ਵੱਡੇ ਮਹਾਰਾਜ ਦੀ ਜੈ
Saturday, Oct 28, 2017 - 11:21 AM (IST)
ਧਰਮਰਾਜ ਦਾ ਦਰਬਾਰ ਲੱਗਾ ਹੋਇਆ ਹੈ। ਧਰਮਰਾਜ ਦੁਨੀਆਂ ਦੇ ਬੰਦਿਆਂ ਦਾ ਲੇਖਾ ਜੋਖਾ ਦੇਖ ਰਹੇ ਹਨ।
ਧਰਮਰਾਜ (ਮਨ 'ਚ ਸੋਚਦੇ ਹੋਏ): - ਸਵਰਗ 'ਚ ਬੈਠੇ ਕਿਸ ਬੰਦੇ ਨੂੰ ਮਾਨਸ ਜਾਮਾ ਦਿੱਤਾ ਜਾਵੇ? ਕਿਸ ਦੀ ਦੁਪਹਿਰ ਦੀ ਰੋਟੀ ਦਾ ਟਾਇਮ ਹੋ ਗਿਆ ਹੈ?
ਵਹੀ ਖ਼ਾਤਾ ਫੋਲਦੇ-ਫੋਲਦੇ ਉਹਨੂੰ ਇਕ ਪ੍ਰੋਫਾਈਲ ਮਿਲਦੀ ਹੈ। ਇਹ ਉਸ ਸਖ਼ਸ ਦੀ ਪ੍ਰੋਫਾਈਲ ਹੈ। ਜਿਹੜਾ ਕਿ ਦੁਨੀਆਂ 'ਤੇ ਬਾਕੀ ਲੋਕਾਂ ਦੀ ਤਰਾਂ ਆਇਆ ਹੁੰਦਾ ਹੈ ਤੇ ਮਾੜਾ-ਮੋਟਾ ਕਾਰੋਬਾਰ ਸ਼ੁਰੂ ਕਰ ਲੈਂਦਾ ਹੈ। ਚਤੁਰ ਚਾਲਾਕੀ ਨਾਲ ਉਸਦਾ ਕੰਮ ਥੋੜਾ ਚੰਗਾ ਹੋ ਜਾਂਦਾ ਹੈ। ਜਾਂ ਇਝ ਕਹਿ ਲਓ ਕਿ ਕੁਦਰਤ ਮਿਹਰਬਾਨ ਹੋ ਜਾਂਦੀ ਹੈ। ਘਰ ਵਿੱਚ ਕੋਈ ਚੰਗੇ ਅਹੁਦੇ 'ਤੇ ਲੱਗ ਜਾਂਦਾ ਹੈ। ਕਿਸੇ ਆਪੇ ਬਣੇ ਭਗਵਾਨ ਨਾਲ ਗਠਜੋੜ ਹੋ ਜਾਂਦਾ ਹੈ। ਚੰਗੀਆਂ ਬਿਲਡਿੰਗਾਂ ਬਣ ਜਾਂਦੀਆਂ ਹਨ। ਜਦ ਲੋਕ ਉਸ ਦੇ ਕੋਲ ਚੱਲ ਕੇ ਆਉਂਣਾ ਸ਼ੁਰੂ ਹੋ ਜਾਂਦੇ ਹਨ ਤਾਂ ਉਹ ਸਖ਼ਸ਼ ਆਪਣੇ ਆਪ ਨੂੰ ਭਗਵਾਨ ਦਾ ਰੁਤਬਾ ਦੇਣਾ ਸ਼ੁਰੂ ਕਰ ਦਿੰਦਾ ਹੈ। ਆਏ ਹੋਏ ਆਪਣੇ ਵਰਗਿਆਂ ਨਾਲ ਬੋਲਣ ਦਾ ਸਲੀਕਾ ਵੀ ਗਵਾ ਬੈਠਦਾ ਹੈ। ਇੱਥੇ ਤੱਕ ਕਿ ਕੁਝ ਸਮੇਂ ਲਈ ਮਿਲੀ ਹੋਈ ਕੁਰਸੀ ਦਾ ਮਾਲਕ ਬਣ ਕੇ ਆਏ ਗਏ ਨੂੰ ਵੱਢ ਖਾਊਂ ਜ਼ਾਨਵਰ ਵਾਂਗ ਟੁੱਟ ਕੇ ਪੈਣਾ ਸ਼ੁਰੂ ਕਰ ਦਿੰਦਾ ਹੈ। ਮਨ ਵਿੱਚ ਸੋਚਦਾ ਹੈ ਮੇਰੀ ਜੈ ਜੈਕਾਰ ਕਰੋ। ਮੈਂ ਦੁਨੀਆਂ ਦਾ ਭਗਵਾਨ ਹਾਂ। ਪ੍ਰੋਫਾਈਲ ਦਾ ਸਾਰਾ ਲੇਖਾ ਜੋਖਾ ਦੇਖ ਕੇ ਧਰਮਰਾਜ ਵੀ ਬੇਚਾਰਾ ਚੱਕਰਾਂ 'ਚ ਪੈ ਜਾਂਦਾ ਹੈ।
ਧਰਮਰਾਜ ਸਸੋਪੰਜ ਵਿੱਚ ਪਿਆ ਹੋਇਆ ਹੈ। ਉਸ ਬੰਦੇ ਦਾ ਅੰਤਮ ਸਮਾਂ ਨਜ਼ਦੀਕ ਆਇਆ ਹੋਇਆ ਹੈ।
ਚਿੱਤਰ-ਗੁਪਤ ਨਾਲ ਸਲਾਹ ਮਸ਼ਬਰਾ ਕੀਤਾ ਜਾਂਦਾ ਹੈ।
''ਚਿੱਤਰ-ਗੁਪਤ! ਜੀ ਆਹ ਬੰਦੇ ਦਾ ਕੀ ਕੀਤਾ ਜਾਵੇ। ਇਸ ਨੂੰ ਧਰਤੀ 'ਤੇ ਚੰਗੇ ਕਰਮ ਕਰਨ ਲਈ ਭੇਜਿਆ ਸੀ। ਲੇਕਿਨ ਇਹ ਫੂ-ਫਾਂਅ 'ਚ ਪੈ ਗਿਆ ਹੈ। ਇਹ ਨੂੰ ਲੈ ਕੇ ਆਉਂਣਾ ਹੈ।''
ਸਾਰੇ ਸੋਚੀਂ ਪਏ ਹੋਏ ਹਨ। ਇਸ ਭੜੂਏ ਨੂੰ ਏਥੇ ਲੈ ਕੇ ਆਉਂਣਾ ਹੈ? ਇੱਕ ਦੋ ਜਮਾਂ ਨੂੰ ਜਦ ਇਸ ਬਾਬਤ ਕਿਹਾ ਜਾਂਦਾ ਹੈ। ਚਰਚਾ ਦਾ ਵਿਸ਼ਾ ਅੱਗੇ ਚੱਲਦਾ ਹੈ।
ਪਹਿਲਾ ਜਮ- 'ਘੁੱਦਿਆ! ਬਈ ਫ਼ਲਾਣੇ ਭਿੱਖਿਆ ਮÎੰਤਰੀ ਘੋਚੂ ਮੱਲ ਦੇ ਨਾਲ ਇਸ ਸਖ਼ਸ ਦਾ ਰੋਟੀ-ਪਾਣੀ ਸਾਂਝਾ ਈ।''
ਦੂਜਾ ਜਮ-''ਅੱਛਾ! ਮੈਂ ਸੁਣਿਆਂ! ਫ਼ਲਾਣਾ ਪੁਲਿਸ ਦਾ ਵੱਡਾ ਅਪਸਰ ਵੀ ਤਾਂ ਇਹਦੇ ਨਾਲ ਈ ਆ।
ਪਹਿਲਾ ਜਮ- 'ਆਹੋ ਜੀ! ਪੁਲਿਸ ਦਾ ਡਰ ਦਿਖਾ ਕੇ ਇਹ ਸਖ਼ਸ ਭਾਂਡੇ 'ਚ ਵੜ ਜਾਂਦਾ ਹੋਣੈ?''
ਦੂਜਾ ਜਮ- ''ਓ ਭਾਇਆ! ਬਈ ਪੁਲਿਸ ਵਾਲਾ ਵੀ ਤਾਂ ਬਾਕੀ ਸਭ ਕੁਝ ਹੋਣ ਨਾਲੋਂ ਪਹਿਲਾਂ ਇਨਸਾਨ ਏ।''
ਇੱਕ ਹੋਰ ਜਮ ਜਿਹੜਾ ਉਹਨਾਂ ਦੇ ਨੇੜੇ ਹੀ ਹੁੰਦਾ ਹੈ ਉਹ ਵਿੱਚੋਂ ਹੀ ਬੋਲ ਪੈਂਦਾ ਹੈ-
''ਨਹੀਂ ਓ ਭਰਾਵਾ! ਪੁਲਿਸ ਵਾਲਾ ਇਨਸਾਨ ਥੋੜਾ ਨਾ ਹੁੰਦੈ, ਉਹ ਤਾਂ ਦੇਵਤਾ ਹੁੰਦੈ ਦੇਵਤਾ। ਤਾਹੀਂ ਤਾਂ ਰਸਤੇ 'ਤੇ ਤੁਰਿਆਂ ਮਾਤੜ• ਰਾਹੀ ਵੀ ਬਿਨਾਂ ਕਿਸੇ ਗ਼ਲਤੀ ਦੇ ਇਹਨੂੰ ਮਾਈ-ਬਾਪ ਕਹਿ ਕੇ ਸਲਾਮ ਠੋਕ ਜਾਂਦੈ।''
ਪਹਿਲਾ ਜਮ- ''ਚਲੋ ਚਲੋ ਰੁਲਦਿਆ? ਹੁਣ ਬਹੁਤਾ ਟਾਇਮ ਬਰਬਾਦ ਨਾ ਕਰੀਏ ਤੇ ਇਸ ਬੰਦੇ ਦੀ ਦੁਪਹਿਰ ਦੀ ਰੋਟੀ ਦਾ ਟਾਇਮ ਹੋ ਚੱਲਿਆ! ਸੱਦਾ ਦੇ ਆਈਏ। ਹਾਂ ਸੱਚ ਯਾਦ ਆਇਆ ਇਸ ਬੇਚਾਰੇ ਨੇ ਆਪਣੀ ਗੱਡੀ ਵਗੈਰਾ ਵੀ ਤਿਆਰ ਕਰਨੀ ਏ। ਨਾਲੇ ਡਰਾਇਵਰ ਆਦਿ ਨੂੰ ਵੀ ਤਿਆਰ ਕਰਨਾ। ਬਾਕੀ ਬੁੜ•ੀਆਂ ਨ•ਾਉਣ ਨੂੰ ਵੀ ਦੇਰ ਲਾ ਦਿੰਦੀਆਂ ਨੇ। ਤੇ ਨਾਲੇ ..'
ਦੂਜਾ ਜਮ- ''ਵਾਹ ਓਏ ਗੇਂਦਿਆ! ਰਿਹਾ ਤੂੰ ਵੀ ਝੱਲੇ ਦਾ ਝੱਲਾ। ਆਪਾ ਪੈਟਰੋਲ ਥੋੜ•ਾ ਫੂਕਣ ਦੇਣੈ 'ਵੱਡੇ ਮਹਾਰਾਜ' ਦਾ? ਬਾਕੀ ਤੈਨੂੰ ਪਤਾ ਨਹੀਂ ਕਿ ਮੋਦੀ ਸਰਦਾਰ ਨੇ ਜੀ. ਐਸ. ਟੀ ਲਗਾ ਦਿੱਤਾ ਏ ਪੈਟਰੋਲ ਤਾਂ ਵੈਸੇ ਈ ਮਹਿੰਗਾ ਹੋਇਆ ਪਿਐ? ਅੱਗ ਲੱਗੀ ਪਈ ਐ ਪੈਟਰੋਲ ਨੂੰ ਵੀ। ਨਾਲੇ ਵੱਡੇ ਮਹਾਰਾਜ ਦਾ ਆਪਾਂ ਖਰਚਾ ਥੋੜ•ਾ ਨਾ ਹੋਣ ਦੇਣਾ। ਆਪਾਂ ਉੱਡਣ ਖਟੋਲੇ 'ਚ ਬਿਠਾ ਕੇ ਸਿੱਧਾ ਏਥੇ ਲੈ ਆਉਣਾ।''
ਤੀਜਾ ਜਮ (ਡਰਦਾ ਹੋਇਆ) - ''ਯਾਰ ਰੁਲਦੂਆ? ਮੈਂ ਸੁਣਿਆਂ ਜਿਸ ਸਖ਼ਸ ਨੂੰ ਆਪਾ ਦੁਪਹਿਰ ਦੀ ਰੋਟੀ ਖੁਆਉਣ ਚੱਲੇ ਆਂ! ਉਸ ਨੂੰ ਬੁਲਾਉਣ 'ਤੇ ਵੀ ਤਾਂ ਇਸ ਤਰ•ਾਂ ਟੁੱਟ ਕੇ ਪੈਂਦੈ ਜਿਸ ਤਰ•ਾਂ ਤਾਜ਼ੀ ਸੂਈ ਹੋਈ ਕੁੱਤੀ ਸੋਚਦੀ ਹੋਵੇ ਕਿ ਕਿਤੇ ਮੇਰੇ ਬੱਚੇ ਈ ਚੁੱਕਣ ਆਏ ਹੋਣ। ਬਾਕੀ ਇਸ ਸਖ਼ਸ ਦੇ ਪਹਿਰੇਦਾਰ ਵੀ ਤਾਂ ਦੇਖਦੇ ਹੋਣਗੇ। ਜਦੋਂ ਆਪਾਂ ਇਹਨੂੰ ਲੈਣ ਗਏ ਤਾਂ।''
ਇੱਕ ਜਮ ਬੁੱਲ•ਾਂ 'ਤੇ ਜਰਦਾ ਜਿਹਾ ਰੱਖਦਾ ਹੋਇਆ ਕਹਿੰਦਾ ਹੈ-
''ਓ ਨਿਹਾਲਿਆ! ਬਈ ਫ਼ਿਕਰ ਕਾਹਤੋਂ ਕਰਦੈਂ? ਮੈਂ ਵੀ ਤਾਂ ਤੇਰੇ ਨਾਲ ਈ ਆਂ।''
ਉਹਦਾ ਜੋਸ਼ ਦੇਖ ਕੇ ਦੂਸਰੇ ਜਮਾਂ ਵਿੱਚ ਵੀ ਜਾਨ ਆ ਜਾਂਦੀ ਹੈ।
ਉਸ ਸਖ਼ਸ ਨੂੰ ਲੈਣ ਲਈ ਅਕਾਸ਼ ਵੱਲੋਂ ਧਰਤੀ ਵੱਲ ਨੂੰ ਚੱਲ ਪੈਂਦੇ ਹਨ। ਉਡਣ ਖਟੋਲਾ ਉਸ ਸਖ਼ਸ ਦੇ ਕੋਠੇ 'ਤੇ ਉਤਾਰ ਲੈਂਦੇ ਹਨ ਤੇ ਉਸ ਸਖ਼ਸ ਦੀ ਜ਼ਾਨ ਲੈਣ ਲਈ ਉਸ ਦੇ ਕੋਲ ਚਲੇ ਜਾਂਦੇ ਹਨ। ਉਹ ਸਖ਼ਸ ਡਿੱਸ ਟੀ. ਵੀ. ਆਨ ਕਰ ਕੇ ਬੈਠਾ ਹੁੰਦਾ ਹੈ। ਟੀ. ਵੀ. ਦੇ ਇੱਕ ਚੈਨਲ 'ਤੇ ਅਮਰੀਸ਼ਪੁਰੀ ਦੀ ਮੂਵੀ ਚੱਲ ਰਹੀ ਹੁੰਦੀ ਹੈ। ਉਸ ਸਖ਼ਸ ਦੇ ਨਜ਼ਦੀਕ ਆਉਂਦਿਆਂ ਸਾਰ ਹੀ ਜਮਾਂ ਦੇ ਕੰਨਾਂ 'ਚ ਇਹ ਆਵਾਜ਼ ਪੈਂਦੀ ਹੈ-
''ਮਗੈਂਬੋ ਖੁਸ਼ ਹੂਆ!'' ਪਹਿਲਾਂ ਤਾਂ ਤਿੰਨੇ-ਚਾਰੇ ਜਮ ਤ੍ਰਬਕ ਜਾਂਦੇ ਹਨ। ਫਿਰ ਹੌਂਸਲਾ ਜਿਹਾ ਕਰਕੇ ਉਸਦੇ ਸਿਰਹਾਣੇ ਜਾ ਕੇ ਖੜ•ੇ ਹੋ ਜਾਂਦੇ ਹਨ।
ਇੱਕ ਜਮ-ਬਹੁਤਿਆਂ ਨੂੰ ਤੂੰ ਤੰਗ ਹੈ ਕੀਤਾ, ਕਰਦਾ ਰਿਹਾ ਮੈਂ ਮੈਂ,
ਬੋਲੋ ਵੱਡੇ ਮਹਾਰਾਜ ਜੀ ਹੈ।
ਵੱਡੇ ਮਹਾਰਾਜ ਦੀ ਜੈ ਬੋਲੋ ਵੱਡੇ ਮਹਾਰਾਜ ਦੀ ਜੈ।
ਇੱਕ ਹੋਰ ਜਮ (ਨਾਲ ਆਏ ਜਮ ਨੂੰ ਮਸ਼ਕਰੀ ਵਾਲੀ ਝਾੜ ਪਾਉਂਦਾ ਹੋਇਆ)-
ਧਰਮਰਾਜ ਨੇ ਹੈ ਸਮਝਾਇਆ ਖ਼ੈਰ ਨਹੀਂ ਜੇ ਟਾਇਮ ਲੰਘਾਇਆ,
ਗਿੱਚੀ ਵਿੱਚ ਦੋ ਰੱਖ ਕੇ ਇਹਦੇ ਪ੍ਰਾਣ ਪੰਖੇਰੂ ਲੈ।
ਬੜੀ ਕੀਤੀ ਇਹਨੇ ਮੈਂ-ਮੈਂ।
ਕੀਤੀ ਬੜੀ ਮੈਂ ਮੈਂ।
ਬੜੀ ਹੀ ਕੀਤੀ ਏਨੇ ਮੈਂ ਮੈਂ।
ਇੱਕ ਹੋਰ ਜਮ- ਛੱਡ ਗੇਂਦਿਆਂ ਛੱਡ ਗੁਣ ਗਾਉਂਣਾ
ਜੁੱਤੀ ਨਾਲ ਇਹਨੂੰ ਪਊ ਮਨਾਉਂਣਾ,
ਏਥੇ ਹੀ ਨਾ ਕਰ, ਉਥੇ ਜੋਗਾ ਵੀ ਰੱਖ ਲੈ।
ਹੁਣ ਤੂੰ ਟਾਇਮ ਨਾ ਬਹੁਤਾ ਲੈ।
ਲਓ ਜੀ ਮਸ਼ਕਰੀ ਦੇ ਜੈਕਾਰੇ ਲਾਉਂਦੇ ਹੋਏ ਜਮ ਉਸ ਸਖ਼ਸ ਦੇ ਪ੍ਰਾਣ ਕੱਢ ਲੈਂਦੇ ਹਨ ਤੇ ਚਤੁਰ ਚਾਲਾਕੀ ਨਾਲ ਇਕੱਠਾ ਕੀਤਾ ਹੋਇਆ ਸਾਰਾ ਮਾਲ-ਮੱਤਾ ਏਥੇ ਦੀ ਏਥੇ ਧਰਿਆ ਰਹਿ ਜਾਂਦਾ ਹੈ। ਸਾਰੇ ਜਮ ਉਸ ਦੀ ਹੰਸੀ ਉਡਾਉਂਦੇ ਹੋਏ ਉਸਦੀ ਜੈ ਜੈਕਾਰ ਕਰਦੇ ਹੋਏ ਨਰਕਾਂ ਵਿੱਚ ਚੁੱਕ ਕੇ ਮਾਰਦੇ ਹਨ।
ਪਰਸ਼ੋਤਮ ਲਾਲ ਸਰੋਏ,
ਮੋਬਾ: 91-92175-44348
