ਦੇਸ਼ ਨੂੰ ਆਜ਼ਾਦ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਹਾਨ ਕ੍ਰਾਂਤੀਕਾਰੀ 'ਰਾਜਗੁਰੂ’

08/24/2022 12:01:54 PM

ਸ਼ਿਵਰਾਮ ਹਰਿ ਰਾਜਗੁਰੂ ਦਾ ਨਾਂ ਉਨ੍ਹਾਂ ਕ੍ਰਾਂਤੀਕਾਰੀਆਂ ’ਚ  ਮੁੱਖ ਤੌਰ ’ਤੇ ਸ਼ਾਮਲ ਹੈ, ਜਿਨ੍ਹਾਂ ਦਾ ਬਲੀਦਾਨ ਦੇਸ਼ ਨੂੰ ਆਜ਼ਾਦ ਕਰਵਾਉਣ ’ਚ ਅਹਿਮ ਰਿਹਾ ਹੈ। ਭਗਤ ਸਿੰਘ ਅਤੇ ਸੁਖਦੇਵ ਦੇ ਨਾਲ 23 ਮਾਰਚ, 1931 ਨੂੰ ਬਲੀਦਾਨ ਦੇਣ ਵਾਲੇ ਰਾਜਗੁਰੂ ਦਾ ਜਨਮ 24 ਅਗਸਤ, 1908 ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਖੇੜਾ ਪਿੰਡ (ਹੁਣ ਰਾਜਗੁਰੂ ਨਗਰ) ’ਚ ਪਿਤਾ ਹਰਿਨਾਰਾਇਣ ਰਾਜਗੁਰੂ ਅਤੇ ਮਾਤਾ ਪਾਰਵਤੀ ਦੇਵੀ ਦੇ ਘਰ ਹੋਇਆ। ਇਨ੍ਹਾਂ ਦੀ ਮਾਤਾ ਭਗਵਾਨ ਸ਼ਿਵ ਦੀ ਭਗਤ ਸੀ। ਇਸੇ ਕਾਰਨ ਇਨ੍ਹਾਂ ਨੂੰ ਭਗਵਾਨ ਸ਼ਿਵ ਦਾ ਪ੍ਰਸ਼ਾਦ ਮੰਨ ਕੇ ਨਾਂ ਸ਼ਿਵਰਾਮ ਰੱਖਿਆ।

ਰਾਜਗੁਰੂ 6 ਸਾਲਾਂ ਦੇ ਹੀ ਸਨ, ਉਦੋਂ ਪਿਤਾ ਦੀ ਮੌਤ ਹੋ ਗਈ ਅਤੇ ਘਰ ਦੀਆਂ ਜ਼ਿੰਮੇਦਾਰੀਆਂ ਵੱਡੇ ਭਰਾ ਦਿਨਕਰ ’ਤੇ ਆ ਗਈਆਂ। ਰਾਜਗੁਰੂ ਬਚਪਨ ਤੋਂ ਹੀ ਨਿਡਰ, ਸਾਹਸੀ ਅਤੇ ਨਟਖਟ ਸਨ। ਇਨ੍ਹਾਂ ’ਚ ਦੇਸ਼ਭਗਤੀ ਜਨਮ ਤੋਂ ਹੀ ਕੁੱਟ-ਕੁੱਟ ਕੇ ਭਰੀ ਸੀ। ਉਹ ਵੀਰ ਸ਼ਿਵਾਜੀ ਅਤੇ ਬਾਲ ਗੰਗਾਧਰ ਤਿਲਕ ਤੋਂ ਬਹੁਤ ਪ੍ਰਭਾਵਿਤ ਸਨ। ਛੋਟੀ ਉਮਰ ’ਚ ਉਹ ਵਾਰਾਣਸੀ ਪੜ੍ਹਾਈ ਕਰਨ ਅਤੇ ਸੰਸਕ੍ਰਿਤ ਸਿੱਖਣ ਗਏ। ਇਨ੍ਹਾਂ ਨੇ ਹਿੰਦੂ ਧਰਮ ਗ੍ਰੰਥਾਂ ਅਤੇ ਵੇਦਾਂ ਦਾ ਅਧਿਐਨ ਤਾਂ ਕੀਤਾ ਹੀ, ਲਘੂ ਸਿਧਾਂਤ ਕੌਮੁਦੀ ਵਰਗੇ ਕਲਿਸ਼ਟ ਗ੍ਰੰਥ ਬਹੁਤ ਘੱਟ ਉਮਰ ’ਚ ਯਾਦ ਕਰ ਲਏ। ਰਾਜਗੁਰੂ ਨੂੰ ਕਸਰਤ ਦਾ ਬੇਹੱਦ ਸ਼ੌਕ ਸੀ ਅਤੇ ਛਤਰਪਤੀ ਸ਼ਿਵਾਜੀ ਦੀ ਛਾਪਾਮਾਰ ਯੁੱਧ ਕੌਸ਼ਲ ਦੇ ਵੱਡੇ ਪ੍ਰਸ਼ੰਸਕ ਸਨ। ਉੱਚ ਸਿੱਖਿਆ ਗ੍ਰਹਿਣ ਕਰਨ ਲਈ ਉਹ ਪੁਣੇ ਦੇ ਨਿਊ ਇੰਗਲਿਸ਼ ਹਾਈ ਸਕੂਲ ’ਚ ਦਾਖਲ ਹੋਏ।

ਵਾਰਾਣਸੀ ’ਚ ਪੜ੍ਹਾਈ ਕਰਦੇ ਹੋਏ ਰਾਜਗੁਰੂ ਦਾ ਸੰਪਰਕ ਅਨੇਕ ਕ੍ਰਾਂਤੀਕਾਰੀਆਂ ਨਾਲ ਹੋਇਆ। ਚੰਦਰਸ਼ੇਖਰ ਆਜ਼ਾਦ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਦੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਨਾਲ ਜੁੜ ਗਏ। ਪਾਰਟੀ ’ਚ ਇਨ੍ਹਾਂ ਨੂੰ ਰਘੁਨਾਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਚੰਦਰਸ਼ੇਖਰ ਆਜ਼ਾਦ, ਸਰਦਾਰ ਭਗਤ ਸਿੰਘ ਅਤੇ ਯਤਿੰਦਰਨਾਥ ਦਾਸ ਆਦਿ ਕ੍ਰਾਂਤਿਕਾਰੀ ਇਨ੍ਹਾਂ ਦੇ ਪੱਕੇ ਦੋਸਤ ਸਨ। ਚੰਦਰਸ਼ੇਖਰ ਆਜ਼ਾਦ ਦੇ ਨਾਲ ਇਨ੍ਹਾਂ ਨੇ ਨਿਸ਼ਾਨੇਬਾਜ਼ੀ ਦੀ ਟ੍ਰੇਨਿੰਗ ਲਈ ਅਤੇ ਬਹੁਤ ਜਲਦ ਉਹ ਇਕ ਕੁਸ਼ਲ ਨਿਸ਼ਾਨੇਬਾਜ਼ ਬਣ ਚੁੱਕੇ ਸਨ। 1925 ’ਚ ਕਾਕੋਰੀ ਕਾਂਡ ਦੇ ਬਾਅਦ ਕ੍ਰਾਂਤੀਕਾਰੀ ਸੰਘ ਲਗਭਗ ਖ਼ਤਮ-ਜਿਹਾ ਹੋ ਗਿਆ ਇਸ ਲਈ ਨੇਤਾ ਪਾਰਟੀ ਨੂੰ ਦੁਬਾਰਾ ਖੜ੍ਹਾ ਕਰਨ ਦੇ ਲਈ ਨਵੇਂ-ਨਵੇਂ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਹੇ ਸਨ। ਇਸੇ ਸਮੇਂ ਇਨ੍ਹਾਂ ਦੀ ਮੁਲਾਕਾਤ ਮੁਨਿਸ਼ਰ ਅਵਸਥੀ ਨਾਲ ਹੋਈ ਅਤੇ ਉਨ੍ਹਾਂ ਦੀ ਮਦਦ ਨਾਲ ਰਾਜਗੁਰੂ ਇਸ ਸੰਘ ਨਾਲ ਜੁੜ ਗਏ।

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ
ਬ੍ਰਿਟਿਸ਼ ਸਰਕਾਰ ਕਿਸੇ ਵੀ ਤਰ੍ਹਾਂ ਨਾਲ ਭਾਰਤੀਆਂ ’ਤੇ ਆਪਣਾ ਰਾਜ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਖਣਾ ਚਾਹੁੰਦੀ ਸੀ, ਇਸ ਲਈ ਇਕ ਨਵੇਂ ਕਮਿਸ਼ਨ ਦਾ ਗਠਨ ਕੀਤਾ, ਜਿਸ ਦਾ ਨਾਂ ਸਾਈਮਨ ਕਮਿਸ਼ਨ ਸੀ। ਇਸ ’ਚ ਸਾਰੇ ਅੰਗਰੇਜ਼ ਮੈਂਬਰ ਸਨ, ਜਦਕਿ ਕੋਈ ਵੀ ਭਾਰਤੀ ਇਸ ਦਾ ਮੈਂਬਰ ਨਹੀਂ ਸੀ। ਇਸੇ ਕਾਰਨ ਪੂਰੇ ਦੇਸ਼ ’ਚ ਇਸ ਆਯੋਗ ਦਾ ਵਿਰੋਧ ਹੋਇਆ। 30 ਅਕਤੂਬਰ, 1928 ਨੂੰ ਲਾਹੌਰ ’ਚ ਲਾਲਾ ਲਾਜਪਤ ਰਾਏ ਜੀ ਦੀ ਲੀਡਰਸ਼ਿਪ ’ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਅਫ਼ਸਰ ਸਕਾਟ ਨੇ ਭੀੜ ’ਤੇ ਲਾਠੀਚਾਰਜ ਦਾ ਹੁਕਮ ਦੇ ਦਿੱਤਾ। ਇਸ ’ਚ ਲਾਲਾ ਲਾਜਪਤ ਰਾਏ ਨੂੰ ਗੰਭੀਰ ਸੱਟਾਂ ਵੱਜੀਆਂ ਅਤੇ ਕੁਝ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਸ ਨਾਲ ਲੋਕਾਂ ’ਚ ਬ੍ਰਿਟਿਸ਼ ਸਰਕਾਰ ਪ੍ਰਤੀ ਰੋਸ ਵਧ ਗਿਆ।

ਰਾਜਗੁਰੂ, ਭਗਤ ਸਿੰਘ ਅਤੇ ਸੁਖਦੇਵ ਵੀ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਉਸ ਪੁਲਸ ਅਧਿਕਾਰੀ ਨੂੰ ਮਾਰਨ ਦਾ ਪਲਾਨ ਬਣਾਇਆ। ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੰਦਰਸ਼ੇਖਰ ਆਜ਼ਾਦ ਯੋਜਨਾ ਦੇ ਹਿਸਾਬ ਨਾਲ 17 ਦਸੰਬਰ, 1928 ਨੂੰ ਸ਼ਾਮ 7 ਵਜੇ ਜੈਗੋਪਾਲ ਚੌਂਕੀ ਦੇ ਸਾਹਮਣੇ ਪੁੱਜ ਗਏ ਅਤੇ ਬਾਕੀ ਦੇ ਲੋਕ ਵੀ ਆਪਣੀ-ਆਪਣੀ ਥਾਂ ਪਹੁੰਚ ਚੁਕੇ ਸਨ। ਹਾਲਾਂਕਿ, ਪਛਾਣ ਦੀ ਗਲਤੀ ਨਾਲ ਸਕਾਟ ਦੀ ਥਾਂ ’ਤੇ ਪੁਲਸ ਅਫ਼ਸਰ ਸਾਂਡਰਸ ’ਤੇ ਰਾਜਗੁਰੂ ਨੇ ਗੋਲੀ ਚਲਾ ਦਿੱਤੀ ਅਤੇ ਉਹ ਮਾਰਿਆ ਗਿਆ। ਉਸ ਦੀ ਹੱਤਿਆ ਨਾਲ ਗੋਰੀ ਸਰਕਾਰ ਦੀ ਨੀਂਦ ਹਰਾਮ ਹੋ ਗਈ। ਕ੍ਰਾਂਤੀਕਾਰੀਆਂ ਨੇ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦੇ ਕੇ ਥਾਂ-ਥਾਂ ’ਤੇ ਪਰਚੇ ਚਿਪਕਾ ਦਿੱਤੇ ਜਿਨ੍ਹਾਂ ’ਚ ਲਿਖਿਆ ਸੀ, ‘ਸਾਂਡਰਸ ਨੂੰ ਮਾਰ ਕੇ ਅਸੀਂ ਆਪਣੇ ਰਾਸ਼ਟਰੀ ਨੇਤਾ ਦੇ ਅਪਮਾਨ ਅਤੇ ਹੱਤਿਆ ਦਾ ਬਦਲਾ ਲਿਆ ਹੈ।’’

ਪੁਲਸ ਉਨ੍ਹਾਂ ਦੀ ਤਲਾਸ਼ ’ਚ ਛਾਪੇਮਾਰੀ ਕਰ ਰਹੀ ਸੀ ਪਰ ਉਦੋਂ ਤੱਕ ਸਾਰੇ ਲੋਕ ਉਥੋਂ ਨਿਕਲ ਚੁੱਕੇ ਸਨ। ਦੁਰਗਾ ਭਾਬੀ (ਭਗਵਤੀ ਚਰਣ ਬੋਹਰਾ ਦੀ ਪਤਨੀ) ਆਪਣੇ ਬੱਚੇ ਨੂੰ ਨਾਲ ਲਈ ਇਕ ਮੇਮ ਦੇ ਰੂਪ ’ਚ ਲਾਹੌਰ ਦੇ ਸਟੇਸ਼ਨ ਤੋਂ ਸਾਹਿਬ ਦੇ ਰੂਪ ’ਚ ਭਗਤ ਸਿੰਘ ਅਤੇ ਨੌਕਰ ਰਾਜਗੁਰੂ ਨਾਲ ਟ੍ਰੇਨ ’ਚ ਬੈਠ ਕੇ ਕਲਕੱਤੇ ਲਈ ਰਵਾਨਾ ਹੋ ਗਏ। ਰਾਜਗੁਰੂ ਲਖਨਊ ਸਟੇਸ਼ਨ ’ਤੇ ਉਤਰ ਗਏ ਅਤੇ ਉਥੋਂ ਦੀ ਨਾਗਪੁਰ ਆ ਗਏ। 

30 ਸਤੰਬਰ, 1929 ਨੂੰ ਪੂਨਾ ਜਾਂਦੇ ਸਮੇਂ ਇਕ ਜਾਸੂਸ ਦੁਆਰਾ ਪੁਲਸ ਨੂੰ ਸੂਚਨਾ ਦੇਣ ’ਤੇ ਰਾਜਗੁਰੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ’ਚ ਭਗਤ ਸਿੰਘ ਅਤੇ ਸੁਖਦੇਵ ਵੀ ਫੜੇ ਗਏ। ਬ੍ਰਿਟਿਸ਼ ਸੈਨਿਕਾਂ ਦੁਆਰਾ ਗ੍ਰਿਫ਼ਤਾਰ ਕਰ ਲਏ ਜਾਣ ਦੇ ਬਾਅਦ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਜੇਲ੍ਹ ਦੇ ਹਾਲਾਤ ਬਹੁਤ ਬੁਰੇ ਸਨ, ਜਿਸ ਦੇ ਵਿਰੋਧ ’ਚ ਜੇਲ੍ਹ ’ਚ ਇਨ੍ਹਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਇਸ ਕਦਮ ਨਾਲ ਭਾਰਤ ਦੀ ਜਨਤਾ ਇਨ੍ਹਾਂ ਦੇ ਨਾਲ ਆ ਗਈ ਅਤੇ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਹੋਣ ਲੱਗੇ, ਜਿਸ ਨਾਲ ਬ੍ਰਿਟਿਸ਼ ਅਧਿਕਾਰੀ ਘਬਰਾ ਗਏ ਅਤੇ ਜਬਰਦਸਤੀ ਇਨ੍ਹਾਂ ਦਾ ਮਰਨ ਵਰਤ ਤੁੜਵਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਮਜ਼ਬੂਰਨ ਬ੍ਰਿਟਿਸ਼ ਅਧਿਕਾਰੀਆਂ ਨੂੰ ਰਾਜਗੁਰੂ ਅਤੇ ਉਨ੍ਹਾਂ ਦੇ ਸਾਥੀਆਂ ਦੀ ਹਰ ਗੱਲ ਮੰਨਣੀ ਪਈ।

ਪੁਲਸ ਨੇ ਇਨ੍ਹਾਂ ਤਿੰਨਾਂ ’ਤੇ ਲਾਹੌਰ ਸਾਜ਼ਿਸ਼ ਦੇ ਤਹਿਤ ਕੇਸ ਚਲਾਇਆ ਅਤੇ 7 ਅਕਤੂਬਰ, 1930 ਨੂੰ ਰਾਜਗੁਰੂ ਨੂੰ ਸਾਂਡਰਸ ਦੀ ਹੱਤਿਆ ਦੇ ਜ਼ੁਰਮ ’ਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਤਿੰਨਾਂ ਕ੍ਰਾਂਤੀਕਾਰੀਆਂ ਨੂੰ 24 ਮਾਰਚ, 1931 ਨੂੰ ਫਾਂਸੀ ਹੋਣੀ ਸੀ, ਜਿਸ ਦਾ ਪੂਰੇ ਦੇਸ਼ ’ਚ ਵਿਰੋਧ ਪ੍ਰਦਰਸ਼ਨ ਹੋਣ ਲੱਗੇ। ਇਸ ਨਾਲ ਬ੍ਰਿਟਿਸ਼ ਸਰਕਾਰ ਘਬਰਾ ਗਈ ਅਤੇ ਬ੍ਰਿਟਿਸ਼ ਸਰਕਾਰ ਨੇ ਸਮੇਂ ਤੋਂ ਇਕ ਦਿਨ ਪਹਿਲਾ ਹੀ 23 ਮਾਰਚ, 1931 ਨੂੰ ਭਗਤ ਸਿੰਘ ਅਤੇ ਸੁਖਦੇਵ ਸਮੇਤ ਰਾਜਗੁਰੂ ਨੂੰ ਲਾਹੌਰ ਦੀ ਜੇਲ੍ਹ ’ਚ ਫਾਂਸੀ ਦੇ ਦਿੱਤੀ ਅਤੇ ਭਾਰਤ ਮਾਂ ਦੇ ਇਹ ਸਪੂਤ ਹਮੇਸ਼ਾ ਦੇ ਲਈ ਅਮਰ ਹੋ ਗਏ।
 
ਸੁਰੇਸ਼ ਕੁਮਾਰ ਗੋਇਲ, ਬਟਾਲਾ।   


rajwinder kaur

Content Editor

Related News