ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ

Thursday, Jul 05, 2018 - 04:53 PM (IST)

ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ

ਗੁਰਦੁਆਰਾ  ਸਾਹਿਬ, ਸੈਕਟਰ 37-ਡੀ, ਚੰਡੀਗੜ੍ਹ ਵੱਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਕ ਸ਼ਾਨਦਾਰ ਕਵੀ ਦਰਬਾਰ ਦਾ ਸਮਾਗਮ ਕੀਤਾ ਗਿਆ ਜਿਹੜਾ ਕਿ ਕਾਫੀ ਦੇਰ ਰਾਤ ਤਕ ਚਲਦਾ ਰਿਹਾ ਅਤੇ ਜਿਸ ਵਿਚ ਪੰਥ ਦੇ ਪ੍ਰਸਿੱਧ ਵਿਦਵਾਨਾਂ ਅਤੇ ਉੱਘੇ ਸਾਹਿਤਕਾਰਾਂ ਨੇ ਭਾਗ ਲਿਆ। ਜਿਹਨਾਂ ਨੇ ਆਪਣੀਆਂ  ਬਹੁ-ਰੰਗੀ ਕਵਿਤਾਵਾਂ ਰਾਹੀਂ ਸਿੱਖ ਇਤਿਹਾਸ ਦੇ ਸੁੰਦਰ ਪੰਨਿਆਂ ਵਿਚੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ, ਸੰਗਤਾਂ ਨੂੰ ਨਿਹਾਲ ਕੀਤਾ। 
ਇਸ ਕਵੀ ਦਰਬਾਰ ਵਿਚ ਜਿਹਨਾਂ ਪ੍ਰਸਿੱਧ ਕਵੀਆਂ ਨੇ ਭਾਗ ਲਿਆ ਉਹਨਾਂ ਵਿਚ ਸ. ਜਗਤਾਰ ਸਿੰਘ ਜੋਗ, ਸ. ਤੇਜਾ ਸਿੰਘ ਥੂਹਾ, ਬੀਬੀ ਮਨਜੀਤ ਕੌਰ ਮੋਹਾਲੀ, ਸ. ਦਰਸ਼ਨ ਸਿੰਘ ਸਿਧੂ, ਸ੍ਰੀ ਪਰਸਰਾਮ ਸਿੰਘ ਬਧਨ, ਸ੍ਰੀ ਭਗਤ ਰਾਮ ਰੰਗਾੜਾ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸ. ਅਵਤਾਰ ਸਿੰਘ ਮਹਿਤਪੁਰੀ, ਸ. ਚਰਨ ਸਿੰਘ ਚੰਡੀਗੜ੍ਹ, ਸ. ਅਜਮੇਰ ਸਾਗਰ, ਬੀਬੀ ਮਲਕੀਤ ਕੌਰ ਬਸਰਾ, ਬੀਬੀ ਗੁਰਸ਼ਰਨ ਕੌਰ ਅਤੇ  ਛੋਟੀਆਂ ਬੱਚੀਆਂ ਦਮਨਪ੍ਰੀਤ ਕੌਰ, ਸਿਮਰਨ ਕੌਰ, ਬਿਹਾਰੀ ਲੜਕੀ ਰਾਧਾ ਅਤੇ ਕਾਕਾ ਮਨਜੋਤ ਸਿੰਘ ਸ਼ਾਮਿਲ ਸਨ। 
ਕਵੀ ਦਰਬਾਰ ਉਪਰੰਤ ਸਾਰੇ ਕਵੀਆਂ ਨੂੰ ਸਿਰੋਪੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਸਾਰੇ ਕਵੀਆਂ ਦੀਆਂ ਕਵਿਤਾਵਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਸਭ ਦਾ ਧੰਨਵਾਦ ਕੀਤਾ ਗਿਆ। ਏਕ ਨੂਰ ਜਥੇ ਦੇ ਪ੍ਰਬੰਧਕ ਮਨਦੀਪ ਸਿੰਘ ਲਾਲੀ ਅਤੇ ਮਨਵੀਰ ਸਿੰਘ ਨੇ ਵੀ ਸਭ ਕਵੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਜੱਥੇ ਵੱਲੋਂ ਅਜਿਹੇ ਹੋਰ ਕਵੀ ਦਰਬਾਰ ਵੀ ਕਰਵਾਏ ਜਾਣਗੇ ਤਾਂ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾਵੇ। ਸਟੇਜ ਸਕੱਤਰ ਦੀ ਸੇਵਾ ਸ. ਅਵਤਾਰ ਸਿੰਘ ਮਹਿਤਪੁਰੀ ਜੀ ਨੇ ਬਾ-ਖੂਬੀ ਨਿਭਾਈ। 
ਬਹਾਦਰ ਸਿੰਘ ਗੋਸਲ  
ਚੰਡੀਗੜ੍ਹ।
   


Related News