ਕਹਾਣੀਨਾਮਾ: ਧੀ ਜੰਮੀ ਭੈਣ ਵਿੱਸਰੀ, ਭੂਆ ਕ੍ਹੀਦੇ ਚਿੱਤ

Tuesday, Jun 08, 2021 - 02:19 PM (IST)

ਕਹਾਣੀਨਾਮਾ: ਧੀ ਜੰਮੀ ਭੈਣ ਵਿੱਸਰੀ, ਭੂਆ ਕ੍ਹੀਦੇ ਚਿੱਤ

ਪੁਰਾਣੇ ਬਜ਼ੁਰਗਾਂ ਦੇ ਨਾਲ ਹੀ ਟੁੱਟ ਚੁੱਕੇ ਸੰਯੁਕਤ ਪਰਿਵਾਰਾਂ ਵਾਂਗ ਸਮਾਜਿਕ ਰਿਸ਼ਤਿਆਂ ਦੇ ਤਾਣੇ-ਬਾਣੇ ਵੀ ਟੁੱਟਦੇ ਜਾਂਦੇ ਨੇ। ਅੱਜ ਕੱਲ੍ਹ ਦੇ ਪਦਾਰਥਵਾਦੀ ਅਤੇ ਮਹਿੰਗਾਈ ਦੇ ਝੰਭੇ ਯੁੱਗ  'ਚ ਸਾਡੀਆਂ ਵਿਰਾਸਤੀ ਕਦਰਾਂ-ਕੀਮਤਾਂ ਖੰਭ ਲਾ ਕੇ ਕਿਧਰੇ ਦੂਰ ਉੱਡ ਪੁੱਡ ਗਈਆਂ। 1995 ਦੇ ਗੇੜ ਦੀ ਮੈਨੂੰ ਇਕ ਘਟਨਾ ਯਾਦ ਆ ਰਹੀ ਐ। ਮੈਂ ਤਦੋਂ ਕੌਮਾਂਤਰੀ ਪੰਜ ਦਰਿਆ ਮੈਗਜ਼ੀਨ ਲੁਧਿਆਣਾ (ਸੰਪਾਦਕ: ਸ.ਅਸੋਕ ਸਿੰਘ ਗਰਚਾ) 'ਚ ਬਤੌਰ ਸਬ ਐਡੀਟਰ ਕੰਮ ਕਰਦਾ ਸਾਂ। ਇਕ ਆਰਟੀਕਲ ਦੀ ਤਿਆਰੀ ਵਜੋਂ ਮੈਂ ਲੁਧਿਆਣਾ ਦੇ ਮਾਸਟਰ ਤਾਰਾ ਸਿੰਘ ਕਾਲਜ ਦੇ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਨੂੰ ਮਿਲਣ ਦੀ ਉਡੀਕ 'ਚ ਉਨ੍ਹਾਂ ਦੇ ਦਫ਼ਤਰ ਬਾਹਰ ਬੈਠਾ। ਦਫ਼ਤਰ ਬਾਹਰ ਕਾਲਜ ਵਿਦਿਆਰਥਣਾਂ ਦੀ ਇਕ ਲੰਬੀ ਲਾਈਨ। ਜੋ ਵੀ ਕੁੜੀ ਅੰਦਰ ਪ੍ਰਿੰਸੀਪਲ ਮੈਡਮ ਨੂੰ ਮਿਲਣ ਜਾਵੇ ਤਾਂ ਬਾਹਰ ਰੋਂਦੀ ਹੋਈ ਹੀ ਨਿੱਕਲੇ। ਦਿਲ 'ਚ ਮੇਰੇ ਇਹ ਖਿਆਲ ਆਵੇ ਕਿ ਮੈਡਮ ਸਖ਼ਤ ਮਿਜ਼ਾਜ ਹੋਣਗੇ ਕਿ ਵਿਦਿਆਰਥਣਾਂ ਨੂੰ ਏਨੇ ਝਿੜਕੇ ਪੈਂਦੇ ? ਲੰਬੀ ਉਡੀਕ ਉਪਰੰਤ ਮੈਡਮ ਹੋਰਾਂ ਨਾਲ ਮੁਲਾਕਾਤ ਸਮੇਂ ਮਾਜ਼ਰਾ ਇਹ ਨਿੱਕਲਿਆ ਕਿ ਉਹ ਵਿਦਿਆਰਥਣਾਂ ਦੀ ਲੰਬੀ ਕਤਾਰ, ਉਨ੍ਹਾਂ ਬੇਬਸ ਵਿਦਿਆਰਥਣਾਂ ਦੀ ਸੀ ਜਿਨ੍ਹਾਂ ਦੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ । ਉਹ ਫ਼ੀਸ ਮੁਆਫ਼ੀ ਦੀ ਦਰਖ਼ਾਸਤ ਕਰਨ ਵਾਲੀਆਂ ਸਨ। ਮੈਂ ਮੈਡਮ ਹੋਰਾਂ ਨੂੰ ਪੁੱਛਿਆ ,ਬਈ  ਜੇ ਪਿਤਾ ਨਹੀਂ ਤਾਂ ਭਰਾ ਤਾਂ ਹੋਣਗੇ ਜੋ ਭੈਣ ਦੀ ਪੜ੍ਹਾਈ ਦਾ ਖ਼ਰਚਾ ਉਠਾ ਲੈਣ ਪਰ ਜੋ ਮੈਡਮ ਨੇ ਅੱਗੋਂ ਜਵਾਬ ਦਿੱਤਾਂ ਉਸ ਨਾਲ ਮੇਰੀਆਂ ਅੱਖਾਂ ਵੀ ਛਲਕ ਗਈਆਂ। ਆਖਿਓਸ,"ਸਤਵੀਰ ਸਿੰਘ ਜੀ, ਇਕ ਭਰਾ ਆਪਣੀ ਧੀ ਨੂੰ ਤਾਂ ਪੜ੍ਹਾ ਲੈਂਦਾ ਆ ਪਰ, ਆਪਣੀ ਭੈਣ ਨੂੰ 10-12 ਤੋਂ ਅੱਗੇ ਨਹੀਂ ਪੜ੍ਹਾਉਂਦਾ। ਇਹੀ ਕਹਿੰਦੈ ਕਿ ਵਿਆਹ ਦੀ ਤਿਆਰੀ ਕਰੋ,ਇਹਨੇ ਹੋਰ ਪੜ੍ਹਕੇ ਕੀ ਕਰਨੈ?" ਇਹ ਵਾਕ ਮੇਰਾ ਸੀਨਾ ਚੀਰ ਗਏ। ਤਦੋਂ ਹੀ ਮੈਨੂੰ ਬਜ਼ੁਰਗਾਂ ਵਲੋਂ ਅਕਸਰ ਹੀ ਰਿਸ਼ਤੇਦਾਰੀਆਂ ਦੇ ਸਬੰਧ 'ਚ ਦੁਹਰਾਇਆ ਜਾਂਦਾ ਉਪਰੋਕਤ ਅਖਾਣ, 'ਧੀ ਜੰਮੀ ਭੈਣ ਵਿੱਸਰੀ,ਭੂਆ ਕ੍ਹੀਦੇ ਚਿੱਤ' ਮੇਰੇ ਬੁੱਲ੍ਹਾਂ 'ਤੇ ਆਗਿਆ। ਉਦੋਂ ਹੀ ਮੈਨੂੰ ਤਲਬ ਲੱਗੀ ਕਿ ਦੋ ਸ਼ਬਦ ਇਸ 'ਤੇ ਲਿਖੇ ਜਾਣ। ਪਰ,  'ਜੂਹਾਂ ਬੇਲੇ ਛਾਣਦਿਆਂ ਸਾਨੂੰ ਆਹ ਦਿਨ ਆਣ ਢਲੇ'। ਕਰੀਬ 26 ਸਾਲਾਂ ਬਾਅਦ ਉਹੀ ਸ਼ਬਦ ਲਿਖ ਬੈਠਣ ਦਾ ਸਬੱਬ ਬਣਿਆ। ਭਲੇ ਸਾਰੇ ਭਰਾ ਇੱਕੋ ਜਿਹੇ ਨਹੀਂ ਹੁੰਦੇ। ਕਿਸੇ ਦੀਆਂ ਕੁਝ ਆਰਥਿਕ ਮਜ਼ਬੂਰੀਆਂ ਵੀ ਹੋ ਸਕਦੀਆਂ ਨੇ।

"ਕੁਛ ਤੋ ਮਜ਼ਬੂਰੀਆਂ ਰਹੀਂ ਹੋਂ ਗੀ
ਵਰਨਾ ਯੂੰ ਕੋਈ ਬੇਵਫ਼ਾ ਨਹੀਂ ਹੋਤਾ"

"ਭੈਣ-ਭਰਾ ਵਰਗਾ ਸਾਕ ਨਾ ਕੋਈ" ਇਸ ਕਥਨ ਨੂੰ ਕਦੇ ਵੀ ਦਿਲ 'ਚੋਂ ਭਲੇ ਵਿਸਾਰਨਾ ਨਹੀਂ ਚਾਹੀਦਾ ਪਰ ਫਿਰ ਵੀ ਹਥਲੇ ਲੇਖ ਦੇ ਦਰਜ ਥੀਮ 'ਚ ਕਿਸੇ ਹੱਦ ਤੱਕ ਇਸ ਸਚਾਈ ਦੀ ਕਸਕ ਬਾਕੀ ਹੈ।ਪੁਰਾਣੇ ਦੌਰ 'ਚ ਪਰਿਵਾਰਕ ਸਮਾਗਮਾਂ ਵੇਲੇ ਭੂਆ-ਫੁੱਫੜ ਦੇ ਵਡ ਰਿਸ਼ਤਿਆਂ ਨੂੰ ਜਿੱਥੇ ਉੱਤਮ ਸਤਿਕਾਰ ਦਿੱਤਾ ਜਾਂਦਾ ਸੀ ਉਥੇ ਉਨ੍ਹਾਂ ਦਾ ਡਰ ਭੈਅ ਵੀ ਬਹੁਤਾ ਹੁੰਦਾ ਸੀ। ਵਡੇਰਿਆਂ ਦੇ ਡਰ ਕਰਕੇ ਈ ਰਿਸ਼ਤੇ ਵੀ ਨਿਭਦੇ ਰਹਿੰਦੇ। ਅਫ਼ਸੋਸ ਅੱਜ ਦੀ ਪੀੜ੍ਹੀ ਦੀ ਬਹੁਤਾਤ ਵਡੇਰਿਆਂ ਦਾ ਨਾ ਡਰ ਮੰਨਦੀ ਐ ਤੇ ਨਾ ਸ਼ਰਮ। ਕਿਸੇ ਨੇ ਕੋਰੋਨਾ 'ਤੇ ਟਿੱਪਣੀ ਕਰਦਿਆਂ ਇਹ ਇਬਾਰਤ ਪਾਈ, 'ਕਰੋਨਾ ਵੀ ਫੁੱਫੜ ਵਾਂਗ ਐ। ਦਬਕਾ ਵੀ ਬਹੁਤ ਐ ਪਰ, ਕੋਈ ਮੰਨਦਾ ਵੀ ਨਹੀਂ '। ਸਮੇਂ ਦੀ ਨਜ਼ਾਕਤ ਨਾਲ ਸਭ ਕੁੱਝ ਬਦਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਕਵਿਤਾਵਾਂ ਵਾਂਗ,'ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ'।

ਵਹਿਮਾਂ-ਭਰਮਾਂ, ਫਜ਼ੂਲ ਖਰਚੀਆਂ ਜਿਹੀਆਂ ਰਹੁ-ਰੀਤਾਂ ਦਾ ਟੁੱਟਣਾ ਸਮਾਜ ਹਿੱਤ 'ਚ ਐ ਪਰ ਆਪਸੀ ਰਿਸ਼ਤੇ-ਸਾਂਝਾਂ, ਮੁਹੱਬਤ, ਵਡੇਰਿਆਂ ਦਾ ਸਤਿਕਾਰ ਬਰਕਰਾਰ ਰੱਖਣ ਲਈ ਸੀਨਾ ਜ਼ੋਰੀ ਜਾਰੀ ਰਹਿਣੀ ਚਾਹੀਦੀ ਹੈ। ਵਡੇਰਿਆਂ ਦੀ ਸ਼ਰਮ ਅਤੇ ਡਰ,ਕਿਸੇ ਸਖ਼ਤ ਮਿਜ਼ਾਜ ਉਸਤਾਦ ਵਾਂਗ ਹੀ ਸਾਡਾ ਭਵਿੱਖ ਘੜਦਾ ਅਤੇ ਮਹਿਫੂਜ਼ ਕਰਦਾ ਐ।ਆਓ ਬਜ਼ੁਰਗਾਂ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ ਦੀ ਕਦਰ ਕਰਦਿਆਂ, ਭੂਆ-ਫੁੱਫੜ ਜਿਹੇ ਵਡੇਰਿਆਂ ਦੇ ਬਣਦੇ ਸਤਿਕਾਰ ਅਤੇ ਰਿਸ਼ਤੇ ਨੂੰ ਬਰਕਰਾਰ ਰੱਖਣ ਦਾ ਅਹਿਦ ਕਰੀਏ।

ਲੇਖਕ: ਸਤਵੀਰ ਸਿੰਘ ਚਾਨੀਆਂ
92569-73526


author

Harnek Seechewal

Content Editor

Related News