ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਦੀ ‘ਬਾਉਲੀ’
Saturday, Jun 04, 2022 - 01:04 PM (IST)

ਸਿੱਖ ਧਰਮ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਣ ਕਾਰਨ ਸਮਾਜ ਦੀ ਬਿਹਤਰੀ/ਭਲਾਈ ਲਈ ਹਮੇਸ਼ਾ ਹੀ ਤੱਤਪਰ ਰਿਹਾ ਹੈ। ਸਰਬੱਤ ਦੇ ਭਲੇ ਨੂੰ ਆਪਣਾ ਮੁੱਖ ਮਨੋਰਥ ਮੰਨ ਕੇ ਚੱਲਣ ਵਾਲਾ ਇਹ ਧਰਮ ਆਪਣੀਆਂ ਵਿਲੱਖਣ ਵਿਸ਼ੇਸ਼ਤਾਈਆਂ ਕਾਰਨ ਦੁਨੀਆ ਦੇ ਬਾਕੀ ਧਰਮਾਂ ਨਾਲੋਂ ਕੁੱਝ ਵਿੱਥਾਂ ਵੀ ਰੱਖਦਾ ਹੈ। ਸਿੱਖ ਧਰਮ ਦੇ ਸ਼ੁਰੂਆਤੀ ਸਮੇਂ ਵਿਚ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਨਵੇਂ ਨਗਰਾਂ ਨੂੰ ਵਸਾਉਣਾ ਗੁਰੂ ਸਾਹਿਬਾਨ ਦੇ ਮਿਸ਼ਨ ਦਾ ਅਹਿਮ ਹਿੱਸਾ ਰਿਹਾ ਹੈ। ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਵਿਸ਼ੇਸ਼ ਕਿਰਪਾ/ਘਾਲਣਾ ਨਾਲ ਵਸਿਆ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਸਿੱਖ ਸੰਗਤ ਵਿਚ ਸਤਿਕਾਰਯੋਗ ਸਥਾਨ ਰੱਖਦਾ ਹੈ। ਦਰਿਆ ਬਿਆਸ ਦੇ ਕਿਨਾਰੇ ’ਤੇ ਵਸੇ ਇਸ ਨਗਰ ਨੂੰ ਸਿੱਖੀ ਦਾ ਧੁਰਾ ਕਰਕੇ ਵੀ ਸਤਿਕਾਰਿਆ ਜਾਂਦਾ ਹੈ।
ਸ੍ਰੀ ਗੋਇੰਦਵਾਲ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਇਸ ਥਾਂ ’ਤੇ ਇਕ ਥੇਹ ਹੁੰਦਾ ਸੀ, ਜਿਸ ਦੇ ਮਾਲਕ ਖੱਤਰੀ ਗੋਂਦੇ ਮਰਵਾਹੇ ਦੇ ਵਡੇਰੇ ਸਨ। ਆਪਣੇ ਵਡੇਰਿਆਂ ਦੀ ਯਾਦ ਨੂੰ ਸਦੀਵੀ ਬਣਾਉਣ ਹਿੱਤ ਗੋਂਦਾ ਚਾਹੁੰਦਾ ਸੀ ਕਿ ਇਸ ਸਥਾਨ ’ਤੇ ਇਕ ਨਗਰ ਵਸ ਜਾਵੇ ਪਰ ਇਹ ਉਸ ਦੀ ਸਿਰਫ ਇਕ ਚਾਹਤ ਹੀ ਸੀ ਜਿਸ ਨੂੰ ਅਮਲੀ ਜਾਮਾ ਪਹਿਨਾਉਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ।
ਆਪਣੇ ਆਪ ਨੂੰ ਅਸਮਰੱਥ ਜਾਣ ਕੇ ਗੋਂਦਾ ਖੱਤਰੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿਚ ਆ ਗਿਆ ਅਤੇ ਉਸ ਥੇਹ ਉੱਪਰ ਨਵਾਂ ਨਗਰ ਵਸਾਉਣ ਦੀ ਜੋਦੜੀ ਕਰਨ ਲੱਗਾ। ਗੁਰਮਤਿ ਦੇ ਨਜ਼ਰੀਏ ਤੋਂ ਵਿਚਾਰਦਿਆਂ ਗੁਰੂ ਅੰਗਦ ਦੇਵ ਜੀ ਨੇ ਗੋਂਦੇ ਮਰਵਾਹੇ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ, ਕਿਉਂਕਿ ਦਰਿਆ ਦੇ ਕੰਢੇ ’ਤੇ ਹੋਣ ਦੇ ਨਾਲ-ਨਾਲ ਇਹ ਥਾਂ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੇ ਸ਼ਾਹੀ ਮਾਰਗ ਨਾਲ ਵੀ ਲੱਗਦੀ ਸੀ, ਜਿੱਥੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਇਕ ਸੋਹਣਾ ਕੇਂਦਰ ਬਣ ਸਕਦਾ ਸੀ।
ਇਸ ਆਸ਼ੇ ਦੀ ਪੂਰਤੀ ਲਈ ਗੁਰੂ ਅੰਗਦ ਦੇਵ ਜੀ ਨੇ ਬਾਬੇ ਅਮਰਦਾਸ ਜੀ ਚੋਣ ਕੀਤੀ ਅਤੇ ਉਨ੍ਹਾਂ ਨੂੰ ਨਵਾਂ ਨਗਰ ਵਸਾਉਣ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸੰਭਾਲ ਦਿੱਤੀ। ਗੁਰੂ ਸਾਹਿਬ ਨੇ ਬਾਬਾ ਜੀ ਨੂੰ ਇਹ ਵੀ ਹੁਕਮ ਕੀਤਾ ਕਿ ਨਗਰ ਤਿਆਰ ਕਰਕੇ ਆਪਣੇ ਪਿੰਡ ਬਾਸਰਕੇ ਤੋਂ ਆਪਣੇ ਅੰਗਾਂ-ਸਾਕਾਂ ਅਤੇ ਨਿਕਟਵਰਤੀਆਂ ਨੂੰ ਲਿਆ ਕੇ ਇਸ ਨਵੇਂ ਨਗਰ (ਗੋਇੰਦਵਾਲ ਸਾਹਿਬ) ਵਿਚ ਵਸਾਉਣਾ ਕਰੋ। ਗੁਰੂ ਅੰਗਦ ਦੇਵ ਜੀ ਦਾ ਹੁਕਮ ਪਾ ਕੇ ਬਾਬਾ ਅਮਰਦਾਸ ਜੀ ਨੇ ਨਵੇਂ ਨਗਰ ਦੀ ਮੋੜੀ ਗੱਡ ਦਿੱਤੀ। ਬਾਬਾ ਜੀ ਦੀ ਵਿਸ਼ੇਸ਼ ਨਿਗਰਾਨੀ ਅਤੇ ਸੰਗਤ ਦੇ ਭਰਪੂਰ ਸਹਿਯੋਗ ਨਾਲ ਇਹ ਨਵਾਂ ਨਗਰ ਕੁਝ ਕੁ ਸਮੇਂ ਵਿਚ ਹੀ ਬਣ ਕੇ ਤਿਆਰ ਹੋ ਗਿਆ, ਜਿਸ ਦਾ ਨਾਂ ਗੋਇੰਦਵਾਲ ਸਾਹਿਬ ਰੱਖਿਆ ਗਿਆ। ਗੋਇੰਦਵਾਲ ਸਾਹਿਬ ਦੇ ਬਣ ਜਾਣ ਤੋਂ ਬਾਅਦ (ਗੁਰੂ) ਅਮਰਦਾਸ ਜੀ ਨੇ ਆਪਣੇ ਜੱਦੀ ਪਿੰਡ ਬਾਸਰਕੇ ਤੋਂ ਆਪਣੇ ਪਰਿਵਾਰ ਅਤੇ ਹੋਰ ਨੇੜਤਾ ਵਾਲਿਆਂ ਨੂੰ ਲਿਆ ਕੇ ਇਸ ਨਗਰ ਵਿਚ ਵਸਾਉਣਾ ਸ਼ੁਰੂ ਕਰ ਦਿੱਤਾ।
ਸ੍ਰੀ ਗੋਇੰਦਵਾਲ ਸਾਹਿਬ ਦਰਿਆ ਬਿਆਸ ਦੇ ਕੰਢੇ ’ਤੇ ਸਥਿਤ ਹੋਣ ਕਰਕੇ ਪਹਿਲਾਂ ਸਿੱਖ-ਸੰਗਤ ਲਈ (ਸਰੋਵਰ ਦੇ ਰੂਪ ਵਿਚ) ਪਾਣੀ ਦੀ ਲੋੜ ਮਹਿਸੂਸ ਹੀ ਨਾ ਹੋਈ। 6-7 ਸਾਲਾਂ ਤੱਕ ਇਹ ਲੋੜ ਇਕ ਸਾਂਝੇ ਖੂਹ ਤੋਂ ਪੂਰੀ ਕਰ ਲਈ ਗਈ ਪਰ ਲੋੜ ਪੈਣ ’ਤੇ ਗੁਰੂ ਸਾਹਿਬ ਨੇ ਲੋੜੀਂਦੀ ਜ਼ਮੀਨ ਮੁੱਲ ਖਰੀਦ ਕੇ ਪੂਰਨਮਾਸ਼ੀ ਵਾਲੇ ਦਿਨ (ਅਰਦਾਸ ਕਰਕੇ) ਬਾਉਲੀ ਦਾ ਟੱਕ ਲਗਾ ਦਿੱਤਾ। ਭਾਵੇਂ ਸ੍ਰੀ ਗੋਇੰਦਵਾਲ ਸਾਹਿਬ ਦਰਿਆ ਬਿਆਸ ਦੇ ਕਿਨਾਰੇ ’ਤੇ ਵਸਿਆ ਹੋਣ ਕਰਕੇ ਇੱਥੇ ਪਾਣੀ ਦੀ ਕੋਈ ਕਿੱਲਤ ਨਹੀਂ ਸੀ ਪਰ ਬਾਉਲੀ ਸਾਹਿਬ ਦੇ ਨਿਰਮਾਣ ਪਿਛੇ ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਮਹਾਨ ਉਦੇਸ਼ ਸੀ। ਇਸ ਉਦੇਸ਼ ਦੀ ਜੜ੍ਹ ਸਿੱਖੀ ਦੇ ਉਸ ਸਿਧਾਂਤ ਨਾਲ ਜੁੜੀ ਹੋਈ ਹੈ, ਜਿਹੜਾ ਕਹਿੰਦਾ ਹੈ....
‘ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ’।
ਗੁਰੂ ਸਾਹਿਬ ਇਸ ਮਨੁੱਖੀ ਵਿਤਕਰੇ ਨੂੰ ਸਦੀਵੀ ਤੌਰ ’ਤੇ ਖ਼ਤਮ ਕਰਕੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਵਿਚਾਰ ਨੂੰ ਦ੍ਰਿੜ੍ਹ ਕਰਵਾਉਣਾ ਚਾਹੁੰਦੇ ਸਨ। ਇਸ ਤਰ੍ਹਾਂ ਆਪਣੇ ਉੱਚੇ, ਸੁੱਚੇ ਅਤੇ ਮਾਨਵ ਹਿੱਤਕਾਰੀ ਉਦੇਸ਼ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੀ ਰਚਨਾ ਕਰਵਾਈ। ਸਿੱਖਾਂ ਵਾਸਤੇ ਇਹ ਪਹਿਲਾ ਤੀਰਥ ਅਸਥਾਨ ਸੀ, ਜਿਸ ਦਾ ਨਿਰਮਾਣ ਗੁਰੂ ਜੀ ਨੇ ਆਪ ਆਰੰਭ ਕਰਵਾਇਆ ਅਤੇ ਇਸ ਦੀ ਤਿਆਰੀ ਲਈ ਲਗਭਗ ਛੇ ਸਾਲਾਂ ਦਾ ਸਮਾਂ ਲੱਗਾ। ਬਾਉਲੀ ਸਾਹਿਬ ਦਾ ਬਣਨਾ ਜਿਥੇ ਉਸ ਸਮੇਂ ਦੇ ਜਾਤੀ ਵੰਡ-ਵਿਤਕਰੇ ਉਪਰ ਇਕ ਕਰਾਰੀ ਅਤੇ ਵਿਹਾਰੀ ਚੋਟ ਸੀ, ਉਥੇ ਗੁਰੂਕਿਆਂ ਦੇ ਉਸ ਪੱਖ ਨੂੰ ਵੀ ਪੂਰਦੀ ਸੀ ਜਿਹੜਾ ‘ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ’ ਦੇ ਮਹਾਂਵਾਕ ਨਾਲ ਜੁੜਿਆ ਹੋਇਆ ਹੈ।
ਮਿੱਥੇ ਹੋਏ ਪ੍ਰੋਗਰਾਮ ਮੁਤਾਬਕ ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਤੱਕ ਪਹੁੰਚ ਕਰਨ ਲਈ ਚੌਰਾਸੀ ਪੌੜੀਆਂ ਬਣਵਾਈਆਂ ਅਤੇ ਨਾਲ ਹੀ ਇਹ ਵਾਕ ਵੀ ਕਰ ਦਿੱਤਾ ਕਿ ਜੇਕਰ ਇਸ ਬਾਉਲੀ ’ਤੇ ਕੋਈ ਸ਼ਰਧਾਵਾਨ (ਚਾਹੇ ਉਹ ਕਿਸੇ ਵੀ ਧਰਮ, ਵਰਣ, ਜਾਤ ਅਤੇ ਨਸਲ ਨਾਲ ਸੰਬੰਧਤ ਹੋਵੇ) ਪੂਰੀ ਸ਼ਰਧਾ-ਭਾਵਨਾ ਨਾਲ ਜਪੁ ਜੀ ਸਾਹਿਬ ਦਾ ਪਾਠ ਅਤੇ ਇਸ਼ਨਾਨ ਕਰੇਗਾ, ਉਹ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੰਵਾਰਨ ਵਿਚ ਸਫ਼ਲ ਹੋਵੇਗਾ। ਉਸ ਸਮੇਂ ਤੋਂ ਹੀ ਗੁਰੁ ਨਾਨਕ ਨਾਮ-ਲੇਵਾ ਸੰਗਤ ਇਸ ਬਾਉਲੀ ਵਿਚ ਪਾਠ ਅਤੇ ਇਸ਼ਨਾਨ ਕਰਕੇ ਆਤਮਿਕ ਆਨੰਦ ਪ੍ਰਾਪਤ ਕਰਦੀ ਆ ਰਹੀ ਹੈ।
ਰਮੇਸ਼ ਬੱਗਾ ਚੋਹਲਾ