ਜਨਮ ਦਿਨ 'ਤੇ ਵਿਸ਼ੇਸ਼ : ਰਬਿੰਦਰਨਾਥ ਟੈਗੋਰ ਦਾ ਪੰਜਾਬ ਨਾਲ ਜਜ਼ਬਾਤੀ ਰਿਸ਼ਤਾ

Friday, May 07, 2021 - 03:33 PM (IST)

ਜਨਮ ਦਿਨ 'ਤੇ ਵਿਸ਼ੇਸ਼ : ਰਬਿੰਦਰਨਾਥ ਟੈਗੋਰ ਦਾ ਪੰਜਾਬ ਨਾਲ ਜਜ਼ਬਾਤੀ ਰਿਸ਼ਤਾ

ਪ੍ਰੋ. ਹਰਪਾਲ ਸਿੰਘ ਪੰਨੂ

ਰਬਿੰਦਰ ਨਾਥ ਟੈਗੋਰ ਦਾ ਪੰਜਾਬ ਨਾਲ ਸਬੰਧ ਭੂਗੋਲਿਕ, ਰਾਜਨੀਤਕ ਅਤੇ ਸਾਹਿਤਕ ਤਿੰਨਾਂ ਪੱਖਾਂ ਤੋਂ ਰਿਹਾ।
ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੰਗਾਲ ਦੀ ਧਰਤੀ 'ਤੇ ਚਰਨ ਪਾਏ ਸਨ। ਸਾਹਿਤ ਅਤੇ ਸੰਗੀਤ ਦਾ ਆਦਾਨ ਪ੍ਰਦਾਨ ਪੁਰਾਣੇ ਸਮੇਂ ਤੋਂ ਚਲਦਾ ਆ ਰਿਹਾ ਹੈ। ਵੀਰਤਾ ਵਿਚ ਵੀ ਬੰਗਾਲੀਆਂ ਦਾ ਸੁਭਾਅ ਪੰਜਾਬੀਆਂ ਵਰਗਾ ਹੈ। ਪੰਜਾਬੀਆਂ ਦੇ ਘਰਾਂ ਵਿਚ ਜਿਥੇ ਭਗਤ ਸਿੰਘ ਸ਼ਹੀਦ ਦੀ ਤਸਵੀਰ ਟੰਗੀ ਹੁੰਦੀ ਹੈ, ਉਥੇ ਸੁਭਾਸ਼ ਚੰਦਰ ਬੋਸ ਕਦੀ ਬੇਗਾਨਾ ਨਹੀਂ ਲਗਦਾ। ਗੁਰੂ ਸਾਹਿਬਾਨ ਦੇ ਟਿਕਾਣਿਆਂ ਉਤੇ, ਜਿਥੇ ਜਿਥੇ ਬੰਗਾਲ ਵਿਚ ਸੰਗਤਾਂ ਕਾਇਮ ਹੋਈਆਂ, ਬੰਗਲਾ ਸ਼ੈਲੀ ਵਿਚ ਗੁਰਬਾਣੀ ਕੀਰਤਨ ਹੋਇਆ।

ਪੰਜਾਬੀ ਯੂਨੀਵਰਸਿਟੀ ਨੇ ਪ੍ਰੋ. ਹਰਬੰਸ ਸਿੰਘ ਦੀ ਸੰਪਾਦਨਾ ਹੇਠ ਕਿਤਾਬ ਛਾਪੀ ਸੀ 'ਪਰਸਪੈਕਟਿਵਜ਼ ਆਨ. ਗੁਰੂ ਨਾਨਕ (1975)' ਜਿਸ ਵਿਚ ਅਮਲੇਂਦੂ ਬੋਸ ਦਾ ਲੇਖ ਹੈ-ਟੈਗੋਰ ਆਨ ਦੀ ਸਿਖਸ। ਉਸ ਵਿਚ ਕਵੀ ਦੀਆਂ ਯਾਦਾਂ ਉਕਰਦਿਆਂ ਹਵਾਲਾ ਦਿੱਤਾ ਹੈ, "ਅੰਮ੍ਰਿਤਸਰ ਦਾ ਦਰਬਾਰ ਸਾਹਿਬ ਮੈਨੂੰ ਸੁਫਨਾ ਪ੍ਰਤੀਤ ਹੁੰਦਾ ਹੈ। ਬਹੁਤ ਸਾਰੀਆਂ ਸਵੇਰਾਂ ਨੂੰ ਮੈਂ ਸਰੋਵਰ ਵਿਚਕਾਰ ਬਣੇ ਇਸ ਸਿੱਖ ਮੰਦਰ ਵਿਚ ਹਾਜ਼ਰ ਹੋਇਆ। ਨਿਰੰਤਰ ਕੀਰਤਨ ਹੁੰਦਾ ਰਹਿੰਦਾ। ਮੇਰੇ ਪਿਤਾ ਸਿੱਖ ਸ਼ਰਧਾਲੂਆਂ ਵਿਚਕਾਰ ਬੈਠ ਕੇ ਗਾਇਨ ਵਿਚ ਸ਼ਾਮਲ ਹੁੰਦੇ ਤੇ ਖਿੜੇ ਹੋਠਾਂ ਨਾਲ ਸਿੱਖ ਉਨ੍ਹਾਂ ਦਾ ਸਤਿਕਾਰ ਕਰਦੇ।"

ਰਵੀ ਨੇ ਗੁਰਬਾਣੀ ਦੇ ਜਿੰਨੇ ਸ਼ਬਦ ਬੰਗਲਾ ਵਿਚ ਅਨੁਵਾਦ ਕੀਤੇ, ਉਹ ਬ੍ਰਹਮੋ ਸਮਾਜ ਦੀਆਂ ਸਭਾਵਾਂ ਵਿਚ ਗਾਏ ਜਾਂਦੇ, ਅੱਜ ਵੀ ਗਾਏ ਜਾਂਦੇ ਹਨ। ਗੁਰੂ ਸਾਹਿਬਾਨ ਅਤੇ ਸਿੱਖਾਂ ਬਾਬਤ ਬੰਗਾਲੀ ਬੱਚੇ ਜਾਣਨ, ਇਸ ਵਾਸਤੇ ਕਹਾਣੀਆਂ ਅਤੇ ਲੇਖ ਲਿਖੇ। ਗੁਰੂ ਨਾਨਕ ਦੇਵ ਦੀ ਮੱਕੇ ਅਤੇ ਸੱਚੇ ਸੌਦੇ ਦੀ ਸਾਖੀ ਲਿਖੀ। ਬਾਬਾ ਬੰਦਾ ਸਿੰਘ ਅਤੇ ਭਾਈ ਤਾਰੂ ਸਿੰਘ 'ਤੇ ਇਕ-ਇਕ ਅਤੇ ਦਸਮ ਪਾਤਸ਼ਾਹ ਉਪਰ ਤਿੰਨ ਨਜ਼ਮਾਂ ਲਿਖੀਆਂ। ਬੰਗਾਲ ਦੇ ਸੁਤੰਤਰਤਾ ਸੰਗਰਾਮੀ ਯੋਧੇ ਬਾਬਾ ਬੰਦਾ ਸਿੰਘ ਵਾਲੀ ਕਵਿਤਾ ਅਕਸਰ ਗਾਉਂਦੇ ਰਹਿੰਦੇ ਜਿਸ ਦੇ ਬੋਲ ਇਉਂ ਹਨ,

"ਪੰਜ ਦਰਿਆਵਾਂ ਕਿਨਾਰੇ, ਕੇਸ ਧਾਰਨ ਕਰਕੇ ਸਿੱਖ ਜਥੇਬੰਦ ਹੋ ਗਏ। ਉਹ ਨਿਰਭਉ ਤੇ ਨਿਰਵੈਰ ਸਨ। ਹਜ਼ਾਰਾਂ ਜੈਕਾਰੇ ਗੁਰੂ ਉਸਤਤਿ ਵਿਚ ਗੂੰਜਣ ਲੱਗੇ। ਸਿੱਖਾਂ ਦੀ ਨਜ਼ਰ ਨਵੀਂ ਸਵੇਰ ਵੱਲ ਹੋ ਤੁਰੀ। ਜਦੋਂ ਉਹ ਅਲਖ ਨਿਰੰਜਨ ਅਲਾਪਦੇ, ਭਰਮ ਭੁਲੇਖੇ ਟੁੱਟ ਜਾਂਦੇ, ਬੀਰ ਬਾਜੂਆਂ ਵਿਚ ਫੜੀਆਂ ਕਿਰਪਾਨਾਂ ਦੀ ਗੁੰਜਾਰ ਪੈਂਦੀ। ਪੰਜਾਬ ਅੱਜ ਤੱਕ ਅਲਖ-ਨਿਰੰਜਨ ਗਾ ਰਿਹਾ ਹੈ।"

"ਪੰਜ ਦਰਿਆਵਾਂ ਕਿਨਾਰੇ ਲੱਖਾਂ ਦਿਲ ਭੈਮੁਕਤ ਹੋ ਗਏ ਹਨ। ਉਨ੍ਹਾਂ ਦੇ ਕਦਮਾਂ ਵਿਚ ਜੀਵਨ ਅਤੇ ਮੌਤ ਜੌੜੇ ਗੁਲਾਮਾਂ ਵਾਂਗ ਡਿਗੇ ਪਏ ਹਨ।"

"ਪੰਜ ਦਰਿਆਵਾਂ ਕਿਨਾਰੇ ਲੱਖਾਂ ਮੁਰੀਦਾਂ ਦੀਆਂ ਰਗਾਂ ਅੰਦਰ ਖੂਨ ਸੁਤੰਤਰ ਵਗਣ ਲੱਗਾ ਹੈ, ਆਜ਼ਾਦ ਰੂਹਾਂ ਪੰਛੀਆਂ ਵਾਂਗ ਆਪਣੇ ਆਹਲਣਿਆਂ ਵਿਚ ਜਾ ਬੈਠਦੀਆਂ ਹਨ। ਇਹ ਨਾਇਕ ਆਪਣੀ ਮਾਤਭੂਮੀ ਦੇ ਮੱਥੇ 'ਤੇ ਖੂਨ ਦਾ ਤਿਲਕ ਲਾਉਂਦੇ ਹਨ। ਅੰਤਮ ਸਾਹਾਂ ਤੱਕ ਲੜਨ ਵਾਸਤੇ ਮੁਗਲ ਯੋਧਿਆਂ ਸਾਹਮਣੇ ਖਲੋ ਗਏ ਹਨ। ਜ਼ਖਮੀ ਬਾਜ਼ ਅਜਗਰ ਉਪਰ ਹੱਲਾ ਬੋਲ ਰਿਹਾ ਹੈ। ਘੋਰ ਯੁੱਧ ਵਿਚ ਉਹ ਗੁਰੂ ਦਾ ਜੈਕਾਰਾ ਗੁੰਜਾਉਂਦੇ ਹਨ, ਖੂਨ ਵਿਚ ਭਿੱਜੇ ਮੁਗਲ ਦੀਨ ਦੀਨ ਦਾ ਨਾਅਰਾ ਬੁਲੰਦ ਕਰਦੇ ਹਨ। ਬੰਦਾ ਬੰਦੀ ਬਣਾ ਕੇ ਦਿੱਲੀ ਲਿਜਾਇਆ ਜਾ ਰਿਹਾ ਹੈ।"

"ਧੂੜਾਂ ਲੱਦੇ ਰਾਹਵਾਂ ਵਿਚੋਂ ਮੁਗਲ ਸੈਨਿਕਾਂ ਦਾ ਕਾਫਲਾ ਜਾ ਰਿਹਾ ਹੈ। ਮੁਗਲਾਂ ਨੇ ਸਿੱਖਾਂ ਦੇ ਸਿਰ ਨੇਜ਼ਿਆਂ ਉਪਰ ਟੰਗੇ ਹੋਏ ਹਨ, ਪਿਛੇ ਸੌਸੌ ਸਿੱਖਾਂ ਦਾ ਕਾਰਵਾਂ ਹੈ। ਸੰਗਲਾਂ ਵਿਚ ਬੰਨ੍ਹੇ ਹੋਏ ਹਨ ਪਰ ਉਨ੍ਹਾਂ ਦੇ ਚਿਹਰਿਆਂ ਉਪਰ ਜਲਾਲ ਹੈ ਤੇ ਜੈਕਾਰੇ ਗੁੰਜਾਉਂਦੇ ਜਾ ਰਹੇ ਹਨ।"

ਦਿੱਲੀ ਪੁਜਣ ਉਪਰੰਤ ਹਰੇਕ ਸਿੱਖ ਪਹਿਲਾਂ ਸ਼ਹੀਦ ਹੋਣ ਲਈ ਕਾਹਲਾ ਹੈ। ਜੈਕਾਰੇ ਛੱਡਦੇ ਸੌ ਸਿੱਖਾਂ ਦੇ ਸਿਰ ਉਡਾ ਦਿਤੇ ਜਾਂਦੇ ਹਨ।

"ਹਫ਼ਤੇ ਵਿਚ ਸੱਤ ਸੌ ਸਿਰ ਕਲਮ ਕਰਕੇ ਕਾਜ਼ੀ ਬੰਦਾ ਸਿੰਘ ਦੀਆਂ ਬਾਹਵਾਂ ਵਿਚ ਉਸ ਦਾ ਪੁੱਤਰ ਰੱਖ ਕੇ ਆਖਦਾ ਹੈ, ਇਸ ਨੂੰ ਕਤਲ ਕਰ। ਖਾਮੋਸ਼ ਬੰਦਾ ਸਿੰਘ ਆਪਣੇ ਪੁੱਤਰ ਨੂੰ ਛਾਤੀ ਨਾਲ ਲਾਉਂਦਾ ਹੈ ਤੇ ਉਸ ਦੀ ਸੂਹੀ ਪੱਗ ਨੂੰ ਚੁੰਮਦਾ ਹੈ।"

ਭਾਈ ਤਾਰੂ ਸਿੰਘ ਉਪਰ 16 ਪੰਕਤੀਆਂ ਦੀ ਕਵਿਤਾ ਹੈ,

"ਕੈਦੀ ਸਿੱਖਾਂ ਨੂੰ ਜਦੋਂ ਕਤਲ ਕੀਤਾ ਗਿਆ ਤਦ ਸ਼ਹੀਦਗੰਜ ਦੀ ਧਰਤੀ ਲਹੂ ਨਾਲ ਲਾਲ ਹੋ ਗਈ। ਨਵਾਬ ਨੇ ਕਿਹਾ, ਤਾਰੂ ਸਿੰਘ, ਮੈਂ ਤੈਨੂੰ ਖਿਮਾ ਕਰ ਸਕਦਾ ਹਾਂ। ਤਾਰੂ ਸਿੰਘ ਨੇ ਪੁੱਛਿਆ, ਖਿਮਾ? ਕਿਸ ਵਾਸਤੇ? ਕਿਸ ਸ਼ਰਤ 'ਤੇ? ਨਵਾਬ ਨੇ ਕਿਹਾ, ਤੂੰ ਯੋਧਾ ਹੈਂ। ਮੇਂ ਤੇਰੇ ਖਿਲਾਫ਼ ਗੁੱਸੇ ਵਿਚ ਨਹੀਂ ਹਾਂ। ਮੈਂ ਤੇਰੇ ਕੇਸ ਕਤਲ ਕਰਕੇ ਤੈਨੂੰ ਜੀਵਨ ਦਾਨ ਦੇ ਸਕਦਾ ਹਾਂ। ਤਾਰੂ ਸਿੰਘ ਨੇ ਕਿਹਾ, ਮੈਂ ਤੇਰੀ ਕ੍ਰਿਪਾਲਤਾ ਉਪਰ ਏਨਾ ਖੁਸ਼ ਹਾਂ ਕਿ ਕੇਸਾਂ ਸਮੇਤ ਸਿਰ ਅਰਪਣ ਕਰਾਂਗਾ।"

18 ਸਾਲਾਂ ਦੇ ਜੁਆਨ ਨਿਹਾਲ ਸਿੰਘ ਉਪਰ ਕਵਿਤਾ ਲਿਖੀ ਜਿਸ ਦੀ ਮਾਂ ਨੇ ਸੱਯਦ ਅਬਦੁੱਲਾ ਖ਼ਾਨ ਪਾਸ ਫਰਿਆਦ ਕੀਤੀ ਸੀ ਕਿ ਉਸ ਦਾ ਪੁੱਤਰ ਸਿੱਖ ਨਹੀਂ ਹੈ, ਗਲਤੀ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਆਪਣੀ ਰਿਹਾਈ ਦਾ ਪਤਾ ਲੱਗਾ ਤਾਂ ਇਕ ਦਮ ਐਲਾਨ ਕੀਤਾ, ਮੇਰੀ ਮਾਂ ਝੂਠ ਕਹਿ ਰਹੀ ਹੈ। ਮੈਂ ਸਿੱਖ ਹਾਂ ਤੇ ਸ਼ਹੀਦ ਹੋਣ ਲਈ ਤਿਆਰ ਹਾਂ।

ਸ਼ਸਤਰਧਾਰੀ, ਖੜਗ ਆਦਿਕ ਕਵਿਤਾਵਾਂ ਗੁਰਮਤਿ ਮੰਡਲ ਦੀਆਂ ਸੁਰਾਂ ਪ੍ਰਗਟ ਕਰਦੀਆਂ ਸਾਫ਼ ਦਿਸਦੀਆਂ ਹਨ।

ਹਿਮਾਦਰੀ ਬੈਨਰਜੀ ਨੇ ਅਪਣੀ ਕਿਤਾਬ "ਦ ਅਦਰ ਸਿੱਖਸ" (ਮਨੋਹਰ, ਨਵੀਂ ਦਿੱਲੀ, 2003) ਵਿਚ ਲਿਖਿਆ ਹੈ, "ਬੰਗਾਲੀ ਲੇਖਕ ਆਪਣੇ-ਆਪਣੇ ਢੰਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਲਿਖਦੇ ਆਏ ਹਨ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਤ ਅਜਿਹਾ ਨਹੀਂ ਹੋਇਆ। ਬੰਗਾਲੀਆਂ ਦਾ ਇਕ ਹਿੱਸਾ ਤਾਂ ਅਜਿਹਾ ਵੀ ਸੀ ਜਿਹੜਾ ਬ੍ਰਿਟਿਸ਼ ਰਾਜ ਤੋਂ ਪ੍ਰਸੰਨ ਸੀ, ਕਿਉਂਕਿ ਉਨ੍ਹਾਂ ਦੇ ਖਿਆਲ ਵਿਚ ਮੁਗਲਾਂ ਦੇ ਜ਼ੁਲਮਾਂ ਤੋਂ ਅੰਗਰੇਜ਼ਾਂ ਨੇ ਹੀ ਰਾਹਤ ਦਿਵਾਈ ਸੀ।"

ਬੰਗਾਲ ਦੇ ਆਜ਼ਾਦੀ ਸੰਗਰਾਮੀਏਂ ਗਰਮਦਲੀਏ ਜੁਆਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਪਮਾ ਗਾਈ। ਬੰਗਾਲ ਦੇ ਬ੍ਰਹਮੋ ਸਮਾਜੀਆਂ ਦਾ ਦ੍ਰਿਸ਼ਟੀਕੋਣ ਵੱਖਰਾ ਸੀ। ਉਨ੍ਹਾਂ ਲਈ ਸ੍ਰੀ ਗੁਰੂ ਨਾਨਕ ਦੇਵ ਵੱਡਾ ਆਦਰਸ਼ ਸਨ ਪਰ ਬਾਅਦ ਵਿਚ ਖਾਲਸਾ ਪੰਥ ਦਾ ਮੁਗਲਾਂ ਖਿਲਾਫ਼ ਹਥਿਆਰਬੰਦ ਹੋਣਾ, ਟੱਕਰ ਲੈਣੀ ਉਨ੍ਹਾਂ ਨੂੰ ਨਹੀਂ ਭਾਇਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸੈਨਿਕ ਰੂਪ ਵਿਚ ਉਨ੍ਹਾਂ ਨੂੰ ਉਚੇਰੀ ਆਤਮਕ ਮੰਜ਼ਲ ਨਹੀਂ ਦਿੱਸੀ। ਗੈ.ਰ ਬ੍ਰਹਮੋ ਸਮਾਜੀਆਂ ਵਿਚ ਦਸਮ ਪਾਤਸ਼ਾਹ ਬਾਬਤ ਨਿਰੰਤਰ ਚਰਚਾ ਹੁੰਦੀ ਰਹੀ ਤੇ ਉਹ ਗੁਰੂ ਜੀ ਨੂੰ ਹਿੰਦੂਆਂ ਦਾ ਨੇਤਾ ਮੰਨਦੇ ਰਹੇ।

1886 ਤੋਂ 1910 ਦੇ 25 ਸਾਲਾਂ ਵਿਚ ਟੈਗੋਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਉਪਰ ਕਲਮ ਚਲਾਈ। ਇਕ ਲਿਖਤ ਨੂੰ ਛੱਡ ਕੇ ਬਾਕੀ ਸਾਰੀਆਂ ਦੀ ਸ਼ਲਾਘਾ ਹੋਈ। ਚੜ੍ਹਦੀ ਜਵਾਨੀ ਵਿਚ ਉਨ੍ਹਾਂ ਨੇ ਬੱਚਿਆਂ ਵਾਸਤੇ ਬੀਰ-ਗੁਰੂ ਲੇਖ ਲਿਖਿਆ ਜੋ ਬਾਲਕ ਰਿਸਾਲੇ ਵਿਚ ਛਪਿਆ ਜਿਸ ਵਿਚ ਗੁਰੂ ਜੀ ਦੀ ਕੁਰਬਾਨੀ, ਬੀਰਤਾ ਅਤੇ ਮਨੁਖਤਾ ਨਾਲ ਪ੍ਰੇਮ ਦਾ ਅਜਿਹਾ ਸੁਹਣਾ ਚਿਤ੍ਰਣ ਕੀਤਾ ਕਿ ਬਾਲ ਮਨਾਂ ਵਿਚ ਡੂੰਘਾ ਉਤਰਦਾ ਹੈ। ਇਸ ਲੇਖ ਨਾਲ ਬੰਗਾਲ ਅਤੇ ਪੰਜਾਬ ਵਿਚਕਾਰਲਾ ਫਾਸਲਾ ਮਿਟਦਾ ਹੈ। 1898 ਤੇ 1899 ਦੋ ਸਾਲਾਂ ਵਿਚ ਗੁਰੂ ਜੀ ਉਪਰ ਤਿੰਨ ਕਵਿਤਾਵਾਂ ਲਿਖੀਆਂ। ਪਹਿਲੀਆਂ ਦੋ ਪੂਰਬ-ਖਾਲਸਾ ਅਵਧੀ ਦੀਆਂ ਹਨ ਜਦੋਂ ਗੁਰੂ ਜੀ ਸਾਲਾਂਬੱਧੀ ਪਹਾੜੀਆਂ ਉਪਰ ਤਪੱਸਿਆ ਕਰ ਰਹੇ ਹਨ, ਤਪ ਸਫ਼ਲ ਹੋਣ ਉਪਰੰਤ ਯੁੱਧ ਲਈ ਤਿਆਰ ਹੁੰਦੇ ਹਨ ਤੇ ਖਾਲਸਾ ਪੰਥ ਪ੍ਰਗਟ ਕਰਦੇ ਹਨ। ਤੀਸਰੀ ਕਵਿਤਾ ਸ਼ੇਸ਼ ਸ਼ਿਖਸ਼ਾ ਹੈ ਜਿਸ ਵਿਚ ਕਵੀ ਨੇ ਲਿਖਿਆ ਹੈ ਕਿ ਗੁੱਸੇ ਵਿਚ ਆ ਕੇ ਗੁਰੂ ਜੀ ਨੇ ਇਕ ਪਠਾਣ ਵਪਾਰੀ ਨੂੰ ਕਤਲ ਕਰ ਦਿੱਤਾ। ਪਿਛੋਂ ਇਸ ਗੱਲ ਦਾ ਪਛਤਾਵਾ ਹੋਣ 'ਤੇ ਉਸ ਦੇ ਬੇਟੇ ਨੂੰ ਪਾਲਿਆਪੋਸਿਆ ਤੇ ਪੜ੍ਹਾਇਆ। ਜਦੋਂ ਉਹ ਜਵਾਨ ਹੋਇਆ ਤਾਂ ਗੁਰੂ ਜੀ ਨੇ ਉਸ ਨੂੰ ਪਿਤਾ ਦਾ ਬਦਲਾ ਲੈਣ ਲਈ ਕਿਹਾ ਤਾਂ ਕਿ ਉਨ੍ਹਾਂ ਦੇ ਸਿਰੋਂ ਪਾਪ ਦਾ ਭਾਰ ਉਤਰ ਸਕੇ। ਪਹਿਲੋਂ ਪਠਾਣ ਨੇ ਇਨਕਾਰ ਕਰ ਦਿਤਾ ਪਰ ਬਾਅਦ ਵਿਚ ਕ੍ਰੋਧਵਾਨ ਹੋ ਕੇ ਛੁਰਾ ਮਾਰਿਆ, ਜਿਸ ਨਾਲ ਗੁਰੂ ਜੀ ਮੁਸਕਾਉਂਦਿਆਂ ਹੋਇਆਂ ਚੋਲਾ ਛੱਡ ਗਏ।" ਟੈਗੋਰ ਦੀ ਮਨਸ਼ਾ ਅਜਿਹੀ ਲਗਦੀ ਹੈ ਜਿਵੇਂ ਗੁਰੂ ਜੀ ਕੁਦਰਤੀ ਨਿਆਂ ਦੇ ਵਿਧੀ-ਵਿਧਾਨ ਵਿਚ ਆਪਣੇ ਆਪ ਨੂੰ ਬਾਕੀਆਂ ਤੋਂ ਵੱਖਰਾ ਨਹੀਂ ਕਰਦੇ। ਇਹ ਟੈਗੋਰ ਦਾ ਆਪਣਾ ਮਨਘੜਤ ਨੈਤਿਕ ਸ਼ਾਸਤਰ ਹੈ, ਜੋ ਸਿੱਖਾਂ ਨੂੰ ਪਸੰਦ ਨਹੀਂ ਆਇਆ।

ਪ੍ਰੋ. ਪੂਰਨ ਸਿੰਘ ਨੇ "ਦ ਸਿੱਖ ਐਂਡ ਹਿਜ਼ ਨਿਊ ਕਰਿਟਿਕਸ:ਅਵਰ ਵਿਊ ਪੁਆਇੰਟ" 14 ਪੰਨਿਆਂ ਦਾ ਲੰਮਾ ਲੇਖ ਲਿਖਿਆ, ਜੋ ਕਲਕੱਤੇ ਤੋਂ ਛਪਦੇ ਮਾਡਰਨ ਰੀਵਿਊ ਵਿਚ ਨਵੰਬਰ 1916 ਨੂੰ ਪ੍ਰਕਾਸ਼ਿਤ ਹੋਇਆ। ਇਹ ਲੇਖ ਪੰਜਾਬੀ ਯੂਨੀਵਰਸਿਟੀ ਦੇ ਮੈਗਜ਼ੀਨ ਪੂਰਨ ਸਿੰਘ ਸਟੱਡੀਜ਼ ਦੇ ਜਨਵਰੀ-ਅਪ੍ਰੈਲ 1981 ਅੰਕ ਵਿਚ ਮੁੜ ਛਪਿਆ ਹੈ। ਇਸ ਵਿਚ ਪੂਰਨ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਬ੍ਰਹਮੋ ਸਮਾਜੀ ਰੁਝਾਨ ਦੀ ਕਰੜੇ ਲਫ਼ਜਾਂ ਵਿਚ ਆਲੋਚਨਾ ਕੀਤੀ ਹੈ। ਪੂਰਨ ਸਿੰਘ ਦੀ ਕਲਮ ਦੀ ਨੋਕ ਵਧੇਰੇ ਕਰਕੇ ਜਾਦੂ ਨਾਥ ਸਰਕਾਰ ਵਿਰੁਧ ਹੈ ਪਰ ਰਬਿੰਦਰ ਨਾਥ ਟੈਗੋਰ ਬਾਬਤ ਵੀ ਉਨ੍ਹਾਂ ਨੇ ਆਪਣਾ ਗੁੱਸਾ ਪ੍ਰਗਟ ਕੀਤਾ ਹੈ। ਪ੍ਰੋ. ਪੂਰਨ ਸਿੰਘ ਦਾ ਤਰਕ ਹੈ ਕਿ ਸਰਕਾਰ ਅਤੇ ਟੈਗੋਰ ਦੋਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝ ਨਹੀਂ ਸਕੇ। ਪੂਰਨ ਸਿੰਘ ਦੇ ਮਨ ਵਿਚ ਟੈਗੋਰ ਪ੍ਰਤੀ ਗੁੱਸਾ ਇੰਨਾ ਪ੍ਰਚੰਡ ਹੈ ਕਿ 'ਸਪਿਰਿਟ ਆਫ਼ ਦੀ ਓਰੀਐਂਟਲ ਪੋਇਟਰੀ' ਕਿਤਾਬ ਵਿਚ ਉਹ ਟੈਗੋਰ ਵਿਰੁਧ ਹੋਰ ਸਖ਼ਤ ਟਿਪਣੀਆਂ ਦਿੰਦੇ ਹਨ।

ਉਨ੍ਹਾਂ ਦਿਨਾਂ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖ ਅੰਗਰੇਜ਼ਾਂ ਵਿਰੁਧ ਯੁੱਧ ਵੀ ਲੜ ਰਹੇ ਸਨ ਪਰ ਆਪਸ ਵਿਚ ਵੀ ਇਨ੍ਹਾਂ ਤਿੰਨਾਂ ਧਰਮਾਂ ਦੇ ਮੁਰੀਦਾਂ ਦਾ ਟਕਰਾਅ ਚਲਦਾ ਰਹਿੰਦਾ ਸੀ। ਸਿੰਘ ਸਭਾ ਲਹਿਰ ਦੇ ਸ਼ੁਰੂਆਤੀ ਸਾਲਾਂ ਵਿਚ ਸਿੱਖਾਂ ਦੀ ਟੱਕਰ ਮੁਸਲਮਾਨਾਂ ਨਾਲ ਨਹੀਂ, ਹਿੰਦੂ ਕੱਟੜਪੰਥੀਆਂ ਤੇ ਆਰੀਆ ਸਮਾਜੀਆਂ ਵਿਰੁਧ ਹੋਈ। ਭਾਈ ਕਾਨ੍ਹ ਸਿੰਘ ਨਾਭਾ ਦੀ ਚਰਚਿਤ ਕਿਤਾਬ 'ਹਮ ਹਿੰਦੂ ਨਹੀਂ' ਇਸੇ ਦੌਰ ਦੀ ਪ੍ਰਤੀਨਿਧ ਰਚਨਾ ਹੈ।

'ਸ਼ੇਸ਼ ਸ਼ਿਖਸ਼ਾ' ਕਵਿਤਾ ਕਾਰਨ ਸਿੱਖ ਨਾਰਾਜ਼ ਹੋ ਗਏ। ਵਾਸਤਵ ਵਿਚ ਇਹ ਘਟਨਾ ਪੁਰਾਣੇ ਸਿੱਖ ਗ੍ਰੰਥਾਂ ਵਿਚ ਮਿਲਦੀ ਹੈ ਜਿਸ ਦਾ ਜ਼ਿਕਰ ਕਨਿੰਘਮ ਨੇ "ਏ ਸ਼ਾਰਟ ਹਿਸਟਰੀ ਆਫ ਦ ਸਿੱਖਸ" ਪੰਨਾ 73 ਉਤੇ ਕੀਤਾ ਹੈ। ਟੈਗੋਰ ਨੇ ਇਹ ਕਥਾ ਇਥੋਂ ਚੁੱਕੀ ਸੀ। ਦੇਰ ਤੱਕ ਸਿੱਖ ਇਸ ਲਿਖਤ ਕਾਰਨ ਕ੍ਰੋਧਿਤ ਰਹੇ। ਇਹ ਕੁੜਿੱਤਣ ਉਦੋਂ ਦੂਰ ਹੋਈ ਜਦੋ ਟੈਗੋਰ ਲਾਹੌਰ ਆ ਕੇ ਸੀਨੀਅਰ ਸਿੱਖ ਲੀਡਰਸ਼ਿਪ ਨੂੰ ਮਿਲਿਆ। ਇਸ ਮੀਟਿੰਗ ਵਿਚ ਗੁੱਸੇ ਗਿਲੇ ਦੂਰ ਹੋਏ। ਉਪਰੰਤ ਟੈਗੋਰ ਨੇ ਪ੍ਰੈਸ ਸਟੇਟਮੈਂਟ ਜਾਰੀ ਕੀਤੀ ਜਿਸ ਨਾਲ ਸਿੱਖ ਲੀਡਰਸ਼ਿੱਪ ਪ੍ਰਸੰਨ ਹੋ ਗਈ। ਟੈਗੋਰ ਦੀ ਇਹ ਸਟੇਟਮੈਂਟ ਲਾਹੌਰ ਦੇ ਅਖਬਾਰ "ਦੀ ਟ੍ਰਿਬਿਊਨ" ਵਿਚ 21 ਫਰਵਰੀ ਨੂੰ, ਅੰਮ੍ਰਿਤਸਰ ਦੇ "ਅਕਾਲੀ ਪੱਤ੍ਰਿਕਾ" ਵਿਚ 20 ਫਰਵਰੀ ਨੂੰ ਅਤੇ ਕਲਕੱਤੇ ਦੇ "ਅਨੰਦ ਬਾਜ਼ਾਰ ਪੱਤ੍ਰਿਕਾ" ਵਿਚ 20 ਫਰਵਰੀ 1935 ਨੂੰ ਛਪੀ। ਟੈਗੋਰ ਦਾ ਸੁਭਾਅ ਵਿਵਾਦ ਖੜੇ ਕਰਨ ਵਾਲਾ ਨਹੀਂ ਸੀ।


ਵਿਸਥਾਰ ਵਾਸਤੇ ਪਾਠਕ ਹਿਮਾਦਰੀ ਬੈਨਰਜੀ ਦੀ ਕਿਤਾਬ "ਦੀ ਅਦਰ ਸਿਖਸ" ਪੰਨਾ 150, ਦੇਖਣ। ਇਸ ਪਿਛੋਂ ਟੈਗੋਰ ਨੇ ਕੋਈ ਅਜਿਹੀ ਟੂਕ ਨਹੀਂ ਲਿਖੀ ਜੋ ਸਿੱਖਾਂ ਲਈ ਵਿਵਾਦਪੂਰਨ ਹੋਵੇ। ਸ਼ਾਂਤੀ ਨਿਕੇਤਨ ਵਿਚ ਪੜ੍ਹਦੇ ਵਿਦਿਆਰਥੀ ਜੋਸ਼ ਵਿਚ ਆ ਕੇ ਕਦੀ 'ਹਿੱਪ ਹਿੱਪ ਹੁਰਰੇ' ਆਖਦੇ ਤਾਂ ਕਵੀ ਆਖਿਆ ਕਰਦੇ, ਇਸ ਨਾਲੋਂ ਤਾਂ ਦੇਸੀ ਜੈਕਾਰਾ 'ਗੁਰੂ ਕੀ ਫਤਿਹ' ਗਜਾਇਆ ਕਰੋ। ਦੋ ਵਾਰ ਲਾਹੌਰ ਆਏ, 1935 ਵਿਚ ਪੰਦਰਾਂ ਦਿਨ ਰਹੇ ਤੇ ਫਿਰ 1936 ਵਿਚ ਨਾਟ ਮੰਡਲੀ ਨਾਲ ਚਾਰ ਦਿਨ ਠਹਿਰੇ।

ਪਹਿਲੋਂ ਅੰਗਰੇਜ਼ਾਂ ਵਿਰੁਧ ਨਰਮ ਸੁਰ ਸੀ ਪਰ ਜਦੋਂ ਅੰਮ੍ਰਿਤਸਰ 1919 ਦੀ ਵਿਸਾਖੀ ਦਾ ਹੱਤਿਆ ਕਾਂਡ ਹੋਇਆ, ਪੂਰੀ ਤਾਕਤ ਨਾਲ ਅੰਗਰੇਜ਼ਾਂ ਵਿਰੁਧ ਲਿਖਣ ਲੱਗੇ। ਸਾਰੀ ਦੁਨੀਆਂ ਵਿਚ ਹਾਹਾਕਾਰ ਮਚ ਗਈ। ਏਨਾ ਵਡਾ ਨਰਸੰਘਾਰ, ਘੋਰ ਪਾਪ। ਕਵੀ ਦਾ ਦਿਲ ਵਿਦ੍ਰੋਹੀ ਹੋ ਗਿਆ। ਉਸ ਦੇ ਹੋਠਾਂ ਵਿਚੋਂ ਇਹ ਗੀਤ ਥਿਰਕਿਆ:

ਡਰੇ ਹੋਏ, ਚੁੱਪ ਚਾਪ
ਜੇ ਉਹ ਕੰਧ ਵਲ ਰੁਖ ਕਰਕੇ ਖਲੋਤੇ ਹਨ
ਤਾਂ ਐ ਬਦਨਸੀਬ ਸ਼ਾਇਰ ਆਪਣਾ ਮੂੰਹ ਖੋਲ੍ਹ।
ਜੋ ਆਖਣਾ ਹੈ ਆਖ ਦੇਹ ਹੁਣ।

ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ, ਆਪਣੇ ਪੁੱਤਰ ਰਥਿੰਦਰ ਨਾਥ ਨਾਲ ਵੀ ਸਲਾਹ ਨਹੀਂ ਕੀਤੀ। 29 ਮਈ 1919 ਦੀ ਰਾਤ ਨੂੰ ਵਾਇਸਰਾਇ ਲਾਰਡ ਚੈਮਸਫੋਰਡ ਨੂੰ ਪੱਤਰ ਲਿਖਿਆ ਜਿਸ ਵਿਚ ਆਪਣੀ ਨਾਈਟਹੁੱਡ ਦੀ ਉਪਾਧੀ ਵਾਪਸ ਕਰਨ ਦਾ ਐਲਾਨ ਕੀਤਾ ਤੇ ਮਾਨਵ-ਹੱਤਿਆ ਦੀ ਸਖਤ ਨਿੰਦਿਆ ਕੀਤੀ। ਇਸ ਪੱਤਰ ਦੀ ਨਕਲ ਪ੍ਰੈਸ ਨੂੰ ਰਿਲੀਜ਼ ਕਰ ਦਿਤੀ ਜੋ ਅਗਲੇ ਦਿਨ ਅਖਬਾਰਾਂ ਵਿਚ ਛਪੀ। ਉਸ ਨੇ ਲਿਖਿਆ, "ਇਸ ਤਰ੍ਹਾਂ ਦੀ ਕਰੂਰਤਾ, ਸਰਕਾਰੀ ਦਮਨ ਦੀ ਮਿਸਾਲ, ਸਭਿਅਤਾ ਦੇ ਇਤਿਹਾਸ ਵਿਚ ਵਿਰਲੀ ਹੈ। ਆਪਣੇ ਦੇਸ਼ ਵਾਸਤੇ ਜੋ ਕਰ ਸਕਿਆ ਕਰਾਂਗਾ ਤੇ ਇਸ ਦੀ ਜ਼ਿੰਮੇਵਾਰੀ ਮੇਰੇ ਆਪਣੇ ਉਪਰ ਹੈ। ਆਤੰਕਿਤ ਭਾਰਤ ਪੀੜ ਨਾਲ ਵਿਆਕੁਲ ਹੈ ਤੇ ਮੈਂ ਕਰੋੜਾਂ ਦੇਸ਼ਵਾਸੀਆਂ ਦੇ ਹੱਕ ਵਿਚ ਅਤੇ ਸਰਕਾਰੀ ਦਮਨ ਦੇ ਵਿਰੋਧ ਵਿਚ ਖਲੋ ਗਿਆ ਹਾਂ। ਸਨਮਾਨ ਦੇ ਇਹ ਚਿੰਨ੍ਹ ਹੁਣ ਸਾਨੂੰ ਸ਼ਰਮਸਾਰ ਕਰ ਰਹੇ ਹਨ ਤੇ ਸਾਬਤ ਕਰ ਰਹੇ ਹਨ ਕਿ ਅਸੀਂ ਕਿੰਨੇ ਸਿਧਰੇ, ਕਿੰਨੇ ਜਾਹਲ ਹਾਂ। ਮੈਂ ਹੁਣ ਉਨ੍ਹਾਂ ਲੋਕਾਂ ਦੇ ਨਾਲ ਹਾਂ ਜਿਨ੍ਹਾਂ ਨੂੰ ਜਿਉਂਦੇ ਮਨੁੱਖ ਵੀ ਨਹੀਂ ਸਮਝਿਆ ਜਾਂਦਾ।"

ਬ੍ਰਿਟਿਸ਼ ਅਧਿਕਾਰੀ ਉਸ ਦੇ ਇਸ ਫੈਸਲੇ ਨੂੰ ਕਦੀ ਹਜ਼ਮ ਨਹੀਂ ਕਰ ਸਕੇ। ਉਨ੍ਹਾਂ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਟੈਗੋਰ ਅਜਿਹਾ ਕਰ ਸਕਦਾ ਹੈ। ਪਰ ਉਨ੍ਹਾਂ ਦੇ ਇਸ ਕਦਮ ਨਾਲ ਭਾਰਤ ਦੀਆਂ ਅੱਖਾਂ ਨੂੰ ਰੋਸ਼ਨੀ ਮਿਲੀ, ਦਿਲ ਨੂੰ ਢਾਰਸ ਮਿਲੀ।

ਰਾਸ਼ਟਰੀ ਗੀਤ ਵਿਚ ਸਾਰੇ ਸੂਬਿਆਂ ਤੋਂ ਪਹਿਲਾਂ ਪੰਜਾਬ ਦਾ ਨਾਮ ਆਉਣਾ ਉਨ੍ਹਾਂ ਅੰਦਰ ਬੈਠੇ ਅਹਿਸਾਸਾਂ ਦੀ ਤਰਜਮਾਨੀ ਹੈ। ਪੰਜਾਬ ਨਾਲ ਉਨ੍ਹਾਂ ਨੇ ਪਰਿਵਾਰਕ ਰਿਸ਼ਤੇਦਾਰੀ ਵੀ ਗੰਢੀ। ਟੈਗੋਰ ਦੀ ਭੈਣ ਸਵਰਨ ਕੁਮਾਰੀ ਦੇਵੀ ਦੀ ਧੀ ਪੰਜਾਬ ਦੇ ਰਾਮਭਜ ਦੱਤ ਚੌਧਰੀ ਨਾਲ ਵਿਆਹੀ ਗਈ। ਦੱਤ, ਲਾਹੌਰ ਹਾਈ ਕੋਰਟ ਦੇ ਨਾਮਵਰ ਵਕੀਲ ਤੇ ਸਮਾਜ ਸੁਧਾਰਕ ਸਨ।


ਪੰਜਾਬੀ ਸਾਹਿਤ ਦਾ ਪਾਠਕ ਹੋਣ ਸਦਕਾ ਇਹ ਵੀ ਮੈਂ ਦੇਖਦਾ ਰਿਹਾ ਹਾਂ ਕਿ ਟੈਗੋਰ ਦਾ ਪ੍ਰਭਾਵ ਪੰਜਾਬੀ ਲੇਖਕਾਂ ਨੇ ਕਿੰਨਾ ਕੁ ਕਬੂਲ ਕੀਤਾ? ਇਹ ਤੱਥ ਹੈਰਾਨੀਜਨਕ ਅਤੇ ਅਫ਼ਸੋਸਨਾਕ ਹੈ ਕਿ ਪੰਜਾਬੀ ਸਾਹਿਤਕਾਰਾਂ ਨੇ ਟੈਗੋਰ ਦਾ ਅਸਰ ਨਹੀਂ ਕਬੂਲਿਆ। ਦੇਵਿੰਦਰ ਸਤਿਆਰਥੀ ਨੇ ਵੀ ਨਹੀਂ। ਜੇ ਕਿਤੇ ਸੰਭਾਵਨਾਵਾਂ ਦਾ ਹਿਸਾਬ ਲਾਇਆ ਜਾਵੇ ਤਾਂ ਕੇਵਲ ਸਤਿਆਰਥੀ ਹੀ ਅਜਿਹਾ ਸ਼ਾਇਰ ਸੀ ਜੋ ਲੰਮਾ ਸਮਾਂ ਸ਼ਾਂਤੀਨਿਕੇਤਨ ਰਿਹਾ ਇਸ ਕਰਕੇ ਉਸ ਦੀ ਲਿਖਤ ਵਿਚੋਂ ਕਿਤੇ ਟੈਗੋਰ ਦੀ ਝਲਕ ਦਿਸਣੀ ਚਾਹੀਦੀ ਸੀ। ਫੇਰ ਵੀ ਉਹ ਕੇਵਲ ਟੈਗੋਰ ਦਾ ਅਨੁਵਾਦਕ ਬਣ ਕੇ ਸਾਹਮਣੇ ਆਇਆ। ਮੇਰੇ ਤੋਂ ਪਹਿਲੀ ਪੀੜ੍ਹੀ ਦੇ ਸਾਰੇ ਲੇਖਕਾਂ ਨੇ ਟੈਗੋਰ ਪੜ੍ਹਿਆ, ਨਿਰੰਤਰ ਆਪਸ ਵਿਚ ਸੰਵਾਦ ਰਚਾਏ ਪਰ ਇਸ ਪੀੜ੍ਹੀ ਦੀ ਲਿਖਤ ਉਪਰ ਉਸ ਦਾ ਕੋਈ ਅਸਰ ਨਹੀਂ। ਤਾਂ ਵੀ, ਮੇਰੇ ਵਾਲੀ ਅਤੇ ਮੇਰੇ ਤੋਂ ਅਗਲੀ ਪੀੜ੍ਹੀ ਨੇ ਤਾਂ ਟੈਗੋਰ ਨੂੰ ਪੜ੍ਹਿਆ ਤੱਕ ਨਹੀਂ।

ਜੇ ਕਿਤੇ ਕਿਸੇ ਪੰਜਾਬੀ ਸ਼ਾਇਰ ਨੂੰ ਟੈਗੋਰ ਦੇ ਰੂਹਾਨੀ ਅਨੁਭਵ ਵਰਗਾ ਕਿਹਾ ਅਤੇ ਮੰਨਿਆ ਜਾ ਸਕਦਾ ਹੈ ਉਹ ਪ੍ਰੋ. ਪੂਰਨ ਸਿੰਘ ਹੈ। ਪ੍ਰੋ. ਪੂਰਨ ਸਿੰਘ ਨੇ ਟੈਗੋਰ ਦੀ ਆਲੋਚਨਾ ਕੀਤੀ, ਟੈਗੋਰ ਉਸ ਵਕਤ ਸਿੱਖੀ ਤੋਂ ਅਨਜਾਣ ਸੀ। ਜਦੋਂ ਉਹ ਜਾਣਕਾਰ ਹੋ ਗਿਆ, ਉਦੋਂ ਉਸ ਨੇ ਕਿਹਾ ਕਿ ਬ੍ਰਹਿਮੰਡ ਦੀ ਆਰਤੀ ਗੁਰੂ ਨਾਨਕ ਦੇਵ ਜੀ ਤੋਂ ਉਤਮ ਕੋਈ ਨਹੀਂ ਕਰ ਸਕਦਾ। ਤਦ ਉਸ ਨੇ ਅਜਿਹੀਆਂ ਕਵਿਤਾਵਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ ਗੁਰਮਤਿ ਅਗੇ ਕੀਤੀ ਨਮਸਕਾਰ ਸਾਫ਼ ਦਿਸਦੀ ਹੈ। ਮਹਾਤਮਾ ਗਾਂਧੀ ਨੇ ਵੀ ਗੁਰੂ ਗੋਬਿੰਦ ਸਿੰਘ ਬਾਬਤ "ਭੁੱਲੜ ਦੇਸ਼ ਭਗਤ" ਲਫ਼ਜ਼ ਵਰਤਿਆ ਸੀ। ਇਹ ਵੀ ਉਨ੍ਹਾਂ ਦੇ ਅਗਿਆਨ ਦੇ ਸੂਚਕ ਸ਼ਬਦ ਹਨ। ਸ. ਕਪੂਰ ਸਿੰਘ ਨੇ "ਸਾਚੀ ਸਾਖੀ" ਵਿਚ ਲਿਖਿਆ ਹੈ ਕਿ ਜਦੋਂ ਗਾਂਧੀ ਜੀ ਦੇ ਧਿਆਨ ਵਿਚ ਸਹੀ ਤਸਵੀਰ ਲਿਆਂਦੀ ਗਈ ਤਾਂ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਪਾਸ ਉਦੋਂ ਸਹੀ ਤੱਥ ਨਹੀਂ ਸਨ। ਪ੍ਰੋ. ਪੂਰਨ ਸਿੰਘ ਦੀ ਕਲਮ ਵਿਚੋਂ ਜੋ ਗੁਸੈਲੇ ਸ਼ਬਦ ਪ੍ਰਗਟ ਹੋਏ ਉਨ੍ਹਾਂ ਦਾ ਪਿਛੋਕੜ ਇਹੋ ਹੈ।

ਪ੍ਰੋ. ਪੂਰਨ ਸਿੰਘ ਨੇ ਟੈਗੋਰ ਬਾਬਤ ਲਿਖਿਆ, "ਟੈਗੋਰ ਦਾ ਧੁੰਦਲਾ ਸੰਸਾਰ ਦੇਖਣ ਨੂੰ ਸੁਹਣਾ ਲਗਦਾ ਹੈ ਤੇ ਰੂਪ ਵਿਧਾਨ ਪੱਖੋਂ, ਸੰਗੀਤਕ ਧੁਨਾਂ ਪੱਖੋਂ ਹਰਮਨ ਪਿਆਰਾ ਹੋਇਆ ਪਰ ਅਸੀਂ ਜਿਹੜੇ ਪੂਰਬ ਦੇ ਵਾਸੀ ਸ਼ਬਦ ਨੂੰ ਜੀਵਨ ਦਾਤਾ ਮੰਨਦੇ ਹਾਂ, ਉਨ੍ਹਾਂ ਲਈ ਇਹ ਸਭ ਬੰਜਰ ਧਰਤੀ ਹੈ। ਐਮਰਸਨ ਵਾਂਗ ਉਹ ਬੌਧਿਕਤਾ ਨੂੰ ਜ਼ਬਾਨ ਦਿੰਦਾ ਹੈ, ਹਿੰਦੂ ਜਗਤ ਦੀ ਪੁਰਾਣੀ ਸਿਆਣਪ ਨੂੰ ਜਦੋਂ ਉਹ ਮੁੜ ਪ੍ਰਗਟ ਕਰਦਾ ਹੈ ਤਾਂ ਉਹ ਲਿਸ਼ਕ ਉਠਦੀ ਹੈ। ਉਹ ਪੁਰਾਣੇ ਖੁੰਢਾਂ ਨੂੰ ਤਰਾਸ਼ਦਾ ਹੈ ਪਰ ਇਸ ਵਿਚੋਂ ਸੱਚ ਦੀ ਪ੍ਰਾਪਤੀ ਕਰਨ ਲਈ ਉਹ ਕਮਜ਼ੋਰ ਪੈ ਜਾਂਦਾ ਹੈ।

"ਉਸ ਵਿਚ ਸਾਰੇ ਧਰਮ ਸਮਾ ਜਾਂਦੇ ਹਨ ਤੇ ਫਿਰ ਸ਼ਾਮ ਦੇ ਰੰਗ, ਨਦੀਆਂ ਦੇ ਪ੍ਰਵਾਹ, ਰਾਤ ਦੀ ਸਰਸਰਾਹਟ, ਤਾਰਿਆਂ ਦੀ ਡਲ੍ਹਕ ਮੈਨੂੰ ਅਜਿਹੀ ਰੰਗ-ਬਰੰਗੀ ਉਜਾੜ ਵਿਚ ਛੱਡ ਆਉਂਦੀ ਹੈ ਜਿਥੇ ਮੇਰਾ ਸਾਹ ਘੁਟਦਾ ਹੈ। ਬਿਨਾ ਪਿਆਰ ਅਤੇ ਇਤਬਾਰ ਦੇ ਮੈਂ ਇਸ ਜੰਗਲ ਵਿਚ ਇਕ ਰਾਤ ਨਹੀਂ ਕੱਟ ਸਕਦਾ। ਨਿਜੀ ਰੱਬ ਦੀ ਗੈਰਹਾਜ਼ਰੀ ਵਿਚ ਸਾਰੇ ਸਦਾਚਾਰ ਵਿਅਰਥ ਹਨ।"

"ਟੈਗੋਰ ਅਨੇਕ ਮਨਾਂ ਦਾ ਸੁੰਦਰ ਭੁਲੇਖਾ ਹੈ ਜਿਹੜਾ ਕਿਸੇ ਇਕ ਮਨ ਨਾਲ ਵੀ ਮੇਲ ਨਹੀਂ ਖਾਂਦਾ। ਉਸ ਦੀ ਮੌਲਿਕਤਾ ਟੈਨੀਸਨ ਵਰਗੀ ਹੈ, ਸ਼ੇਰ ਵਰਗੀ, ਜਿਹੜਾ ਖਾਣ ਤੋਂ ਬਾਦ ਸਾਡੇ ਮਾਸ ਨੂੰ ਆਪਣਾ ਮਾਸ ਬਣਾ ਲੈਂਦਾ ਹੈ। ਉਪਨਿਸ਼ਦ ਉਸ ਦੀ ਖੁਰਾਕ ਹਨ, ਉਪਨਿਸ਼ਦ ਉਸ ਵਿਚੋਂ ਪ੍ਰਗਟ ਹੁੰਦੇ ਹਨ। ਭਾਰਤੀ ਗਲੀਆਂ ਦੀਆਂ ਅਸੰਖ ਸੁਰਾਂ ਉਸ ਵਿਚ ਸਮਾ ਜਾਂਦੀਆਂ ਹਨ ਤਾਂ ਸਾਰੇ ਸੰਸਾਰ ਲਈ ਅਜੀਬ ਸੰਗੀਤ ਦੀ ਸਿਰਜਣਾ ਹੁੰਦੀ ਹੈ। ਹਿੰਦੂ ਫਲਸਫ਼ੇ ਪਾਸ ਜੋ ਮੌਜੂਦ ਹੈ, ਟੈਗੋਰ ਉਸ ਦਾ ਸਭ ਤੋਂ ਯੋਗ ਤੇ ਸਭ ਤੋਂ ਮਿੱਠਾ ਵਿਆਖਿਆਕਾਰ ਹੈ। ਉਹ ਵਿਲੱਖਣ ਹੈ, ਅਜਿਹੇ ਮਨੁਖ ਨੂੰ ਤਿਆਰ ਕਰਨ ਵਾਸਤੇ ਕਈ ਸਦੀਆਂ ਦੀ ਮਿਹਨਤ ਚਾਹੀਦੀ ਹੁੰਦੀ ਹੈ। ਟੈਗੋਰ ਨਜ਼ਮਾਂ ਰਚਦਾ ਹੈ, ਵਿਵੇਕਾਨੰਦ ਕਵੀਆਂ ਨੂੰ ਜਨਮ ਦਿੰਦਾ ਹੈ।"

ਇਹ ਵਿਚਾਰ ਵਟਾਂਦਰਾ ਹੋ ਰਿਹਾ ਸੀ ਤਾਂ ਡਾ. ਭੀਮਇੰਦਰ ਸਿੰਘ ਨੇ ਕਿਹਾ, "ਮੈਨੂੰ ਲਗਦਾ ਹੈ ਜਿਵੇਂ ਸੁਜਾਨ ਸਿੰਘ ਉਪਰ ਟੈਗੋਰ ਦਾ ਅਸਰ ਹੋਵੇ, ਉਸ ਦੀ ਕਹਾਣੀ ਰਾਸਲੀਲਾ ਇਸ ਪ੍ਰਥਾਇ ਵਿਚਾਰਨੀ ਬਣਦੀ ਹੈ।"

ਸੁਜਾਨ ਸਿੰਘ ਦੇਰ ਤੱਕ ਕਲਕੱਤੇ ਰਿਹਾ, ਉਸ ਉਪਰ ਕਲਕੱਤੇ ਦਾ ਅਸਰ ਤਾਂ ਹੈ, ਟੈਗੋਰ ਦਾ ਅਸਰ ਨਹੀਂ। ਸੁਜਾਨ ਸਿੰਘ ਚੇਤੰਨ ਹੋ ਕੇ ਮਾਰਕਸਵਾਦ ਨੂੰ ਆਪਣੀ ਕਲਾ ਵਿਚ ਸ਼ਾਮਲ ਕਰਦਾ ਹੈ ਤੇ ਇਸ ਉਪਰ ਉਸ ਨੂੰ ਫਖਰ ਹੈ।

ਉਨ੍ਹਾਂ ਦਿਨਾਂ ਵਿਚ ਕਲਾ ਕਲਾ ਲਈ ਹੈ ਕਿ ਕਲਾ ਜੀਵਨ ਲਈ, ਨਾਅਰਾ ਬੜਾ ਪ੍ਰਚਲਿਤ ਸੀ। ਸੁਜਾਨ ਸਿੰਘ ਨੂੰ ਵਿਸ਼ਵਾਸ ਹੈ ਕਿ ਉਸ ਦੀ ਲਿਖਤ ਜੀਵਨ ਵਾਸਤੇ ਹੈ। ਪਰ ਟੈਗੋਰ ਦੀ ਲਿਖਤ ਕਿਸ ਵਾਸਤੇ ਹੈ? ਜਿਨ੍ਹਾਂ ਬੰਦਿਆਂ ਦੀ ਪ੍ਰਤੀਬੱਧਤਾ ਮਾਰਕਸਵਾਦ ਨਾਲ ਹੈ, ਉਨ੍ਹਾਂ ਵਾਸਤੇ ਰੱਬ, ਰੂਹਾਨੀਅਤ, ਮੁਕਤੀ ਆਦਿਕ ਲਫਜ਼ ਅਤੇ ਸੰਕਲਪ ਵਿਅਰਥ ਹਨ, ਸੋ ਉਨ੍ਹਾਂ ਲਈ ਇਹ 'ਕਲਾ ਕਲਾ ਲਈ ਹੈ' ਦੇ ਦਾਇਰੇ ਵਿਚ ਆਉਂਦੇ ਹਨ। ਅਣਚਾਹੀ ਵਿਚਾਰਧਾਰਾ ਨੂੰ ਮਨਚਾਹੇ ਹਥੌੜੇ ਦੀ ਸੱਟ ਲਾ ਕੇ ਰੱਦ ਕਰਨ ਦਾ ਇਹੋ ਤਰੀਕਾ ਬਚਦਾ ਹੈ।


ਕੁਝ ਹੋਰ ਪੰਜਾਬੀ ਲੇਖਕ ਬੰਗਾਲ ਵਿਚ ਵਸਦੇ ਰਸਦੇ ਰਹੇ ਹਨ, ਕਿਸੇ ਨੂੰ ਉਸ ਰੂਹਾਨੀ ਸੜਕ ਦਾ ਪਤਾ ਨਹੀਂ ਜਿਸ ਉਪਰ ਟੈਗੋਰ ਉਮਰ ਭਰ ਸੈਰਾਂ ਕਰਦਾ ਰਿਹਾ। ਉਹ ਅਮੀਰ, ਸਤਿਕਾਰਯੋਗ ਘਰ ਵਿਚ ਪੈਦਾ ਹੋਇਆ ਤੇ ਉਸ ਉਪਰ ਸਨਮਾਨਾਂ ਦੀ ਜੋ ਬਾਰਸ਼ ਹੋਈ ਉਹ ਚਕਾਚੌਂਧ ਕਰਨ ਵਾਲੀ ਹੈ ਪਰ ਉਹ ਰਬ ਅੱਗੇ ਅਰਦਾਸਾਂ ਕਰਦਾ ਹੈ ਕਿ ਦੁਨੀਆਂ ਦੇ ਇਸ ਤੰਗ ਘਰ ਵਿਚ ਮੁੜ ਕੇ ਨਾ ਭੇਜੀਂ, ਆਪਣੇ ਕਦਮਾਂ ਵਿਚ ਥਾਂ ਦੇਈਂ। ਇਉਂ ਲਗਦਾ ਹੈ ਜਿਵੇਂ ਸੰਸਾਰ ਦੇ ਸਾਰੇ ਰਹੱਸ ਉਸ ਅੱਗੇ ਇਕ ਇਕ ਕਰਕੇ ਖੁਲ੍ਹਦੇ ਜਾ ਰਹੇ ਹਨ ਪਰ ਉਹ ਆਪਣੀ ਰਚਨਾ ਵਿਚ ਆਖਦਾ ਹੈ ਕਿ ਮੈਨੂੰ ਕਿਸੇ ਗੈਬੀ ਅਨੁਭਵ ਦਾ ਕੋਈ ਪਤਾ ਨਹੀਂ। ਫਰਾਂਜ਼ ਕਾਫ਼ਕਾ ਮੌਤ ਦੇ ਬਿਸਤਰੇ ਤੇ ਪਿਆ ਪਰੀ ਕਹਾਣੀਆਂ ਪੜ੍ਹਨ ਲੱਗ ਪਿਆ। ਪਤਨੀ ਦੋਰਾ ਨੂੰ ਆਖਦਾ, ਮੈਨੂੰ ਬਾਈਬਲ ਦੀਆਂ ਸਾਖੀਆਂ ਸੁਣਾ। ਟੈਗੋਰ ਨੇ ਉਮਰ ਦੇ ਅਖੀਰਲੇ ਸਾਲਾਂ ਵਿਚ ਬਾਲ ਗੀਤ ਲਿਖੇ, ਬਾਲ ਗੀਤ ਜਿਹੜੇ ਲੋਰੀਆਂ ਬਣ ਗਏ। ਉਸ ਦਾ ਕਥਨ ਹੈ, "ਮਹਾਨ ਆਦਮੀ ਸਾਰੀ ਉਮਰ ਬੱਚਾ ਰਹਿੰਦਾ ਹੈ। ਜਦੋਂ ਵਿਦਾ ਹੁੰਦਾ ਹੈ ਤਾਂ ਦੁਨੀਆਂ ਨੂੰ ਵੱਡਾ ਸਾਰਾ ਬਚਪਨ ਦੇ ਜਾਂਦਾ ਹੈ।"

"ਗੋਤਾਖੋਰ ਮੋਤੀਆਂ ਦੀ ਤਲਾਸ਼ ਵਿਚ ਡੂੰਘੇ ਉਤਰ ਗਏ ਹਨ। ਸੁਦਾਗਰਾਂ ਨੇ ਆਪਣੇ ਜਹਾਜ਼ ਵਪਾਰ ਵਾਸਤੇ ਸਾਗਰ ਵਿਚ ਠੇਲ੍ਹ ਦਿਤੇ ਹਨ। ਪੱਤਣ ਉਪਰ ਨਿਕੇ ਬੱਚੇ ਕੰਕਰਾਂ ਨਾਲ ਖੇਡ ਰਹੇ ਹਨ। ਖੇਡ ਖੇਡ ਕੇ ਕੰਕਰ ਉਥੇ ਹੀ ਸੁੱਟ ਕੇ ਬੱਚੇ ਅਪਣੇ ਘਰਾਂ ਨੂੰ ਚਲੇ ਜਾਣਗੇ। ਸਾਗਰ ਕੰਢੇ ਬੱਚਿਆਂ ਦੀ ਖੇਡ ਕਾਇਮ ਰਹੇਗੀ।" ਜਦੋਂ ਮੈਂ ਟੈਗੋਰ ਦਾ ਇਹ ਕਥਨ ਪੜ੍ਹਿਆ ਤਾਂ ਮੈਨੂੰ ਗੁਰੂ ਗੋਬਿੰਦ ਸਿੰਘ ਯਾਦ ਆ ਗਏ।

ਗੁਰੂ ਗੋਬਿੰਦ ਸਿੰਘ ਨੇ ਪਟਨੇ ਦੇ ਪੱਤਣ ਉਪਰ ਖੇਡਦਿਆਂ ਇਕ ਇਕ ਕਰਕੇ ਦੋ ਕੰਗਣ ਦਰਿਆ ਵਿਚ ਸੁੱਟ ਦਿੱਤੇ ਸਨ। ਜਵਾਨ ਉਮਰੇ ਅਪਣੇ ਪਰਿਵਾਰ ਦੇ ਸਾਰੇ ਜੀਅ ਅਤੇ ਬਹੁਤ ਪਿਆਰੇ ਸਿੰਘ, ਕੰਕਰਾਂ ਵਾਂਗ ਤਿਆਗ ਕੇ ਉਹ ਅਪਣੇ ਘਰ ਪਰਤ ਗਏ ਸਨ, ਉਸ ਨਿਜ ਘਰ ਵਿਚ ਜਿਥੇ ਹਰੇਕ ਨੇ ਜਾਣਾ ਹੈ। ਗੁਰੂ ਦਸਮ ਪਾਤਸ਼ਾਹ ਦਾ ਸਾਰਾ ਜੀਵਨ ਬੱਚੇ ਦਾ ਜੀਵਨ ਸੀ। ਅੱਠਵੇਂ ਈਮਾਮ ਦੀ ਭੈਣ ਹਜ਼ਰਤ ਮਾਸੂਮਾ ਫਾਤਿਮਾ ਦੀਆਂ ਸਾਖੀਆਂ ਸੁਣਾ ਕੇ ਈਰਾਨ ਦੇ ਦਾਨਿਸ਼ਵਰਾਂ ਨੇ ਮੈਨੂੰ ਪੁੱਛਿਆ, ਕੀ ਤੁਹਾਡੇ ਪੈਗੰਬਰ ਵੀ ਮਾਸੂਮ ਸਨ? ਮੇਰੀਆਂ ਅੱਖਾਂ ਵਿਚਲੀ ਬੱਦਲਵਾਈ ਨੇ ਮੈਨੂੰ ਕਿਹਾ, ਕੋਈ ਉਤਰ ਨਹੀਂ ਦੇਣਾ।

ਟੈਗੋਰ ਦੀ ਲਿਖਤ ਸਵਾਲਾਂ-ਜਵਾਬਾਂ ਤੋਂ ਮੁਕਤ ਕਰਦੀ ਹੈ। ਉਸ ਨੇ ਸਾਹਿਤ ਦੀ ਹਰ ਵਿਧਾ, ਹਰੇਕ ਰੂਪ 'ਤੇ ਹੱਥ ਅਜ਼ਮਾਇਆ। ਸੰਗੀਤ ਦੀਆਂ ਨਵੀਨ ਸੁਰਾਂ ਈਜਾਦ ਕੀਤੀਆਂ ਤਾਂ ਟੈਗੋਰ ਦੀ ਮੌਲਿਕ ਸੰਗੀਤ ਪੱਧਤੀ ਕਾਇਮ ਹੋ ਗਈ ਜਿਸ ਨੂੰ ਰਬਿੰਦਰ ਸੰਗੀਤ ਕਿਹਾ ਗਿਆ। ਉਸ ਨੇ ਚਿਤਰਕਾਰੀ 'ਤੇ ਹੱਥ ਅਜ਼ਮਾਇਆ ਤਾਂ ਭਰਪੂਰ ਦਾਦ ਮਿਲੀ, ਪੈਰਿਸ ਵਿਚ ਉਸ ਦੇ ਚਿਤਰਾਂ ਦੀ ਨੁਮਾਇਸ਼ ਲੱਗੀ। ਨਾਟਕ ਕੇਵਲ ਲਿਖੇ ਨਹੀਂ, ਉਨ੍ਹਾਂ ਦਾ ਮੰਚਨ ਖੁਦ ਕੀਤਾ। ਨਾਟਕ ਦਾ ਲੇਖਕ, ਡਾਇਰੈਕਟਰ, ਸੰਗੀਤਕਾਰ, ਸਾਰਾ ਕੁਝ ਟੈਗੋਰ।

ਬਾਲਕ (ਗੁਰੂ) ਗੋਬਿੰਦ ਰਾਇ ਉਪਰ ਇਕ ਕਵਿਤਾ ਲਿਖੀ। ਇਹ ਪਟਨੇ ਦੀ ਸਾਖੀ ਉਪਰ ਆਧਾਰਤ ਹੈ। ਗੁਰੂ ਜੀ ਨਦੀ ਕਿਨਾਰੇ ਬੈਠੇ ਸਨ ਤਾਂ ਅਮੀਰ ਸਿੱਖ ਨੇ ਉਨ੍ਹਾਂ ਦੇ ਚਰਨਾਂ ਵਿਚ ਕੰਗਣਾਂ ਦੀ ਜੋੜੀ ਰੱਖ ਕੇ ਮੱਥਾ ਟੇਕਿਆ। ਗੁਰੂ ਜੀ ਨੇ ਇਕ ਕੰਗਣ ਚੁਕਿਆ ਤੇ ਆਪਣੀ ਉਂਗਲ ਵਿਚ ਘੁਮਾਉਣ ਲੱਗੇ। ਕੰਗਣ ਉਂਗਲ ਵਿਚੋਂ ਨਿਕਲ ਕੇ ਨਦੀ ਵਿਚ ਡਿਗ ਪਿਆ। ਸ਼ਰਧਾਲੂ ਨੇ ਨਦੀ ਵਿਚ ਛਾਲ ਮਾਰੀ ਤੇ ਕੰਗਣ ਲੱਭਣ ਲੱਗਾ, ਨਾ ਮਿਲਿਆ ਤਾਂ ਬਾਹਰ ਆ ਕੇ ਪੁਛਿਆ, ਜੀ ਤੁਹਾਨੂੰ ਪਤਾ ਹੈ ਕੰਗਣ ਕਿਥੇ ਡਿਗਿਆ, ਕ੍ਰਿਪਾ ਕਰਕੇ ਦੱਸੋ। ਗੁਰੂ ਜੀ ਨੇ ਦੂਜਾ ਕੰਗਣ ਨਦੀ ਵਿਚ ਸੁਟਦਿਆਂ ਕਿਹਾ, ਉਥੇ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਰਤੀ (ਗਗਨ ਮਹਿ ਥਾਲ) ਦਾ ਬੰਗਲਾ ਕਵਿਤਾ ਵਿਚ ਇਉਂ ਅਨੁਵਾਦ ਕੀਤਾ :

ਆਰਤੀ ਕਰੇ ਚੰਦਰ ਤਪਨ।
ਦੇਵ ਮਾਨਵ ਵੰਦੇ ਚਰਨ।
ਆਸੀਨ ਸੇ ਵਿਸ਼ਵ ਸਰਨ।
ਤਾਰ ਜਗਤ ਮੰਦਿਰੇ।
ਅਨਾਦੀ ਕਾਲ ਅਨੰਤ ਗਗਨ
ਸੇ ਅਸੀਮ ਮਹਿਮਾ ਮਗਨ
ਤੇ ਤਰੰਗ ਉਠੇ ਸਘਨ
ਆਨੰਦ ਨੰਦ ਨੰਦ ਰੇ।
ਸ਼ਸਤਰਧਾਰੀ

ਤੇਰੇ ਗਲ ਵਿਚ ਲਟਕਦਾ ਫੁਲਾਂ ਦਾ ਹਾਰ ਮੰਗ ਲਵਾਂਗਾ, ਮੈਂ ਸੋਚਿਆ, ਪਰ ਮੇਰਾ ਹੌਸਲਾ ਨਾ ਪਿਆ। ਇਸ ਆਸ ਨਾਲ ਬੈਠਾ ਰਿਹਾ ਸਾਰੀ ਰਾਤ ਕਿ ਜਦੋਂ ਜਾਏਂਗਾ ਤੇਰੀ ਸੇਜ ਉਪਰੋਂ ਇਕ ਦੋ ਫੁੱਲ ਮਿਲ ਜਾਣਗੇ। ਬਹੁਤ ਕੁਝ ਸੋਚਿਆ ਮੈਂ,
ਇਕ ਭਿਖਾਰੀ ਵਾਂਗ ਪਰ ਜਦੋਂ ਤਲਾਸ਼ ਕੀਤੀ ਤਾਂ ਮੁਰਝਾਈਆਂ ਪੰਖੜੀਆਂ ਬਿਨਾ ਕੁਝ ਨਾ ਮਿਲਿਆ।

ਇਹ ਮੈਂ ਕੀ ਦੇਖ ਰਿਹਾਂ ਪ੍ਰਭੂ? ਕਿਹੋ ਜਿਹੀ ਪ੍ਰੇਮ ਨਿਸ਼ਾਨੀ ਛੱਡ ਗਿਐਂ? ਨਾ ਟਹਿਕਦਾ ਫੁੱਲ ਨਾ ਫੁੱਲਦਾਨ। ਜਵਾਲਾਮੁਖੀ ਵਾਂਗ ਮਘਦੀ, ਇੰਦਰ ਧਨੁਖ ਵਰਗੀ ਭਾਰੀ ਇਹ ਤਾਂ ਤੇਰੀ ਭਿਆਨਕ ਕਿਰਪਾਨ ਹੈ। ਪ੍ਰਭਾਤ ਦੀ ਨਵੀਂ ਸੁੰਦਰਤਾ ਦੇ ਝਰੋਖੇ ਰਾਹੀਂ ਆਈ ਤੇ ਤੇਰੀ ਸੇਜ ਤੇ ਸੌਂ ਗਈ।

ਕਲੋਲ ਕਰਦੇ ਹੋਏ ਪ੍ਰਭਾਤ ਦੇ ਪੰਛੀ ਪੁਛਦੇ ਹਨ, ਕੀ ਮਿਲਿਆ ਤੈਨੂੰ? ਨਾ ਫੁੱਲ, ਨਾ ਫੁੱਲਦਾਨ, ਇਹ ਤਾਂ ਖੌਫਨਾਕ ਕਿਰਪਾਨ ਹੈ।

ਬੈਠ ਜਾਂਦਾ ਹਾਂ ਤੇ ਹੈਰਾਨ ਹੋਇਆ ਸੋਚਦਾ ਹਾਂ, ਕਿਸ ਤਰ੍ਹਾਂ ਦਾ ਪ੍ਰਸ਼ਾਦ ਭੇਜਿਆ ਤੂੰ ਮੇਰੇ ਲਈ? ਕੋਈ ਥਾਂ ਨਹੀਂ ਲਭਦੀ ਜਿਥੇ ਇਸ ਨੂੰ ਲੁਕੋ ਸਕਾਂ। ਨਿਰਬਲ ਹੋਣ ਕਰਕੇ ਪਹਿਨਣ ਤੋਂ ਸ਼ਰਮਾਉਂਦਾ ਹਾਂ। ਤੇਰੀ ਸੁਗਾਤ ਨੂੰ ਛਾਤੀ ਨਾਲ ਲਾਉਂਦਾ ਹਾਂ ਤਾਂ ਕਾਲਜੇ ਵਿਚ ਚੀਸ ਉਠਦੀ ਹੈ।

ਤਾਂ ਵੀ ਤੇਰੀ ਨਿਸ਼ਾਨੀ, ਤੇਰਾ ਇਹ ਮਾਣ ਮੈਂ ਆਪਣੇ ਦਿਲ ਵਿਚ ਸੰਭਾਲ ਕੇ ਰੱਖਾਂਗਾ। ਅੱਜ ਤੋਂ ਬਾਦ ਡਰ ਨਾਮ ਦੀ ਕੋਈ ਚੀਜ਼ ਨਹੀਂ ਰਹੇਗੀ ਮੇਰੇ ਨੇੜੇ-ਤੇੜੇ। ਸਾਰੇ ਜੀਵਨ ਸੰਗਰਾਮਾਂ ਵਿਚ ਜੈ ਜੈਕਾਰ ਹੋਵੇਗੀ ਤੇਰੀ। ਮੌਤ ਨੂੰ ਤੂੰ ਮੇਰੀ ਜੋਬਨਵੰਤੀ ਬਣਾ ਦਿਤਾ, ਆਪਣੇ ਜੀਵਨ ਦੇ ਤਾਜ ਨਾਲ ਇਸ ਸੱਜਨੀ ਨੂੰ ਸ਼ਿੰਗਾਰਾਂਗਾ। ਸਾਰੇ ਬੰਧਨ ਕੱਟਣ ਲਈ ਤੇਰੀ ਦਿਤੀ ਕਿਰਪਾਨ ਮੇਰੇ ਕੋਲ ਹੈ, ਸੰਸਾਰ ਦਾ ਕੋਈ ਭੁਲੇਖਾ ਮੈਨੂੰ ਡਰਾ ਨਹੀਂ ਸਕੇਗਾ।

ਸਾਰੇ ਹੋਛੇ ਤੇ ਤੁੱਛ ਸ਼ਿੰਗਾਰ ਛੱਡੇ ਹੁਣ। ਹੇ ਮੇਰੇ ਦਿਲ ਦੇ ਮਾਲਕ, ਇਕੱਲਾ ਬਹਿ ਕੇ ਨਾ ਰੋਵਾਂਗਾ ਨਾ ਉਡੀਕਾਂਗਾ। ਲਾਜ ਤੇ ਸੰਕੋਚ ਦਾ ਵੀ ਭੋਗ ਪੈ ਗਿਆ ਹੁਣ। ਆਪਣੀ ਸੁਹਣੀ ਕਿਰਪਾਨ ਤੂੰ ਮੈਨੂੰ ਸ਼ਿੰਗਾਰਨ ਲਈ ਦਿਤੀ ਹੈ। ਗੁੱਡੀਆਂ ਪਟੋਲਿਆਂ ਨਾਲ ਖੇਡਦਾ ਹੁਣ ਮੈਂ ਚੰਗਾ ਨਹੀਂ ਲਗਦਾ।

ਖੜਗ
ਚੂੜੀ ਕਿੰਨੀ ਸੁਹਣੀ ਹੈ, ਅਨੇਕ ਰੰਗਾਂ ਤੇ ਅਕਲਾਂ ਦੀ ਮੀਨਾਕਾਰੀ ਤਿਤਲੀ ਦੇ ਖੰਭਾਂ ਵਾਂਗ ਹੈ। ਪਰ ਤੇਰੀ ਬਿਜਲੀ ਦੀ ਲਿਸ਼ਕਾਰ ਵਰਗੀ ਦਮਕਦੀ ਖੜਗ, ਚੂੜੀ ਤੋਂ ਕਿਤੇ ਵਧੀਕ ਸੁਹਣੀ ਹੈ, ਗਰੁੜ ਦੇ ਫੈਲੇ ਹੋਏ ਖੰਭ ਵਰਗੀ ਤੇ ਸੂਰਜ ਦੀ ਲਾਲੀ ਨਾਲ ਰੰਗੀ ਸ਼ਿੰਗਾਰੀ ਹੋਈ।

ਕਾਲ ਦੇ ਆਖਰੀ ਪ੍ਰਵਾਹ ਨਾਲ ਉਪਜੀ ਤੀਬਰ ਵੇਦਨਾ ਦੇ ਘੇਰੇ ਵਿਚ ਜੀਵਨ ਦੇ ਛੇਕੜਲੇ ਸਵਾਸ ਵਾਂਗ ਕੰਬਦੀ ਕਿਰਪਾਨ ਉਸ ਆਤਮਾ ਦੀ ਜੋਤ ਵਾਂਗ ਲਰਜ਼ਦੀ ਹੈ ਜਿਸ ਨੇ ਆਪਣੀ ਅੱਗ ਦੀ ਭਿਆਨਕ ਲਾਟ ਨਾਲ ਪੱਥਰ ਹੋਏ ਅਹਿਸਾਸਾਂ ਨੂੰ ਸੁਆਹ ਦਾ ਢੇਰ ਬਣਾ ਦਿੱਤਾ।

ਤੇਰੀ ਚੂੜੀ ਕਿੰਨੀ ਸੁਹਣੀ ਹੈ, ਤਾਰਿਆਂ ਨਾਲ ਮੜ੍ਹੀ ਹੋਈ ਪਰ ਤੇਰੀ ਖੜਗ, ਹੇ ਤੀਰਾਂ ਵਾਲਿਆਂ, ਉਸ ਸੁੰਦਰਤਾ ਨਾਲ ਓਤਪੋਤ ਹੈ ਜਿਸ ਨੂੰ ਦੇਖ ਕੇ, ਜਿਸ ਬਾਰੇ ਸੋਚਕੇ ਡਰ ਆਏ।
ਵੇਦ ਵਿਆਸ ਤੋਂ 1500 ਸਾਲ ਬਾਦ ਕਾਲੀਦਾਸ ਪੈਦਾ ਹੋਇਆ ਤੇ ਕਾਲੀਦਾਸ ਤੋਂ 1500 ਸਾਲ ਬਾਦ ਟੈਗੋਰ। ਇਨ੍ਹਾਂ ਵਰਗਾ ਕੋਈ ਚੌਥਾ ਮਹਾਂਕਵੀ ਦੇਖਣ ਲਈ ਕੀ ਦੁਨੀਆਂ ਨੂੰ ਹੁਣ ਡੇਢ ਹਜ਼ਾਰ ਸਾਲ ਦਾ ਇੰਤਜ਼ਾਰ ਕਰਨਾ ਪਏਗਾ?

ਨੋਟ:  ਰਾਬਿੰਦਰਨਾਥ ਟੈਗੋਰ ਦੀ ਵਿਦਵਤਾ ਸਬੰਧੀ  ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Harnek Seechewal

Content Editor

Related News