ਬਿਜਲੀ ਸੁਰੱਖਿਆ ਲੜੀ ਨੰਬਰ 5 : ਫਿਟਿੰਗ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ

11/19/2020 3:23:10 PM

ਘਰੇਲੂ ਫਿਟਿੰਗ ਲਈ ਪਹਿਲੀ ਗੱਲ ਘਰ ਵਿਚ ਜਿੰਨੇ ਵੀ ਸੋਕਟ (ਪਲੱਗ) ਹਨ, ਗਰਮ ਤਾਰ ਜਾਂ ਜਿਸ ਉਪਰ ਟੈਸਟ ਪਿੰਨ ਜਗਦਾ ਹੈ, ਹਮੇਸ਼ਾ ਪਲੱਗ ਦੇ ਸੱਜੇ ਹੱਥ ਹੋਣੀ ਚਾਹੀਦੀ ਹੈ। ਬੇਸ਼ੱਕ ਸਵਿੱਚ ਖੱਬੇ ਹੋਵੇ ਜਾਂ ਸੱਜੇ। ਅਕਸਰ ਘਰਾਂ ਦੇ ਪਲੱਗਾਂ ਦੀ ਫੇਸ ਤਾਰ ਸਵਿੱਚ ਵਾਲੇ ਪਾਸੇ ਹੁੰਦੀ ਹੈ, ਮਤਲਬ ਕਿਸੇ ਦੀ ਸੱਜੇ ਕਿਸੇ ਦੀ ਖੱਬੇ। ਇਹ ਅਤਿਅੰਤ ਖ਼ਤਰਨਾਕ ਹੈ। ਹੋਰ ਤਾਂ ਹੋਰ ਜਿਸ ਕਿਸੇ ਮਸ਼ੀਨ ਦਾ ਤਿੰਨ ਪਿੰਨ ਟੌਪ ਨਾਲ ਲੱਗਕੇ ਆਓਂਦਾ ਹੈ ਅਤੇ ਕਦੀ ਉਹ ਟੌਪ ਕੱਟਣਾ ਪਵੇ ਤਾਂ ਤੁਸੀਂ ਵੇਖੋਗੇ ਕਿ ਤਿੰਨ ਕੋਰ ਤਾਰ ਦੀ ਲਾਲ ਤਾਰ ਹਮੇਸ਼ਾ ਸੱਜੇ ਪਾਸੇ ਮਿਲੇਗੀ। ਪਲੱਗ ਦੇ ਅੰਦਰ ਵੀ ਬਾਕਾਇਦਾ L N ਅਤੇ E ਪ੍ਰਿੰਟ ਹੁੰਦੇ ਹਨ। ਬਦਕਿਸਮਤੀ ਹੈ ਕਿ ਇਸ ਬਾਰੇ ਨਾ ਸਾਡੇ ਕਿਸੇ ਖ਼ਪਤਕਾਰ ਨੂੰ ਪਤਾ ਹੈ ਤੇ ਨਾ ਇਲੈਕਟ੍ਰੀਸ਼ਨ ਨੂੰ। 

PunjabKesari

ਬਿਜਲੀ ਫਿਟਿੰਗ ਵਿੱਚ ਇਲੈਕਟ੍ਰੀਸ਼ਨ ਅਕਸਰ PVC ਟੇਪ ਵਰਤਦੇ ਹਨ, ਜੋ ਸਾਡੇ ਦੁਨੀਆਂ ਭਰ ਦੇ ਐਕਸੀਡੈਂਟਾਂ ਦਾ ਕਾਰਨ ਬਣਦੀ ਹੈ। ਫਿਟਿੰਗ ਵਿੱਚ ਦੋ ਜਾਂ ਦੋ ਤੋਂ ਵੱਧ ਤਾਰਾਂ ਜੋੜਨ ਲਈ ਇਲੈਕਟ੍ਰੀਸ਼ਨ ਤਾਰਾਂ ਛਿੱਲਕੇ ਮਰੋੜੀ ਦੇ ਦਿੰਦੇ ਹਨ ਅਤੇ ਉਪਰੋਂ ਟੇਪ ਲਗਾ ਦਿੰਦੇ ਹਨ, ਜੋ ਬਿਲਕੁੱਲ ਗ਼ਲਤ ਹੈ। ਮਰੋੜੀ ਵਾਲਾ ਕੋਈ ਵੀ ਜੋੜ ਤਾਰ ਉਪਰ ਲੋਡ ਪੈਣ ’ਤੇ ਹਲਕਾ ਹਲਕਾ ਗਰਮ ਹੁੰਦਾ ਰਹਿੰਦਾ ਹੈ, ਜਿਸ ਨਾਲ ਟੇਪ ਵਿੱਚੋ ਚਿਪਕਾਉਣ ਵਾਲੀ ਗੂੰਦ ਖੁਸ਼ਕ ਹੋ ਕੇ ਪਾਈਪ ਜਿਹੀ ਬਣ ਜਾਂਦੀ ਹੈ ਜਾਂ ਪਲਾਸਟਿਕ ਨੂੰ ਅੱਗ ਲੱਗ ਜਾਂਦੀ ਹੈ। ਇਸੇ ਕਰਕੇ ਇਹ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗਣ ਦਾ ਮੇਨ ਕਾਰਨ ਹੈ। ਇਸ ਦਾ ਇੱਕੋ ਇੱਕ ਇਲਾਜ ਇਹ ਹੈ ਕਿ ਸਾਰੇ ਜੋੜ ਸੋਲਡਰ ਕੀਤੇ ਹੋਣ, ਜੋ ਇਲੈਕਟ੍ਰੀਸ਼ਨ ਕਰਨਾ ਨਹੀਂ ਚਾਹੇਗਾ, ਕਿਓਂਕਿ ਇਹ ਅਤਿਅੰਤ ਮਿਹਨਤ ਦਾ ਕੰਮ ਹੈ ਜਾਂ ਫੇਰ Ferull ਟਾਈਪ Thumble ਨਾਲ ਜੋੜ ਲੱਗ ਸਕਦਾ ਹੈ। ਮਾੜੀ ਕਿਸਮਤ ਉਸ ਬਾਰੇ ਨਾ ਸਾਡੇ ਘਰੇਲੂ ਇਲੈਕਟ੍ਰੀਸ਼ਨ ਨੂੰ ਜਾਣਕਾਰੀ ਹੈ, ਨਾ ਉਸ ਪਾਸ ਸਾਮਾਨ ਤੇ ਨਾ ਹੀ ਇਸ ਲਈ ਲੋੜੀਂਦੇ ਟੂਲ ਹਨ। 

PunjabKesari

ਵੈਸੇ ਵੀ ਪਹਿਲੇ ਸਮੇਂ ਵਿੱਚ ਸਿੰਗਲ ਸਟੈਂਡ ਵਾਇਰ ਮਤਲਬ ਤਾਰ ਅੰਦਰ ਤਾਂਬੇ ਦੀ ਇਕ ਹੀ ਮੋਟੀ ਤਾਰ ਅਤੇ ਵੱਧ ਤੋਂ ਵੱਧ ਤਿੰਨ ਤਾਰਾਂ ਹੁੰਦੀਆਂ ਸਨ, ਜਿਨ੍ਹਾਂ ਨੂੰ ਇੱਕ ਹੱਦ ਤੱਕ ਮਰੋੜ ਕੇ ਜੋੜ ਲਾਇਆ ਜਾ ਸਕਦਾ ਸੀ ਪਰ ਟੇਪ ਨੂੰ ਉਸ ਸਮੇਂ ਵਰਤਣ ਦੀ ਮਨਾਹੀ ਸੀ। ਟੇਪ ਸਿਰਫ਼ ਸੋਲਡਰ ਕੀਤੇ ਹੋਏ ਜੋੜ ’ਤੇ ਹੀ ਲਗਾਈ ਜਾ ਸਕਦੀ ਹੈ ਜਾਂ ਫੇਰ ਟੈਂਪਰੇਰੀ ਜੋੜ ਨੂੰ ਢੱਕਣ ਲਈ ਵਰਤੀ ਜਾ ਸਕਦੀ ਹੈ। 

ਅੱਜ ਕੱਲ ਫਲੈਕਸੀਬਲ ਤਾਰ (ਜਿਸ ਨੂੰ ਕਈ ਵਾਰੀ ਆਟੋਵਾਇਰ ਵੀ ਕਿਹਾ ਜਾਂਦਾ ਹੈ) ਵਿਚ ਪਤਲੀਆਂ ਪਤਲੀਆਂ ਤੀਹ ਤੋਂ ਚਾਲੀ ਤਾਰਾਂ ਹੁੰਦੀਆਂ ਹਨ, ਜਿੰਨਾ ਨੂੰ ਮਰੋੜ ਕੇ ਜੋੜ ਲਾਉਣਾ ਸੰਭਵ ਨਹੀਂ। ਇਸ ਕੰਮ ਲਈ ਬੜੇ ਖਾਸ ਕਿਸਮ ਦੇ ਵਿਦੇਸ਼ੀ ਟਰਮੀਨਲ ਆਓਂਦੇ ਹਨ ਪਰ ਉਨ੍ਹਾਂ ਦੀ ਉਪਲਬਧਤਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਵੈਸੇ ਵੀ ਸਵਿਚਾਂ,ਪਲੱਗਾ,ਹੋਲਡਰਾਂ ਜਾਂ ਕਿਸੇ ਹੋਰ ਸਿਸਟਮ ਨਾਲ ਤਾਰ ਜੋੜਨ ਲਈ ਤਾਰ ਛਿੱਲ ਕੇ ਸਿੱਧੀ ਨਹੀਂ ਕੱਸਣੀ ਚਾਹੀਦੀ ਕਿਓਂਕਿ ਬਰੀਕ ਹੋਣ ਕਾਰਨ ਤੀਜਾ ਹਿੱਸਾ ਤਾਰਾਂ ਦਾ ਪੇਚ ਕਸ ਦੀ ਕੱਸ ਨਾਲ ਹੀ ਕਚੂੰਬਰ ਨਿਕਲ ਜਾਂਦਾ ਹੈ ਤੇ ਤਾਰਾਂ ਝੜ ਜਾਂਦੀਆਂ ਹਨ, ਜਿਸ ਨਾਲ ਟਰਮੀਨਲ ਦੇ ਗਰਮ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਹਨ। 

ਬਾਕੀ ਅਗਲੇ ਅੰਕ ਵਿਚ... 

ਇਹ ਵੀ ਪੜ੍ਹੋ:ਬਿਜਲੀ ਸੁਰੱਖਿਆ ਲੜੀ ਨੰਬਰ 1 : ਜਾਣੋ ਕਿਵੇਂ ਲਗਾਈਏ ਸੁਰੱਖਿਅਤ 'ਅਰਥ'

ਇਹ ਵੀ ਪੜ੍ਹੋ:ਬਿਜਲੀ ਸੁਰੱਖਿਆ ਲੜੀ ਨੰਬਰ 2: ਜ਼ਰੂਰੀ ਸਾਵਧਾਨੀਆਂ ਵਿੱਚੋਂ ਇੱਕ 'ਅਰਥ' ਬਾਰੇ ਮੁੱਢਲੀ ਜਾਣਕਾਰੀ

ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ 3: ਕਰੰਟ ਤੋਂ ਬਚਣ ਲਈ ਅਰਥ ਲੀਕੇਜ ਬ੍ਰੇਕਰ ਦੀ ਵਰਤੋਂ ਕਿੰਨੀ ਕੁ ਜਾਇਜ਼!

ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ 4 : ਫਿਊਜ਼ ਦੇ ਸਬੰਧ ’ਚ ਜਾਣਕਾਰੀ

ਜੈ ਸਿੰਘ ਕੱਕੜ ਵਾਲ 
ਕਾਲਿੰਗ ਅਤੇ ਵ੍ਹਟਸ-ਐਪ ਨੰਬਰ - 9815026985


rajwinder kaur

Content Editor

Related News