ਮਨ ਦੀ ਭਟਕਣਾਂ
Friday, Jun 22, 2018 - 04:58 PM (IST)

ਜ਼ਿੰਦਗੀ ਤਾਂ
ਉਲਝ ਕਿ ਹੀ ਰਹਿ ਗਈ ਹੈ
ਹਿਸਾਬ ਦੇ ਫਾਰਮੂਲਿਆਂ ਵਿਚ,
ਵਿਗਿਆਨ ਦੀਆਂ ਪਰਿਭਾਸ਼ਾਂਵਾਂ ਵਿਚ,
ਆਰਥਿਕਤਾ ਦੀਆਂ ਟਰਮਜ਼ ਵਿਚ,
ਬਸ ! ਭਟਕ ਰਿਹਾ ਹਾਂ
ਰਿਸ਼ਤਿਆਂ ਦੇ ਜੰਗਲ ਵਿਚ !
ਤਿੱਤਲੀਆਂ ਜੇਹੀਏ ਕੁੜੀਏ
ਪਰ ਤੂੰ ਜੋ
ਮੇਰੇ ਸ਼ਾਇਰ ਹੋਣ 'ਤੇ
ਮਾਣ ਮਹਿਸੂਸ ਕਰਦੀ ਏ,
ਮੇਰੀਆਂ ਨਜ਼ਮਾਂ
ਸਹੇਲੀਆਂ ਨੂੰ
ਗਾ-ਗਾ ਸੁਣਾਉਦੀ ਏ
ਪਰ ਸਾਇਦ...
ਤੈਨੂੰ ਪਤਾ ਨਹੀਂ
ਸ਼ਾਇਰੀ ਕਦੇ ਢਿੱਡ ਨਹੀਂ ਭਰਦੀ
ਤੇ ਕਵਿਤਾ
ਕਵਿਤਾ
ਕਿਸੇ ਰੱਜੇ ਬੰਦੇ ਦਾ
ਡਕਾਰ ਥੋੜ੍ਹੀ ਏ...!!
ਕੀ ਤੈਨੂੰ ਪਤੈ. . .
ਮੇਰੀਆਂ ਨਜ਼ਮਾਂ ਦੀਆਂ
ਸਾਰੀਆਂ ਕਾਪੀਆਂ ਬਾਲ ਕਿ ਵੀ
ਇਕ ਵਕਤ ਦਾ
ਚੁੱਲ੍ਹਾ ਤਕ ਨਹੀਂ ਜਲਣਾਂ ?
ਤੇ ਤੂੰ ਮੇਰੇ
ਕਵੀਪੁਣੇ 'ਤੇ
ਬੜਾ ਮਾਣ ਕਰਦੀ ਏ !
ਪਰ ਕੀ ਤੈਨੂੰ ਪਤੈ
ਹੁਣ ਮੈਂ ਘਰਦਿਆਂ ਨੂੰ
ਪੁੱਤ ਜਾਂ ਭਰਾ ਨਹੀਂ
ਬਲਕਿ...
ਇਕ ਕਵੀ ਹੀ
ਨਜ਼ਰ ਆਉਦਾ ਹਾਂ !!
ਪਰ ਉਹਨਾਂ ਨੂੰ
ਮੇਰੀ ਭਟਕਣਾ ਕਿਧਰੇ ਵੀ
ਦਿਖਾਈ ਨਹੀ ਦਿੰਦੀ !!
ਪਰ ਤੂੰ ਸੱਚੋ-ਸੱਚ ਦੱਸੀਂ
ਕੀ ਮੇਰੀ ਭਟਕਣਾਂ ਦਾ
ਅਹਿਸਾਸ ਹੈ ਤੈਨੂੰ...
ਗਗਨਦੀਪ ਸਿੰਘ ਸੰਧੂ
— 917589431402