ਹੋਸ਼
Wednesday, Oct 17, 2018 - 05:31 PM (IST)
ਵਿਆਹ ਦੀ ਰੌਣਕ ਵਿਚ ਦਲੇਰ ਸਿੰਘ ਆਪਣੀ ਉਮਰ ਦੀ ਸ਼ਰਮ ਲਗਭਗ ਭੁੱਲ ਹੀ ਗਿਆ ਜਾਪਦਾ ਸੀ। ਆਪਣੀ ਚਿੱਟੀ ਦਾਹੜੀ ਦੀ ਪਰਵਾਹ ਕੀਤੇ ਬਿਨਾ ਉਹ ਸਟੇਜ ਤੇ ਨੱਚਦੀ ਡਾਂਸਰ ਕੁੜੀ ਨਾਲ ਨੱਚਣ ਲੱਗਾ ਅਤੇ ਗੰਦੀਆਂ ਹਰਕਤਾਂ ਤੇ ਉਤਾਰੂ ਹੋ ਗਿਆ। ਨਸ਼ੇ ਦੀ ਲੋਰ ਵਿਚ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿਹੜੀਆਂ ਕਰਤੂਤਾਂ ਕਰ ਰਿਹਾ ਹੈ? ਸਟੇਜ ਉੱਤੇ ਖੜ੍ਹੇ ਡਾਂਸਰ ਮੁੰਡੇ ਵਾਰ-ਵਾਰ ਦਲੇਰ ਸਿੰਘ ਨੂੰ ਕੁੜੀਆਂ ਤੋਂ ਪਰਾਂ ਕਰਦੇ ਪਰ ਉਹ ਮੁੜ ਉਹਨਾਂ ਦੇ ਕੋਲ ਆ ਜਾਂਦਾ। ਰਿਸ਼ਤੇਦਾਰਾਂ ਵਿਚੋਂ ਇਕ ਸਰਦਾਰ (ਅਧਖ਼ੜ੍ਹ ਜਿਹਾ ਬੰਦਾ) ਆਇਆ ਤੇ ਆਖਣ ਲੱਗਾ, ਮੁੰਡਿਓ, ਇਸ ਨੂੰ ਹੋਸ਼ ਨਹੀਂ ਹੈ। ਇਸ ਨੂੰ ਕੁਝ ਨਹੀਂ ਦਿੱਸ ਰਿਹਾ। ਇਸ ਨੂੰ ਕੁਝ ਨਾ ਕਹੋ। ਸਰਦਾਰ ਜੀ, ਇਹਨਾਂ ਨੂੰ ਘਰ ਲੈ ਜਾਓ। ਸਟੇਜ ਤੇ ਖੜ੍ਹੇ ਮੁੰਡੇ ਨੇ ਉਸ ਸਰਦਾਰ ਨੂੰ ਤਰਲੇ ਨਾਲ ਕਿਹਾ।
ਯਾਰ, ਇਸ ਨੂੰ ਹੋਸ਼ ਨਹੀਂ ਹੈ! ਗੁੱਸੇ ਨਾਲ ਆਖ ਕੇ ਉਹ ਸਰਦਾਰ ਪਿਛਾਂਹ ਨੂੰ ਮੁੜ ਗਿਆ। ਦਲੇਰ ਸਿੰਘ ਮਸਤੀ ਵਿਚ ਭੰਗੜਾ ਪਾ ਰਿਹਾ ਸੀ ਕਿ ਸਟੇਜ ਦੇ ਨੱਚਦੇ ਨੂੰ ਅਚਾਨਕ ਆਪਣੀ ਜਵਾਨ ਧੀ ਕਿਸੇ ਓਪਰੇ ਮੁੰਡੇ ਨਾਲ ਹੱਸ-ਹੱਸ ਗੱਲਾਂ ਕਰਦੀ ਦਿਸੀ। ਇਹ ਨਜ਼ਾਰਾ ਦੇਖ ਕੇ ਦਲੇਰ ਸਿੰਘ ਨੂੰ ਆਪਣਾ ਨਸ਼ਾ ਉਤਰਦਾ ਲੱਗਾ। ਹੱਦ ਤਾਂ ਉਦੋਂ ਹੋ ਗਈ ਜਦੋਂ ਉਸਦੀ ਜਵਾਨ ਧੀ ਉਸ ਓਪਰੇ ਮੁੰਡੇ ਨਾਲ ਰਿਸ਼ਤੇਦਾਰਾਂ ਤੋਂ ਨਜ਼ਰ ਬਚਾਉਂਦੀ ਹੋਈ ਕਮਰੇ ਵੱਲ ਨੂੰ ਤੁਰ ਪਈ। ਉਹ ਓਪਰਾ
ਮੁੰਡਾ ਪਹਿਲਾਂ ਹੀ ਕਮਰੇ ਦੇ ਦਰਵਾਜ਼ੇ ਕੋਲ ਪਹੁੰਚ ਗਿਆ ਸੀ ਤੇ ਉਸਦੀ ਧੀ ਕਮਰੇ ਵੱਲ ਜਾ ਰਹੀ ਸੀ। ਦਲੇਰ ਸਿੰਘ ਨੇ ਛਾਲ ਮਾਰੀ ਤੇ ਸਟੇਜ ਤੋਂ ਹੇਠਾਂ ਉਤਰ ਆਇਆ। ਉਹ ਭੱਜ ਕੇ ਆਪਣੀ ਧੀ ਦੇ ਪਿੱਛੇ ਗਿਆ;
ਸਿਮਰਨ, ਕੋਣ ਹੈ ਇਹ ਮੁੰਡਾ? ਦਲੇਰ ਨੇ ਉਸ ਮੁੰਡੇ ਵੱਲ ਇਸ਼ਾਰਾ
ਕਰਦਿਆਂ ਆਪਣੀ ਧੀ ਸਿਮਰਨ ਤੋਂ ਗੁੱਸੇ ਨਾਲ ਪੁੱਛਿਆ।
ਭਾਪਾ ਜੀ, ਇਹ ਮੇਰਾ ਫਰੈਂਡ ਹੈ। ਕੁੜੀ ਨੇ ਡਰਦਿਆਂ ਸੱਚ ਦੱਸ ਦਿੱਤਾ।
ਤੈਨੂੰ ਸ਼ਰਮ ਨਹੀਂ ਆਉਂਦੀ, ਆਪਣੇ ਮਾਂ-ਪਿਓ ਦੀਆਂ ਅੱਖਾਂ ਵਿਚ ਘੱਟਾ
ਪਾਉਂਦੀ ਨੂੰ! ਦਲੇਰ ਸਿੰਘ ਆਪੇ ਤੋਂ ਬਾਹਰ ਹੋ ਗਿਆ। ਉਸਦਾ ਸਾਰਾ ਨਸ਼ਾ ਲੱਥ
ਚੁੱਕਿਆ ਸੀ। ਦਲੇਰ ਸਿੰਘ ਦੀ ਉੱਚੀ ਆਵਾਜ਼ ਨੂੰ ਸੁਣ ਕੇ ਉਹ ਮੁੰਡਾ ਉੱਥੋਂ ਰਫੂਚੱਕਰ ਹੋ ਗਿਆ।
ਸਟੇਜ ਤੋਂ ਗਾਣਾ ਬੰਦ ਹੋ ਗਿਆ ਅਤੇ ਰਿਸ਼ਤੇਦਾਰਾਂ ਦੇ ਨਾਲ-ਨਾਲ ਡਾਂਸਰ ਮੁੰਡੇ, ਕੁੜੀਆਂ ਵੀ ਦਲੇਰ ਸਿੰਘ ਦੇ ਕੋਲ ਆ ਕੇ ਖੜ੍ਹੇ ਹੋ ਗਏ।
ਆਹ ਦੇਖ ਲਓ, ਪਾਉਣ ਲੱਗੀ ਸੀ ਸਾਡੇ ਸਿਰ ਸੁਆਹ। ਦਲੇਰ ਸਿੰਘ ਨੇ ਉੱਚੀ ਆਵਾਜ਼ ਵਿਚ ਆਪਣੀ ਘਰਵਾਲੀ ਅਤੇ ਰਿਸ਼ਤੇਦਾਰਾਂ ਨੂੰ ਕਿਹਾ। ਡਾਂਸਰ ਮੁੰਡੇ, ਕੁੜੀਆਂ ਦਲੇਰ ਸਿੰਘ ਦੇ ਮੂੰਹ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਅਤੇ ਉਸ ਸਰਦਾਰ ਨੂੰ ਲੱਭ ਰਹੇ ਸਨ ਜਿਹੜਾ ਥੋੜ੍ਹੀ ਦੇਰ
ਪਹਿਲਾਂ ਆਖ ਕੇ ਗਿਆ ਸੀ; ਮੁੰਡਿਓ, ਇਸ ਨੂੰ ਹੋਸ਼ ਨਹੀਂ ਹੈ। ਇਸ ਨੂੰ ਕੁਝ ਨਹੀਂ ਦਿੱਸ ਰਿਹਾ!
ਡਾ. ਨਿਸ਼ਾਨ ਸਿੰਘ ਰਾਠੌਰ
1054/1, ਵਾ. ਨੰ. 15- ਏ, ਭਗਵਾਨ ਨਗਰ ਕਲੌਨੀ, ਪਿਪਲੀ, ਕੁਰੂਕਸ਼ੇਤਰ
ਸੰਪਰਕ 75892- 33437
