ਕਬੀਰ ਜੀ ਮਨੁੱਖੀ ਨਜ਼ਰੀਏ ਅਤੇ ਸਮਾਨਤਾ ਦੇ ਪ੍ਰਤੀਕ ਸਨ

06/04/2023 10:35:41 AM

ਭਾਰਤ ਰਿਸ਼ੀਆਂ ਤੇ ਸੰਤਾਂ ਦੀ ਭੂਮੀ ਹੈ। ਭਾਰਤ ਦੇ ਅਧਿਆਤਮਿਕ ਆਕਾਸ਼ ’ਤੇ ਤਾਰਿਆਂ ਦੀ ਭਰਮਾਰ ਹੈ ਪਰ ਸਭ ਤੋਂ ਚਮਤਕਾਰ ਨਕਸ਼ੱਤਰ ਦੇ ਰੂਪ ’ਚ ਸੰਤ ਕਬੀਰ ਜੀ ਅਨੋਖੇ ਹਨ। ਕਬੀਰ ਨੇ ਜਿੱਥੇ ਸਮਾਜਿਕ ਅਤੇ ਧਾਰਮਿਕ ਤੌਰ ’ਤੇ ਵੰਡੇ ਹੋਏ ਸਮਾਜ ਨੂੰ ਇਕ ਵਿਸ਼ਾਲ ਮਨੁੱਖੀ ਸਮਾਜ ’ਚ ਬਦਲਣ ਦੀ ਜ਼ਿੰਮੇਵਾਰੀ ਉਠਾਈ ਅਤੇ ਆਪਣੇ ਕੰਮਾਂ ਨਾਲ ਦੇਸ਼ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ, ਉੱਥੇ ਹੀ ਮਨੁੱਖੀ ਜਾਤੀ ਨੂੰ ਪਾਖੰਡਵਾਦ ਅਤੇ ਅੰਧਵਿਸ਼ਵਾਸਾਂ ਤੋਂ ਦੂਰ ਕਰ ਕੇ ਮੁਕਤੀ ਦਾ ਰਾਹ ਵੀ ਦਿਖਾਇਆ।

ਕਬੀਰ ਜੀ ਦਾ ਜਨਮ 1398 ਈਸਵੀ ’ਚ ਬਨਾਰਸ ’ਚ ਹੋਇਆ ਸੀ। ਉਨ੍ਹਾਂ ਨੇ ਹਿੰਦੂ-ਮੁਸਲਿਮ ਧਰਮ ’ਚ ਪੈਦਾ ਬੁਰਾਈਆਂ ਦਾ ਵਿਰੋਧ ਕੀਤਾ ਤਾਂ ਉੱਥੇ ਹੀ ਜਾਤ-ਪਾਤ ਨੂੰ ਲੈ ਕੇ ਸਾਰਿਆਂ ਨੂੰ ਚੌਕਸ ਵੀ ਕੀਤਾ। ਮਹਾਨ ਸੰਤ ਅਤੇ ਅਧਿਆਤਮਿਕ ਕਵੀ ਕਬੀਰ ਹਿੰਦੀ ਸਾਹਿਤ ਦੇ ਭਗਤੀ ਕਾਲ ਦੇ ਇਕ ਅਜਿਹੇ ਕਵੀ ਸਨ, ਜੋ ਕਰਮ ਪ੍ਰਧਾਨ ਸਮਾਜ ਦੇ ਪੈਰੋਕਾਰ ਸਨ ਅਤੇ ਇਹ ਉਨ੍ਹਾਂ ਦੀਆਂ ਰਚਨਾਵਾਂ ’ਚ ਸਾਫ ਝਲਕਦਾ ਹੈ। ਮੰਨੋ ਉਨ੍ਹਾਂ ਦਾ ਸਮੁੱਚਾ ਜੀਵਨ ਲੋਕ ਭਲਾਈ ਲਈ ਹੀ ਸੀ। ਸਮਾਜ ’ਚ ਕਬੀਰ ਨੂੰ ਜਾਗਰਣ ਯੁੱਗ ਦਾ ਦੇਵਦੂਤ ਕਿਹਾ ਜਾਂਦਾ ਸੀ। ਉਨ੍ਹਾਂ ਨੇ 1518 ’ਚ ਉਸ ਥਾਂ ਜਾ ਕੇ ਆਪਣੇ ਪ੍ਰਾਣ ਤਿਆਗੇ, ਜਿਸ ਬਾਰੇ ਕਾਸ਼ੀ ’ਚ ਇਹ ਅੰਧਵਿਸ਼ਵਾਸ ਸੀ ਕਿ ਮਗਹਰ ’ਚ ਮਰਨ ਵਾਲੇ ਨੂੰ ਮੁਕਤੀ ਨਹੀਂ ਮਿਲਦੀ।

ਕਬੀਰ ਨੇ ਇੰਨੇ ਵਿਆਪਕ ਨਜ਼ਰੀਏ ਨਾਲ ਧਰਮ ਦੇ ਅਰਥ ਨੂੰ ਸਮਝਿਆ ਕਿ ਉਸ ’ਚ ਫ਼ਿਰਕੂਵਾਦ ਦੀ ਵੰਡ ਵਾਲੀ ਰੇਖਾ ਹੀ ਮਿਟ ਗਈ ਤੇ ਮਨੁੱਖਤਾ ਆਪਣੇ ਵੱਖ-ਵੱਖ ਜਾਤੀ ਵਿਵਾਦਾਂ ਨੂੰ ਭੁਲਾ ਕੇ ਸਹਿਜ ਅਤੇ ਸਾਂਝੇ ਜੀਵਨ ਦੀ ਝਲਕ ਦੇਣ ਲੱਗੀ। ਹਿੰਦੂ-ਮੁਸਲਮਾਨ ਅਤੇ ਬ੍ਰਾਹਮਣ-ਸ਼ੂਦਰ ਆਪਣੇ ਗੁੱਸੇ ਨੂੰ ਛੱਡ ਕੇ ਇਕ ਲਾਈਨ ’ਚ ਖੜ੍ਹੇ ਹੋ ਗਏ। ਸੰਤ ਕਬੀਰ ਜੀ ਦਾ ਮੰਨਣਾ ਸੀ ਕਿ ਅੰਧਵਿਸ਼ਵਾਸਾਂ ਤੇ ਰੂੜੀਵਾਦੀਆਂ ਕਾਰਨ ਸਮਾਜ ਸੜ ਜਾਂਦਾ ਹੈ ਤੇ ਜੇਕਰ ਇਨ੍ਹਾਂ ਨੂੰ ਤਿਆਗ ਦਿੱਤਾ ਜਾਵੇ ਤਾਂ ਧਰਮ ਇਕ ਹੋ ਜਾਣਗੇ। ਛੋਟੇ-ਛੋਟੇ ਸਮਾਜ ਵਿਸ਼ਾਲ ਸਮਾਜ ’ਚ ਤਬਦੀਲ ਹੋ ਜਾਣਗੇ। ਸਾਰੇ ਧਰਮਾਂ ਅਤੇ ਸਾਰੇ ਸਮਾਜਿਕ ਸੰਗਠਨਾਂ ਦਾ ਇਕ ਹੀ ਟੀਚਾ ਹੈ, ਮਨੁੱਖ ਦੀ ਭਲਾਈ। ਉਨ੍ਹਾਂ ਦਾ ਕੋਈ ਆਪਣਾ ਨਹੀਂ ਸੀ, ਇਸ ਲਈ ਸਭ ਆਪਣੇ ਸਨ। ਉਨ੍ਹਾਂ ਦਾ ਦਿਲ ਸਾਫ ਤੇ ਸਰਲ ਸੀ ਤੇ ਉਨ੍ਹਾਂ ਦੀ ਵਾਣੀ ਮਿਠਾਸ ਨਾਲ ਭਰੀ ਸੀ।

ਸੰਤ ਕਬੀਰ ਜੀ ਦਾ ਗ੍ਰੰਥ ‘ਬੀਜਕ’ ਇਕ ਪ੍ਰਸਿੱਧ ਕਿਤਾਬ ਹੈ, ਜੋ ਉਨ੍ਹਾਂ ਦੇ ਦੋਹੇ ਤੇ ਪਦਾਂ ਦਾ ਸੰਗ੍ਰਹਿ ਹੈ। ਇਸ ਕਿਤਾਬ ’ਚ ਕਬੀਰ ਜੀ ਨੇ ਜੀਵਨ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਇਸ ਗ੍ਰੰਥ ਦਾ ਮੁੱਖ ਵਿਸ਼ਾ ਹੈ ਕਿ ਈਸ਼ਵਰ ਵੱਖ-ਵੱਖ ਧਰਮਾਂ, ਜਾਤੀਆਂ ਅਤੇ ਸੱਭਿਆਚਾਰਾਂ ’ਚ ਨਹੀਂ ਸਗੋਂ ਸਾਰਿਆਂ ’ਚ ਇਕ ਹੀ ਹੁੰਦੇ ਹਨ। ਉਨ੍ਹਾਂ ਦੀ ਭਾਸ਼ਾ ਦਾ ਤੇਜ ਤੇ ਗੁੱਸੇ ’ਤੇ ਹਮਲਾ ਉਨ੍ਹਾਂ ਦੇ ਦੋਹਿਆਂ ’ਚ ਮਿਲਦਾ ਹੈ

ਏਕ ਬੂੰਦ ਸੇ ਸ੍ਰਿਸ਼ਟੀ ਰਚੀ ਹੈ, ਕੋ ਬ੍ਰਹਮਨ ਕੋ ਸੂਦਰ।

ਭਾਵ ਜਦੋਂ ਬਣਾਉਣ ਵਾਲੇ ਨੇ ਸਾਰਿਆਂ ਨੂੰ ਇਕੋ ਜਿਹਾ ਬਣਾਇਆ ਹੈ ਤਾਂ ਅਸੀਂ ਕਿਵੇਂ ਭੇਦਭਾਵ ਕਰ ਸਕਦੇ ਹਾਂ।

ਉਨ੍ਹਾਂ ਦੀ ਭਾਸ਼ਾ ’ਚ ਹਮੇਸ਼ਾ ਹੀ ਆਮ ਜੀਵਨ ਦੀਆਂ ਵਸਤੂਆਂ ਅਤੇ ਘਟਨਾਵਾਂ ਦਾ ਜ਼ਿਕਰ ਰਹਿੰਦਾ ਹੈ।

ਸੋਨਾ ਸੱਜਨ ਸਾਧੂ ਜਨ, ਟੂਟ ਜੁੜੇ ਸੌ ਬਾਰ।
ਦੁਰਜਨ ਕੁੰਭ ਕੁਮਹਾਰ ਕੇ, ਏਇਕੇ ਢਾਕਾ ਦਰਾਰ।।

ਸੱਜਣ ਵਿਅਕਤੀ ਜੋ ਹਮੇਸ਼ਾ ਲੋਕਾਂ ਦੇ ਹਿੱਤ ’ਚ ਕੰਮ ਕਰਦੇ ਹਨ, ਲੋਕਾਂ ਦਾ ਭਲਾ ਚਾਹੁੰਦੇ ਹਨ, ਉਹ ਉਸ ਸੋਨੇ ਦੇ ਬਰਾਬਰ ਹੁੰਦੇ ਹਨ, ਜੋ ਸੌ ਵਾਰ ਟੁੱਟਣ ਤੋਂ ਬਾਅਦ ਵੀ ਮੁੜ ਜੁੜ ਜਾਂਦੇ ਹਨ ਤੇ ਕਿਸੇ ਵੀ ਬਹੁਕੀਮਤੀ ਗਹਿਣੇ ’ਚ ਤਬਦੀਲ ਹੋ ਸਕਦੇ ਹਨ। ਸੱਜਣ ਵਿਅਕਤੀ ਲੱਖ ਬੁਰਾ ਹੋਣ ’ਤੇ ਵੀ ਸੰਭਲ ਜਾਂਦੇ ਹਨ ਪਰ ਬੁਰੇ ਕਰਮ ਕਰਨ ਵਾਲੇ ਦੁਸ਼ਟ ਵਿਅਕਤੀ ਘੁਮਿਆਰ ਦੇ ਉਸ ਘੜੇ ਦੇ ਬਰਾਬਰ ਹੁੰਦੇ ਹਨ, ਜਿਸ ’ਚ ਇਕ ਵਾਰ ਮਾਮੂਲੀ ਜਿਹੀ ਤਰੇੜ ਆਉਣ ’ਤੇ ਵੀ ਮੁੜ ਠੀਕ ਨਹੀਂ ਹੋ ਸਕਦੇ, ਉਹ ਤਰੇੜ ਉਨ੍ਹਾਂ ’ਚ ਹਮੇਸ਼ਾ ਬਣੀ ਰਹਿੰਦੀ ਹੈ। ਦੁਸ਼ਟ ਵਿਅਕਤੀਆਂ ਨਾਲ ਇਕ ਵਾਰ ਬੁਰਾ ਹੋਣ ’ਤੇ ਹੀ ਉਹ ਟੁੱਟ ਕੇ ਖਿੱਲਰ ਜਾਂਦੇ ਹਨ।

ਇਕ ਹੋਰ ਦੋਹੇ ’ਚ ਉਹ ਰੂਪਕ ਦੀ ਕਿੰਨੀ ਚੰਗੀ ਵਰਤੋਂ ਕਰਦੇ ਹਨ :-

ਬੋਲੀ ਹਮਾਰੀ ਪੂਰਬ ਕੀ, ਹਮੇ ਲਖੇ ਨਾ ਕੋਯ।
ਹਮਕੋ ਤੋ ਸੋਈ ਲਖੇ, ਜੋ ਧੁਰ ਪੂਰਬ ਕਾ ਹੋਯ।।

ਕਬੀਰ ਸਾਹਿਬ ਦੀ ਇਸ ਬਾਣੀ ਦਾ ਬਹੁਤ ਸਾਰੇ ਲੋਕ ਅਰਥ ਕੱਢਦੇ ਹਨ ਕਿ ਵਿਅਕਤੀ ਪੂਰਬ ਦਾ ਵਾਸੀ ਹੋਵੇਗਾ, ਉਸ ਨਾਲ ਹੀ ਸੰਪਰਕ ਦੀ ਕਬੀਰ ਸਾਹਿਬ ਗੱਲ ਕਰ ਰਹੇ ਹਨ ਪਰ ਅਜਿਹਾ ਨਹੀਂ ਹੈ। ਇਸ ਦੋਹੇ ਦਾ ਅਰਥ ਹੈ ਕਿ ਪੂਰਬ ਦਿਸ਼ਾ ਸੂਰਜ ਦੀ ਪ੍ਰਤੀਕ ਹੈ ਅਤੇ ਸੂਰਜ ਗਿਆਨ ਦਾ ਪ੍ਰਤੀਕ ਹੈ। ਦੋਹੇ ਦਾ ਅਰਥ ਇਹ ਹੋਇਆ ਕਿ ਸਾਡੀਆਂ ਗਿਆਨ ਦੀਆਂ ਗੱਲਾਂ ਉਹੀ ਸਮਝੇਗਾ, ਜੋ ਗਿਆਨ ਦੀ ਦਿਸ਼ਾ ਦਾ ਹੋਵੇਗਾ।

ਕਬੀਰ ਜੀ ਦੇ ਚਿੰਤਨ ਦਾ ਸਮਾਜ ’ਤੇ ਮਹੱਤਵਪੂਰਨ ਅਸਰ ਰਿਹਾ ਹੈ। ਉਹ ਇਕ ਮਨੁੱਖੀ ਨਜ਼ਰੀਏ ਅਤੇ ਸਮਾਨਤਾ ਦੇ ਪ੍ਰਤੀਕ ਸਨ। ਉਨ੍ਹਾਂ ਜਾਤੀ-ਧਰਮ ਤੋਂ ਉਪਰ ਹੋਣ ਦੀ ਗੱਲ ਕਹੀ ਅਤੇ ਲੋਕਾਂ ਨੂੰ ਦੱਸਿਆ ਕਿ ਸਾਰੇ ਮਨੁੱਖ ਇਕ ਹੀ ਹੁੰਦੇ ਹਨ ਤੇ ਸਾਰਿਆਂ ਦਾ ਈਸ਼ਵਰ ਇਕ ਹੀ ਹੁੰਦਾ ਹੈ। ਉਹ ਸਮਾਜ ’ਚ ਏਕਤਾ ਦੀ ਭਾਵਨਾ ਨੂੰ ਹਮੇਸ਼ਾ ਵਧਾਉਣਾ ਚਾਹੁੰਦੇ ਸਨ।

ਕਬੀਰ ਦੇ ਚਿੰਤਨ ਦਾ ਸਮਾਜ ’ਤੇ ਅਸਰ ਜ਼ਿਆਦਾ ਹੋਣ ਦਾ ਕਾਰਨ ਇਹ ਵੀ ਹੈ ਕਿ ਉਹ ਲੋਕਾਂ ਨੂੰ ਦੱਸਦੇ ਹਨ ਕਿ ਅਸੀਂ ਸਭ ਇਕ ਹੀ ਮੂਲ ਤੋਂ ਪੈਦਾ ਹੁੰਦੇ ਹਾਂ ਅਤੇ ਸਾਨੂੰ ਇਕ ਹੀ ਭਗਵਾਨ ਦੀ ਪਨਾਹ ਲੈਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਸਮਝਾਇਆ ਕਿ ਧਰਮ ਸਿਰਫ ਇਕ ਰਸਤੇ ਤੱਕ ਸੀਮਤ ਨਹੀਂ ਹੋ ਸਕਦਾ ਸਗੋਂ ਸਾਰੇ ਧਰਮ ਇਕ ਹੀ ਥਾਂ ਤੋਂ ਪੈਦਾ ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਚਿੰਤਨ ਦਾ ਸਮਾਜ ’ਤੇ ਅਸਰ ਸਭ ਤਰ੍ਹਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਅੱਜ ਵੀ ਲੋਕ ਉਨ੍ਹਾਂ ਦੇ ਉਪਦੇਸ਼ਾਂ ਨੂੰ ਅਪਣਾ ਕੇ ਜੀਵਨ ਜਿਊਣ ਦਾ ਨਵਾਂ ਅੰਦਾਜ਼ ਅਪਣਾਉਣ ਦਾ ਯਤਨ ਕਰਦੇ ਹਨ। ਉਨ੍ਹਾਂ ਦੀ ਬਾਣੀ ਇਸ ਰਾਸ਼ਟਰ ਦੀ ਅਨਮੋਲ ਵਿਰਾਸਤ ਹੈ ਅਤੇ ਅਸੀਂ ਨਾ ਸਿਰਫ ਇਸ ਵਿਰਾਸਤ ਨੂੰ ਬਚਾਉਣਾ ਹੈ ਸਗੋਂ ਫੈਲਾਉਣਾ ਵੀ ਹੈ।


Shivani Bassan

Content Editor

Related News