ਬਿਜਲੀ ਸੁਰੱਖਿਆ ਲੜੀ ਨੰਬਰ - 6 : ਬਿਜਲੀ ਫਿਟਿੰਗ ਸਮੇਂ ਕਿਵੇਂ ਕਰੀਏ ਤਾਰਾਂ ਦੀ ਚੋਣ, ਜਾਣੋ ਕੁਝ ਖ਼ਾਸ ਗੱਲਾਂ

Friday, Dec 04, 2020 - 11:25 AM (IST)

ਬਿਜਲੀ ਫਿਟਿੰਗ ਕਰਨ ਦਾ ਅਹਿਮ ਹਿੱਸਾ ਹੁੰਦਾ ਹੈ ਤਾਰਾਂ। ਇਹ ਸਭ ਤੋਂ ਵੱਧ ਰੋਲ ਘਚੋਲੇ ਵਾਲਾ ਕੰਮ ਹੁੰਦਾ ਹੈ। ਕੋਈ ਕਹੇਗਾ 1.5 ਐੱਮ.ਐੱਮ.ਦੀ ਤਾਰ ਪਾ ਦਿਓ, ਦੂਜਾ 2.5 ਦੀ ਕਹੇਗਾ, ਜਿੰਨੇ ਮੂੰਹ ਓਨੀਆਂ ਗੱਲਾਂ। ਮਕੈਨਿਕ ਡਰਦੇ ਮੋਟੀਆਂ ਤਾਰਾਂ ਪਾਉਂਦੇ ਰਹਿੰਦੇ ਹਨ। ਕੁੱਲ ਮਿਲਾ ਕੇ ਕਬਾੜਾ ਖਪਤਕਾਰ ਦਾ ਹੋ ਜਾਂਦਾ ਹੈ। ਤਾਰਾਂ ਹਮੇਸ਼ਾ ਲੋੜ ਦੇ ਹਿਸਾਬ ਨਾਲ ਪਾਈਆਂ ਜਾਂਦੀਆਂ ਹਨ। ਕਿਸੇ ਕੋਠੀ, ਮਕਾਨ, ਕਮਰਸ਼ੀਅਲ ਅਦਾਰੇ ਦੀ ਕੋਈ ਡਰਾਇੰਗ ਨਹੀਂ ਬਣਦੀ ਕਿ ਕਿਸ ਸਰਕਟ ਉਪਰ ਕਿੰਨਾ ਲੋਡ ਆਵੇਗਾ। 

ਕਈ ਵਾਰੀ ਮਕੈਨਿਕ ਵਿਆਹ ਅਤੇ ਹੋਰ ਪ੍ਰੋਗਰਾਮਾਂ ਲਈ, ਜਿੱਥੇ ਤਾਰਾਂ ਦੀ ਜ਼ਰੂਰਤ ਪੈ ਸਕਦੀ ਹੈ, ਬੇਹਿਸਾਬ ਤਾਰਾਂ ਧੱਕੀ ਤੁਰੇ ਜਾਂਦੇ ਹਨ, ਜਦੋਕਿ ਏਦਾਂ ਦੇ ਪ੍ਰੋਗਰਾਮਾਂ ਨੂੰ ਪਰਮਾਨੈਂਟ ਫਿਟਿੰਗ ਦੀ ਜਗ੍ਹਾ ਆਰਜ਼ੀ ਫਿਟਿੰਗ (ਜੋ ਅਕਸਰ ਟੈਂਟ ਸਾਊਂਡ ਵਾਲੇ ਕਰਦੇ ਹਨ) ਨਾਲ ਹੀ ਅਟੈਂਡ ਕਰਨਾ ਚਾਹੀਦਾ ਹੈ। ਪਹਿਲੀ ਗੱਲ ਤਾਰਾਂ ਦੇ ਕੰਮ ਵਿਚ ਸਭ ਤੋਂ ਵੱਧ ਭੰਬਲਭੂਸਾ ਇਹ ਹੁੰਦਾ ਹੈ ਕਿ ਕਿਹੜੀ ਤਾਰ ਕਿੰਨਾ ਲੋੜ ਚੁੱਕੇਗੀ। ਕੰਪਨੀਆਂ ਇਸ ਮਾਮਲੇ ਵਿਚ ਖੂਬ ਹੇਰਾ ਫੇਰੀ ਕਰਦੀਆਂ ਹਨ। ਜੇਕਰ ਤਾਰ ਇੱਕ ਐੱਮ.ਐੱਮ. ਦੀ ਹੈ ਤਾਂ ਅਸਲੋਂ ਹੀ ਉਹ ਪੌਣਾ ਕੁ ਐੱਮ.ਐੱਮ.ਮਸਾਂ. ਨਿਕਲਦੀ ਹੈ। ਮਤਲਬ ਪੱਚੀ ਤੋਂ ਤੀਹ ਫੀਸਦੀ ਚੋਰੀ। ਤਾਰਾਂ ਦਾ ਲੋਡ ਚਾਰਟ ਹਰ ਇੱਕ ਕੰਪਨੀ ਨੇ ਆਪਣਾ ਆਪਣਾ ਬਣਾ ਰੱਖਿਆ ਹੈ। ਕਈ ਕੰਪਨੀਆਂ ਕਹਿਣਗੀਆਂ ਕਿ ਸਾਡੀ ਤਾਰ ਦੂਜਿਆਂ ਤੋਂ ਵੱਧ ਲੋਡ ਚੁੱਕੇਗੀ, ਜੋ ਸਰਾਸਰ ਗ਼ਲਤ ਹੈ।

ਸਿਤਮ ਦੀ ਗੱਲ ਇਹ ਹੈ ਕਿ ਕਈ ਵਾਰ ਕੰਪਨੀ ਲੋਡ ਚਾਰਟ ਦਿੰਦੀ ਹੈ, ਨਾਲ ਬਰੀਕ ਅੱਖਰਾਂ ਵਿਚ ਤਾਪਮਾਨ ਵਿੱਚ ਜਾਂ ਤੀਹ ਡਿਗਰੀ ਲਿਖ ਦਿੱਤਾ ਜਾਂਦਾ ਹੈ। ਪੁੱਛਣ ਵਾਲਾ ਹੋਵੇ ਕਿ ਇਥੇ ਕਿਹੜਾ ਸਵਿਟਜਰਲੈਂਡ ਹੈ ਕਿ ਏਨਾ ਘੱਟ ਤਾਪਮਾਨ ਰਹੇਗਾ। ਇੰਡੀਆ ਦਾ ਔਸਤ ਤਾਪਮਾਨ 40 ਡਿਗਰੀ ਅਤੇ ਕਈ ਇਲਾਕਿਆਂ ਵਿੱਚ 45 ਤੇ ਫੈਕਟਰੀਆਂ ਦੇ ਪੈਨਲਾਂ ਵਿਚ 60 ਡਿਗਰੀ ਟੱਪ ਜਾਂਦਾ ਹੈ। ਓਥੇ ਕਿਹੜਾ ਇਨ੍ਹਾਂ ਦਾ ਚਾਰਟ ਕੰਮ ਕਰੇਗਾ, ਠੱਗੀ ਦੇ ਇਸ ਦੌਰ ਵਿੱਚ ਸਾਰੀਆਂ ਕੰਪਨੀਆਂ ਏਕਾ ਕਰ ਚੁੱਕੀਆਂ ਹਨ। 

PunjabKesari

ਛੋਟੇ ਸਾਇਜ਼ ਤੋਂ ਲੈ ਕੇ ਵੱਡੀਆਂ ਕੇਬਲਾਂ ਦਾ ਇਹੋ ਹਾਲ ਹੈ। ਸਰਕਾਰ ਦਾ ਨਾਪ-ਤੋਲ ਮਹਿਕਮਾ ਵੀ ਇਨ੍ਹਾਂ ਲਈ ਕੋਈ ਪੈਮਾਨਾ ਨਿਰਧਾਰਤ ਨਹੀਂ ਕਰ ਸਕਿਆ ਕਿ ਆਖਿਰਕਾਰ ਇੱਕ ਐੱਮ.ਐੱਮ.ਲਿਖ ਕੇ ਪੌਣਾ ਐੱਮ.ਐੱਮ.ਕਿਵੇਂ ਵੇਚਿਆ ਜਾ ਸਕਦਾ ਹੈ? 

ਤਾਰ ਦਾ ਦੂਜਾ ਹਿੱਸਾ ਹੈ ਤਾਂ ਐਲੂਮੀਨੀਅਮ ਦੀ ਪਿਓਰਟੀ, ਹਰ ਇੱਕ ਕੰਪਨੀ 99.9% ਸ਼ੁੱਧਤਾ ਲਿਖਦੀ ਹੈ। ਫੇਰ ਅਲਗ ਅਲਗ ਕੰਪਨੀਆਂ ਅਲਗ ਅਲਗ ਲੋਡ ਕਿਵੇਂ ਕਲੇਮ ਕਰ ਸਕਦੀਆਂ ਹਨ? ਅਗਲਾ ਮਾਮਲਾ ਜੋ ਹੈ, ਉਹ ਵੀ ਅਲੱਗ ਹੈ, ਜਿਥੇ ਹਰ ਕੰਪਨੀ ਦੀ ਆਪਣੀ ਆਪਣੀ ਕਾਰਾਗਰੀ ਹੈ ਇੰਸੂਲੇਸ਼ਨ, ਇਹ ਬਹੁਤ ਹੀ ਮਹੱਤਵਪੂਰਨ ਹੈ। ਪਹਿਲਾਂ ਵਾਲੇ ਸਮੇਂ ਵਿੱਚ ਤਾਰ ਨਵਾਰਨਿਸ਼ ਵਿਚ ਭਿੱਜੇ ਕੱਪੜੇ ਨਾਲ ਢੱਕੀਆਂ ਜਾਂਦੀਆਂ ਸਨ। ਇਨ੍ਹਾਂ ਨੂੰ ਕਾਟਨ ਕਵਰਿੰਗ ਤਾਰਾਂ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਰਬੜ ਦਾ ਜ਼ਮਾਨਾ ਆਇਆ ਪਰ ਇਨ੍ਹਾਂ ਇੰਸੂਲੇਸ਼ਨਾਂ ਦੀ ਉਮਰ ਤੇ ਕੁਆਲਿਟੀ ਘੱਟ ਸੀ, ਕਿਉਂਕਿ ਰਬੜ ਤਾਂ ਕੁਝ ਸਮੇਂ ਬਾਅਦ ਹੀ ਭੁਰਭਰੀ ਹੋ ਕੇ ਟੁੱਟਣਾ ਸ਼ੁਰੂ ਕਰ ਦਿੰਦੀ ਸੀ। ਉਸ ਤੋਂ ਬਾਅਦ ਆਇਆ ਪੀ.ਵੀ.ਸੀ. (ਪਲਾਸਟਿਕ) ਦਾ ਜਮਾਨਾ, ਇਹ ਵਧੀਆ ਸੀ ਤੇ ਉਮਰ ਵੀ ਕਾਫੀ ਸੀ ਪਰ ਇਸ ਦਾ ਭਿਅੰਕਰ ਰੂਪ ਅੱਗ ਲੱਗਣ ਅਤੇ ਅੱਗ ਨਾਲ ਪੈਦਾ ਹੋਣ ਵਾਲੇ ਖ਼ਤਰਨਾਕ ਧੂਏਂ ਦੇ ਰੂਪ ’ਚ ਸਾਹਮਣੇ ਆਇਆ।

PunjabKesari
  
ਉਸ ਤੋਂ ਬਾਅਦ ਤੋਂ ਲੈ ਕੇ Flame Retardant Low Smoke (FRLS) ਫਾਰਮੂਲੇ ’ਤੇ ਕੰਮ ਚੱਲ ਰਿਹਾ ਹੈ। ਹਰ ਰੋਜ਼ ਬਿਹਤਰੀਨ ਨਤੀਜੇ ਸਾਹਮਣੇ ਆ ਰਹੇ ਹਨ, ਕਿਓਂਕਿ ਇਹ ਧੂੰਆਂ ਦਮ ਘੋਟੂ ਹੁੰਦਾ ਹੈ। ਇੱਕ ਵਾਰ ਧੂੰਆਂ ਅੰਦਰ ਗਿਆ ਆਦਮੀ ਮੁੜ ਸਾਹ ਵੀ ਨਹੀਂ ਲੈ ਸਕਦਾ। ਤਾਰਾਂ ਚੁਣਨ ਵੇਲੇ ਇਸ ਹਿੱਸੇ ’ਤੇ ਧਿਆਨ ਦੇਣਾ ਅਤਿ ਜ਼ਰੂਰੀ ਹੈ, ਨਾ ਕਿ ਸਿਰਫ਼ ਬ੍ਰਾਂਡ ਵੇਖ ਕੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਤਾਰਾਂ ਬਿਨਾਂ ਗੁਜ਼ਾਰਾ ਨਹੀਂ ਪਰ ਇਨ੍ਹਾਂ ਦੀ ਚੋਣ ਕਰਨੀ ਟੇਢੀ ਖੀਰ ਵੀ ਹੈ। ਇਸ ਸਾਰੇ ਮਸਲੇ ਸੁਲਝਾਉਣ ਦਾ ਇੱਕੋ ਇੱਕ ਹੀਲਾ ਹੈ, 

1. ਘਰ, ਵਪਾਰਕ ਅਦਾਰੇ ਜਾਂ ਫੈਕਟਰੀ ਦੀ ਹੋਣ ਵਾਲੀ ਵਾਇਰਿੰਗ ਦੀ ਬਾਕਾਇਦਾ ਡਰਾਇੰਗ ਬਣਵਾਓ, ਜਿਸ ਵਿਚ ਤਾਰ ’ਤੇ ਆਉਣ ਵਾਲੇ ਲੋਡ ’ਤੇ ਤਾਰ ਦੀ ਲੱਗਭਗ ਲੰਬਾਈ ਨੋਟ ਹੋਵੇ (ਕਿਓਂਕਿ ਤਾਰ ਦਾ ਸਾਇਜ਼ ਲੋਡ ਦੇ ਨਾਲ-ਨਾਲ ਲੰਬਾਈ ’ਤੇ ਵੀ ਨਿਰਧਾਰਤ ਹੁੰਦਾ ਹੈ)। 
2. ਆਮ ਇੰਸੂਲੇਸ਼ਨ ਦੇ ਮੁਕਾਬਲੇ ਬਿਹਤਰੀਨ ਤੋਂ ਬਿਹਤਰੀਨ ਇੰਸੂਲੇਸ਼ਨ ਹੀਂ ਸਿਲੈਕਟ ਕਰੋ। ਕੰਪਨੀ ਕੋਲੋਂ ਇਸ ਦਾ ਚਾਰਟ ਮੰਗੋ। ਅਲੱਗ ਤਾਰਾਂ ਨੂੰ ਅੱਗ ਦੇ ਸੰਪਰਕ ਵਿਚ ਲਿਆ ਕੇ ਪ੍ਰੈਕਟੀਕਲੀ ਵੀ ਦੇਖਿਆ ਜਾ ਸਕਦਾ ਹੈ।

3. ਤਾਰ ’ਤੇ ਲਿਖੇ ਹੋਏ ਅਤੇ ਮਿਣਤੀ ਕੱਢ ਕੇ ਅਸਲ ਸਾਇਜ ਦਾ ਫ਼ਰਕ ਵੇਖੋ। 
4. ਇੱਕੋ ਲੋਡ ਉੱਪਰ ਵੱਖ-ਵੱਖ ਤਾਪਮਾਨ ਖਾਸ ਕਰ 50 ਡਿਗਰੀ ’ਤੇ ਕਪੈਸਟੀ ਪਤਾ ਕਰੋ। 
5.ਇਹ ਵੀ ਯਕੀਨੀ ਬਣਾਓ ਕਿ ਕਿਸੇ ਤਾਰ ਉੱਪਰ ਉਸ ਦੀ ਸਮਰੱਥਾ ਦੇ 50% ਤੋਂ ਵੱਧ ਲੋਡ ਨਾ ਪਾਇਆ ਜਾਵੇ।
ਆਖਿਰ ਕਾਰ ਤਾਰਾਂ ਨੂੰ ਅੱਗ ਲਗਦੀ ਹੀ ਕਿਉਂ ਹੈ, ਇਸ ਵਾਰੇ ਅਗਲੀ ਕਿਸ਼ਤ ਵਿੱਚ ਗੱਲ ਕਰਾਂਗੇ।

ਜੈ ਸਿੰਘ ਕੱਕੜ ਵਾਲ, 
ਕਾਲਿੰਗ ਅਤੇ ਵ੍ਹਟਸ ਐਪ ਨੰਬਰ- 9815026985

ਨੋਟ: ਬਿਜਲੀ ਦੀਆਂ ਤਾਰਾਂ ਸਬੰਧੀ ਦਿੱਤੀ ਇਹ ਜਾਣਕਾਰੀ ਤੁਹਾਡੇ ਲਈ ਕਿੰਨੀ ਲਾਹੇਵੰਦ ਹੈ ? ਕੁਮੈਂਟ ਕਰਕੇ ਦਿਓ ਆਪਣੀ ਰਾਏ

 


rajwinder kaur

Content Editor

Related News