ਜਨਮ ਦਿਹਾੜੇ 'ਤੇ ਵਿਸ਼ੇਸ਼ : ਮਹਾਨ ਯੋਧਾ ਬਾਬਾ ਦੀਪ ਸਿੰਘ ਜੀ

01/27/2023 11:10:10 AM

ਜ਼ਿਲ੍ਹਾ ਲਾਹੌਰ (ਅੰਮ੍ਰਿਤਸਰ ਸਾਹਿਬ) ਦੇ ਪਿੰਡ ਪਹੂਵਿੰਡ ਦੇ ਰਹਿਣ ਵਾਲੇ ਭਾਈ ਭਗਤੂ ਜੀ ਤੇ ਉਨ੍ਹਾਂ ਦੀ ਪਤਨੀ ਜਿਊਣੀ ਜੀ ਗੁਰੂ ਤੇਗ ਬਹਾਦਰ ਜੀ ਦੀ ਸੰਗਤ ਵਿਚ ਅਕਸਰ ਹੀ ਜਾਂਦੇ ਰਹਿੰਦੇ ਸਨ। ਇਹ ਇਕ ਗੁਰਸਿੱਖ ਪਰਿਵਾਰ ਸੀ। ਇਨ੍ਹਾਂ ਦੇ ਗ੍ਰਹਿ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਨੂੰ ਹੋਇਆ। ਜਦੋਂ ਬਾਲ ਅਵਸਥਾ ਵਿਚ ਬਾਬਾ ਦੀਪ ਸਿੰਘ ਜੀ ਦੇ ਮਾਪੇ ਇਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨਾਂ ਲਈ ਲੈ ਗਏ ਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਾਪਿਆਂ ਤੋਂ ਇਹ ਆਗਿਆ ਮੰਗੀ ਕਿ ਉਨ੍ਹਾਂ ਨੂੰ ਅਨੰਦਪੁਰ ਵਿਖੇ ਹੀ ਗੁਰੂ ਦੀ ਸੰਗਤ ਵਿਚ ਰਹਿਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਵੱਡੇ ਹੋ ਗਏ ਤਾਂ ਜ਼ਰੂਰ ਹੀ ਅਨੰਦਪੁਰ ਸਾਹਿਬ ਵਿਖੇ ਆ ਕੇ ਰਹਿ ਸਕਦੇ ਹੋ। 

ਸੰਨ 1700 ਦੀ ਵਿਸਾਖੀ ਮੌਕੇ ਆਪ ਦੇ ਮਾਪਿਆਂ ਨੇ ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਰਪਣ ਕਰ ਦਿੱਤਾ। ਗੁਰੂ ਜੀ ਨੇ ਆਪ ਬਾਬਾ ਜੀ ਨੂੰ ਅੰਮ੍ਰਿਤਪਾਨ ਕਰਵਾਇਆ। ਹਥਿਆਰਾਂ ਦੀ ਸਿਖਲਾਈ ਦਿੱਤੀ। ਬਾਬਾ ਦੀਪ ਸਿੰਘ ਜੀ ਦਾ 1702 ਈਸਵੀ ਵਿਚ ਵਿਆਹ ਹੋ ਗਿਆ। ਤਿੰਨ ਸਾਲ ਆਪਣੇ ਪਰਿਵਾਰ ਨਾਲ ਬਿਤਾਉਣ ਮਗਰੋਂ ਜਦੋਂ ਬਾਬਾ ਜੀ ਨੂੰ ਗੁਰੂ ਜੀ ਦੇ ਅਨੰਦਪੁਰ ਸਾਹਿਬ ਛੱਡਣ ਬਾਰੇ ਪਤਾ ਲੱਗਾ ਤਾਂ ਆਪ ਜੀ ਗੁਰੂ ਜੀ ਕੋਲ 1705 ਈਸਵੀ ਵਿਚ ਤਲਵੰਡੀ ਸਾਬੋ ਵਿਖੇ ਆ ਗਏ।

ਤਲਵੰਡੀ ਸਾਬੋ ਵਿਖੇ ਜਦੋਂ ਗੁਰੂ ਜੀ ਨੇ ਦਮਦਮੀ ਬੀੜ (ਆਦਿ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਤਿਆਰ ਕੀਤੀ ਤਾਂ ਆਪ ਜੀ ਨੇ ਭਾਈ ਮਨੀ ਸਿੰਘ ਜੀ ਦੀ ਸਿਆਹੀ ਤੇ ਕਾਗਜ਼ਾਂ ਆਦਿ ਵਿਚ ਮਦਦ ਕੀਤੀ। ਬਾਅਦ ਵਿਚ ਆਪ ਜੀ ਨੇ ਇਸ ਪਵਿੱਤਰ ਬੀੜ ਦੇ ਚਾਰ ਉਤਾਰੇ ਕੀਤੇ। ਇਹ ਚਾਰੇ ਉਤਾਰੇ ਚਾਰ ਤਖ਼ਤ ਸਾਹਿਬਾਨ ’ਤੇ ਭੇਜੇ ਗਏ, ਜਿੱਥੇ ਕਿ ਅਜੇ ਵੀ ਮੌਜੂਦ ਹਨ। ਇਹ ਬੀੜ ਸਿੱਖਾਂ ਵਿਚ ਪੂਰੀ ਤਰ੍ਹਾਂ ਪ੍ਰਮਾਣਿਤ ਮੰਨੀ ਜਾਂਦੀ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਆਏ ਤਾਂ 1709 ਈਸਵੀ ਨੂੰ ਬਾਬਾ ਦੀਪ ਸਿੰਘ ਜੀ ਨੇ ਬਾਬਾ ਜੀ ਦੀ ਫ਼ੌਜ ਨਾਲ ਮਿਲ ਕੇ ਸਢੌਰਾ ਅਤੇ ਸਰਹਿੰਦ ਦੀਆਂ ਜੰਗਾਂ ਵਿਚ ਹਿੱਸਾ ਲਿਆ ਅਤੇ ਫਤਿਹ ਹਾਸਲ ਕੀਤੀ। ਆਪ ਜੀ ਦਾ ਸਿੱਖਾਂ ਵਿਚ ਬਹੁਤ ਸਤਿਕਾਰ ਸੀ ਅਤੇ ਨਵਾਬ ਕਪੂਰ ਸਿੰਘ ਜੀ ਨੇ ਆਪ ਜੀ ਨੂੰ ਦਲ ਖ਼ਾਲਸਾ ਦੇ ਇਕ ਜਥੇ ਦੀਆ ਫ਼ੌਜਾਂ ਦਾ ਮੁਖੀ ਬਣਾ ਕੇ ਸਨਮਾਨ ਦਿੱਤਾ। 1748 ਈਸਵੀ ਨੂੰ ਬਾਬਾ ਜੀ ਨੂੰ ਸ਼ਹੀਦਾਂ ਮਿਸਲ ਦੇ ਮੁਖੀ ਬਣਾਇਆ ਗਿਆ। 

ਮਾਰਚ 1757 ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ ’ਤੇ ਚੌਥਾ ਹਮਲਾ ਕਰਨ ਲਈ ਆਇਆ ਸੀ ਤਾਂ ਉਸ ਨੇ ਕਾਫ਼ੀ ਲੁੱਟ-ਮਾਰ ਕੀਤੀ। ਦਿੱਲੀ ਰਾਜਧਾਨੀ ਤੋਂ ਅਤੇ ਧਾਰਮਿਕ ਅਸਥਾਨਾਂ ਤੋਂ ਹੀਰੇ ਜਵਾਹਰਾਤ ਆਦਿ ਲੁੱਟ ਲਏ। ਤੈਮੂਰ ਅਤੇ ਜਹਾਨ ਖਾਂ ਇਹ ਲੁੱਟਿਆ ਮਾਲ ਲੈ ਕੇ ਲਾਹੌਰ ਵੱਲ ਜਾ ਰਹੇ ਸਨ ਤਾਂ ਬਾਬਾ ਦੀਪ ਸਿੰਘ ਜੀ ਦੀ ਫ਼ੌਜ ਨੇ ਕੁਰੂਕਸ਼ੇਤਰ ਦੇ ਨੇੜੇ ਇਨ੍ਹਾਂ ਤੇ ਹਮਲਾ ਕਰਕੇ ਵੱਡੀ ਗਿਣਤੀ ਵਿਚ ਹਿੰਦੂਆਂ ਦੀਆਂ ਧੀਆਂ ਤੇ ਔਰਤਾਂ ਛੁਡਵਾ ਲਈਆਂ, ਧਨ-ਮਾਲ ਖੋਹ ਲਿਆ। ਅਹਿਮਦ ਸ਼ਾਹ ਨੇ ਆਪਣੇ ਪੁੱਤਰ ਤੈਮੂਰ ਸ਼ਾਹ  ਨੂੰ ਆਪਣੇ ਅਧੀਨ ਸਾਰੇ ਹੀ ਭਾਰਤੀ ਇਲਾਕਿਆਂ ਦਾ ਵਾਇਸਰਾਏ ਨਿਯੁਕਤ ਕਰ ਦਿੱਤਾ ਅਤੇ ਸਖ਼ਤ ਹਦਾਇਤ ਕਰ ਦਿੱਤੀ ਕਿ ਜਿਸ ਤਰ੍ਹਾਂ ਵੀ ਹੋਵੇ, ਸਿੱਖਾਂ ਦਾ ਨਾਮੋ-ਨਿਸ਼ਾਨ ਖ਼ਤਮ ਕਰ ਦੇਣਾ ਹੈ। ਤੈਮੂਰ ਸ਼ਾਹ ਨੇ ਹੁਣ ਅੱਤ ਚੁੱਕ ਲਈ ਸੀ। ਉਸ ਨੇ ਅੰਮ੍ਰਿਤ  ਸਰੋਵਰ ਦੀ ਬੇਅਦਬੀ ਕੀਤੀ ਤੇ ਹਰਿਮੰਦਰ ਸਾਹਿਬ ਨੂੰ ਵੀ ਨੁਕਸਾਨ ਪਹੁੰਚਾਇਆ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਸਿੰਘਾਂ ਨੂੰ ਲਲਕਾਰਿਆ ਤੇ ਐਲਾਨ ਕੀਤਾ ਕਿ ਹੁਣ ਤਾਂ ਦੀਵਾਲੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਮਨਾਈ ਜਾਵੇਗੀ।  

ਬਾਬਾ ਜੀ ਨੇ ਪ੍ਰਣ ਲਿਆ ਕਿ ਉਨ੍ਹਾਂ ਦਾ ਸੀਸ ਅੰਮ੍ਰਿਤਸਰ ਸਾਹਿਬ ਦੀ ਭੇਟਾ ਹੋਵੇਗਾ। ਨਵੰਬਰ 1757 ਈਸਵੀ ਨੂੰ ਗੋਹਰਵਾਲ ਦੇ ਨੇੜੇ ਬਾਬਾ ਜੀ ਦੇ ਸਿੰਘਾਂ ਅਤੇ ਜਹਾਨ ਖਾਨ ਦੀਆਂ ਫ਼ੌਜਾਂ ਦਾ ਟਾਕਰਾ ਹੋ ਗਿਆ। ਦੁਸ਼ਮਣ ਸਿੰਘਾਂ ਅੱਗੇ ਟਿਕ ਨਾ ਸਕੇ। ਉਹ ਖਿੰਡ-ਪੁੰਡ ਗਏ ਤੇ ਜਹਾਨ ਖਾਨ ਨੇ ਉਨ੍ਹਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਭੱਜ ਗਏ। ਇੰਨੇ ਨੂੰ ਅਤਾਈ ਖਾਂ 20 ਹਜ਼ਾਰ ਫੌਜ ਲੈ ਕੇ ਪੁੱਜ ਗਿਆ, ਜਿਸ ਕਰਕੇ ਦੁਸ਼ਮਣ ਮੁੜ ਇਕੱਠੇ ਹੋਣੇ ਸ਼ੁਰੂ ਹੋ ਗਏ। ਸਿੰਘ ਦੁਸ਼ਮਣਾਂ ਨੂੰ ਪਿੰਡ ਚੱਬਾ ਤੱਕ ਧੱਕ ਕੇ ਲੈ ਆਏ। ਲੜਾਈ ਮੁੜ ਸ਼ੁਰੂ ਹੋ ਗਈ। ਸਿੱਖ ਜਾਨਾਂ ਹੂਲ ਕੇ ਲੜੇ ਅਤੇ ਹਜ਼ਾਰਾਂ ਹੀ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ। ਬਾਬਾ ਦੀਪ ਸਿੰਘ ਜੀ ਨੇ ਅਜਿਹਾ ਖੰਡਾ ਖੜਕਾਇਆ ਕਿ ਦੁਸ਼ਮਣਾਂ ਦੀਆਂ ਰੂਹਾਂ ਕੰਬ ਗਈਆਂ। 

ਅਖੀਰ ਆਪਣੀ ਫ਼ੌਜ ਨੂੰ ਢਿੱਲੀ ਪੈਂਦੀ ਵੇਖਦਿਆਂ ਅਤਾਈ ਖਾਂ ਆਪ ਮੈਦਾਨ ਵਿਚ ਆਇਆ। ਦੋ ਜਰਨੈਲ ਜੰਗੇ ਮੈਦਾਨ ਵਿਚ ਆਹਮੋ-ਸਾਹਮਣੇ ਸਨ। ਦੋਵਾਂ ਨੇ ਇਕ-ਦੂਜੇ ’ਤੇ ਵਾਰ ਕੀਤਾ। ਸਾਂਝਾ ਵਾਰ ਹੋਇਆ ਤੇ ਉਸ ਨੇ ਧੋਖੇ ਨਾਲ ਬਾਬਾ ਜੀ ਦੀ ਗਰਦਨ ’ਤੇ ਤਲਵਾਰ ਦਾ ਵਾਰ ਕੀਤਾ। ਬਾਬਾ ਜੀ ਅਤੇ ਅਤਾਈ ਖਾਨ ਦੋਵਾਂ ਦੇ ਸਿਰ ਇਸ ਸਾਂਝੇ ਵਾਰ ਨਾਲ ਧੜਾਂ ਤੋਂ ਵੱਖ  ਹੋ ਗਏ। ਇਕ ਸਿੰਘ ਨੇ ਕਿਹਾ ਕਿ ਬਾਬਾ ਜੀ ਤੁਸੀਂ ਤਾਂ ਪ੍ਰਣ ਕੀਤਾ ਸੀ ਕਿ ਦਰਬਾਰ ਸਾਹਿਬ ਵਿਖੇ ਜਾ ਕੇ ਸੀਸ ਭੇਟਾ ਕਰੋਗੇ ਤੇ ਹੁਣ ਇਥੇ ਹੀ ਸ਼ਹੀਦੀ ਪਾਉਣ ਲੱਗੇ ਹੋ,  ਉਸ ਵੇਲੇ ਇਕ ਅਲੌਕਿਕ ਘਟਨਾ ਵਾਪਰੀ। ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ’ਤੇ ਟਿਕਾ ਲਿਆ ਅਤੇ ਸੱਜੇ ਹੱਥ ’ਚ ਫੜੇ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਹੁਣੇ ਸ਼ੁਰੂ ਕਰ ਦਿੱਤੇ। ਬਿਨਾਂ ਸੀਸ ਤੋਂ ਇਕੱਲੇ ਧੜ ਨੂੰ ਹੀ ਲੜਦਿਆਂ ਵੇਖ ਕੇ ਦੁਸ਼ਮਣ ਡਰ ਕੇ ਭੱਜਣ ਲੱਗੇ। ਬਾਬਾ ਦੀਪ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਵਿਚ ਆ ਕੇ ਆਪਣਾ ਸੀਸ ਭੇਟਾ ਕਰ ਦਿੱਤਾ ਅਤੇ ਸ਼ਹੀਦ ਹੋ ਗਏ। ਬਾਬਾ ਜੀ ਦੀ ਯਾਦ ਵਿਚ ਇਕ ਅਸਥਾਨ ਪਰਿਕਰਮਾ ਵਿਚ ਬਣਿਆ ਹੋਇਆ ਹੈ, ਜਦਕਿ ਦੂਜਾ ਵੱਡਾ ਅਸਥਾਨ ਰਾਮਸਰ ਦੇ ਕੋਲ ਬਣਿਆ ਹੋਇਆ ਹੈ, ਜਿੱਥੇ ਕਿ ਅਖੰਡ ਜੋਤੀ ਜਗ ਰਹੀ ਹੈ।     

ਗੁਰਪ੍ਰੀਤ ਸਿੰਘ ਨਿਆਮੀਆਂ
 


Harnek Seechewal

Content Editor

Related News