ਸਿੱਖਾਂ ਦਾ ਮਾਣ ਵਧਾਉਣ ਵਾਲੇ 'ਗਿਆਨੀ ਦਿੱਤ ਸਿੰਘ'
Tuesday, Apr 23, 2024 - 10:51 AM (IST)
29 ਮਾਰਚ 1849 ਨੂੰ ਪੰਜਾਬ ਫਿਰੰਗੀ ਰਾਜ ਦੇ ਅਧੀਨ ਹੋ ਗਿਆ। 'ਸੀਨੇ ਖਿੱਚ ਜਿਨ੍ਹਾਂ ਨੇ ਖਾਧੀ-ਉਹ ਕਰ ਆਰਾਮ ਨਾ ਬਹਿੰਦੇ', ਦੇ ਕਥਨ ਮੁਤਾਬਿਕ ਬਾਬਾ ਰਾਮ ਸਿੰਘ ਨਾਮਧਾਰੀ, ਭਾਈ ਮਹਾਰਾਜ ਸਿੰਘ ਅਤੇ ਉਨ੍ਹਾਂ ਜਿਹੇ ਕਈ ਅਣਖੀ ਯੋਧਿਆਂ ਫਿਰੰਗੀ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕੀਤਾ। ਪਰ ਅਫਸੋਸ ਕਿ ਉਨ੍ਹਾਂ ਦੀ ਬਗਾਵਤ ਲੋਕ ਲਹਿਰ ਨਾ ਬਣ ਸਕੀ। ਉਪਰੰਤ ਸਿੱਖ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਗਿਰਾਵਟਾਂ, ਅੰਧ ਵਿਸ਼ਵਾਸ ਹੀ ਨਹੀਂ ਸਗੋਂ ਈਸਾਈ ਧਰਮ ਅਤੇ ਆਰੀਆ ਸਮਾਜ ਦਾ ਵੀ ਖਾਸਾ ਪ੍ਰਭਾਵ ਸਿੱਖ ਜਗਤ ਤੇ ਆਪਣਾ ਅਸਰ ਛੱਡਣ ਲੱਗਾ। ਇਹ ਪ੍ਰਭਾਵ ਕਬੂਲਣ ਵਾਲਿਆਂ ਵਿੱਚ ਕਈ ਰਈਸ ਸਿੱਖ ਘਰਾਣੇ ਵੀ ਸ਼ਾਮਲ ਸਨ। ਆਰੀਆ ਸਮਾਜ ਦੀ ਸ਼ੁੱਧੀ ਲਹਿਰ ਤਹਿਤ ਅਤੇ ਈਸਾਈ ਧਰਮ ਦੇ ਪ੍ਰਭਾਵ 'ਚ ਕਈ ਸਿੱਖਾਂ ਨੇ ਆਪਣਾ ਧਰਮ ਛੱਡਤਾ।
ਪ੍ਰੋਫੈਸਰ ਪਿਆਰਾ ਸਿੰਘ ਪਦਮ ਆਪਣੀ ਪੁਸਤਕ ਸੰਖੇਪ ਸਿੱਖ ਇਤਿਹਾਸ ਵਿੱਚ ਪੰਨਾ 221 'ਤੇ ਲਿਖਦੇ ਹਨ,"ਕੁੱਝ ਸ਼ਰਾਰਤੀ ਆਰੀਆ ਸਮਾਜੀਆਂ ਦੁਆਬੇ ਦੇ ਸਿੱਖਾਂ ਨੂੰ ਲਾਹੌਰ ਲਿਆ ਕੇ ਭਰੀ ਸਭਾ ਚ ਕੇਸ ਕੱਟ ਕੇ ਸ਼ੁੱਧ ਕੀਤਾ। ਇਹ ਬੜਾ ਭਿਆਨਕ ਨਜ਼ਾਰਾ ਸੀ, ਜਿਸ ਨੂੰ ਦੇਖ ਕੇ ਕਈ ਹਿੰਦੂ ਬਜ਼ੁਰਗ ਵੀ ਰੋਅ ਪਏ। ਇਕ ਹਿੰਦੂ ਬਜ਼ੁਰਗ ਨੇ ਦੁਹਾਈ ਦਿੰਦਿਆਂ ਕਿਹਾ, 'ਜਿਨ੍ਹਾਂ ਸਿੰਘਾਂ ਦੇ ਬਜ਼ੁਰਗਾਂ ਨੇ ਸਾਡੀਆਂ ਬਹੁ ਬੇਟੀਆਂ ਦੀ ਪੱਤ ਬਚਾਉਣ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਉਨ੍ਹਾਂ ਨਾਲ ਕੀ ਅਨਰਥ ਕਰ ਰਹੇ ਹੋ।" ਉਸ ਸਮੇਂ ਹਾਹਾਕਾਰ ਮਚ ਗਈ, ਜਦ 1873 'ਚ ਅੰਬਰਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਅਤਰ ਸਿੰਘ, ਆਇਆ ਸਿੰਘ, ਸੰਤੋਖ ਸਿੰਘ ਅਤੇ ਸਾਧੂ ਸਿੰਘ ਨੇ ਈਸਾਈ ਧਰਮ ਗ੍ਰਹਿਣ ਕਰਨ ਦੀ ਇੱਛਾ ਪ੍ਰਗਟਾਈ। ਇਹੀ-'ਮੈਂ ਮਰਾਂ ਪੰਥ ਜੀਵੇ' ਸੋਚ ਦੇ ਧਾਰਨੀ, ਇਸ ਗਿਰਾਵਟ ਅੱਗੇ ਛਾਤੀ ਡਾਹ ਕੇ ਨਿੱਤਰਣ ਅਤੇ ਪ੍ਰੋਫ਼ੈਸਰ ਗੁਰਮੁੱਖ ਸਿੰਘ ਨਾਲ ਮਿਲ ਕੇ ਦੂਜੇ ਵੰਨੀਓਂ ਪੰਜਾਲੀ ਚੁੱਕਣ ਵਾਲਾ ਵਡਯੋਧਾ ਗਿਆਨੀ ਦਿੱਤ ਸਿੰਘ ਹੋਇਐ।
ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦ ਪੁਰ ਕਲੌੜ, ਨਜ਼ਦੀਕ ਬੱਸੀ ਪਠਾਣਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ 'ਚ ਮਾਤਾ ਰਾਮ ਕੌਰ/ਦੀਵਾਨ ਸਿੰਘ ਦੇ ਘਰ ਹੋਇਐ। ਪਿਤਾ ਜੀ ਗੁਲਾਬਦਾਸੀਆਂ ਦੇ ਪ੍ਰਭਾਵ 'ਚ ਸਨ, ਸੋ ਜਦ ਗਿਆਨੀ ਦਿੱਤ ਸਿੰਘ ਜੀ 8 ਸਾਲ ਦੇ ਹੋਏ ਤਾਂ ਉਨ੍ਹਾਂ ਨੂੰ ਪਿੰਡ ਤਿਊੜਾ-ਮੋਹਾਲੀ 'ਚ ਸਥਿਤ ਗੁਲਾਬਦਾਸੀਆਂ ਦੇ ਡੇਰੇ ਤਾਲੀਮ ਲਈ ਭੇਜਿਆ। ਜਿੱਥੇ ਕੁਝ ਸਾਲ ਉਨ੍ਹਾਂ ਸੰਤ ਗੁਰਬਖਸ਼ ਸਿੰਘ ਗੁਲਾਬਦਾਸੀਆ ਪਾਸੋਂ ਮੁਢਲੀ ਭਾਸ਼ਾ ਅਤੇ ਧਾਰਮਿਕ ਤਾਲੀਮ ਹਾਸਲ ਕੀਤੀ। ਉਪਰੰਤ 18 ਸਾਲ ਦੀ ਉਮਰ ਵਿੱਚ ਉਨ੍ਹਾਂ ਤਦੋਂ ਪੰਜਾਬ ਦੀ ਰਾਜਧਾਨੀ ਤੇ ਦਿਲ ਸਮਝੇ ਜਾਂਦੇ, ਲਾਹੌਰ ਨਜ਼ਦੀਕ ਗੁਲਾਬਦਾਸੀਆਂ ਦੇ ਡੇਰੇ ਚੱਠਿਆਂ ਵਾਲਾ ਦਾ ਰੁੱਖ ਕੀਤਾ। ਉਥੇ ਸੰਤ ਦੇਸਾ ਸਿੰਘ ਗੁਲਾਬਦਾਸੀਆ, ਜੋ ਪੰਜਾਬੀ ਦੇ ਲਿਖਾਰੀ/ਕਵੀ ਵੀ ਸਨ, ਤੋਂ ਧਾਰਮਿਕ ਵਿਦਿਆ ਦੇ ਨਾਲ-ਨਾਲ ਲਿਖਾਰੀ/ਕਵੀ ਦੀ ਤਾਲੀਮ ਵੀ ਗ੍ਰਿਹਣ ਕੀਤੀ। ਉਥੋਂ ਹੀ ਗਿਆਨੀ ਜੀ ਦਾ ਆਉਣ ਜਾਣ ਲਾਹੌਰ ਵੀ ਹੁੰਦਾ ਰਿਹਾ, ਜਿੱਥੇ ਉਹ ਭਾਈ ਜਵਾਹਰ ਸਿੰਘ ਦੀ ਸੰਗਤ 'ਚ ਆਰੀਆ ਸਮਾਜ ਦਾ ਪ੍ਰਭਾਵ ਗ੍ਰਹਿਣ ਕਰ ਗਏ। ਪਿੱਛੋਂ ਉਨ੍ਹਾਂ ਪ੍ਰੋਫ਼ੈਸਰ ਗੁਰਮੁਖ ਸਿੰਘ ਦੇ ਸੰਪਰਕ ਵਿੱਚ ਆਕੇ ਸਿੰਘ ਸਭਾ ਦਾ ਪ੍ਰਭਾਵ ਕਬੂਲ ਕੀਤਾ ਤੇ 'ਸਹਿਜੇ ਰਚਿਓ ਖਾਲਸਾ' ਦੀ ਕਰਵਟ ਲੈਂਦਿਆਂ ਕੌਮ ਦੀ ਬਿਹਤਰੀ ਲਈ ਸੰਘਰਸ਼ ਵਿੱਚ ਕੁੱਦ ਪਏ।
ਪਿੱਛੋਂ ਉਨ੍ਹਾਂ ਨੇ ਅੰਮ੍ਰਿਤ ਦੀ ਦਾਤ ਗ੍ਰਹਿਣ ਕਰਕੇ ਕਈ ਬੁੱਧੀਜੀਵੀਆਂ ਨਾਲ ਸਿੱਖਾਂ ਦੇ ਵਿਹਾਰ ਸੁਧਾਰ ਦੀ ਚਰਚਾ ਕੀਤੀ। ਉਨ੍ਹਾਂ ਵਲੋਂ ਵਿੱਢੇ ਸਮੁੱਚੇ ਸੰਘਰਸ਼ੀ ਸਫ਼ਰ ਵਿੱਚ ਪ੍ਰੋਫੈਸਰ ਗੁਰਮੁੱਖ ਸਿੰਘ ਤਨ ਮਨ ਅਤੇ ਧਨ ਨਾਲ ਹਮਰਾਜ, ਹਮਦਰਦ ਅਤੇ ਹਮਰਾਹ ਰਹੇ। ਭਾਈ ਜਵਾਹਰ ਸਿੰਘ ਵੀ ਇਨ੍ਹਾਂ ਨਾਲ ਆ ਮਿਲੇ। 1886 'ਚ ਖਾਲਸਾ ਅਖ਼ਬਾਰ ਸ਼ੁਰੂ ਕਰਕੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਬਣੇ। ਉਨ੍ਹਾਂ ਆਪਣੀਆਂ ਬ-ਕਮਾਲ-ਲਿਖਤਾਂ ਨਾਲ ਸਿੱਖ ਵਿਰੋਧੀਆਂ ਦੇ ਹਥਿਆਰ ਖੂੰਢੇ ਕੀਤੇ। ਸ਼ਿਰੀ ਗੁਰੂ ਸਿੰਘ ਸਭਾ ਅੰਬਰਸਰ, ਖਾਲਸਾ ਦੀਵਾਨ ਸੁਸਾਇਟੀ ਲਾਹੌਰ, ਸਿੱਖ ਕੌਮ ਦੇ ਵਿਰਾਸਤੀ ਖਾਲਸਾ ਕਾਲਜ ਅੰਬਰਸਰ ਦੇ ਮੋਢੀ ਬਣੇ। ਉੱਤਮ ਟੀਕਾ ਅਤੇ ਵਿਆਖਿਆਕਾਰ ਦਾ ਪ੍ਰਭਾਵ ਛੱਡਦਿਆਂ ਉਨ੍ਹਾਂ ਵਹਿਮ ਭਰਮਾਂ, ਅੰਧ-ਵਿਸ਼ਵਾਸਾਂ, ਨੂੰ ਠੱਲ੍ਹ ਪਾਉਣ, ਦਰਬਾਰ ਸਾਹਿਬ ਅੰਬਰਸਰ 'ਚੋਂ ਮੂਰਤੀਆਂ ਚੁੱਕਵਾਉਣ, ਬਾਬਾ ਖੇਮ ਸਿੰਘ ਬੇਦੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾਕੇ ਬੈਠਣ ਤੋਂ ਰੋਕਣ ਲਈ ਕਦਮ ਚੁੱਕੇ। ਬਹੁਤ ਹੀ ਥੋੜ੍ਹ ਚਿਰੀ ਜ਼ਿੰਦਗੀ ਜਿਊਣ ਵਾਲੇ ਪੰਥ ਰਤਨ ਗਿਆਨੀ ਦਿੱਤ ਸਿੰਘ ਨੇ ਕੋਈ 71 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ। ਮੋਟੇ ਰੂਪ ਵਿੱਚ 18 ਵੀਂ ਸਦੀ ਦੇ ਚੋਣਵੇਂ ਸ਼ਹੀਦਾਂ ਦੇ ਪ੍ਰਸੰਗ, ਕੁੱਝ ਗੁਰੂ ਸਹਿਬਾਨ ਦੇ ਜੀਵਨ ਚਰਿਤ੍ਰ ਤੋਂ ਇਲਾਵਾ ਕੁੱਝ ਪ੍ਰਮੱਖ ਕਿਤਾਬਾਂ ਦੰਭ ਬਿਦਾਰਨ, ਦੁਰਗਾ ਪ੍ਰਬੋਧ,ਪੰਥ ਪ੍ਰਬੋਧ, ਮੇਰਾ ਅਤੇ ਸਾਧੂ ਦਯਾ ਨੰਦ ਦਾ ਸੰਵਾਦ, ਨਕਲੀ ਸਿੱਖ ਪ੍ਰਬੋਧ, ਪੰਥ ਸੁਧਾਰ ਬਿਨੈ ਪੱਤਰ ਅਤੇ ਧਾਰਮਿਕ ਵਾਦ ਵਿਵਾਦ ਤੋਂ ਪੈਦਾ ਹੋਈਆਂ ਸਮੱਸਿਆਵਾਂ ਤੇ ਵਾਰਤਕ ਰਚਨਾ ਵੀ ਸ਼ਾਮਲ ਹਨ।
ਅੰਬਰਸਰ ਸਿੰਘ ਸਭਾ ਤੇ ਤਦੋਂ ਸਨਾਤਨੀ ਧੜਾ ਭਾਰੂ ਸੀ। ਉਸ ਧੜੇ ਨੂੰ ਲੂਣ ਦੇਣ ਲਈ ਦਿੱਤ ਸਿੰਘ ਵਲੋਂ ਇਕ 'ਸਵਪਨ ਨਾਟਕ' ਦੀ ਵੀ ਰਚਨਾ ਕੀਤੀ। ਸਨਾਤਨੀ ਧੜੇ ਵੱਲੋਂ ਜਿਥੇ ਪੁਜਾਰੀਆਂ ਦਾ 'ਕੱਠ ਕਰਕੇ ਆਪਣੇ ਪ੍ਰਭਾਵ ਨਾਲ ਗਿਆਨੀ ਜੀ ਨੂੰ ਪੰਥ 'ਚੋਂ ਛੇਕਣ ਲਈ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਵਾ ਦਿੱਤਾ। ਉਥੇ ਬਾਬਾ ਉਦੈ ਸਿੰਘ ਬੇਦੀ ਵਲੋਂ ਮਾਨਹਾਨੀ ਦਾ ਮੁਕੱਦਮਾ ਵੀ ਠੋਕ ਦਿੱਤਾ। ਗਿਆਨੀ ਜੀ ਦੇ ਵਿਰੁੱਧ ਉਪਰੋਕਤ ਕੇਸ, ਕਰੀਬ ਇਕ ਸਾਲ ਵਿਚ ਸੱਭ ਕੁੱਝ ਰਫਾ-ਦਫਾ ਹੋ ਗਿਆ। ਗਿਆਨੀ ਜੀ ਜਿੱਥੇ ਉਹ ਸਮਾਂ ਮਾਨਸਿਕ ਪੀੜਾਂ ਵਿੱਚੋਂ ਲੰਘੇ ਉਥੇ ਆਰਥਿਕ ਮੰਦਹਾਲੀ ਤੇ ਚੱਲਦਿਆਂ ਖਾਲਸਾ ਅਖ਼ਬਾਰ ਵੀ ਬੰਦ ਹੋ ਗਿਆ। ਸ਼ਾਬਾਸ਼ ਸਿੱਖ ਹਿਤੈਸ਼ੀ ਮਹਾਰਾਜਾ ਨਾਭਾ ਦੇ ਜਿਸ ਦੀ ਵਿੱਤੀ ਮਦਦ ਨਾਲ ਖਾਲਸਾ ਅਖ਼ਬਾਰ ਮੁੜ ਸ਼ੁਰੂ ਹੋਈ ਅਤੇ ਦਿੱਤ ਸਿੰਘ ਹੁਰਾਂ ਆਪਣੇ ਅਖ਼ਬਾਰੀ ਲੇਖਾਂ ਨਾਲ ਵਿਰੋਧੀਆਂ ਦੇ ਮੁੜ ਆਹੂ ਲਾਹੇ। ਸ. ਕਰਨੈਲ ਸਿੰਘ ਸੋਮਲ ਲਿਖਦੇ ਹਨ," ਗਿਆਨੀ ਜੀ ਨੇ ਸਮਾਜਿਕ ਕੁਰੀਤੀਆਂ ਵਿਰੁੱਧ ਆਪਣੀ ਕਲਮ ਨੂੰ ਤੇਗ਼ ਵਾਂਗ ਵਾਹਿਆ। ਕਿੱਸਾਕਾਰ ਕਿਸ਼ਨ ਸਿੰਘ ਆਰਿਫ਼ ਦੀ ਸੰਗਤ ਦਾ ਪ੍ਰਭਾਵ ਲੈਂਦਿਆਂ ਕਿੱਸਾ ਸ਼ੀਰੀ ਫ਼ਰਹਾਦ ਦੀ ਰਚਨਾ ਕਰਕੇ ਆਧੁਨਿਕ ਰੰਗ ਦੀਆਂ ਕਵਿਤਾਵਾਂ ਵੀ ਲਿਖੀਆਂ। ਉਹ ਓਰੀਐਂਟਲ ਕਾਲਜ ਲਾਹੌਰ ਵਿਚ ਪ੍ਰੋਫ਼ੈਸਰ ਵੀ ਰਹੇ। ਗਿਆਨੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਵਿਦਿਆਰਥੀ ਰਹੇ ਭਾਈ ਤਖ਼ਤ ਸਿੰਘ ਨੇ ਫਿਰੋਜ਼ਪੁਰ 'ਚ ਸਿੱਖ ਕੰਨਿਆਂ ਪਾਠਸ਼ਾਲਾ ਤੇ ਦਿੱਤ ਸਿੰਘ ਦੇ ਨਾਮ ਪੁਰ ਲਾਇਬ੍ਰੇਰੀ ਵੀ ਖੋਲੀ।
ਲਿਖਾਰੀ ਗੁਰਬਖਸ਼ ਸਿੰਘ ਕੇਸਰੀ ਨੇ ਰੋਪੜ 'ਚ ਸਿੱਖ ਕੰਨਿਆਂ ਵਿਦਿਆਲਿਆ ਅਤੇ ਗਿਆਨੀ ਜੀ ਦੇ ਨਾਮ ਪੁਰ ਮੈਗਜ਼ੀਨ ਵੀ ਜਾਰੀ ਕੀਤਾ।" ਪਹਿਲਾਂ ਪਹਿਲ ਗਿਆਨੀ ਜੀ ਵੀ ਆਰੀਆ ਸਮਾਜ ਲਹਿਰ ਦੇ ਪ੍ਰਭਾਵ ਚ ਸਨ। 'ਜਬੈ ਬਾਣ ਲਾਗਿਓ-ਤਬੈ ਰੋਸ ਜਾਗਿਓ' ਮੁਤਾਬਕ 25ਨਵੰਬਰ 1888 ਨੂੰ ਆਰੀਆ ਸਮਾਜ ਦੇ ਲਾਹੌਰ ਦੇ 11ਵੇਂ ਇਜਲਾਸ ਵਿੱਚ, ਸਿੱਖ ਗੁਰੂ ਸਾਹਿਬਾਨ ਬਾਰੇ ਕੁੱਝ ਨਿਰਾਦਰ ਦੀ ਬੋਅ ਆਈ ਤਾਂ ਉਨ੍ਹਾਂ ਦਾ ਆਰੀਆ ਸਮਾਜ ਨਾਲ ਵਖਰੇਵਾਂ ਪੈ ਗਿਆ। ਅੱਗੇ ਚੱਲ ਕੇ ਗਿਆਨੀ ਜੀ ਨੇ ਤਿੰਨ ਦਫ਼ਾ ਆਰੀਆ ਸਮਾਜ ਲਹਿਰ ਦੇ ਮੁਖੀ ਸੁਆਮੀ ਦਯਾ ਨੰਦ ਨੂੰ ਵੱਖ-ਵੱਖ ਸਮੇਂ ਹੋਈ ਬਹਿਸ ਵਿੱਚ ਮਾਤ ਦਿੱਤੀ। ਪ੍ਰੋ.ਪਿਆਰਾ ਸਿੰਘ ਪਦਮ ਲਿਖਦੇ ਹਨ,"ਇਸ ਸਮੇਂ ਪੰਜਾਬ ਭਰ ਵਿੱਚ ਕੋਈ ਡੇਢ ਸੌ ਦੇ ਕਰੀਬ ਸਿੰਘ ਸਭਾਵਾਂ ਚੱਲਦੀਆਂ ਸਨ, ਜਿਨ੍ਹਾਂ ਸਿੰਘ ਸਭਾ ਲਾਹੌਰ ਤੋਂ ਅਗਵਾਈ ਲੈ ਕੇ ਜਿੱਥੇ ਉਨ੍ਹਾਂ ਹਿੰਦਵੀਅਤ ਦਾ ਸ਼ੰਗਾਰ ਲਾਹ ਕੇ ਖਾਲਸਾ ਧਰਮ ਨੂੰ ਪ੍ਰਕਾਸ਼ ਮਾਨ ਕੀਤਾ ਉਥੇ ਹੀ ਰਾਮ ਰਈਆਂ, ਧੀਰਮੱਲੀਆਂ ਅਤੇ ਗੁਰੂ ਡੰਮੀਆਂ ਤੋਂ ਬਚਾ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲਾਇਆ।" ਉਸੇ ਸਮੇਂ ਹੀ ਘਰਦਿਆਂ ਗਿਆਨੀ ਜੀ ਦਾ ਵਿਆਹ ਕਰਤਾ। ਉਨ੍ਹਾਂ ਦੀ ਜੀਵਨ ਸਾਥਣ ਬਿਸ਼ਨ ਕੌਰ ਬਣੀ। ਉਪਰੰਤ ਇਕ ਪੁੱਤਰ ਬਲਦੇਵ ਸਿੰਘ ਤੇ ਪੁੱਤਰੀ ਵਿਦਿਆਵੰਤੀ ਪੈਦਾ ਹੋਏ। ਗ੍ਰਿਸਤੀ ਜੀਵਨ ਦੇ ਨਾਲ ਨਾਲ ਉਨ੍ਹਾਂ ਦੀ ਪ੍ਰਮੁੱਖਤਾ ਸਿੱਖ ਹਲਕਿਆਂ ਵਿਚ ਸਰਗਰਮ ਰਹਿਣਾ ਸੀ। ਇਕ ਪੇਂਡੂ ਬਜ਼ੁਰਗ 'ਕਾਲੀ ਨੇ ਟਿੱਪਣੀ ਕਰਦਿਆਂ ਕਿਹਾ,"ਤਮਾਮ ਸਿੰਘ ਸਭਾਵਾਂ, ਸਿੱਖ ਰਈਸਾਂ ਨੇ ਧਾਰਮਿਕ, ਸਮਾਜਿਕ ਸੁਧਾਰਾਂ ਨਾਲ ਹੀ ਸਰੋਕਾਰ ਰੱਖਿਆ। ਨਾ ਤਾਂ ਕਿਸੇ, ਨਾਮਧਾਰੀ ਲਹਿਰ ਦੇ ਭਿਆਨਿਕ ਅੰਤ ਤੇ ਹਾਅ ਦਾ ਨਾਅਰਾ ਮਾਰਿਆ ਤੇ ਨਾ ਮਹਾਰਾਜਾ ਦਲੀਪ ਸਿੰਘ ਵਲੋਂ ਖਾਲਸਾ ਰਾਜ ਦੀ ਮੁੜ ਬਹਾਲੀ ਲਈ ਕੀਤੇ ਜਾਂਦੇ ਬਾਹਰੋਂ ਯਤਨਾਂ ਲਈ ਬਾਰ ਬਾਰ ਸੁਨੇਹੇ ਭੇਜਣ ਤੇ ਅੰਦਰੋਂ ਕੋਈ ਹਾਮੀ ਤੱਕ ਭਰੀ। -ਫਿਰ ਵੀ ਸਿੰਘ ਸਭਾਵਾਂ ਵਲੋਂ ਕੀਤੇ ਧਾਰਮਿਕ, ਸਮਾਜਿਕ ਅਤੇ ਸਿੱਖਿਆ ਸੁਧਾਰਾਂ ਲਈ ਉਨ੍ਹਾਂ ਮਾਣ ਮੱਤੀਆਂ ਸ਼ਖ਼ਸੀਅਤਾਂ ਨੂੰ ਸਿੱਜਦਾ ਕਰਦੇ ਆਂ।" ਇਹਨਾਂ ਦੇ ਅੰਤ ਵਾਂਗ ਹੀ ਸਿੰਘ ਸਭਾ ਲਾਹੌਰ ਦਾ ਅੰਤ ਵੀ ਨੇੜੇ ਆਣ ਢੁੱਕਿਆ। ਸਿੰਘ ਸਭਾ ਲਾਹੌਰ ਨੂੰ ਕਪੂਰਥਲਾ ਦੇ ਕੰਵਰ ਬਿਕਰਮਾ ਸਿੰਘ ਅਤੇ ਸਰ ਅਤਰ ਸਿੰਘ ਭਦੌੜ ਦਾ ਮਾਲੀ ਅਤੇ ਜਿਸਮਾਨੀ ਕਾਫੀ ਥਾਪੜਾ ਸੀ ਅਫਸੋਸ ਕਿ ਉਹ ਦੋਵੇਂ ਕ੍ਰਮਵਾਰ 1887ਅਤੇ 1895 ਵਿਚ ਚੜ੍ਹਾਈ ਕਰ ਗਏ ਤੇ ਦੂਜੇ ਵੰਨੀਓਂ ਪੰਜਾਲੀ ਚੁੱਕਣ ਵਾਲਾ ਪ੍ਰੋਫੈਸਰ ਗੁਰਮੁੱਖ ਸਿੰਘ 1896 'ਚ। ਸਿੰਘ ਸਭਾ ਲਹਿਰ ਲਾਹੌਰ ਨੂੰ ਇਸ ਦੀ ਭਾਰੀ ਸੱਟ ਲੱਗੀ। ਮਾਨੋ ਦਿੱਤ ਸਿੰਘ ਹੋਰਾਂ ਦਾ ਦਿਲ ਟੁੱਟ ਗਿਆ। ਕੁੱਝ ਸਾਲਾਂ 'ਚ ਹੀ ਉਹ ਵੀ ਬਿਮਾਰ ਪੈ ਗਏ। ਸੋ ਸਿੱਖ ਵਿਹਾਰ ਸੁਧਾਰ ਲਈ ਸੁਨਹਿਰੀ ਪੈੜਾਂ ਪਾਉਂਦਿਆਂ ਉਹ ਕੁੱਝ ਸਮਾਂ ਬੀਮਾਰ ਰਹਿ ਕੇ ਲਾਹੌਰ ਵਿਖੇ ਹੀ 6 ਸਤੰਬਰ 1901ਨੂੰ ਗੁਰ ਪਿਆਨਾ ਕਰ ਗਏ। ਮਾਨੋ ਨਾਲ ਹੀ ਸਿੰਘ ਸਭਾ ਲਾਹੌਰ ਵੀ ਦਮ ਤੋੜ ਗਈ। ਗਿਆਨੀ ਜੀ ਨੇ ਆਪਣੀ ਤਮਾਮ 'ਥੋੜ ਚਿਰੀ ਜ਼ਿੰਦਗੀ' ਕੌਮ ਦੇ ਵਿਹਾਰ ਸੁਧਾਰ ਦੇ ਲੇਖੇ ਲਾ ਕੇ 'ਮੇਰੀ ਜਿੰਦੜੀ ਕੌਮ ਦੇ ਲੇਖੇ' ਦਾ ਬੋਲ ਪੁਗਾ ਗਏ।
ਲੇਖਕ: ਸਤਵੀਰ ਸਿੰਘ ਚਾਨੀਆਂ
92569-73526