ਬਿਜਲੀ ਸੁਰੱਖਿਆ ਲੜੀ ਨੰਬਰ 9 : ਸੁਰੱਖਿਆ ਨੂੰ ਯਕੀਨੀ ਬਣਾਉਣ ਲਈ MCB ਦੀਆਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

02/11/2021 4:38:05 PM

ਅੱਜ ਗੱਲ ਕਰਦੇ ਹਾਂ  MCB ਦੀ ਜਿਸ ਦਾ ਕਿ ਅੱਜ ਕੱਲ ਚਲਣ ਆਮ ਹੈ। ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਐੱਮ.ਸੀ.ਬੀ ਅਤੇ ਆਈਸੋਲੇਟਰ ਇੱਕ ਹੀ ਰੂਪ ਵਿਚ ਆਉਂਦੇ ਹਨ। MCB ਦਾ ਕੰਮ ਹੈ, ਕਿਸੇ ਵੀ ਐਮਰਜੈਂਸੀ ਦੌਰਾਨ ਆਪਣੇ ਆਪ ਬੰਦ ਹੋਣਾ ਅਤੇ ISOLATER ਦਾ ਕੰਮ ਹੈ, ਬਿਜਲੀ ਦੇ ਕੰਮ ਕਰਨ ਸਮੇਂ ਬਿਜਲੀ ਨੂੰ ਬੰਦ ਕਰਕੇ ਸੁਰੱਖਿਆ ਯਕੀਨੀ ਬਣਾਉਣਾ। ਆਈਸੋਲੇਟਰ ਕਦੀ ਟਰਿੱਪ ਨਹੀਂ ਕਰਦਾ, ਕਿਉਂਕਿ ਟ੍ਰਿਪਿੰਗ ਇਸਦਾ ਕੰਮ ਹੀ ਨਹੀਂ। ਇਹ MCB ਤੋਂ ਕਾਫ਼ੀ ਸਸਤਾ ਹੁੰਦਾ ਹੈ। ਬਦਕਿਸਮਤੀ ਇਹ ਕਿ ਜ਼ਿਆਦਾਤਰ ਘਰਾਂ ਵਿਚ ਇਸਨੂੰ MCB ਮੰਨ ਕੇ ਹੀ ਵਰਤਿਆ ਜਾ ਰਿਹਾ ਹੈ। ਸਪਾਰਕਿੰਗ ਜਾਂ ਸ਼ਾਰਟ ਸਰਕਟ ਦੌਰਾਨ ਇਹ ਬੰਦ ਨਹੀਂ ਹੁੰਦਾ ਸਗੋਂ ਇਸ ਦੀ ਅਣਜਾਣੇ ਵਿਚ ਅਤੇ ਗਲਤ ਜਗਾਹ ’ਤੇ ਵਰਤੋਂ ਹੋਣੀ ਖ਼ਤਰਨਾਕ ਹੈ।

MCB ’ਤੇ ਬਰੀਕ ਬਰੀਕ ਅੱਖਰਾਂ ਵਿੱਚ ਕਾਫ਼ੀ ਅੱਖਰ ਲਿਖੇ ਹੁੰਦੇ ਹਨ, ਜਿਨ੍ਹਾਂ ਵਿਚ ਇਨ੍ਹਾਂ ਬ੍ਰੇਕਰਾਂ ਦੀ ਪੂਰੀ ਜਨਮਪੱਤਰੀ ਲਿਖੀ ਹੁੰਦੀ ਹੈ ਪਰ ਇਸਨੂੰ ਪੜ੍ਹਦਾ ਕੋਈ ਨਹੀਂ। MCB ਵੀ ਤਿੰਨ ਤਰਾਂ ਦੀ ਹੁੰਦੀ ਹੈ- B, C, ਅਤੇ D ਕੈਟਾਗਿਰੀ। ਮੰਨ ਲਵੋ ਜੇਕਰ 20A ਦੀ MCB ਹੈ ਤਾਂ ਉਸ ਉੱਪਰ ਲਿਖਿਆ ਹੋਵੇਗਾ C20 ਜਾਂ B20 ਜਾਂ D20। ਆਮ ਤੌਰ ’ਤੇ ‘C’ ਕੈਟਾਗਰੀ ਦੀ MCB ਵਰਤੀ ਜਾਂਦੀ ਹੈ, ਜੋ ਬਹੁਤ ਗਲਤ ਹੈ। 

ਆਓ ਜਾਣੀਏ ਕਿ ਇਹ ਕੈਟਾਗਰੀ ਕੀ ਹੁੰਦੀ ਹੈ
ਇਲੈਕਟ੍ਰੀਸ਼ਨਾਂ ਦੇ ਮਨ ਵਿੱਚ ਇੱਕ ਗੱਲ ਰਹਿੰਦੀ ਹੈ ਕਿ ਇੱਕ ਜ਼ਰਕ ਲੋਡ ਜਾਂ ਕਿੱਕ ਲੋਡ, ਜੋ ‘B’ ਕੈਟਾਗਰੀ ਘਰੇਲੂ ਵਰਤੋਂ ਲਾਈਟਾਂ ਹੀਟਰ ਪੱਖਿਆਂ ਗੀਜਰਾਂ ਵਗੈਰਾ ਦੇ ਲੋਡ ਲਈ ਵਰਤੀ ਜਾਂਦੀ ਹੈ। ‘C’ ਦੀ ਵਰਤੋਂ ਫੈਕਟਰੀਆਂ ਵਿੱਚ ਛੋਟੀਆਂ ਮੋਟਰਾਂ ਲਈ। ‘D’ ਕੇਪੇਸਟਰ ਵਗੈਰਾ ਦੀ ਸੁਰੱਖਿਆ ਲਈ ਸਿਲੈਕਟ ਕਰਨੀਆਂ ਚਾਹੀਦੀਆਂ ਹਨ। ‘B’ ਕੈਟਾਗਰੀ ਦਾ ਸ਼ਾਰਟ ਸਰਕਟ ਟ੍ਰਿਪਿੰਗ ਪੁਆਇੰਟ, ਫੁੱਲ ਲੋਡ ਦਾ 3 ਤੋਂ 5 ਗੁਣਾ ਹੁੰਦਾ ਹੈ। ਇਹ MCB ਉੱਪਰ ਲਿਖੇ ਲੋਡ ਮੰਨ ਲਓ B20 ਹੈ ਤਾਂ ਇਹ MCB ਸ਼ਾਰਟ ਸਰਕਿਟ ਜਾਂ ਕਿੱਕ ਲੋਡ ਦੇ ਸਮੇਂ 5 ਗੁਣਾ ਮਤਲਬ 100 Amp ਤੇ ਟਰਿੱਪ ਕਰੇਗੀ। ‘C’ ਵਾਲੀ C20, ਛੇ ਤੋਂ ਦਸ ਗੁਣਾ ਯਾਨੀ 200 Amp ਅਤੇ D ਵਾਲੀ D20 15 ਤੋਂ 20 ਗੁਣਾ ਯਾਨੀ 400Amp ’ਤੇ ਟਰਿੱਪ ਕਰੇਗੀ।

ਦੂਜਾ ਵੱਡਾ ਭੁਲੇਖਾ ਇਹ ਕਿ AC/DC MCB ਇੱਕੋ ਹੁੰਦੀਆਂ ਹਨ। ਅਸਲ ਵਿੱਚ ਦੋਨੋ ਕਿਸਮ ਦੀ ਸਪਲਾਈ ਲਈ ਇਹ ਵੱਖਰੀਆਂ ਵੱਖਰੀਆਂ ਆਉਂਦੀਆਂ ਹਨ। ਸੋਲਰ ਪੈਨਲਾਂ, Rectifier ਵਗੈਰਾ ਲਈ, ਜਿਥੇ ਵੀ ਡੀ.ਸੀ ਸਪਲਾਈ ਦੀ ਸੁਰੱਖਿਆ ਹੋਵੇ ਓਥੇ ਹਮੇਸ਼ਾ ਡੀ.ਸੀ ਕੈਟਾਗਰੀ ਦੀਆਂ MCB ਦੀ ਚੋਣ ਕਰਨੀ ਚਾਹੀਦੀ ਹੈ। ‘B’ ਕੈਟਾਗਰੀ MCB 06 Amp ਤੋਂ ਹੀ ਸ਼ੁਰੂ ਹੁੰਦੀ ਹੈ। ‘C’ ਵਾਲੀ MCB.5 Amp ਯਾਨੀ ਇੱਕ Amp ਦੇ ਅੱਧੇ ਹਿੱਸੇ ਤੋਂ ਚਾਲੂ ਹੋ ਜਾਂਦੀਆਂ ਹਨ। ਅਸੀਂ ਰੁਟੀਨ ਵਿਚ ਇੱਕ ਜਾ ਦੋ Amp ਦੀਆਂ MCB ਵਰਤਦੇ ਹਾਂ। ਆਮ ਤੌਰ ’ਤੇ 0.5 Amp ਤੋਂ 63 Amp ਤੱਕ MCB ਇੱਕੋ ਫਰੇਮ ਸਾਈਜ ਵਿਚ ਆਓਂਦੇ ਹਨ ਅਤੇ ਥੋੜੇ ਵੱਡੇ ਫਰੇਮ ਵਿਚ 125 Amp ਤੱਕ ਦੀ ਸਮਰੱਥਾ ਵਾਲੇ MCB ਵੀ ਆਉਂਦੇ ਹਨ। 

ਇੱਕ ਅੱਖਰ 10ka ਵੀ ਲਿਖਿਆ ਹੁੰਦਾ ਹੈ, ਇਹ ਸਪਲਾਈ ਸੋਰਸ ਯਾਨੀ ਟਰਾਂਸਫਾਰਮਰ ਯਾ ਜੈਨਰੇਟਰ ਦੀ ਸਮਰੱਥਾ, ਇਨ੍ਹਾਂ ਤੋਂ ਆਉਣ ਵਾਲੀ ਤਾਰ ਦੀ ਸਮਰੱਥਾ ਅਤੇ ਲੰਬਾਈ ’ਤੇ ਨਿਰਭਰ ਕਰਦਾ ਹੈ। ਆਮ ਤੌਰ ’ਤੇ ਇਹ 01ka ਤੋਂ ਲੈ ਕੇ 10ka ਵਿਚ ਹੀ ਆਉਂਦੀਆਂ ਹਨ। ਆਮ ਘਰਾਂ ਵਿਚ 2ka ਦੀ MCB ਵਰਤੀ ਜਾ ਸਕਦੀ ਹੈ। ਫੈਕਟਰੀਆਂ ਵਿਚ ਇਸ ਪ੍ਰੈਮੀਟਰ ਦਾ ਜ਼ਰੂਰ ਖ਼ਿਆਲ ਰੱਖਣਾ ਚਾਹੀਦਾ ਹੈ। ਵਰਨਾ ਟ੍ਰਿਪਿੰਗ ਟਾਈਮ MCB ਦੇ ਅੰਦਰੂਨੀ ਪੋਲ, ਜਿਨ੍ਹਾਂ ਨਾਲ ਇਹ ਲੋਡ ਬੰਦ ਕਰਦੀ ਹੈ, ਵੈਲਡ ਹੋ ਸਕਦੇ ਹਨ। ਖ਼ਰਾਬ MCB ਖੋਲ ਕੇ ਰਿਪੇਅਰ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਇਸਦੀ ਮੁਰੰਮਤ ਨਹੀਂ ਹੋ ਸਕਦੀ। MCB ਵਿੱਚ ਸਿੱਧੀਆਂ ਤਾਰਾਂ ਨਾ ਕਸੋ। ਇਸ ਨਾਲ ਪੋਲ ਗਰਮ ਹੋ ਕੇ ਅੱਗ ਲੱਗ ਸਕਦੀ ਹੈ ਅਤੇ ਥਿਮਬਲ ਦੀ ਵਰਤੋਂ ਲਾਜ਼ਮੀ ਕਰੋ।

ਸੋ MCB ਦੀ ਚੋਣ ਆਪਣੇ ਆਪ ਵਿਚ ਨਿਹਾਇਤ ਹੀ ਟੇਢੀ ਖੀਰ ਹੈ। ਸਹੀ ਚੋਣ ਲਈ ਸਰਕਟ ’ਤੇ ਆਉਣ ਵਾਲੇ ਲੋਡ ਦੀ ਗਿਣਤੀ ਕਰੋ। ਵਾਟ ਨੂੰ ਕੈਲਕੂਲੇਸ਼ਨ ਦੁਆਰਾ Amp ਵਿਚ ਬਦਲੀ ਕਰੋ। ਯਕੀਨੀ ਬਣਾਓ ਕਿ ਕਿਸੇ ਚਾਲੂ ਸਰਕਟ ਦਾ ਲੋਡ MCB ਦੇ 40% ਤੋਂ ਘੱਟ ਤੇ 65% ਤੋਂ ਵੱਧ ਨਾ ਹੋਵੇ ਤਾਂ ਹੀ ਇਹ ਤੁਹਾਡੀ ਸੁਰੱਖਿਆ ਯਕੀਨੀ ਬਣਾਵੇਗੀ। ਵਰਨਾ ਬੇਸਿਰਪੈਰ ਜਾ ਅੰਦਾਜ਼ੇ ਨਾਲ ਲਗਾਈਆਂ ਗਈਆਂ MCB ਵਰਗੇ ਸੁਰੱਖਿਆ ਉਪਕਰਣ ਤੁਹਾਡੀ ਜਾਨ ਅਲ ਨੂੰ ਖ਼ਤਰਾ ਖੜਾ ਕਰ ਸਕਦੇ ਹਨ। ਜਿਨ੍ਹਾਂ ਘਰਾਂ ਵਿਚ ਇਹ ਲੱਗੇ ਹੋਏ ਹਨ, ਤੁਰੰਤ ਚੈਕ ਕਰਵਾ ਲੈਣ। ਸਾਲ ਵਿੱਚ ਇੱਕ ਅੱਧੀ ਵਾਰੀ ਪੂਰੀ ਵਾਇਰਿੰਗ ਅਤੇ MCB, ELCB ਵਗੈਰਾ ਸੁਰੱਖਿਆ ਉਪਕਰਣਾਂ ਦੀ ਟ੍ਰਿਪਿੰਗ ਜਾਂਚ ਕਰਵਾ ਲੈਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਜ਼ਰੂਰਤ ਪੈਣ ’ਤੇ ਇਹ ਸੁਰੱਖਿਆ ਉਪਕਰਣ ਜਾਮ ਹੋਏ ਜਾ ਖ਼ਰਾਬ ਮਿਲਣ, ਜਿਸ ਨਾਲ ਏਨਾ ਪੈਸਾ ਖ਼ਰਚ ਕੇ ਹਾਦਸਿਆਂ ਦੀ ਚਪੇਟ ਵਿਚ ਆ ਜਾਈਏ।  

ਜੈ ਸਿੰਘ ਕੱਕੜਵਾਲ, 
ਕਾਲਿੰਗ ਅਤੇ ਵ੍ਹਟਸਐਪ ਨੰਬਰ- 9815026985

 


rajwinder kaur

Content Editor

Related News