ। ਉਹਦੀਆਂ ਗੱਲਾਂ ਨਾ ਮੁੱਕਦੀਆਂ, ਰਾਤ ਮੁੱਕ ਜਾਂਦੀ। ਉਹਦਾ ਜਿੰਨਾ ਚਿਹਰਾ ਖ਼ੂਬਸੂਰਤ ਸੀ, ਬਦਨ ਉਸ ਤੋਂ ਅਗਾਂਹ…ਲਿਸ਼-ਲਿਸ਼ ਕਰਦਾ। ਉਹਦੇ ਅੰਗਾਂ ਦੀਆਂ ਗੋਲਾਈਆਂ ਨੂੰ ਦੇਖ ਕੇ ਮੈਂ ਉਤੇਜਿਤ ਹੋ ਜਾਂਦਾ, ਬੇਕਾਬੂ ਹੋ ਜਾਂਦਾ। ਜਿਉਂ ਹੀ ਮੇਰਾ ਹੱਥ ਉਹਦੇ ਗਲ਼ਮੇ ਵਿਚ ਨੂੰ ਜਾਂਦਾ, ਉਹ ਮੇਰਾ ਹੱਥ ਫੜ ਲੈਂਦੀ 'ਤੇ ਬੜੇ ਠਰੰਮੇ ਨਾਲ ਕਹਿੰਦੀ-
"ਨਾ ਹਜ਼ੂਰ! ਅਭੀ ਨਹੀਂ । ਇਹ ਮੇਰੀ ਪਾਕ ਮੁਹੱਬਤ ਹੈ। ਆਪ ਕੇ ਸਾਥ ਨਿਕਾਹ ਤੀਕ ਪਾਕ ਹੀ ਰਹੇਗੀ।"
ਇਹ ਸ਼ਬਦ ਉਹਦੇ ਧੁਰ ਅੰਦਰੋਂ ਨਿਕਲਦੇ ਪਰ ਮੈਂ ਤੜਫ਼ ਕੇ ਰਹਿ ਜਾਂਦਾ।…ਅੰਤ ਮੇਰਾ ਸਰੀਰ ਬਰਫ਼ ਵਾਂਗ ਠੰਢਾ ਪੈ ਜਾਂਦਾ। ਚੱਲਦੇ ਹੱਥ ਰੁਕ ਜਾਂਦੇ। ਕੋਲ ਬੈਠ ਕੇ ਹੀ ਉਸਦੇ ਸੁਹੱਪਣ ਦਾ ਆਨੰਦ ਮਾਣਨ ਲੱਗਦਾ।
ਉਹ ਰੋਜ਼ੇ ਰੱਖਦੀ। ਦਿਹਾੜੀ ਵਿਚ ਪੰਜੇ ਵਕਤ ਨਮਾਜ਼ ਪੜ੍ਹਦੀ।ਜਿਸ ਰਾਤ ਮੈਂ ਉਸਦੇ ਕੋਲ ਹੁੰਦਾ, ਕਈ ਵਾਰੀ ਉਹ
ਇਸ਼ਾ ਵਾਲੀ ਨਮਾਜ਼ ਨਾ ਪੜ੍ਹਦੀ। ਮੈਂ ਉਸਨੂੰ ਨਮਾਜ਼ ਨਾ ਪੜ੍ਹਨ ਤੇ ਸਵਾਲ ਕਰਦਾ। ਉਹ ਮੇਰੇ ਬੁੱਲ੍ਹ ਚੁੰਮ ਲੈਂਦੀ-
"ਜਬ ਆਪ ਮੇਰੇ ਮੁਰਸ਼ਦ ਪਾਸ ਹੋ ਤੋ ਮੈਂ ਨਮਾਜ਼ ਕਿਉਂ ਪੜੂੰ? ਤੁਮ ਹੀ ਨਮਾਜ਼ ਹੋ। ਤੁਮ ਹੀ ਮੁਰਸ਼ਦ ਹੋ।"
ਉਸ ਕਿਸੇ ਸਕੂਲ ਜਾਂ ਮਦਰੱਸੇ ਤੋਂ ਪੜ੍ਹਾਈ ਨਹੀਂ ਕੀਤੀ ਸੀ। ਮੌਲਵੀ ਘਰ ਆ ਕੇ ਹੀ ਬੱਚਿਆਂ ਨੂੰ ਉਰਦੂ ਸਿਖਾ
ਦਿੰਦਾ ਸੀ। ਉਂਝ ਵੀ ਪਠਾਣਾਂ ਵਿਚ ਕੁੜੀਆਂ ਸਕੂਲ ਜਾਂ ਮਦਰੱਸੇ ਭੇਜਣਾ ਬੁਰਾ ਸਮਝਿਆ ਜਾਂਦਾ ਸੀ। ਉਹ ਉਰਦੂ ਏਨੀ ਸੁਹਣੀ ਬੋਲਦੀ ਸੀ ਕਿ ਮੈਂ ਉਹਦੇ ਮੂੰਹ ਵੱਲ ਹੀ ਦੇਖਦਾ ਰਹਿ ਜਾਂਦਾ।
ਉਹ ਹੱਥਾਂ ਦੀ ਬੜੀ ਸੁੱਚਜੀ ਸੀ। ਉਸਦੇ ਬਣਾਏ ਕਬਾਬ ਅੱਜ ਵੀ ਯਾਦ ਹਨ। ਕਈ ਵਾਰ ਗਰਮ-ਗਰਮ ਕਬਾਬ ਦਾ ਮੀਟ ਆਸ਼ੀਆ ਹੱਥ ਠੇਕੇ 'ਤੇ ਵੀ ਭੇਜ ਦਿੰਦੀ। ਉਹ ਹਰ ਤਰ੍ਹਾਂ ਦਾ ਗੋਸ਼ਤ ਬਣਾਉਣ ਵਿਚ ਮਾਹਿਰ ਸੀ।ਉਸਦੇ ਘਰ ਵਿਚ ਜ਼ਿਆਦਾਤਰ ਜੰਗਲੀ ਜਾਨਵਰਾਂ ਦਾ ਹੀ ਗੋਸ਼ਤ ਬਣਦਾ। ਦਰਵਾਜ਼ੇ ਅੰਦਰ ਪੈਰ ਰੱਖਦੇ ਸਾਰ ਮਸਾਲਿਆਂ ਨਾਲ ਭੁੰਨੇ ਮੁਰਗੇ ਜਾਂ ਤਿੱਤਰਾਂ ਦੀ ਮਹਿਕ ਆ ਜਾਂਦੀ।
"ਅਬ ਪਤਾ ਚਲਾ ਆਪਕੀ ਅੱਛੀ ਸਿਹਤ ਔਰ ਖ਼ੂਬਸੂਰਤੀ ਕਾ ਰਾਜ਼।" ਇਕ ਦਿਨ ਮੈਂ ਉਹਦੀ ਠੋਡੀ ਨਾਲ
ਛੇੜਖਾਨੀ ਕਰਦਿਆਂ ਕਿਹਾ।
"ਅਜੀ ਛੋੜੀਏ! ਯੇਹ ਤੋ ਆਪਕੇ ਆਨੇ ਸੇ, ਚਿਹਰੇ ਪੇ ਰੰਗਤ ਆ ਜਾਤੀ ਹੈ, ਵਰਨਾ ਹਮ ਤੋਂ…।" ਉਸ ਮੈਨੂੰ
ਗਲਵੱਕੜੀ ਪਾ ਲਈ ਸੀ। ਲਾਲਟੈਨ ਦੀ ਰੌਸ਼ਨੀ ਵਿਚ ਉਹਦਾ ਚਿਹਰਾ ਚੰਦ ਵਾਂਗ ਚਮਕਦਾ।
"ਪਹਿਲੇ ਕੁਛ ਖਾਈਏ!" ਉਹ ਮੇਜ਼ ਉਤੇ ਗਰਮ ਕਬਾਬ ਰੱਖਦੀ ਹੋਈ ਬੋਲੀ।
ਮੈਂ ਚਟਣੀ ਲਾ ਕੇ, ਅੱਧੇ ਕਬਾਬ ਤੇ ਦੰਦੀ ਵੱਢ ਕੇ ਆਪ ਖਾਂਦਾ ਤੇ ਬਾਕੀ ਬਚਦਾ ਉਹਦੇ ਮੂੰਹ ਵਿੱਚ ਪਾ ਦਿੰਦਾ।
"ਆਪ ਕੇ ਘਰ ਕਬੀ ਦਾਲ ਸਬਜ਼ੀ ਵੀ ਬਨਤੀ ਹੈ।" ਮੈਂ ਸਵਾਲ ਕਰਦਾ।
"ਜਿਸ ਦਿਨ ਆਪ ਨਹੀਂ ਆਤੇ।" ਉਸਦਾ ਹਾਸਾ ਨਿਕਲ ਗਿਆ।
ਇਨ੍ਹਾਂ ਦੇ ਘਰਾਂ ਦੀਆਂ ਕੁੜੀਆਂ-ਵਹੁਟੀਆਂ ਰਾਬੀਆ ਵਾਂਗ ਸੁਹਣੀਆਂ-ਸੁਨੱਖੀਆਂ ਸਨ। ਪੱਕੇ ਸੇਬਾਂ ਵਰਗੇ ਉਨ੍ਹਾਂ ਦੇ ਰੰਗ ਦੇ ਸਾਹਮਣੇ ਆਥਣ ਦੇ ਸੂਰਜ ਦੀ ਲਾਲੀ ਵੀ ਫਿੱਕੀ ਪੈ ਜਾਂਦੀ। ਮੋਟੀਆਂ-ਮੋਟੀਆਂ ਬਿੱਲੀਆਂ ਅੱਖਾਂ ਸਭ ਦਾ ਮਨ ਮੋਹ ਲੈਂਦੀਆਂ ਪਰ ਗੜ੍ਹੀ ਦੀ ਕੋਈ ਵੀ ਕੁੜੀ ਤੇ ਵਹੁਟੀ ਬਸ਼ੀਰਾ ਤੋਂ ਵੱਧ ਸੁਹਣੀ ਨਹੀਂ ਸੀ। ਬਸ਼ੀਰਾ ਰਾਬੀਆ ਦੀ ਵੱਡੀ ਭੈਣ ਲੱਗਦੀ। ਉਨ੍ਹਾਂ ਨੂੰ ਦੇਖ ਕੇ ਇੰਝ ਲੱਗਦਾ ਜਿਵੇਂ ਸਹੇਲੀਆਂ ਤੁਰੀਆਂ ਜਾਂਦੀਆਂ ਹੋਣ। ਰਾਬੀਆ ਦੇ ਘਰ ਵਿਚ ਮੈਨੂੰ ਸਿਰਫ਼ ਉਸਦੀ ਅੰਮੀ ਤੋਂ ਹੀ ਡਰ ਲੱਗਦਾ ਸੀ। ਉਸਦੇ ਅੱਬਾ ਨਾਲ ਮੇਰਾ ਵਾਹ ਘੱਟ-ਵੱਧ ਹੀ ਪੈਂਦਾ ਸੀ।ਹਾਂ, ਉਸਦੇ ਦੋਨੋਂ ਭਰਾ ਮੈਨੂੰ ਜ਼ਰੂਰ ਬੁਲਾਉਂਦੇ। ਵੱਡਾ ਚਾਂਦ ਮੀਆਂ ਤਾਂ ਕਦੀ-ਕਦਾਈਂ ਠੇਕੇ ਆਇਆ, ਮੇਰੇ ਕੋਲ ਬੈਠ ਵੀ ਜਾਂਦਾ। ਉਹ ਸ਼ਿਕਾਰ ਕਰਨ ਦੇ ਕਿੱਸੇ ਵਧਾ-ਚੜ੍ਹਾ ਕੇ ਸੁਣਾਉਂਦਾ। ਉਹ ਇੰਨਾ ਗਾਲ੍ਹੜੀ ਸੀ ਕਿ ਉਹਨੇ ਮੈਨੂੰ ਵੀ ਪੱਟ ਲਿਆ ਮੈਂ ਵੀ ਕਦੇ-ਕਦਾਈਂ ਉਹਦੇ ਨਾਲ ਸ਼ਿਕਾਰ ਖੇਡਣ ਚਲਾ ਜਾਂਦਾ। ਦਿਨ ਵੇਲੇ ਮੇਰਾ ਉਨ੍ਹਾਂ ਦੇ ਘਰ ਜਾਣਾ ਪਠਾਣਾਂ ਲਈ ਅਜੀਬ ਨਹੀਂ ਸੀ। ਮੈਂ ਚਾਂਦ ਮੀਆਂ, ਰਸ਼ੀਦ ਮੁਹੰਮਦ ਤੇ ਹੋਰ ਪਠਾਣਾਂ ਦੇ ਘਰਾਂ ਵਿਚ ਵੀ ਸ਼ਰਾਬ ਦੇਣ ਜਾਂਦਾ ਰਹਿੰਦਾ ਸੀ। ਉਹ ਗੁਪਤ ਰੂਪ ਵਿੱਚ ਬੋਤਲਾਂ ਘਰ ਮੰਗਵਾ ਲੈਂਦੇ ਸਨ। ਗੜ੍ਹੀ ਦੇ ਕੁੱਤੇ ਵੀ ਮੇਰੇ ਵਾਕਫ਼ ਬਣ ਗਏ ਸਨ। ਰਾਬੀਆ ਨੇ ਘਰ ਦੇ ਕੁੱਤੇ ਨੂੰ ਵੀ ਮੇਰੇ ਬਾਰੇ ਸਮਝਾ ਦਿੱਤਾ ਸੀ। ਹੁਣ ਮੈਨੂੰ ਉਨ੍ਹਾਂ ਤੋਂ ਡਰ ਲੱਗਣੋਂ ਹਟ ਗਿਆ ਸੀ ਤੇ ਅੰਮੀ…।
ਉਂਝ ਤੇ ਸਾਰੇ ਪਠਾਣ ਹਿੰਦੂ ਤੇ ਸਿੱਖਾਂ ਨਾਲ ਮਿਲਦੇ-ਵਰਤਦੇ ਸਨ ਪਰ ਅੰਮੀ ਸਰਦਾਰਾਂ ਦੀਆਂ ਜਨਾਨੀਆਂ ਨਾਲ ਬਹੁਤ ਘੁਲ-ਮਿਲ ਜਾਂਦੀ ਸੀ। ਉਹ ਅਕਸਰ ਘਰਾਂ ਵਿਚ ਗੇੜਾ ਵੀ ਮਾਰ ਜਾਂਦੀ। ਪਿੱਛੋਂ ਇਹ ਸਾਡੇ ਬਾਰ ਦੀ ਨਿਕਲੀ। ਦਾਦੀ ਅੰਮਾਂ ਇਨ੍ਹਾਂ ਦੇ ਗੁਆਢੀਆਂ ਤੋਂ ਦੁੱਧ ਲੈਣ ਜਾਂਦੀ ਹੁੰਦੀ ਸੀ। ਉੱਥੋਂ ਹੀ ਬਸ਼ੀਰਾ ਨਾਲ ਸਕੀਰੀ ਕੱਢ ਲਿਆਈ। ਦਾਦੀ ਘਰ ਆ ਕੇ ਪਿਤਾ ਜੀ ਨੂੰ ਦੱਸਣ ਲੱਗੀ-
"ਮੁੰਨੇ ਪਠਾਣ ਦੇ ਘਰੋਂ ਬਸ਼ੀਰਾ ਬੇਗਮ ਵੀ ਆਪਣੀ ਬਹਾਵਲਪੁਰ ਰਿਆਸਤ ਤੋਂ ਆਂ।ਚੱਕ ਨੰਬਰ ਤਿੰਨ ਸੌ ਉੱਨੀ
ਐਚ ਆਰ ਤੋਂ ਆਈ ਦੱਸਦੀ ਆ। ਮੈਂ ਦੱਸਿਆ ਅਸੀਂ ਚੌਹਤਰ ਐਚ ਆਰ ਤੋਂ ਆਂ।ਇਹ ਸੁਣ ਕੇ ਫੁੱਲੀ ਨਾ
ਸਮਾਈ।"
"ਕਿੱਥੇ ਮੱਧ ਪ੍ਰਦੇਸ ਦਾ ਬਰਖੇੜਾ ਤੇ ਕਿੱਥੇ ਬਹਾਵਲਪੁਰ? ਇਹ ਕਿੱਦਾਂ ਐਡੀ ਦੂਰੋਂ ਵਿਆਹੁਣ ਚਲੇ ਗਏ?" ਪਿਤਾ ਜੀ ਨੇ ਮੱਥਾ 'ਕੱਠਾ ਕੀਤਾ ਸੀ।
"ਕਹਿੰਦੀ ਓਧਰ ਭੂਪਾਲ ਤੇ ਬਰਖੇੜੇ ਦੇ ਪਠਾਣ ਊਠਾਂ 'ਤੇ ਮੇਵੇ ਵੇਚਣ ਜਾਂਦੇ ਹੁੰਦੇ ਸੀ।ਜਿਨ੍ਹਾਂ ਦਿਓਂ ਮੈਂ ਦੁੱਧ
ਲਿਆਉਂਨੀ ਆਂ, ਉਹ ਵੀ ਕਹਿੰਦੀ ਸੀ ਸਾਡੀਆਂ ਨਾਰੋਵਾਲ ਤੇ ਸਿਆਲਕੋਟ ਵਿਚ ਵੀ ਰਿਸ਼ਤੇਦਾਰੀਆਂ ਹੈਗੀਆਂ
ਸੀ।…ਕੋਈ ਵਿਚੋਂ ਨੇੜੇ ਦਾ ਰਾਹ ਹੋਣਾ।"
ਦੁੱਧ ਲੈਣ ਗਈ ਦਾਦੀ ਨੂੰ ਬਸ਼ੀਰਾ ਆਪਣੇ ਘਰ ਲੈ ਜਾਂਦੀ। ਇਨ੍ਹਾਂ ਪਸ਼ੂ ਤਾਂ ਰੱਖੇ ਹੋਏ ਸੀ ਪਰ ਦੁੱਧ ਨਹੀਂ ਸੀ
ਵੇਚਦੇ। ਦਾਦੀ ਦੱਸਦੀ ਸੀ, ਇਨ੍ਹਾਂ ਨੇ ਵਪਾਰ ਦੇ ਸਿਰੋਂ ਬਥੇਰੀ ਜ਼ਮੀਨ ਬਣਾਈ ਹੋਈ ਆ।ਗੁਜ਼ਾਰਾ ਸੌਖਾ ਹੁੰਦਾ ਆ।
ਬਸ਼ੀਰਾ ਦਾਦੀ ਮਾਂ ਨੁੰ ਕਦੇ- ਕਦਾਈਂ ਲੱਸੀ ਦਾ ਡੋਲੂ ਭਰ ਦਿੰਦੀ। ਮੱਖਣ ਵੀ ਪਾ ਦਿੰਦੀ। ਕਦੀ -ਕਦੀ ਸਾਗ,
ਗਾਜਰਾਂ, ਮੂਲੀਆਂ, ਸ਼ਲਗਮ, ਦਾਲਾਂ ਵੀ ਦੇ ਦਿੰਦੀ।…ਫੇ ਦਾਦੀ ਮਾਂ ਬੀਮਾਰ ਪੈ ਗਈ। ਮੇਰੇ ਮਾਤਾ ਜੀ ਜਾਣ ਲੱਗ ਪਏ। ਇਹ ਥੋੜ੍ਹੇ ਸੰਗਾਊ ਸੁਭਾਅ ਦੇ ਆ, ਬਹੁਤਾ ਕਿਸੇ ਦੇ ਘਰ ਨਹੀਂ ਜਾਂਦੇ।
ਬਸ਼ੀਰਾ ਹੋਰ ਸਿੱਖਾਂ ਦੇ ਘਰਾਂ ਵਿਚ ਆਉਂਦੀ-ਜਾਂਦੀ ਰਹਿੰਦੀ ਪਰ ਅਚਾਨਕ ਸਾਡੇ ਘਰ ਆਉਣੋਂ ਹਟ ਗਈ ਸੀ।
ਪਤਾ ਨਹੀਂ ਪਿਤਾ ਜੀ ਨੇ ਕੁਝ ਕਹਿ ਦਿੱਤਾ ਸੀ ਜਾਂ ਕੋਈ ਹੋਰ ਗੱਲ ਹੋਈ? ਉਨ੍ਹਾਂ ਦੇ ਟੱਬਰ ਦੇ ਬਾਕੀ ਜੀਅ ਪਹਿਲਾਂ
ਵਾਂਗ ਹੀ ਮਿਲਦੇ ਸਨ ਪਰ ਹੁਣ ਅੰਮੀ ਦੇ ਦਰਸ਼ਨ ਰਾਹ-ਵਾਟੇ ਹੀ ਹੁੰਦੇ।ਉਹ ਮੇਰੇ ਵੱਲ ਕੁਨੱਖੀ ਝਾਕਦੀ ਤਾਂ ਕਦੇ ਮੈਨੂੰ ਉਹਦੀਆਂ ਅੱਖਾਂ ਵਿਚੋਂ ਬੇਪਨਾਹ ਅਪਣੱਤ ਦਿਖਾਈ ਦੇਣੀ ਤੇ ਕਦੇ ਉਦਾਸੀ।ਰਾਬੀਆ ਨਾਲ ਤੁਰੀ ਜਾਂਦੀ, ਕਈ ਵਾਰ ਤਾਂ ਸਿੱਧੀ ਦੇਖਦੀ ਰਹਿੰਦੀ। ਮੈਂ ਸੋਚਦਾ ਰਹਿੰਦਾ- ਕਿਤੇ ਅੰਮਾਂ ਸ਼ੱਕ ਹੀ ਨਾ ਕਰਦੀ ਹੋਵੇ? ਸ਼ਾਇਦ ਇਸੇ ਕਰਕੇ ਸਾਡੇ ਘਰ ਨਾਲ ਮੇਲ-ਜੋਲ ਘਟਾਇਆ ਹੋਵੇ। ਉਹਦੇ ਤੇ ਰਾਬੀਆ ਦੇ ਕਮਰੇ ਨਾਲ-ਨਾਲ ਸਨ। ਜਦੋਂ ਮੈਂ ਰਾਬੀਆ ਕੋਲ ਅੰਦਰ ਹੁੰਦਾ, ਮੈਨੂੰ ਅੰਮੀ ਦੇ ਉੱਠਣ ਦਾ ਖਤਰਾ ਬਣਿਆਂ ਰਹਿੰਦਾ ਪਰ ਰਾਬੀਆ ਬਿਲਕੁਲ ਨਾ ਘਬਰਾਉਂਦੀ।
ਉਹ ਹੱਸਦੀ-ਹੱਸਦੀ ਆਖਦੀ-
"ਜਾਨੇਮਨ! ਬੇਫ਼ਿਕਰ ਰਹੋ! ਅੰਮੀ ਕੋ ਮੈਂ ਖ਼ੂਬ ਦੂਧ ਪਿਲਾ ਦੇਤੀ ਹੂੰ। ਜਗਾਨੇ ਪਰ ਹੀ ਉਠੇਗੀ।"
ਰਾਬੀਆ ਦੀ ਗੱਲ ਮੈਨੂੰ ਪਚਦੀ ਨਾ। ਨਾਲ ਦੇ ਕਮਰੇ 'ਚ ਮਾੜਾ ਜਿਹਾ ਵੀ ਖੜਾਕ ਹੁੰਦਾ, ਮੈਂ ਝੱਟ ਸੰਭਲ
ਜਾਂਦਾ।ਕਈ ਵਾਰ ਉਹਦੇ ਉੱਠੀ ਦਾ ਖੜਾਕਾ ਹੁੰਦਾ, ਮੈਂ ਮੰਜੇ ਥੱਲੇ ਲੁਕ ਜਾਂਦਾ।ਉਹ ਗੁਸਲਖਾਨੇ ਵੱਲ ਜਾਂਦੀ, ਇਕ ਨਜ਼ਰ ਰਾਬੀਆ ਦੇ ਕਮਰੇ ਵੱਲ ਮਾਰਦੀ। ਗੁਸਲਖਾਨੇ ਤੋਂ ਵਾਪਸ ਮੁੜ ਮੰਜੇ 'ਤੇ ਪੈ ਜਾਂਦੀ ਤੇ ਘੁਰਾੜੇ ਮਾਰਨ ਲੱਗਦੀ।ਮੈਂ ਤੇ ਰਾਬੀਆ ਪਿਆਰ ਵਿਚ ਗੜੁੱਚ, ਇਕ ਦੂਜੇ ਦੀਆਂ ਬਾਹਾਂ ਵਿਚ ਸਮਾ ਜਾਂਦੇ। ਮਸਤ…ਬੇਸੁੱਧ…ਕਿਸੇ ਵੱਖਰੀ ਦੁਨੀਆਂ ਵਿਚ। ਕਈ ਵਾਰੀ ਮੈਨੂੰ ਹਨੇਰੇ ਵਿਚ ਕੁਝ ਦਿਖਦਾ। ਮੈਂ ਇਕੱਠਾ ਹੋ ਜਾਂਦਾ। ਮੈਂ ਸਾਹ ਵੀ ਔਖੇ ਔਖੇ ਲੈਣ ਲੱਗਦਾ। ਪਰਛਾਵਾਂ ਗਾਇਬ ਹੋ ਜਾਂਦਾ। ਰਾਬੀਆ ਹੱਸਣ ਲੱਗ ਪੈਂਦੀ।
ਮੈਨੂੰ ਕਈ ਵਾਰੀ ਸ਼ੱਕ ਪੈਂਦਾ, ਮਾਵਾਂ ਧੀਆਂ ਰਲੀਆਂ ਹੋਈਆਂ ਹਨ। ਇਹ ਸਾਰਾ ਕੁਝ ਦੋਵਾਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ ਪਰ ਇਹ ਗੱਲ ਕਦੀ ਵੀ ਰਾਬੀਆ ਨੇ ਮੰਨੀ ਨਾ। ਜਿੱਥੇ ਮੈਂ ਅੰਮੀ ਤੋਂ ਡਰਦਾ, ਉਥੇ ਉਹ ਮੈਨੂੰ ਬੇਪ੍ਰਵਾਹ ਹੋ ਕੇ ਮਿਲਦੀ।ਸਾਰੀ-ਸਾਰੀ ਰਾਤ ਉਹਦੇ ਪਿਆਰ-ਕਿੱਸੇ ਨਾ ਮੁੱਕਦੇ।ਮੈਂ ਉੱਠ ਕੇ ਜਾਣ ਲੱਗਦਾ, ਉਹ ਠੇਕੇ ਦੀਆਂ ਚਾਬੀਆਂ ਖੋਹ ਲੈਂਦੀ।ਫਿਰ ਇਕ ਦਿਨ ਉਸਨੇ ਆਪਣੇ ਦਿਲ ਦੀ ਗੱਲ ਕਹਿ ਹੀ ਦਿੱਤੀ-
"ਮੇਰੇ ਸਾਥ ਨਿਕਾਹ ਕਰੋਗੇ?"
"ਤੇਰੇ ਅੱਬਾ ਮਾਨ ਜਾਏਂਗੇ?" ਅੱਗੋਂ ਮੈਂ ਸਵਾਲ ਕੀਤਾ।
"ਗੋਲੀ ਮਾਰ ਦੇਂਗੇ, ਮਗਰ ਨਿਕਾਹ ਨਹੀਂ ਕਰੇਂਗੇ।…ਹਮ ਘਰ ਸੇ ਭਾਗ ਕਰ ਨਿਕਾਹ ਕਰੇਂਗੇ।"ਉਸਨੇ ਮੇਰੇ ਹੱਥ
ਪਲੋਸਣੇ ਸ਼ੁਰੂ ਕਰ ਦਿੱਤੇ।
"ਤੇਰੀ ਅੰਮੀ ਰਾਜ਼ੀ ਹੋਗੀ…?"
"ਹਾਂ, ਮੁਝੇ ਯਕੀਨ ਹੈ ਕਿ ਵੋਹ ਹਮਾਰਾ ਸਾਥ ਦੇਗੀ।"
…ਪਰ ਮੇਰਾ ਯਕੀਨ ਸੀ ਕਿ ਉਹ ਨਹੀਂ ਮੰਨੇਗੀ। ਉਹ ਜ਼ਰੂਰ ਰੋੜਾ ਬਣੇਗੀ।ਕਈ ਵਾਰੀ ਉਹ ਕਹਿੰਦੀ- ਆਪਣੀਆਂ ਭਾਬੀਆਂ ਰਾਹੀਂ ਭਰਾਵਾਂ ਨੂੰ ਮਨਾ ਲਵੇਗੀ ਪਰ ਮੈਨੂੰ ਪਤਾ ਸੀ ਕਿ ਪਠਾਣ ਪੁੱਤ ਕਿੱਥੇ ਮੰਨਣ ਵਾਲੇ? ਕਿਸੇ ਕਾਫ਼ਿਰ ਦੇ ਘਰ ਆਪਣੀ ਭੈਣ ਦਾ ਨਿਕਾਹ, ਤੋਬਾ…ਤੋਬਾ! ਇਹ ਖੂਨ ਦੀਆਂ ਨਦੀਆਂ ਵਹਾ ਦੇਣਗੇ। ਲਾਸ਼ਾਂ ਦੇ ਢੇਰ ਲਾ ਦੇਣਗੇ।
ਇਹ ਤਾਂ ਅਣਖ ਖ਼ਾਤਿਰ…।
ਇਨ੍ਹਾਂ ਦਿਨਾਂ ਵਿਚ ਹੀ ਇਹਦੇ ਤਾਏ ਦੀ ਧੀ ਅਫਸਾਨਾ ਦੇ ਨਿਕਾਹ ਦਾ ਮਾਮਲਾ ਉੱਭਰਿਆ ਸੀ।ਗੁੱਜਰ ਮੁਸਲਮਾਨਾਂ ਦਾ ਇਕ ਮੁੰਡਾ ਉਹਦੇ ਨਾਲ ਨਿਕਾਹ ਕਰਵਾਉਣਾ ਚਾਹੁੰਦਾ ਸੀ।ਪਠਾਣ ਮੁਸਲਮਾਨਾਂ ਨੂੰ ਪਸੰਦ ਨਹੀਂ ਕਰਦੇ ਸਨ।ਉਹ ਮੰਨੇ ਨਾ। ਗੁੱਜਰਾਂ ਦਾ ਇਕ ਟੋਲਾ ਪਠਾਣ ਮਰਦਾਂ ਦੀ ਗ਼ੈਰ-ਹਾਜ਼ਰੀ ਵਿਚ ਅਫਸਾਨਾ ਨੂੰ ਚੁੱਕਣ ਆ ਗਿਆ।ਰਾਬੀਆ ਦੀ ਤਾਈ ਤੇ ਅੰਮੀ ਡਾਂਗ ਲੈ ਕੇ ਖੜ੍ਹ ਗਈਆਂ।ਗੁੱਜਰਾਂ ਦੀ ਅੱਗੇ ਵਧਣ ਦੀ ਹਿੰਮਤ ਨਹੀਂ ਸੀ ਪਈ।ਜੇ ਇਹ ਲੋਕ ਆਪਣੇ ਮਜ਼ਹਬ ਦੇ ਲੋਕਾਂ ਵਿਚ ਰਿਸ਼ਤਾ ਕਰਨ ਲਈ ਨਹੀਂ ਮੰਨੇ।ਫੇਰ ਸਿੱਖ ਪਿਛੋਕੜ ਵਾਲੇ ਲਈ ਕਿਉਂ ਮੰਨ ਜਾਣਗੇ? ਇਹੋ ਸਵਾਲ ਮੈਂ ਹਰ ਵਾਰੀ ਮਿਲਣ ਗਿਆ, ਰਾਬੀਆ ਨੂੰ ਜ਼ਰੂਰ ਕਰਦਾ।ਉਸਨੇ ਕਦੀ ਵੀ ਆਸ ਦਾ ਪੱਲਾ ਨਹੀਂ ਸੀ ਛੱਡਿਆ ਪਰ ਮੈਂ…।
ਉਸ ਰਾਤ ਮੈਂ ਰਾਬੀਆ ਦੇ ਨਾਲ ਸੁੱਤਾ ਪਿਆ ਸੀ। ਮੈਨੂੰ ਕੋਈ ਹੋਸ਼ ਨਹੀਂ ਸੀ।ਅੰਮੀ ਮਲਕ-ਮਲਕ ਰਾਬੀਆ ਦੇ
ਕਮਰੇ ਵਿਚ ਆਈ ਤੇ ਗੜ੍ਹਕੀ-
"ਹਮ ਪਠਾਣ ਲੋਗ ਹੈਂ। ਤੇਰੇ ਜੈਸੇ ਕਾਫ਼ਰ ਕੋ…।"
ਇੰਨਾ ਕਹਿ ਕੇ ਉਹਨੇ ਮੇਰੀ ਛਾਤੀ ਵਿਚ ਖੰਜਰ ਖੋਭ ਦਿੱਤਾ।ਮੇਰੀ ਚੀਕ ਨਿਕਲ ਗਈ।ਰਾਬੀਆ ਨੇ ਮੇਰੇ ਮੂੰਹ 'ਤੇ
ਹੱਥ ਰੱਖਿਆ ਸੀ।ਮੈਨੂੰ ਕਿੰਨਾ ਚਿਰ ਕੁਝ ਪਤਾ ਨਾ ਚੱਲਿਆ।ਮੇਰੀਆਂ ਅੱਖਾਂ ਆਲੇ-ਦੁਆਲੇ ਘੁੰਮੀਆਂ।ਕਿਤੇ ਵੀ
ਅੰਮੀ ਨਹੀਂ ਸੀ ਅਤੇ ਨਾ ਹੀ ਛਾਤੀ ਵਿਚੋਂ ਖੂਨ ਦਾ ਫੁਹਾਰਾ ਚੱਲ ਰਿਹਾ ਸੀ।ਰਾਬੀਆ ਮੇਰੀ ਛਾਤੀ ਦੱਬ ਰਹੀ ਸੀ।
ਉਸਨੇ ਹੀ ਮੈਨੂੰ ਭਿਆਨਕ ਸੁਪਨੇ 'ਚੋਂ ਕੱਢਿਆ ਸੀ।
"ਮੇਰੀ ਜਾਨ, ਕਿਉਂ ਡਰਤੇ ਹੋ…? ਮੈਂ ਆਪ ਕੇ ਪਾਸ ਹੂੰ ਨਾ…।"
ਉਸ ਦਿਨ ਤਾਂ ਉਸ ਨੇ ਬਚਾ ਲਿਆ ਸੀ ਪਰ ਇਸ ਤਰ੍ਹਾਂ ਦੇ ਸੁਪਨੇ ਮੈਨੂੰ ਅਕਸਰ ਆਉਣ ਲੱਗ ਪਏ।ਮੈਂ ਉਹਦੇ ਕੋਲ ਜਾਣ ਤੋਂ ਕੰਨੀ ਕਤਰਾਉਣ ਲੱਗਾ।ਜੇ ਨਾ ਜਾਂਦਾ, ਉਹ ਮੂੰਹ ਫੁਲਾ ਲੈਂਦੀ।ਉਹਦਾ ਪਿਆਰ ਖਿੱਚ ਕੇ ਲੈ ਜਾਂਦਾ।ਦੂਜੇ ਪਾਸੇ ਅੰਮੀ ਦੀਆਂ ਅੱਖਾਂ 'ਚ ਲਾਲ-ਲਾਲ ਡੋਰੇ ਉੱਤਰੇ ਦਿਖਦੇ।ਰਾਬੀਆ ਮੇਰੀ ਸੋਚ ਤੇ ਮੱਥੇ ਉਤੇ ਹੱਥ ਮਾਰਦੀ। 
ਪਤਾ ਨਹੀਂ ਉਹ ਕਿਸ ਮਿੱਟੀ ਦੀ ਬਣੀ ਹੋਈ ਸੀ, ਡਰ ਉਹਦੇ ਨੇੜੇ-ਤੇੜੇ ਵੀ ਨਜ਼ਰ ਨਹੀਂ ਸੀ ਆਉਂਦਾ।ਉਹਨੂੰ
ਵਿਸ਼ਵਾਸ ਸੀ ਕਿ ਉਹਦੀਆਂ ਪੜ੍ਹੀਆਂ ਨਮਾਜ਼ਾਂ ਅੱਲ੍ਹਾ ਪਾਕ ਦੀ ਦਰਗਾਹ ਵਿਚ ਆਪਣਾ ਅਸਰ ਜ਼ਰੂਰ
ਦਿਖਾਉਣਗੀਆਂ।ਅੱਲ੍ਹਾ ਸਾਡੀ ਮੁਹੱਬਤ ਨੂੰ ਜ਼ਰੂਰ ਪ੍ਰਵਾਨ ਚੜ੍ਹਾਏਗਾ।
ਫੇਰ ਮੈਂ ਆਪਣੇ ਘਰਦਿਆਂ ਬਾਰੇ ਸੋਚਣ ਲੱਗ ਪੈਂਦਾ। ਕੀ ਉਹ ਸਾਡੇ ਇਸ ਰੂਹ ਦੇ ਰਿਸ਼ਤੇ ਨੂੰ ਕਬੂਲ ਕਰ ਲੈਣਗੇ?
ਮੇਰੇ ਪਿਤਾ ਜੀ ਦਾ ਨਾਂਹ ਵਿਚ ਸਿਰ ਵੱਜਦਾ ਜਾਪਦਾ।…ਜਦੋਂ ਮੈਂ ਤੇ ਮੇਰੀਆਂ ਦੋਵੇਂ ਭੈਣਾਂ ਛੋਟੇ ਸਾਂ, ਪਿਤਾ ਜੀ ਸਿੱਖ
ਇਤਿਹਾਸ ਦੇ ਸ਼ਹੀਦੀ ਸਾਕੇ ਸੁਣਾਉਂਦੇ।ਉਹ ਮੁਸਲਮਾਨਾਂ ਦੇ ਜਬਰ ਨੂੰ ਅੱਖਾਂ ਸਾਹਮਣੇ ਸਾਕਾਰ ਕਰ
ਦਿੰਦੇ।'…ਜ਼ਾਲਮਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ।ਹੇਠਾਂ ਅੱਗ ਬਾਲ਼ੀ। ਸਿਰ 'ਤੇ ਗਰਮ ਰੇਤ ਪਾਉਣ ਲੱਗ ਪਏ ਪਰ ਸਾਡੇ ਸੱਚੇ ਪਾਤਸ਼ਾਹ ਡੋਲੇ ਨਾ।ਹੱਸ-ਹੱਸ ਕੁਰਬਾਨ ਹੋ ਗਏ।' ਗੁਰੂ ਤੇਗ ਬਹਾਦਰ ਜੀ ਦਾ ਸੀਸ ਲਾਹੁਣਾ ਤੇ ਸਿੰਘਾਂ ਦਾ ਬੰਦ-ਬੰਦ ਕੱਟਣ ਦਾ ਇਤਿਹਾਸ…ਸਾਡੀਆਂ ਅੱਖਾਂ ਵਿਚ ਲਹੂ ਉੱਤਰ ਆਉਂਦਾ।ਮੇਰਾ ਜੋਸ਼ ਉਬਾਲੇ ਖਾਣ ਲੱਗਦਾ। ਚਿੱਤ ਕਰਦੈ, ਕਿਰਪਾਨ ਲੈ ਕੇ ਜਾਵਾਂ।ਮੁਸਲਮਾਨਾਂ ਦੇ ਟੁਕੜੇ-ਟੁਕੜੇ ਕਰ ਆਵਾਂ।ਮੇਰੇ ਅੱਖਾਂ ਦੀ ਲਾਲੀ ਦੇਖ ਕੇ ਦਾਦੀ ਮੈਨੂੰ ਸ਼ਾਂਤ ਕਰਦੀ-
"ਪੁੱਤ! ਇਹ ਤਾਂ ਮੁਗ਼ਲ ਬਾਦਸ਼ਾਹਾਂ ਦੇ ਕਾਰੇ ਸਨ।ਰਾਜ ਕਰਨ ਵਾਲੇ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ ਜਾਂ ਗੋਰੇ…ਕੀ ਫ਼ਰਕ ਪੈਂਦਾ? ਇਹ ਲੋਕਾਂ 'ਤੇ ਜ਼ੁਲਮ ਕਰਦੇ ਈ ਹੁੰਦੇ ਆ। ਵਿਚਾਰੇ ਆਮ ਮੁਸਲਮਾਨ ਤਾਂ ਸਾਡੇ ਆਂਗ ਦੁੱਖ ਭੋਗਦੇ ਸੀ।ਸਾਡੇ ਆਂਗ ਗਰੀਬ ਸੀ।… ਚੌਧਰੀ ਕਰਮ ਇਲਾਹੀ ਤੇ ਉਹਦੇ ਮੁੰਡੇ ਵੀ ਤਾਂ ਮੁਸਲਮਾਨ ਸਨ।
ਰੌਲ਼ਿਆਂ ਵੇਲੇ ਆਪਣੀ ਜਾਨ 'ਤੇ ਖੇਡ ਕੇ ਉਨ੍ਹਾਂ ਸਾਡੇ ਪਰਿਵਾਰ ਨੂੰ ਬਚਾਇਆ। ਉਨ੍ਹਾਂ ਕਰਕੇ ਅਸੀਂ ਬਹਾਵਲਪੁਰ ਤੋਂ ਚੱਬੇਆਲ ਪਹੁੰਚ ਗਏ ਸੀ।ਬੱਸ ਇੱਕ…।"
ਪਿਤਾ ਜੀ ਗੁੱਸੇ ਵਿਚ ਉੱਠ ਕੇ ਬਾਹਰ ਚਲੇ ਜਾਂਦੇ ।ਦਾਦੀ ਮਾਂ ਆਪਣਾ ਵਿਖਿਆਨ ਜਾਰੀ ਰੱਖਦੇ-
"ਕਾਕਾ! ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਸਾਹਿਬ ਦੀ ਜੰਗ ਵਿਚੋਂ ਸਿੰਘਾਂ ਨੇ ਬਚ ਕੇ ਨਿਕਲ ਜਾਣ ਦਾ ਹੁਕਮ ਦੇ ਦਿੱਤਾ। ਉਹ ਕਈ ਦਿਨ ਮਾਛੀਵਾੜੇ ਦੇ ਜੰਗਲਾਂ ਵਿਚ ਰਹੇ। ਉਥੋਂ ਦੇ ਦੋ ਸ਼ਾਇਰ ਭਰਾ ਸਨ, ਨਬੀ ਖਾਂ ਤੇ ਗਨੀ ਖਾਂ। ਜਦੋਂ ਗੁਰੂ ਸਾਹਿਬ ਜੀ ਨੂੰ ਦੁਸ਼ਮਣ ਦੀ ਫੌਜ ਲੱਭਦੀ ਪਈ ਸੀ।ਇਹ ਮੁਸਲਮਾਨ ਗੱਭਰੂ ਉਨ੍ਹਾਂ ਨੂੰ ਮਾਛੀਵਾੜੇ ਤੋਂ ਸੁਰੱਖਿਅਤ ਕੱਢ ਕੇ ਲੈ ਗਏ ਸਨ।"
ਪਿਤਾ ਜੀ ਸਾਨੂੰ ਮੁਗਲਾਂ ਦੇ ਜਬਰ-ਜ਼ੁਲਮ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ।ਦਾਦੀ ਮਾਂ ਸਾਈਂ ਮੀਆਂ ਮੀਰ ਤੋਂ ਲੈ ਕੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਰ੍ਹਾ ਮਾਰਨ ਵਾਲੇ ਮਲੇਰਕੋਟਲੇ ਵਾਲੇ ਨਵਾਬ ਸ਼ੇਰ ਖਾਂ ਤੱਕ ਦਾ ਇਤਿਹਾਸ ਸੁਣਾ ਦਿੰਦੇ।ਅਸੀਂ ਬੱਚੇ ਦੁਬਿਧਾ ਵਿਚ ਫਸ ਜਾਂਦੇ। ਇਹ ਦੁਬਿਧਾ, ਜਦ ਮੈਂ ਕਾਲਜ ਗਿਆ, ਗੋਪੀ ਹੁਰੀਂ ਦੂਰ ਕੀਤੀ।
"ਧਰਮ ਬਣੇ ਸੀ, ਚੰਗੀ ਜੀਵਨ-ਜਾਚ ਸਿਖਾਉਣ ਲਈ। ਜਬਰ ਦਾ ਮੁਕਾਬਲਾ ਕਰਨ ਲਈ।ਗਰੀਬ ਤੇ ਮਜ਼ਲੂਮ ਦੀ ਰਾਖੀ ਕਰਨ ਲਈ।…ਤੇ ਹੁਣ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਕੋਲ ਧਰਮ ਹੀ ਇਕ ਅਜਿਹਾ ਹਥਿਆਰ ਹੈ, ਜਿਸ ਰਾਹੀਂ ਉਹ ਲੋਕਾਂ ਨੂੰ ਲੜਾਈ ਰੱਖਦੀਆਂ ਨੇ ਤੇ ਆਪ ਲੋਕਾਂ ਦੀ ਲੁੱਟ ਕਰੀ ਜਾਂਦੀਆਂ ਨੇ।"
ਮੇਰੇ ਪਿਤਾ ਜੀ ਨੇ ਸਾਨੂੰ ਏਨੀਆਂ ਕੁ ਸਿੱਖਾਂ ਉਤੇ ਹੋਈਆਂ ਜਬਰੋ-ਜ਼ੁਲਮ ਦੀਆਂ ਕਹਾਣੀਆਂ ਸੁਣਾਈਆਂ ਹੋਈਆਂ
ਸਨ, ਮੈਂ ਕਦੇ ਵੀ ਰਾਬੀਆ ਵੱਲ ਮੂੰਹ ਨਾ ਕਰਦਾ ਪਰ ਮੈਂ ਤਾਂ ਸਾਰੇ ਦਾ ਸਾਰਾ ਉਹਦਾ ਹੋ ਕੇ ਰਹਿ ਗਿਆ ਸੀ।
ਉਹਦਾ ਤਾਂ ਮੈਂ ਹੋ ਗਿਆ ਸੀ ਪਰ ਪਿਤਾ ਜੀ ਦੀ ਤਲਵਾਰ ਤੇ ਰਾਬੀਆ ਦੀ ਅੰਮੀ ਦੇ ਖੰਜਰ ਮੇਰਾ ਪਿੱਛਾ ਨਾ
ਛੱਡਦੇ।ਮੈਨੂੰ ਉਨ੍ਹਾਂ ਦੇ ਡਰਾਵਣੇ ਸੁਪਨੇ ਆਉਂਦੇ।…ਉਹ ਹੱਥਾਂ ਵਿਚ ਤਲਵਾਰ 'ਤੇ ਖੰਜਰ ਫੜ ਕੇ ਖੜ੍ਹੇ ਹਨ। ਉਨ੍ਹਾਂ ਦੇ ਇਕ ਪਾਸੇ ਮੈਂ ਹੁੰਦਾ ਤੇ ਦੂਜੇ ਪਾਸੇ ਰਾਬੀਆ।ਉਹ ਸਾਡੇ ਵਿਚਕਾਰ ਲਕੀਰ ਖਿੱਚ ਦਿੰਦੇ।ਜਿਵੇਂ ਭਾਰਤ 'ਤੇ
ਪਾਕਿਸਤਾਨ ਵਿਚਾਕਾਰਲੀ ਵਾਹਗੇ ਦੀ ਲਕੀਰ। ਮੈਂ ਦਾਦੀ ਕੋਲ ਪਿਤਾ ਜੀ ਖਿਲਾਫ਼ ਬੋਲ ਪੈਂਦਾ।ਇਕ ਦਿਨ ਉਹ ਮੇਰਾ ਜੂੜਾ ਕਰਦੇ ਹੋਏ ਫਿੱਸ ਪਏ-
"ਕਾਕਾ! ਤੇਰੇ ਵਡਾਰੂ ਸੁੱਖੀ ਸਾਂਦੀ ਲਹਿੰਦੇ ਪੰਜਾਬ ਵਸਦੇ ਸੀ।ਫੇਰ ਸੰਤਾਲੀ ਵੇਲੇ ਰੌਲ਼ੇ ਪਏ।…ਬੰਦਾ ਬੰਦੇ ਦਾ
ਦੁਸ਼ਮਣ ਬਣ ਗਿਆ।ਬੰਦੇ ਮੂਲੀਆਂ-ਗਾਜਰਾਂ ਆਂਗੂੰ ਵੱਢ ਸੁੱਟੇ।ਕੁੜੀਆਂ ਦੀਆਂ ਇੱਜ਼ਤਾਂ…ਇੱਦਾਂ ਦੀ ਤਾਂ ਰੱਬ ਕਿਸੇ ਦੁਸ਼ਮਣ ਨਾਲ ਵੀ ਨਾ ਕਰਾਏ।" ਦਾਦੀ ਨੇ ਹੱਥ ਜੋੜੇ ਸਨ।
"ਉਦੋਂ ਤੇਰੀ ਭੂਆ ਜੀਤੋ ਭਰ ਜੁਆਨ ਸੀ।ਉਹਦਾ ਵਿਆਹ ਰੱਖਿਆ ਹੋਇਆ ਸੀ।ਜੰਗਲ-ਪਾਣੀ ਗਈ ਹੋਈ ਨੂੰ
ਮੁਸਲਮਾਨ ਜਰਵਾਣੇ ਚੁੱਕ ਕੇ ਲੈ ਗਏ।ਮੇਰੀ ਧੀ ਨੂੰ ਕਿਸੇ ਬਚਾਇਆ ਨਾ। ਅਸੀਂ ਰੋਂਦੇ ਕੁਰਲਾਉਂਦੇ ਖਾਲੀ ਹੱਥ
ਇੱਧਰ ਆਏ ਸੀ।"
ਦਾਦੀ ਨੇ ਅਸਮਾਨ ਜਿੱਡਾ ਹਾਉਕਾ ਭਰਿਆ ਸੀ। ਉਸ ਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਡਿੱਗ ਪਏ ਸਨ। ਉਸ ਫੇਰ ਵਾਰਤਾ ਛੇੜ ਲਈ ਸੀ-
"ਡੇਢ ਕੁ ਸਾਲ ਬਾਅਦ ਮੇਰੀ ਧੀ ਜੀਤੋ ਨੂੰ ਭਾਰਤੀ ਮਿਲਟਰੀ ਲੱਭ ਲਿਆਈ ਸੀ।ਉੱਥੇ ਕਿਸੇ ਨੇ ਜ਼ਬਰਦਸਤੀ ਰੱਖੀ ਹੋਈ ਸੀ।ਸਾਰਾ ਟੱਬਰ ਬੂਹੇ 'ਤੇ ਖੜ੍ਹਾ ਸੀ, ਜਦੋਂ ਮਿਲਟਰੀ ਵਾਲੇ ਲੈ ਕੇ ਉਹਨੂੰ ਘਰ ਆਏ।ਉਹਦੇ ਬੱਚਾ ਹੋਣ ਵਾਲਾ ਸੀ।ਉਹ ਸਹਿਮੀ ਹੋਈ ਪੇਟ ਢੱਕੀ ਜਾਵੇ।ਫੌਜੀ ਅਫ਼ਸਰ ਨੇ ਉਹਨੂੰ ਸਾਡੇ ਮੋਹਰੇ ਕੀਤਾ ਸੀ।ਤੇਰਾ ਦਾਦਾ ਸ਼ਰੇਆਮ ਜੀਤੋ ਨੂੰ ਆਪਣੀ ਧੀ ਮੰਨਣ ਤੋਂ ਮੁੱਕਰ ਗਿਆ।ਕਹਿਣ ਲੱਗਾ-ਉਹ ਤਾਂ ਓਥੇ ਈ ਮਰ ਗਈ ਸੀ।" ਕਿੰਨਾ ਚਿਰ ਦਾਦੀ ਤੋਂ ਅਗਾਂਹ ਬੋਲ ਨਾ ਹੋਇਆ। ਉਹ ਖੜ੍ਹੀ ਹਟਕੋਰੇ ਲਈ ਗਈ।
"…ਪਰ ਮਿਲਟਰੀ ਵਾਲੇ ਜੀਤੋ ਨੂੰ ਪਿੰਡ ਛੱਡ ਗਏ ਸਨ।ਬੱਚਿਆ! ਉਨ੍ਹਾਂ ਦਾ ਰੋਜ਼ ਦਾ ਵਾਹ ਸੀ। ਲੁੱਟ-ਪੁੱਟ ਹੋਈਆਂ ਧੀਆਂ ਨੂੰ ਮਾਪੇ ਉਦੋਂ ਸਵੀਕਾਰਦੇ ਈ ਨਹੀਂ ਸੀ।ਉਹ ਤਿੰਨ ਦਿਨ ਪਿੰਡ ਵਿਚ ਘੁੰਮਦੀ ਫਿਰਦੀ ਰਹੀ।ਮੈਂ ਤੇਰੇ ਬਾਬੇ ਅੱਗੇ ਬਥੇਰੇ ਹੱਥ ਜੋੜੇ।ਬਹੁਤ ਕੁਰਲਾਈ। ਗੁਰੂਆਂ ਦਾ ਵਾਸਤਾ ਪਾਇਆ ਪਰ ਤੇਰਾ ਬਾਬਾ ਟੱਸ ਤੋਂ ਮੱਸ ਨਾ ਹੋਇਆ। ਅਚਾਨਕ ਪਿੰਡ ਵਿਚੋਂ ਗਾਇਬ ਹੋ ਗਈ ਤੇ ਚੌਥੇ ਦਿਨ ਟਿੱਬਿਆਂ ਚੋਂ ਲਾਸ਼ ਮਿਲੀ ਸੀ। ਬੱਸ ਦਾਗ਼ ਦੇ ਦਿੱਤੇ। ਉਦੋਂ ਕੋਈ ਪੁੱਛਦਾ ਈ ਨ੍ਹੀ ਸੀ।ਉਨ੍ਹਾਂ ਸਾਲਾਂ ਵਿਚ ਲੱਖਾਂ ਨਕਰਮੀਆਂ ਮੁੱਕੀਆਂ ਹੋਣੀਆਂ। ਕਿਸੇ ਭੋਗ ਵੀ ਨਾ ਪਾਏ।" ਦਾਦੀ ਕੀਰਨੇ ਪਾਉਣ ਲੱਗ ਪਈ ਸੀ।
ਜੀਤੋ ਭੂਆ ਦੀ ਵਿਥਿਆ ਸੁਣਦਿਆਂ ਮੇਰਾ ਵੀ ਗੱਚ ਭਰ ਆਇਆ ਸੀ।ਮੈਂ ਵੀ ਰੋਣ ਲੱਗ ਪਿਆ ਸੀ। ਦਾਦੀ ਮੈਨੂੰ ਚੁੱਪ ਕਰਵਾ ਰਹੀ ਸੀ, ਮੈਂ ਉਹਨੂੰ। ਇਸ ਪਿੱਛੋਂ ਹੀ ਮੈਨੂੰ ਮੁਸਲਮਾਨਾਂ ਪ੍ਰਤੀ ਪਿਤਾ ਜੀ ਦਾ ਵਤੀਰਾ ਸਮਝ ਆਇਆ
ਸੀ।
"ਫੇਰ ਕਾਕਾ, ਤੇਰੇ ਪਿਓ ਨੇ ਵੀ ਗਿਣ-ਗਿਣ ਕੇ ਬਦਲੇ ਲਏ।" ਸ਼ਾਇਦ ਦਾਦੀ ਵਿਅੰਗ ਵਿਚ ਬੋਲੀ ਸੀ।
"ਬਦਲੇ ਪਤਾ ਕੀਹਤੋਂ ਲਏ? ਜਿਹੜੀਆਂ ਵਿਚਾਰੀਆਂ ਮੁਸਲਮਾਨ ਕੁੜੀਆਂ ਲਾਸ਼ਾਂ ਬਣੀਆਂ ਹੋਈਆਂ ਸਨ। ਤੇਰੀ
ਭੂਆ ਅਰਗੀਆਂ। ਜਿਨ੍ਹਾਂ ਨੂੰ ਘਰਦਿਆਂ ਨੇ ਧੀਆਂ ਮੰਨਣ ਤੋਂ ਮੁੱਕਰ ਜਾਣਾ ਸੀ। ਤੇਰੇ ਬਾਪ ਨੇ ਕੁਝ ਹਿੰਦੂਆਂ-ਸਿੱਖਾਂ ਨੂੰ ਲੈ ਕੇ ਜਥਾ ਬਣਾਇਆ ਹੋਇਆ ਸੀ। ਇਹ ਜਥਾ ਲੋਕਾਂ ਦੀਆਂ ਧੀਆਂ-ਭੈਣਾਂ ਚੁੱਕ ਲਿਆਉਂਦਾ। ਉਨ੍ਹਾਂ ਨਾਲ ਜਬਰ-ਜਨਾਹ ਕਰਦੇ। ਫੇਰ ਉਨ੍ਹਾਂ ਨੂੰ ਮਾਰ ਦਿੰਦੇ ਜਾਂ ਵੇਚ ਦਿੰਦੇ।"
ਇਹ ਸੁਣ ਕੇ ਮੈਂ ਧਰਤੀ ਵਿਚ ਧੱਸਦਾ ਜਾਵਾਂ।ਦਾਦੀ ਮੇਰੀ ਹਾਲਤ ਭਾਂਪ ਗਈ ਸੀ ਉਸਨੇ ਗੱਲ ਨਿਬੇੜੀ-
"ਮੁਲਕ ਦੀ ਤਕਸੀਮ ਨਾਲ ਜੁੜੀਆਂ ਦੁੱਖਦਾਈ ਘਟਨਾਵਾਂ ਦੀ ਸ਼ਿਕਾਰ ਸਭ ਤੋਂ ਵੱਧ ਔਰਤ ਹੋਈ ਆ।ਭਾਵੇਂ ਉਹ
ਕਿਸੇ ਧਰਮ ਨਾਲ ਸੰਬੰਧ ਰੱਖਦੀ ਸੀ।…ਪੁੱਤ ਜਨਾਨੀ ਹੀ ਹਮੇਸ਼ਾਂ ਦਰੜੀ ਜਾਂਦੀ ਆ।"
ਮੇਰੀ ਦਾਦੀ ਬੜੀ ਸਿਆਣੀ ਸੀ।ਇਹ ਬਛੌੜੀ ਵਾਲੇ ਆਜ਼ਾਦੀ ਘੁਲਾਟੀਏ ਬੱਬਰ ਦੀ ਧੀ ਸੀ।ਇਹਨੂੰ ਸਿਆਸਤ ਤੇ
ਇਤਿਹਾਸ ਦਾ ਥੋੜ੍ਹਾ ਗਿਆਨ ਸੀ।ਜਦੋਂ ਰੌਲ਼ਿਆਂ ਵਾਲੇ ਸਾਲ ਧੀਆਂ-ਧਿਆਣੀਆਂ ਨਾਲ ਹੋਈਆਂ ਅਣਹੋਣੀਆਂ
ਸੁਣਾਉਂਦੀ ਤਾਂ ਸਾਰੀ-ਸਾਰੀ ਰਾਤ ਨੀਂਦ ਨਾ ਆਉਂਦੀ।
ਮੈਂ ਰਾਤ ਨੂੰ ਅੱਧ-ਸੁੱਤਾ ਹੁੰਦਾ, ਭੂਆ ਮੇਰੀ ਪੌਂਦੀ ਖੜ੍ਹੀ ਹੁੰਦੀ।ਮੈਨੂੰ ਦਬਾਅ ਪੈ ਜਾਂਦਾ। ਅਗਲੀ ਰਾਤ ਫਿਰ ਉਹਦਾ
ਪਰਛਾਵਾਂ ਦਿਸਦਾ।ਉਹ ਟਿੱਬਿਆਂ ਵੱਲ ਨੂੰ ਦੌੜ ਪੈਂਦੀ। ਮੈਂ ਭੂਆ ਦੇ ਡਰਾਵਣੇ ਸੁਪਨਿਆਂ ਤੋਂ ਬਚਣ ਲਈ ਜਲਦੀ ਜਲਦੀ ਰਾਬੀਆ ਵੱਲ ਜਾਣ ਲੱਗ ਪਿਆ।ਉਥੇ ਇਹ ਡਰ ਬਣਿਆਂ ਰਹਿੰਦਾ, ਰਾਬੀਆ ਦੀ ਮਾਂ ਬਸ਼ੀਰਾ ਬੇਗਮ ਕਦੋਂ ਖੰਜਰ ਕੱਢ ਲਵੇ? ਪਤਾ ਨਹੀਂ ਸੀ।ਮੈਂ ਕਦੇ ਉਹਤੋਂ ਡਰ-ਡਰ ਉੱਠਦਾ, ਕਦੇ ਭੂਆ ਤੇ ਪਿਤਾ ਜੀ ਤੋਂ।
ਫਿਰ ਮੈਨੂੰ ਬਸ਼ੀਰਾ ਬੇਗਮ ਤੋਂ ਡਰ ਲੱਗਣੋਂ ਹਟ ਗਿਆ। ਇਹ ਘਟਨਾ ਅਹਿਮਦਪੁਰ ਵਿਚ ਵਾਪਰੀ ਸੀ। ਸਾਡਾ ਦੂਜਾ ਠੇਕਾ ਉੱਥੇ ਸੀ। ਘਟਨਾ ਵਾਲੇ ਦਿਨ ਮੈਂ ਇਸ ਠੇਕੇ 'ਤੇ ਡਿਊਟੀ ਕਰ ਰਿਹਾ ਸੀ। ਦਰਅਸਲ ਸਾਡੇ ਸਾਰੇ ਇਲਾਕੇ ਵਿਚ ਦਿਨਾਂ ਦੇ ਹਿਸਾਬ ਨਾਲ ਵੱਡੇ ਪਿੰਡਾਂ ਵਿਚ ਹਾਟ ਲੱਗਦੇ ਸਨ। ਇਹ ਇਕ ਤਰ੍ਹਾਂ ਦੇ ਹਫ਼ਤਾਵਾਰੀ ਬਜ਼ਾਰ ਹੁੰਦੇ ਸਨ।ਇਸ ਵਿਚ ਦੁਕਾਨਦਾਰ ਸ਼ਹਿਰਾਂ ਤੋਂ ਘੋੜਿਆਂ ਅਤੇ ਬੈਲ-ਗੱਡੀਆਂ 'ਤੇ ਨਿੱਤ ਵਰਤੋਂ ਦਾ ਸਮਾਨ ਢੋਅ ਕੇ ਲਿਆਉਂਦੇ।ਕਰਿਆਨੇ ਅਤੇ ਮੁਨਿਆਰੀ ਵਾਲਿਆਂ ਦੇ ਵੱਖਰੇ
ਹਾਟ ਹੁੰਦੇ।ਕੱਪੜੇ ਵਾਲੇ ਗਾਹਕਾਂ ਨੂੰ ਘੇਰ-ਘੇਰ ਕੱਪੜਾ ਵੇਚਦੇ। ਬੱਕਰੇ ਤੇ ਮੁਰਗੇ ਵੱਢਣ ਵਾਲਿਆਂ ਵੱਲ ਬਹੁਤ ਰੌਣਕ
ਹੁੰਦੀ। ਇਸ ਰੌਣਕ ਕਾਰਨ ਸ਼ਰਾਬ ਦੀ ਬਹੁਤ ਵਿੱਕਰੀ ਹੁੰਦੀ। ਉਸ ਦਿਨ ਪਿਤਾ ਜੀ ਮੈਨੂੰ ਇਸ ਠੇਕੇ 'ਤੇ ਭੇਜ
ਦਿੰਦੇ।
ਮੈਂ ਤੇ ਨੌਕਰ ਬੜੇ ਸੁਹਣੇ ਗਾਹਕਾਂ ਨੂੰ ਬੋਤਲਾਂ ਫੜਾ ਰਹੇ ਸਾਂ।ਅਚਾਨਕ ਮੀਟ ਵਾਲੇ ਪਾਸੇ ਹੰਗਾਮਾ ਹੋਣਾ ਸ਼ੁਰੂ ਹੋ
ਗਿਆ।
" ਯੇਹ ਮੁਹੰਮਦ ਜੂਨਿਸ ਗਊ ਮਾਤਾ ਕਾ ਮੀਟ ਵੇਚਦਾ ਹੈ, ਹਮਾਰਾ ਧਰਮ ਭ੍ਰਿਸ਼ਟ ਕਰਤਾ ਹੈ। ਇਨ ਕੋ ਆਜ ਸਬਕ
ਸਿਖਾਨਾ ਹੈ।" ਭੀੜ 'ਚੋਂ ਕੋਈ ਉੱਚੀ-ਉੱਚੀ ਬੋਲ ਰਿਹਾ ਸੀ।
ਮੁਹੰਮਦ ਜੂਨਿਸ ਤੇ ਉਹਦਾ ਸਾਲਾ ਨਾਂਹ ਵਿਚ ਸਿਰ ਮਾਰ ਰਹੇ ਸਨ ਤੇ ਹੱਥ ਜੋੜ ਕੇ ਖੜ੍ਹੇ ਸਨ। ਲੋਕਾਂ ਨੇ 'ਹਰ ਹਰ
ਮਹਾਂਦੇਵ' ਦੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਸਨ।ਮੁਹੰਮਦ ਜੂਨਿਸ ਤੇ ਉਹਦਾ ਸਾਲਾ ਡਰ ਕੇ ਭੱਜ ਪਏ। ਕਿਸੇ ਦੇ
ਹੱਥ ਡਾਟ, ਕਿਸੇ ਕੋਲ ਤ੍ਰਿਸ਼ੂਲ, ਕਿਰਪਾਨ…ਜੋ ਵੀ ਹੱਥ ਲੱਗਾ, ਲੈ ਕੇ ਮਗਰ ਭੱਜ ਪਏ।ਉਹ ਆਪਣੇ ਘਰ ਵੱਲ ਨੂੰ
ਦੌੜੇ ਹੋਏ ਸਨ। ਭੀੜ ਨੇ ਉਨ੍ਹਾਂ ਨੂੰ ਦਰਵਾਜ਼ੇ ਦੇ ਬਾਹਰ ਹੀ ਧਰਤੀ 'ਤੇ ਸੁੱਟ ਲਿਆ। ਜਦੋਂ ਤੱਕ ਅਸੀਂ ਪੁੱਜੇ, ਭੀੜ
ਨੇ ਉਨ੍ਹਾਂ ਨੂੰ ਮਾਰ ਮੁਕਾਇਆ ਸੀ।
ਮੈਨੂੰ ਨੌਕਰ ਨੇ ਦੱਸਿਆ ਸੀ, ਜੂਨਿਸ ਹੋਰੀਂ ਕਦੇ ਗਾਂ ਦਾ ਮੀਟ ਨਹੀਂ ਵੇਚਦੇ। ਇਹ ਸਿਰਫ਼ ਅਫ਼ਵਾਹ ਸੀ। ਉਨ੍ਹਾਂ ਨੂੰ
ਮਾਰ ਕੇ ਭੀੜ ਨੇ ਉਸਦੇ ਘਰ ਨੂੰ ਘੇਰਾ ਪਾ ਲਿਆ।ਮੈਂ ਬਾਹਾਂ ਖਿਲਾਰ ਕੇ ਦਰਵਾਜ਼ੇ ਮੂਹਰੇ ਖੜ੍ਹ ਗਿਆ।
"ਇਨ ਪਾਪੀਓਂ ਕਾ ਏਕ ਭੀ ਜੀਅ ਬਚਨਾ ਨਹੀਂ ਚਾਹੀਏ।"
ਕਿਰਪਾਨਾਂ ਤੇ ਤ੍ਰਿਸ਼ੂਲਾਂ ਵਾਲੇ ਹਰ ਹਾਲ ਅੰਦਰ ਵੜਨਾ ਚਾਹੁੰਦੇ ਸਨ।ਮੈਂ ਦਰਵਾਜ਼ੇ ਮੂਹਰੇ ਖੜ੍ਹਾ ਉਨ੍ਹਾਂ ਨੂੰ ਰੋਕ ਰਿਹਾ
ਸੀ ਪਰ ਭੀੜ ਤਾਂ ਕਤਲ ਕਰਨ 'ਤੇ ਉਤਾਰੂ ਸੀ।ਮੈਂ ਆਪਣੇ ਨੌਕਰ ਨੂੰ ਮੂਹਰੇ ਕੀਤਾ।
"ਮੈਂ ਭੀ ਹਿੰਦੂ ਹੂੰ। ਯੇਹ ਪਾਪ ਯੇਹ ਲੋਕ ਨਹੀਂ ਕਰਤੇ।"
ਕੁਝ ਲੋਕ ਪਿੱਛੇ ਨੂੰ ਹਟ ਗਏ।ਕੁਝ ਤਿੱਖੇ ਤੇ ਜੋਸ਼ੀਲੇ ਨੌਜਵਾਨ ਅੱਗੇ ਵਧੇ, ਉਨ੍ਹਾਂ ਘਰ ਨੂੰ ਅੱਗ ਲਾ ਦਿੱਤੀ।ਉਹ ਅੱਗ
ਲਾ ਕੇ ਜੈਕਾਰੇ ਛੱਡਦੇ ਭੱਜ ਗਏ।ਅੱਗ ਨੇ ਘਰ ਨੂੰ ਲਪੇਟ ਵਿਚ ਲੈ ਲਿਆ ਸੀ।ਮੈਂ ਅੰਦਰ ਗਿਆ।ਸਾਰੇ ਜੀਆਂ ਨੂੰ
ਸੁਰੱਖਿਅਤ ਕੱਢਿਆ ਤੇ ਗੁਆਂਢੀਆਂ ਦੇ ਘਰ ਪਹੁੰਚਾਇਆ।ਮੇਰਾ ਨੌਕਰ 'ਤੇ ਹੋਰ ਲੋਕ ਬਾਲਟੀਆਂ ਨਾਲ ਅੱਗ 'ਤੇ
ਪਾਣੀ ਸੁੱਟ ਰਹੇ ਸਨ।ਉਨ੍ਹਾਂ ਜਲਦੀ ਹੀ ਅੱਗ ’ਤੇ ਕਾਬੂ ਪਾ ਲਿਆ।
ਮੈਂ ਜਦੋਂ ਜੂਨਿਸ ਦੇ ਪਰਿਵਾਰ ਨੂੰ ਲੁਕਾ ਕੇ ਬਾਹਰ ਨਿਕਲਿਆ, ਕੁਝ ਲੋਕ ਮੇਰੀ ਦਾਦ ਦੇ ਰਹੇ ਸਨ।ਬਸ਼ੀਰਾ ਬੇਗਮ
ਵੀ ਉਨ੍ਹਾਂ ਵਿਚ ਸ਼ਾਮਿਲ ਸੀ।ਉਹ ਅੱਗੇ ਵਧੀ। ਉਸਨੇ ਮੇਰੇ ਸਿਰ 'ਤੇ ਪਿਆਰ ਦਿੱਤਾ ਤੇ ਮੈਨੂੰ ਜੱਫੀ ਪਾ ਲਈ।
ਉਸ ਰਾਤ ਫਿਰ ਮੈਂ ਤੇ ਰਾਬੀਆ ਮਿਲੇ।ਮੈਂ ਰਾਤ ਨੂੰ ਠੇਕੇ ਤੋਂ ਸਿੱਧਾ ਉਸਦੇ ਘਰ ਚਲਾ ਗਿਆ। ਇੱਧਰ ਰਾਬੀਆ
ਮੇਰੇ ਵਾਲਾਂ ਵਿਚ ਹੱਥ ਫੇਰ ਰਹੀ ਸੀ।ਮੈਂ ਉਹਦੇ ਪਿਆਰ ਵਿਚ ਮਦਹੋਸ਼ ਹੋਇਆ ਪਿਆ ਸੀ।ਉੱਧਰ ਠੇਕੇ ਕੋਲੋਂ
ਰਾਜਪੂਤਾਂ ਦੀ ਬਰਾਤ ਲੰਘੀ। ਭਾਵੇਂ ਉਹ ਸ਼ਰਾਬ ਨਾਲ ਰੱਜੇ ਪਏ ਸਨ ਪਰ ਠੇਕਾ ਦੇਖ ਕੇ ਉਨ੍ਹਾਂ ਦਰਵਾਜ਼ਾ
ਖੜਕਾਇਆ ਸੀ।ਨੌਕਰ ਜਾਗ ਤਾਂ ਪਿਆ ਪਰ ਉਹ ਸ਼ਰਾਬ ਦੇਵੇ ਕਿੱਥੋਂ? ਚਾਬੀਆਂ ਮੇਰੇ ਕੋਲ ਸਨ। ਉਹ ਤਾਂ ਅਹਾਤੇ ਵਾਲੇ ਕਮਰੇ 'ਚ ਸੁੱਤਾ ਪਿਆ ਸੀ।
 
ਮੈਂ ਕਿਹੜਾ ਉਹਨੂੰ ਕੁਝ ਦੱਸ ਕੇ ਆਇਆ ਸੀ। ਜਦੋਂ ਬਰਾਤੀ ਖਹਿੜੇ ਹੀ ਪੈ ਗਏ, ਉਹ ਘਰ ਨੂੰ ਚਲਾ
ਗਿਆ।ਨੌਕਰ ਮੈਨੂੰ ਘਰ ਨਾ ਦੇਖ ਕੇ ਹੈਰਾਨ ਪ੍ਰੇਸ਼ਾਨ ਸੀ ਅਤੇ ਪਿਤਾ ਜੀ ਮੇਰਾ ਠੇਕੇ 'ਤੇ ਨਾ ਹੋਣ ਕਰਕੇ। ਉਹ ਇਕ
ਚਾਬੀਆਂ ਦਾ ਹੋਰ ਗੁੱਛਾ ਲੈ ਕੇ ਆਏ।ਬਰਾਤੀਆਂ ਨੂੰ ਬੋਤਲਾਂ ਦੇ ਕੇ ਆਪ ਵੀ ਉੱਥੇ ਹੀ ਸੌਂ ਗਏ।ਜਦੋਂ ਤੜਕੇ ਕੁੱਕੜ
ਦੀ ਬਾਂਗ ਤੋਂ ਪਹਿਲਾਂ-ਪਹਿਲਾਂ ਮੈਂ ਠੇਕੇ 'ਤੇ ਪੁੱਜਾ, ਪਿਤਾ ਜੀ ਨੂੰ ਵੇਖ ਕੇ ਮੇਰੇ ਹੋਸ਼-ਓ-ਹਵਾਸ ਉੱਡ ਗਏ।
"ਕਾਕਾ ਅਵਤਾਰ ਸਿਆਂ! ਹੁਣ ਤੁੰ ਜੁਆਨ ਹੋ ਗਿਆਂ। ਮੈਂ ਕਹਿਣਾ ਕੁਝ ਨਈਂ। ਸੱਚੋ -ਸੱਚ ਦੱਸਦੇ, ਕਿੱਥੋਂ
ਆਇਆਂ ਇਸ ਵੇਲੇ?" ਪਿਤਾ ਜੀ ਦੀਆਂ ਅੱਖਾਂ ਭਖ ਰਹੀਆਂ ਸਨ।
ਮੈਂ ਆਪਣੀ ਤੇ ਰਾਬੀਆ ਦੀ ਸਾਰੀ ਪ੍ਰੇਮ ਕਹਾਣੀ ਪਿਤਾ ਜੀ ਨੂੰ ਸੁਣਾ ਦਿੱਤੀ ਤੇ ਆਪਣਾ ਫ਼ੈਸਲਾ ਵੀ-
"ਪਿਤਾ ਜੀ ਉਹ ਮੇਰੇ ਲਈ ਬਣੀ ਹੈ ਤੇ ਮੈਂ ਉਹਦੇ ਲਈ। ਮੈਂ ਓਥੇ ਹੀ ਵਿਆਹ ਕਰਵਾਮਾਂਗਾ।"
"ਪੁੱਤ! ਮੁਸਲੇ ਸਾਡਾ ਬਿਸਮਿੱਲਾ ਪੜ੍ਹ ਦੇਣਗੇ।ਸਾਰਾ ਬਿਜ਼ਨਿਸ ਤਬਾਹ ਹੋ ਜਾਵੇਗਾ।ਤੇਰੀ ਮਾਂ, ਦਾਦੀ… ਤੇਰੀਆਂ
ਭੈਣਾਂ ਰੁਲਦੀਆਂ ਫਿਰਨਗੀਆਂ।" ਪਿਤਾ ਜੀ ਭਰੇ ਪੀਤੇ ਬੈਠੇ ਸਨ।
"ਪਿਤਾ ਜੀ! ਕੁਝ ਨਹੀਂ ਹੁੰਦਾ ਮੈਂ ਧਰਮ ਬਦਲ ਲਮਾਂਗਾ।"
"ਬੱਲੇ ਓ ਜੁਆਨਾ! ਬਲਿਹਾਰੇ ਜਾਮਾਂ ਤੇਰੇ।ਜ਼ਨਾਨੀ ਦੀ ਖ਼ਾਤਿਰ ਧਰਮ ਬਦਲ ਲਮੇਂਗਾ? ਸਾਡੇ ਗੁਰੂਆਂ ਨੇ ਧਰਮ ਦੀ ਖਾਤਿਰ ਆਪਣੇ ਪਰਿਵਾਰ ਵਾਰ ਦਿੱਤੇ।ਨਾ ਤੂੰ ਸਿੱਖੀ ਤੋਂ ਬੇਮੁਖ ਹੋ ਜਾਮੇਂਗਾ?" ਪਿਤਾ ਜੀ ਕ੍ਰੋਧ ਵਿਚ ਆ ਗਏ ਸਨ।
"ਪਿਤਾ ਜੀ, ਫਿਰ ਰਾਬੀਆ ਸਿੱਖ ਧਰਮ ਅਪਣਾ ਲਵੇਗੀ।" ਮੈਂ ਰਾਬੀਆ ਵਲੋਂ ਹਾਮੀ ਭਰੀ ਸੀ।
"ਔਰਤ ਦੇ ਧਰਮ ਬਦਲਣ ਨਾਲ ਕੀ ਹੁੰਦਾ? ਗੱਲ ਤਾਂ ਬੰਦੇ ਦੀ ਆ।ਸਾਡਾ ਭਾਈਆ ਕਹਿੰਦਾ ਹੁੰਦਾ ਸੀ-ਔਰਤ ਲੱਖ
ਧਰਮ ਬਦਲ ਲਏ। ਉਹ ਆਪਣੀਆਂ ਜੜ੍ਹਾਂ ਨਾਲੋਂ ਕਦੇ ਨਹੀਂ ਟੁੱਟਦੀ।"
ਪਿਤਾ ਜੀ ਆਪਣੇ ਇਸ ਪ੍ਰਵਚਨ 'ਤੇ ਅੜ ਹੀ ਗਏ ਸਨ।ਉਨ੍ਹਾਂ ਮੇਰਾ ਠੇਕੇ 'ਤੇ ਜਾਣਾ ਬੰਦ ਕਰ ਦਿੱਤਾ।ਘਰੋਂ ਬਾਹਰ
ਨਿਕਲਣ 'ਤੇ ਪਾਬੰਦੀ ਲਾ ਦਿੱਤੀ।ਦਾਦੀ, ਮਾਤਾ ਤੇ ਭੈਣਾਂ ਮੈਨੂੰ ਸਮਝੌਤੀਆਂ ਦਿੰਦੀਆਂ ਰਹਿੰਦੀਆਂ।ਮੇਰਾ ਠੇਕੇ ਜਾਣ
ਨੂੰ ਚਿੱਤ ਕਰਦਾ ਪਰ ਉਹ ਮੈਨੂੰ ਜਾਣ ਨਾ ਦਿੰਦੀਆਂ। ਮੈਂ ਰਾਬੀਆ ਬਿਨਾਂ ਅਧੂਰਾ ਸੀ।
ਜਦੋਂ ਮੈਨੂੰ ਬੰਦੀ ਬਣਾਏ ਨੂੰ ਦੋ ਕੁ ਹਫ਼ਤੇ ਹੋ ਗਏ, ਰਾਬੀਆ ਦੀ ਅੰਮੀ ਸਾਡੇ ਘਰ ਆਈ।ਗੱਲ ਗੜ੍ਹੀ ਵੀ ਪੁੱਜ ਗਈ
ਲੱਗਦੀ ਸੀ।ਮੈਨੂੰ ਲੱਗਿਆ, ਹੁਣ ਪਠਾਣ ਰਾਬੀਆ ਨੂੰ ਮਾਰ ਦੇਣਗੇ ਜਾਂ ਮੈਨੂੰ।ਮੈਂ ਮਨੋ-ਮਨੀ ਮਰਨ ਲਈ ਤਿਆਰ ਹੋਣ
ਲੱਗਾ। ਉਹ ਸਿੱਧੀ ਮੇਰੀ ਦਾਦੀ ਕੋਲ ਗਈ।ਕਿੰਨਾ ਚਿਰ ਗਿਟਮਿਟ ਕਰਦੀ ਰਹੀ। ਤੁਰਨ ਵੇਲੇ ਬੋਲੀ-
"ਅਵਤਾਰ ਮੇਰੇ ਸਾਥ ਹਮਾਰੇ ਘਰ ਚਲੋ। ਮੁਝੇ ਤੁਮਹਾਰੇ ਸਾਥ ਖ਼ਸੂਸੀ ਬਾਤ ਕਰਨੀ ਹੈ।"
ਮੈਨੂੰ ਕੋਈ ਸਮਝ ਨਹੀਂ ਸੀ ਲੱਗ ਰਹੀ। ਮੈਂ ਕੀ ਕਰਾਂ? ਉਹਦੇ ਘਰ ਜਾਵਾਂ ਕਿ ਨਾ ਜਾਵਾਂ? ਦਾਦੀ ਮਾਂ ਨੇ ਉਹਨੂੰ ਨਾ
ਹਾਂ ਤੇ ਨਾ ਨਾਂਹ ਕੀਤੀ।
"ਪੁੱਤ, ਤੂੰ ਓਥੇ ਨਾ ਜਾਮੀਂ।ਬੇਗਾਨਿਆਂ ਦਾ ਕੀ ਪਤਾ? ਕੋਈ ਅਣਹੋਣੀ ਨਾ ਹੋ ਜਾਵੇ।"
ਮੈਨੂੰ ਲੱਗ ਰਿਹਾ ਸੀ, ਉਹ ਘਰ ਲਿਜਾ ਕੇ ਸ਼ਿਕਾਰ ਵਾਂਗ ਟੋਟੇ-ਟੋਟੇ ਕਰਨਗੇ।ਪਠਾਣਾਂ ਲਈ ਬੰਦਾ ਝਟਕਾਉਣਾ ਮਾਮੂਲੀ ਗੱਲ ਸੀ।ਕੀ ਪਤਾ, ਉਨ੍ਹਾਂ ਦੇ ਚਿੱਤ ਵਿਚ ਕੀ ਸੀ? ਬਸ਼ੀਰਾ ਘਰ ਆਈ ਹੋਈ ਸੀ।ਇਥੇ ਵੀ ਗੱਲ ਕਰ ਸਕਦੀ ਸੀ।
ਕਿਉਂ ਨਹੀਂ ਕੀਤੀ? ਬੱਸ ਮੈਨੂੰ ਮਾਰਨਾ ਹੋਣਾਂ? ਉਹ ਤਾਂ ਮੈਨੂੰ ਘਰ ਆ ਕੇ ਵੀ ਮਾਰ ਸਕਦੇ ਸਨ।ਹੋ ਸਕਦੈ, ਸਾਨੂੰ ਦੋਵਾਂ ਨੂੰ ਇਕੱਠਿਆਂ ਨੂੰ ਹੀ ਮਾਰਨ।
ਪਠਾਣਾਂ ਵਲੋਂ ਮੈਨੂੰ ਅਤੇ ਰਾਬੀਆ ਨੂੰ ਮਾਰਨ ਬਾਰੇ ਮੈਨੂੰ ਅਕਸਰ ਸੁਪਨੇ ਆਉਂਦੇ ਰਹਿੰਦੇ ਹਨ।ਮੈਨੂੰ ਲੱਗਾ, ਅੱਜ ਇਹ
ਸੁਪਨਾ ਨਹੀਂ ਰਹੇਗਾ।ਹਕੀਕਤ ਵਿਚ ਬਦਲ ਜਾਵੇਗਾ।ਮੈਂ ਨਾ ਦਾਦੀ ਜੀ ਦੀ ਸੁਣੀ, ਨਾ ਮਾਂ ਦੀ ਤੇ ਨਾ ਭੈਣਾਂ ਦੀ।
ਉਨ੍ਹੀਂ ਮੈਨੂੰ ਬਥੇਰਾ ਰੋਕਿਆ।ਪਿਤਾ ਜੀ ਦਾ ਡਰਾਵਾ ਵੀ ਦਿੱਤਾ ਪਰ ਮੈਂ ਨਾ ਮੰਨਿਆਂ। ਮੈਨੂੰ ਬਾਹਰ ਨਿਕਲਦਾ ਦੇਖ,
ਦਾਦੀ ਮਾਂ ਨੇ ਬਾਬੇ ਨਾਨਕ ਦੀ ਫੋਟੋ ਵੱਲ ਹੱਥ ਜੋੜੇ ਸਨ-
 
"ਮਿਹਰਾਂ ਵਾਲਿਆ, ਬੱਚੇ ਦੇ ਸਿਰ ਤੇ ਹੱਥ ਰੱਖੀਂ।"
ਮੈਂ ਰਾਬੀਆ ਦੇ ਘਰ ਵੱਲ ਨੂੰ ਤੁਰ ਪਿਆ ਸੀ।ਉੱਦਣ ਵੀ ਟਿਕੀ ਹੋਈ ਦੁਪਹਿਰ ਸੀ।ਮੇਰੇ ਕੋਲੋਂ ਸੀ. ਆਰ. ਪੀ.
ਐਫ ਦੀਆਂ ਗੱਡੀਆਂ ਲੰਘੀਆਂ ।ਉਨ੍ਹਾਂ ਨੇ ਆਲੇ-ਦੁਆਲੇ ਵੱਲ ਰਫ਼ਲਾਂ ਸੇਧੀਆਂ ਹੋਈਆਂ ਸਨ।ਸਰਕਾਰ ਨੇ ਦੇਸ
ਵਿਚ ਐਮਰਜੈਂਸੀ ਲਾ ਦਿੱਤੀ ਸੀ।ਕਿਸੇ ਨੂੰ ਵੀ ਗੋਲੀ ਮਾਰੀ ਜਾ ਸਕਦੀ ਸੀ।ਕਿਸੇ ਨੂੰ ਵੀ ਜੇਲ੍ਹ ਵਿਚ ਸੁੱਟਿਆ ਜਾ
ਸਕਦਾ ਸੀ।ਇਨਕਲਾਬੀ ਕਾਰੁਕਨਾਂ ਦੇ ਕੁਰਬਾਨੀ ਵਾਲੇ ਦਿਨ ਆ ਗਏ ਸਨ।ਦਿਨ ਦਿਹਾੜੇ ਹੀ ਮੈਨੂੰ ਪਠਾਣ ਹੀ ਸੀ.
ਆਰ. ਪੀ. ਐਫ. ਵਾਲੇ ਲੱਗਣ ਲੱਗ ਪਏ ਸਨ।
"ਸਹੁਰੇ ਘਰ ਵਿਚ ਈ ਮਾਰਨਗੇ।"
ਜਿਵੇਂ ਦੇਸ ਵਿਚ ਗੋਪੀ ਵਰਗੇ ਇਨਕਲਾਬੀ ਕਾਰਕੁਨ ਆਪਣੇ ਇਨਕਲਾਬ ਵਾਲੇ ਮਕਸਦ ਲਈ ਕੁਰਬਾਨ ਹੋ ਗਏ
ਸਨ।ਮੈਂ ਵੀ ਰਾਬੀਆ ਦੇ ਪਿਆਰ ਖਾਤਿਰ ਆਪਣੇ ਆਪ ਨੂੰ ਮਰ ਮਿਟਣ ਲਈ ਤਿਆਰ ਕੀਤਾ।ਤੇਜ਼ ਕਦਮੀਂ ਉਨ੍ਹਾਂ
ਦੇ ਘਰ ਵੱਲ ਤੁਰਿਆ ਜਾ ਰਿਹਾ ਸੀ।
ਜਿਉਂ ਹੀ ਉਨ੍ਹਾਂ ਦੇ ਘਰ ਅੰਦਰ ਵੜਿਆ, ਮੈਂ ਮਕਾਨ ਦੇ ਖੂੰਜਿਆਂ ਵੱਲ ਦੇਖਣ ਲੱਗਾ।ਕਿਸੇ ਖੂੰਜੇ ਬਰਛਾ ਪਿਆ ਸੀ ਤੇ
ਕਿਸੇ ਖੂੰਜੇ ਗੰਡਾਸੀ।ਕੰਧਾਂ ਉੱਤੇ ਕਿਰਪਾਨਾਂ ਤੇ ਰਫ਼ਲਾਂ ਟੰਗੀਆਂ ਹੋਈਆਂ ਸਨ।ਪਹਿਲਾਂ ਕਦੇ ਮੇਰਾ ਇਨ੍ਹਾਂ ਹਥਿਆਰਾਂ
ਵੱਲ ਧਿਆਨ ਨਹੀਂ ਸੀ ਗਿਆ।ਉਦੋਂ ਮੈਨੂੰ ਉਥੇ ਸਿਰਫ਼ ਰਾਬੀਆ ਹੀ ਨਜ਼ਰ ਆਉਂਦੀ ਸੀ।…ਪਰ ਉਸ ਦਿਨ…।
ਮੈਂ ਸੋਚਿਆ, ਗੋਲੀ ਨਹੀਂ ਮਾਰਨਗੇ।ਕਿਰਪਾਨ ਜਾਂ ਗੰਡਾਸੀ ਨਾਲ ਸਿਰ ਵੱਢਣਗੇ।ਰਾਬੀਆ ਦੀ ਅੰਮੀ ਨੇ ਮੇਰਾ ਸਿਰ
ਪਲੋਸਿਆ ਤੇ ਮੰਜੀ ਉਤੇ ਬੈਠਣ ਦਾ ਇਸ਼ਾਰਾ ਕੀਤਾ। ਮੈਂ ਹੱਕਾ-ਬੱਕਾ ਰਹਿ ਗਿਆ। ਰਾਬੀਆ ਦੁੱਧ ਦਾ ਗਿਲਾਸ ਲੈ
ਆਈ।ਮੈਨੂੰ ਲੱਗਾ, ਬੱਕਰੇ ਦੀ ਬਲੀ ਦੇਣ ਤੋਂ ਪਹਿਲਾਂ ਉਸ ਨੂੰ ਖੁਆਇਆ-ਪਿਆਇਆ ਜਾ ਰਿਹਾ ਹੈ।
ਮੈਨੂੰ ਜ਼ਿਆਦਾ ਗੁੱਸਾ ਰਾਬੀਆ 'ਤੇ ਆਇਆ। ਕਿੰਨੀ ਦਗੇਬਾਜ਼ ਨਿਕਲੀ। ਬੁਰੇ ਵੇਲੇ ਇਹ ਵੀ ਆਪਣੀ ਮਾਂ ਨਾਲ
ਰਲ਼ ਗਈ।ਸਾਲ਼ੀ ਕਮੀਨੀ…ਸਾਹਿਬਾਂ ਬਣੂੰਗੀ।ਦਿਲ ਅੰਦਰ ਤੂਫ਼ਾਨ ਉੱਠਿਆ ਹੋਇਆ ਸੀ।ਇੰਨਾ ਵੱਡਾ ਧੋਖਾ?
ਪਿਤਾ ਜੀ ਠੀਕ ਕਹਿੰਦੇ ਸੀ- ਮੁਸਲਮਾਨਾਂ ਉਤੇ ਯਕੀਨ ਨਹੀਂ ਕਰਨਾ ਚਾਹੀਦਾ।ਦੁੱਧ ਦਾ ਘੁੱਟ ਭਰਨ ਲੱਗਾ ਤਾਂ ਰੁਕ
ਗਿਆ।ਕਿਤੇ ਦੁੱਧ ਵਿਚ ਹੀ ਜ਼ਹਿਰ ਨਾ ਪਾਈ ਹੋਵੇ।ਔਰਤ ਜਾਤ ਦਾ ਕੀ ਭਰੋਸਾ? ਇਹ ਸ਼ਬਦ ਮੇਰੇ ਮੂੰਹ ਵਿਚ ਹੀ
ਸਨ।ਬਸ਼ੀਰਾ ਫੁਰਤੀ ਨਾਲ ਕਮਰੇ ਦੇ ਅੰਦਰ ਗਈ।ਮੈਨੂੰ ਲੱਗਿਆ, ਮੇਰਾ ਲੱਗੀ ਫਾਹਾ ਵੱਢਣ ਪਰ ਉਹ ਕੱਪੜੇ ਦੀ
ਘਸਮੈਲੀ ਜਿਹੀ ਥੈਲੀ ਲੈ ਆਈ।ਉਹਦੇ ਦੂਜੇ ਹੱਥ ਵਿਚ ਪਤਾਸੇ ਸਨ।
"ਬੇਟਾ! ਤੁਮ ਰਾਬੀਆ ਸੇ ਸ਼ਾਦੀ ਕਰ ਲੋ।" ਉਹ ਪੀੜ੍ਹੀ 'ਤੇ ਬੈਠਦਿਆਂ ਸਾਰ ਬੋਲੀ।
ਰਾਬੀਆ ਦੀ ਅੰਮੀ ਦੀ ਗੱਲ ਸੁਣ ਕੇ ਮੇਰਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ।ਉਹਦੀ ਗੱਲ ਮੇਰੇ ਪਚੀ ਨਾ।
"ਅਸੀਂ ਸਿੱਖ ਹਾਂ ਤੇ ਤੁਸੀਂ ਮੁਸਲਮਾਨ ।ਪਿਤਾ ਜੀ ਕਹਿੰਦੇ, ਹੋ ਨ੍ਹੀਂ ਸਕਦਾ।" ਮੈਂ ਡਰਦੇ-ਡਰਦੇ ਨੇ ਚਾਰ ਬੋਲ ਬੋਲੇ
ਸਨ।
"ਮਹੱਬਤ ਮੇਂ ਬਹੁਤ ਕੁਛ ਕੁਰਬਾਨ ਕਰਨਾ ਪੜ੍ਹਤਾ ਹੈ…।" ਉਹਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਸੀ।
"ਮੇਰੇ ਪਿਤਾ ਜੀ ਨਹੀਂ ਮੰਨਣ ਵਾਲੇ। ਉਹ ਕੱਟੜ ਸਿੱਖ ਨੇ।"
"ਫਿਰ ਤੁਮ ਰਾਬੀਆ ਕੋ ਲੇਕਰ ਭਾਗ ਜਾਓ।ਤੁਝੇ ਤੋ ਪਤਾ ਹੀ ਹੈ ਕਿ ਮੇਰੀ ਬੱਚੀ ਕਾ ਆਪਕੇ ਬਿਨਾਂ ਜੀਨਾ ਆਸਾਂ
ਨਹੀਂ ਹੈ।" ਉਹ ਭੜਕ ਪਈ ਸੀ।
"ਤੁਹਾਡੇ ਬੰਦੇ ਸਾਨੂੰ ਬਖਸ਼ਣ ਨਹੀਂ ਲੱਗੇ।ਖ਼ੂਨੋ-ਖ਼ੂਨ ਕਰ ਦੇਣਗੇ।ਸਾਡਾ ਸਾਰਾ ਕਾਰੋਬਾਰ ਉਜਾੜ ਦੇਣਗੇ।" ਪਤਾ
ਨਹੀਂ ਕਿਉਂ ਮੈਂ ਪਿਤਾ ਜੀ ਦੀ ਬੋਲੀ ਬੋਲਣ ਲੱਗ ਪਿਆ ਸੀ।
"ਮੇਰੀ ਬੱਚੀ ਕੋ ਤੁਮ ਕਿਸੀ ਤਰ੍ਹਾਂ ਵੀ ਮਹਿਫ਼ੂਜ਼ ਕਰ ਲੋ। ਯੇ ਮੇਰੀ ਪਿਆਰੀ ਬੱਚੀ ਹੈ। ਅਗਰ ਯਹ ਮਰ ਗਈ ਤੋ
ਮੈਂ ਇਸ ਕੇ ਗ਼ਮ ਮੇਂ ਮਰ ਜਾਊਂਗੀ। ਮੈਂ ਔਰਤ ਹੋ ਕਰ ਏਕ ਔਰਤ ਕੇ ਜਜ਼ਬਾਤੋਂ ਕੋ ਖੂਬ ਸਮਝਤੀ ਹੂੰ।ਤੁਝੇ ਸਮਝ
ਨ੍ਹੀਂ ਆਏਗਾ…ਮਰਦ ਏਂ ਨਾ।"

ਉਹ ਰੋਣ ਲੱਗ ਪਈ ਸੀ।ਰਾਬੀਆ ਭੱਜ ਕੇ ਉਹਦੇ ਕੋਲ ਆਈ। ਉਹ ਉਹਨੂੰ ਚੁੱਪ ਕਰਵਾਉਣ ਲੱਗ ਪਈ।ਮੈਂ ਕਦੀ
ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਅੰਮੀ ਵਿਆਹ ਦੀ ਪੇਸ਼ਕਸ਼ ਕਰੇਗੀ। ਉਹ ਹਟਕੋਰੇ ਲੈ-ਲੈ ਰੋਣ ਲੱਗੀ।
ਰਾਬੀਆ ਚੁੰਨੀ ਨਾਲ ਉਹਦੇ ਅੱਥਰੂ ਪੂੰਝੀ ਜਾਵੇ, ਨਾਲੇ ਪਾਣੀ ਪਿਲਾਈ ਜਾਵੇ।ਮੈਨੂੰ ਕੁਝ ਸਮਝ ਨਹੀਂ ਸੀ ਲੱਗ ਰਹੀ,
ਮੈਂ ਕੀ ਕਰਾਂ? ਮੈਂ ਤਾਂ ਮਰਨ ਲਈ ਆਇਆ ਸੀ।ਮੈਂ ਝੱਲਿਆਂ ਵਾਂਗ ਨਾਂਹ ਵਿਚ ਸਿਰ ਮਾਰੀ ਜਾ ਰਿਹਾ ਸੀ।ਉਹ
ਪੀੜ੍ਹੀ ਤੋਂ ਉੱਠੀ।ਮੇਰੇ ਹੱਥ 'ਤੇ ਹੱਥ ਰੱਖ ਕੇ ਹੌਲੀ ਦੇਣੀ ਬੋਲੀ-
"…ਬੇਟਾ ਮੈਂ ਬਸ਼ੀਰਾ ਬੇਗਮ ਨ੍ਹੀਂ ਹਾਂ। ਬਖ਼ਸ਼ੀਸ਼ ਕੌਰ ਆਂ।"
ਮੇਰੇ ਲਈ ਇਹ ਅਚੰਭੇ ਵਾਲੀ ਗੱਲ ਸੀ।ਰਾਬੀਆ ਸਹਿਜ ਨਾਲ ਬੈਠੀ ਰਹੀ।ਜਿਵੇਂ ਉਹਨੂੰ ਸਾਰਾ ਪਹਿਲਾਂ ਹੀ ਪਤਾ
ਹੋਵੇ।ਅੰਮੀ ਧਰਤੀ 'ਤੇ ਨਜ਼ਰ ਗੱਡ ਕੇ ਦੱਸਣ ਲੱਗੀ -
"ਜਦੋਂ ਸੰਤਾਲੀ ਦੇ ਰੌਲ਼ੇ ਪਏ, ਸਾਡਾ ਕਾਫ਼ਲਾ ਬਹਾਵਲਪੁਰ ਦੇ ਚੱਕ ਤਿੰਨ ਸੌ ਉੱਨੀ ਤੋਂ ਬੀਕਾਨੇਰ ਲਈ ਤੁਰਿਆ
ਸੀ।ਸਾਡੇ ਬਹੁਤੇ ਸਕੇ ਓਥੇ ਹੀ ਬੈਠੇ ਸਨ।ਅਜੇ ਕਿਲਾ ਅਬਾਸ ਪੁੱਜੇ ਹੀ ਸੀ ਕਿ ਕਾਫ਼ਲੇ 'ਤੇ ਹਮਲਾ ਹੋ ਗਿਆ।ਮਿੰਟਾਂ
ਵਿਚ ਹੀ ਧਰਤੀ ਲਹੂ-ਲੁਹਾਣ ਹੋ ਗਈ।ਔਰਤਾਂ ਨੇ ਚੀਕ ਚਿਹਾੜਾ ਪਾ ਦਿੱਤਾ।ਮੇਰੇ ਸਾਹਮਣੇ ਹੀ ਮੇਰਾ ਸਾਰਾ
ਪਰਿਵਾਰ ਕਤਲ ਕਰ ਦਿੱਤਾ।ਮੇਰੀਆਂ ਅੱਖਾਂ ਅੱਗੇ ਨ੍ਹੇਰਾ ਛਾ ਗਿਆ। ਇਸ ਘੜਮਸ ਵਿਚ ਹੀ ਮੈਨੂੰ ਕੋਈ ਚੁੱਕ ਕੇ ਲੈ
ਗਿਆ।ਪਤਾ ਨ੍ਹੀਂ ਕਿੰਨੇ ਬੰਦਿਆਂ ਨੇ ਮੇਰੇ ਨਾਲ ਖੇਹ ਖ਼ਰਾਬੀ ਕੀਤੀ?…ਫਿਰ ਮੈਨੂੰ ਅੱਧਮੋਈ ਨੂੰ ਸੜਕ ਉੱਤੇ ਹੀ ਸੁੱਟ
ਗਏ।ਮੈਨੂੰ ਤਾਂ ਰੱਬ ਨੇ ਵੀ ਨਾ ਚੁੱਕਿਆ…"
ਮੈਂ ਤੇ ਰਾਬੀਆ ਹੁਬਕੀਂ ਰੋਣ ਲੱਗ ਪਏ।ਮੇਰੀਆਂ ਅੱਖਾਂ ਸਾਹਵੇਂ ਟਿੱਬਿਆਂ ਵਿੱਚ ਰੁਲ਼ ਰਹੀ ਭੂਆ ਜੀਤੋ ਦੀ ਲਾਸ਼
ਸੀ। ਬਖ਼ਸ਼ੀਸ਼ ਕੌਰ ਦੀ ਆਬਰੂ ਲੁੱਟੀ ਜਾ ਰਹੀ ਸੀ।ਦਾਦੀ ਦੇ ਵਗਦੇ ਅੱਥਰੂ ਰੁਕਣ ਦਾ ਨਾਂ ਨਹੀਂ ਲੈ ਰਹੇ
ਸਨ।ਔਰਤਾਂ ਦੀਆਂ ਛਾਤੀਆਂ ਵੱਢੀਆਂ ਜਾ ਰਹੀਆਂ ਸਨ।ਉਨ੍ਹਾਂ ਦੀਆਂ ਸਿਸਕੀਆਂ ਸਨ, ਹਉਕੇ ਸਨ।ਉਹ ਲੁੱਟੀਆਂ
ਜਾ ਰਹੀਆਂ ਸਨ ਤੇ ਬਖ਼ਸ਼ੀਸ਼ ਕੌਰ…।
ਅੰਮੀ ਦੀਆਂ ਅੱਖਾਂ ਵਿਚ ਹੰਝੂ ਸਨ।ਲਾਲ-ਲਾਲ ਡੋਰੇ ਸਨ।ਅਠਾਈ ਸਾਲ ਪਹਿਲਾਂ ਵਾਪਰੀ ਇਹ ਘਟਨਾ ਕਿੰਨੀ
ਹੌਲਨਾਕ ਹੋਵੇਗੀ? ਇਕ ਔਰਤ ਦੇ ਅੱਥਰੂ ਅੰਗਿਆਰ ਬਣ ਗਏ ਸਨ।ਮੈਂ ਅੰਮੀ ਦੇ ਮੋਢਿਆਂ 'ਤੇ ਹੱਥ ਰੱਖਿਆ
ਸੀ।…ਉਹ ਹਟਕੋਰਾ ਲੈ ਕੇ ਬੋਲੀ-
"ਜਦੋਂ ਮੈਨੂੰ ਹੋਸ਼ ਆਈ, ਮੈਂ ਰਾਬੀਆ ਦੇ ਅੱਬਾ ਦੇ ਕਬਜ਼ੇ ਵਿਚ ਸੀ। ਉਦੋਂ ਇਹ ਓਧਰ ਕਿਤੇ ਮੇਵੇ ਖਰੀਦਣ ਗਏ
ਹੋਏ ਸੀ।"
"ਅੰਮੀ, ਅੱਬਾ ਜਾਨ ਵੀ ਹਮਲਾਵਰਾਂ ਦੇ ਨਾਲ ਸਨ?" ਮੇਰੀ ਉਤਸੁਕਤਾ ਅੰਮੀ ਦਾ ਦੁੱਖ ਜਾਣਨ ਵਿਚ ਸੀ।
"…ਰੱਬ ਈ ਜਾਣੇਂ।ਕੁਝ ਕਹਿ ਨੀਂ ਸਕਦੀ। ਮੈਨੂੰ ਤਾਂ ਇਹ ਵੀ ਨਹੀਂ ਪਤੈ, ਸਾਡਾ ਨਿਕਾਹ ਵੀ ਹੋਇਆ ਸੀ ਕਿ
ਨਹੀਂ। ਉਦੋਂ ਸਾਰਾ ਟੱਬਰ ਇਕੋ ਗੱਲ ਕਹਿੰਦਾ ਸੀ-ਅੱਲ੍ਹਾ ਤਾਲ਼ਾ ਨੇ ਛੱਤ ਪਾੜ ਕੇ ਦਿੱਤੀ ਆ ਏ ਹੂਰ ਪਰੀ।" ਉਹਨੇ
ਅੱਖਾਂ ਸਾਫ਼ ਕੀਤੀਆਂ ਤੇ ਸਾਨੂੰ ਸੰਬੋਧਿਤ ਹੋਈ:
"ਜੇ ਮੈਨੂੰ ਬਖ਼ਸ਼ੀਸ਼ ਕੌਰ ਤੋਂ ਬਸ਼ੀਰਾ ਬੇਗਮ ਬਣਾਇਆ ਜਾ ਸਕਦੈ ਤਾਂ ਇਹ ਰਾਬੀਆ ਤੋਂ ਰਵੀਦੀਪ ਕੌਰ ਨ੍ਹੀਂ ਬਣ
ਸਕਦੀ? ਤੂੰ ਇਹਦੇ ਨਾਲ ਵਿਆਹ ਕਰ ਲੈ… ਮੇਰੀ ਜੜ੍ਹ ਮੁੜ ਆਪਣੇ ਧਰਮ 'ਚ ਲੱਗ ਜਾਵੇ…।"
ਉਹਨੇ ਥੈਲੀ ਵਿਚੋਂ ਭੂਰਾ ਹੋਇਆ ਕਾਲ਼ੇ ਰੰਗ ਦਾ ਧਾਗਾ ਕੱਢਿਆ…ਕਾਲ਼ੇ ਧਾਗੇ ਵਿਚਲੀਆਂ ਦੋ ਨਿੱਕੀਆਂ ਕਿਰਪਾਨਾਂ
ਤੇ ਬੁਗਤੀਆਂ ਰਾਬੀਆ ਦੇ ਗਲ਼ ਵਿਚ ਪਾ ਦਿੱਤੀਆਂ ਅਤੇ ਪਤਾਸੇ ਮੇਰੇ ਹੱਥ ’ਤੇ ਰੱਖ ਦਿੱਤੇ…
 


rajwinder kaur

Content Editor

Related News