ਗੁਰੂ ਗੋਬਿੰਦ ਸਿੰਘ ਜੀ
Saturday, Feb 09, 2019 - 11:01 AM (IST)

ਕੱਚੀ ਗੜ੍ਹੀ ਦੇ ਅੰਦਰ ਭਾਵੇਂ ਆਪ ਰਹਿ ਕੇ ,
ਲੱਖਾਂ ਤਨ ਤੇ ਦੁੱਖ ਸਹਾਰ ਲਏ ਤੂੰ।
ਅੱਜ ਤਾਹੀਓਂ ਨੇ ਪੱਕੇ ਮਕਾਨ ਸਾਡੇ ,
ਜੰਡਾਂ ਥੱਲੇ ਵੀ ਦਿਨ ਗੁਜ਼ਾਰ ਲਏ ਤੂੰ।
ਜੇ ਲੜ੍ਹਦੇ ਬਹਾਦਰੀ ਨਾਲ ਨਾਂ ਸਿੰਘ ਤੇਰੇ ,
ਖਾਲਸਾ ਕਿੱਥੋਂ ਸੀ ਤੇਰਾ ਦਾਤਾਰ ਰਹਿਣਾ।
ਹੁੰਦੀ ਦਸਤਾਰ ਨਾਂ ਅੱਜ ਸਾਡੇ ਸੀਸ ਉੱਤੇ ,
ਨਾਂ ਸੀ ਕਿਸੇ ਨੇ ਸਾਨੂੰ ਸਰਦਾਰ ਕਹਿਣਾ।
ਤੇਰੇ ਪੁੱਤਰ ਨੇ ਨੀਹਾਂ ਵਿੱਚ ਖੜ੍ਹੇ ਹੋ ਕੇ ,
ਨੀਹਾਂ ਸਿੱਖੀ ਦੀਆਂ ਪੱਕੀਆਂ ਕਰਨ ਵਾਲ਼ੇ।
ਤੇਰੇ ਲਾਡਲਿਆਂ ਦੇ ਡੁੱਲ੍ਹੇ ਹੋਏ ਲਹੂ ਸਦਕਾ ,
ਤੇਰੇ ਸਿੱਖ ਨਾਂ ਕਿਸੇ ਤੋਂ ਡਰਨ ਵਾਲ਼ੇ।
ਅਜੀਤ ਵਾਂਗਰਾਂ ਸ਼ਹੀਦ ਭਾਵੇਂ ਹੋ ਜਾਵਣ,
ਪਰ ਹਾਰ ਕੇ ਨਹੀਂ ਕਦੇ ਇਹ ਆਉਣ ਵਾਲ਼ੇ।
ਲੈ ਕੇ ਸਿੱਖਿਆ ਇਹ ਤੇਰੇ ਜੁਝਾਰ ਪਾਸੋਂ ,
ਪੈਰ ਕਦੇ ਨਹੀਂ ਪਿਛਾਂਹ ਹਟਾਉਣ ਵਾਲ਼ੇ।
ਤੇਰਿਆਂ ਚਰਨਾਂ ਵਿੱਚ ਚੁਭੇ ਸਨ ਕੰਡੇ ਜਿਹੜੇ ,
ਅੱਜ ਵੀ ਚੀਸ ਮੇਰੇ ਸੀਨੇ ਵਿੱਚ ਪਾਂਵਦੇ ਨੇ।
ਹੱਥੀਂ ਪਾਲ਼ ਕੇ ਪੁੱਤਰ ਕਿਵੇਂ ਤੋਰ ਦਿੱਤੇ ,
ਇਹ ਸਵਾਲ ਸਦਾ ਮਨ ਵਿੱਚ ਆਂਵਦੇ ਨੇ।
ਉਦੋਂ ਉਮਰ ਈ ਤੇਰੀ ਸੀ ਕੀ ਬਾਪੂ ,
ਜਦੋਂ ਪਿਤਾ ਗੁਰੂ ਦਿੱਲੀ ਵੱਲ ਤੂੰ ਤੋਰੇ।
ਕੁਰਬਾਨ ਹੋਏ ਉਹ ਤਿਲਕ ਤੇ ਜੰਞੂ ਖ਼ਾਤਰ ,
ਰੱਖੇ ਫ਼ਿਰ ਵੀ ਨਾਂ ਦਿਲ ਵਿੱਚ ਤੂੰ ਝੋਰੇ।
ਕਿਹੜੇ ਉਪਕਾਰ ਜੋ ਤੇਰੇ ਗਿਣਾਂ ਸਕਾਂ,
ਮੈਂ ਤਾਂ ਬਾਲ ਨਿਮਾਣਾ ਤੇਰਾ ਸਦਾ ਰਹਿਣਾ।
ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਜੀ ,
ਤੁਹਾਡਾ ਕਰਜ਼ ਸਾਡੇ ਸਿਰੋਂ ਨਹੀਂ ਕਦੇ ਲਹਿਣਾ।
ਅਰਸ਼ਪ੍ਰੀਤ ਸਿੰਘ ਮਧਰੇ
ਫੋਨ ਨੰਬਰ _ +91 9878567128