ਚਿੰਤਾ ਦਾ ਵਿਸ਼ਾ ਹੈ ਦੇਸ਼ 'ਚ ਵਧ ਰਹੀ ਭਿਖਾਰੀਆਂ ਦੀ ਗਿਣਤੀ; ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ

Wednesday, Aug 04, 2021 - 02:00 PM (IST)

ਚਿੰਤਾ ਦਾ ਵਿਸ਼ਾ ਹੈ ਦੇਸ਼ 'ਚ ਵਧ ਰਹੀ ਭਿਖਾਰੀਆਂ ਦੀ ਗਿਣਤੀ; ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ

ਪਿਛਲੇ ਕੁੱਝ ਸਾਲਾਂ ਤੋਂ ਦੇਸ਼ ਅੰਦਰ ਭਿਖਾਰੀਆਂ ਦੀ ਗਿਣਤੀ ਵਿੱਚ ਅਥਾਹ ਵਾਧਾ ਵੇਖਣ ਨੂੰ ਮਿਲਿਆ ਹੈ। ਇਨ੍ਹਾਂ ਭਿਖਾਰੀਆਂ 'ਚੋਂ ਭਾਵੇਂ ਕਈ ਲੋਕ ਲੂੱਲੇ-ਲੰਗੜੇ ਹੋਣ ਕਾਰਨ ਜਾਂ ਕੰਮ ਨਹੀਂ ਕਰ ਸਕਣ ਦੇ ਚੱਲਦਿਆਂ ਭੀਖ ਮੰਗ ਕੇ ਗੁਜ਼ਾਰਾ ਕਰਨ ਲਈ ਮਜਬੂਰ ਨੇ ਪਰ ਇਸ ਦੇ ਨਾਲ ਨਾਲ ਬਹੁਤ ਸਾਰੇ ਅਜਿਹੇ ਵੀ ਹਨ ਜੋ ਪੇਸ਼ੇਵਰ ਕਿਸਮ ਦੇ ਭਿਖਾਰੀ ਹਨ।
 
ਤਜਰਬੇ ਵਿੱਚ ਇਹ ਵੀ ਆਇਆ ਹੈ ਕਿ ਜੋ ਲੋਕ ਹਕੀਕੀ ਮਾਅਨਿਆਂ ਵਿੱਚ ਜ਼ਰੂਰਤ ਮੰਦ ਹਨ ਉਹ ਮੰਗਣ ਤੋਂ ਭਾਵੇਂ ਸੰਕੋਚ ਕਰਦੇ ਹੋਣ ਜਦੋਂ ਕਿ ਦੂਜੇ ਪਾਸੇ ਪੇਸ਼ੇਵਰ ਭਿਖਾਰੀਆਂ ਨੂੰ ਅਕਸਰ ਵੇਖਿਆ ਜਾਂਦਾ ਹੈ ਕਿ ਉਹ ਉੱਚੀ ਆਵਾਜ਼ ਵਿੱਚ ਗਲੀਆਂ-ਮੁਹੱਲਿਆਂ ਵਿੱਚ ਹੋਕੇ ਲਾ-ਲਾ ਕੇ ਭੀਖ ਮੰਗਦੇ ਫਿਰਦੇ ਹਨ। ਉਰਦੂ ਦੇ ਸ਼ਾਇਰ ਹਫੀਜ਼ ਮੈਰਠੀ ਨੇ ਆਪਣੇ ਇੱਕ ਸ਼ੇਅਰ 'ਚ ਦੋਵੇਂ ਕਿਸਮਾਂ ਦੇ ਭਿਖਾਰੀਆਂ ਦਾ ਨਕਸ਼ਾ ਕਿੰਨੇ ਸੋਹਣੇ ਸ਼ਬਦਾਂ ਵਿਚ ਖਿੱਚਿਆ ਸੀ ਕਿ : 

ਭੁੱਖਮਰੀ ਔਰ ਪੇਸ਼ਾਵਰੀ ਕੀ ਯੇਹ ਜ਼ਿੰਦਾ ਤਸਵੀਰੇਂ ਹੈਂ। 
ਇੱਕ ਚੁੱਪ ਹੈ ਹਾਥ ਫੈਲਾਏ ਇੱਕ ਚਿੱਲਾ ਕਰ ਮਾਂਗੇ ਹੈ। 

ਇਸਲਾਮ 'ਚ ਕਿਹਾ ਗਿਆ ਹੈ ਕਿ ਰੱਬ ਹੇਠਾਂ ਵਾਲੇ ਹੱਥ (ਭਾਵ ਭੀਖ ਮੰਗਣ ਵਾਲੇ) ਦੀ ਥਾਂ ਉੱਪਰ ਵਾਲੇ ਹੱਥ (ਅਰਥਾਤ ਦੇਣ ਵਾਲੇ) ਨੂੰ ਵਧੇਰੇ ਪਸੰਦ ਕਰਦਾ ਹੈ। ਇਸਲਾਮ 'ਚ ਉਨ੍ਹਾਂ ਲੋਕਾਂ ਲਈ ਵੀ ਸਖਤ ਤਾੜਨਾ ਤੇ ਵੱਡੇ ਅੰਜਾਮ ਭੁਗਤਣ ਦੀ ਗੱਲ ਆਖੀ ਗਈ ਹੈ ਜੋ ਸਾਰਾ ਕੁੱਝ ਹੁੰਦੇ-ਸੁੰਦੇ ਵੀ ਲੋਕਾਂ ਸਾਹਮਣੇ ਹੱਥ ਅੱਡਦੇ ਫਿਰਦੇ ਹਨ ਅਰਥਾਤ ਭੀਖ ਮੰਗਦੇ ਹਨ ।

ਇੱਕ ਵਾਕਿਆ ਬਹੁਤ ਮਸ਼ਹੂਰ ਹੈ ਕਿ ਇੱਕ ਵਾਰ ਕੋਈ ਵਿਅਕਤੀ ਹਜ਼ਰਤ ਮੁਹੰਮਦ (ਸ) ਦੇ ਪਾਸ ਭੀਖ ਮੰਗਣ ਆਇਆ ਤਾਂ ਮੁਹੰਮਦ (ਸ) ਨੇ ਉਸ ਨੂੰ ਆਪਣੇ ਵੱਲੋਂ ਜੋ ਸਰਦਾ ਸੀ ਦੇ ਦਿੱਤਾ ਇਸ ਤੋਂ ਬਾਅਦ ਜਦੋਂ ਉਹ ਚਲਾ ਗਿਆ ਤਾਂ ਉਨ੍ਹਾਂ ਦੇ ਸੁਹਾਬਾ (ਸਾਥੀਆਂ) ਨੇ ਕਿਹਾ ਕਿ ਇਹ ਤਾਂ ਬੰਦਾ ਜੀ ਰੱਜਿਆ-ਪੁੱਜਿਆ ਹੈ ਫਿਰ ਵੀ ਹੱਥ ਅੱਡਦਾ (ਸਵਾਲੀ) ਫਿਰਦਾ ਹੈ ਤਾਂ ਇਸ ਤੇ ਹਜ਼ਰਤ ਮੁਹੰਮਦ (ਸ) ਨੇ ਆਪਣਾ ਪ੍ਰਤੀਕਰਮ ਦਿੰਦਿਆਂ ਸਾਥੀਆਂ ਨੂੰ ਇਕ ਤਰ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਜੋ ਵਿਅਕਤੀ ਹੁੰਦੇ-ਸੁੰਦੇ ਵੀ ਭੀਖ ਮੰਗਦਾ ਹੈ ਤਾਂ ਉਹ ਮੰਨੋ ਆਪਣੇ ਢਿੱਡ ਵਿੱਚ ਅੱਗ ਦੇ ਅੰਗਾਰੇ ਭਰਦਾ ਹੈ। 

ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ
ਹੁਣ ਗੱਲ ਆਪਣੇ ਦੇਸ਼ ਦੀ ਕਰੀਏ ਤਾਂ ਪਿਛਲੇ ਦਿਨੀਂ ਭੀਖ ਮੰਗਣ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪੁੱਜਾ। ਇਸ ਸੰਦਰਭ ਵਿੱਚ ਐਡਵੋਕੇਟ ਕੁਸ਼ ਕਾਲੜਾ ਨੇ ਇਕ ਲੋਕ ਹਿੱਤ ਪਟੀਸ਼ਨ ਦਾਇਰ ਕਰਦਿਆਂ ਮੰਗ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਟਰੈਫਿਕ ਜੰਕਸ਼ਨਾਂ, ਮਾਰਕਿਟ ਤੇ ਜਨਤਕ ਥਾਵਾਂ 'ਤੇ ਭੀਖ ਮੰਗਣ 'ਤੇ ਰੋਕ ਲਾਈ ਜਾਵੇ ਅਤੇ ਮੰਗਤਿਆਂ ਦਾ ਮੁੜ-ਵਸੇਬਾ ਕੀਤਾ ਜਾਵੇ। ਉਧਰ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਭੀਖ ਮੰਗਣ ਨੂੰ ਸਮਾਜੀ-ਆਰਥਕ ਮੁੱਦਾ ਕਰਾਰ ਦਿੱਤਾ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਪ੍ਰਧਾਨਗੀ ਦੇ ਨਸ਼ੇ ਵਿੱਚ ਗੁਰ-ਅਸਥਾਨਾਂ ਦੀ ਮਰਿਯਾਦਾ ਨਾ ਭੁੱਲਣ: ਬੀਬੀ ਜਗੀਰ ਕੌਰ

ਇਸ ਦੇ ਨਾਲ ਹੀ ਜਸਟਿਸ ਡੀ ਵਾਈ ਚੰਦਰਚੂੜ ਤੇ ਜਸਟਿਸ ਐੱਮ ਆਰ ਸ਼ਾਹ ਦੀ ਬੈਂਚ ਨੇ ਉਕਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਤੁਹਾਡੀ ਪਹਿਲੀ ਬੇਨਤੀ ਗਲੀਆਂ ਵਿਚ ਮੰਗਣ ਵਾਲਿਆਂ 'ਤੇ ਰੋਕ ਲਾਉਣ ਦੀ ਹੈ। ਲੋਕ ਗਲੀਆਂ ਵਿਚ ਕਿਉਂ ਮੰਗਦੇ ਹਨ? ਗ਼ਰੀਬੀ ਕਾਰਨ। ਸੁਪਰੀਮ ਕੋਰਟ ਇਲੀਟ (ਕੁਲੀਨ) ਵਰਗ ਦੇ ਨਜ਼ਰੀਏ ਨੂੰ ਨਹੀਂ ਅਪਣਾ ਸਕਦੀ। ਉਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ, ਮੰਗਣ ਨੂੰ ਕਿਸੇ ਦਾ ਮਨ ਨਹੀਂ ਕਰਦਾ। ਜਦੋਂ ਕੁਸ਼ ਕਾਲੜਾ ਵੱਲੋਂ ਪੇਸ਼ ਸੀਨੀਅਰ ਵਕੀਲ ਚਿਨਮਯ ਸ਼ਰਮਾ ਨੇ ਕਿਹਾ ਕਿ ਅਸਲ ਬੇਨਤੀ ਮੰਗਤਿਆਂ ਦੇ ਮੁੜ-ਵਸੇਬੇ ਤੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਤੇ ਉਨ੍ਹਾਂ ਦੇ ਟੀਕਾਕਰਨ ਦੀ ਹੈ, ਤਦ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਨੂੰ ਮੰਗਤਿਆਂ ਨੂੰ ਮੰਗਣ ਤੋਂ ਰੋਕਣ ਤੋਂ ਬਾਅਦ ਵਾਲੀ ਮੁੜ-ਵਸੇਬੇ ਤੇ ਟੀਕਾਕਰਨ ਦੀ ਬੇਨਤੀ 'ਤੇ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਉਹ ਦੱਸਣ ਕਿ ਇਨ੍ਹਾਂ ਦੇ ਮੁੜ-ਵਸੇਬੇ ਤੇ ਟੀਕਾਕਰਨ ਲਈ ਉਹ ਕੀ ਕਰ ਰਹੀਆਂ ਹਨ। ਇਸ ਦੌਰਾਨ ਬੈਂਚ ਨੇ ਕਿਹਾ ਕਿ ਉਹ ਸੜਕਾਂ ਤੇ ਜਨਤਕ ਥਾਵਾਂ ਤੋਂ ਮੰਗਤਿਆਂ ਨੂੰ ਹਟਾਉਣ ਦਾ ਹੁਕਮ ਨਹੀਂ ਦੇ ਸਕਦੇ, ਕਿਉਂਕਿ ਸਿੱਖਿਆ ਤੇ ਰੁਜ਼ਗਾਰ ਦੀ ਘਾਟ ਕਰਕੇ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਲੋਕ ਆਮ ਤੌਰ 'ਤੇ ਸੜਕਾਂ 'ਤੇ ਭੀਖ ਮੰਗਣ ਲਈ ਮਜਬੂਰ ਹੁੰਦੇ ਹਨ ਤੇ ਇਸ ਤਰ੍ਹਾਂ ਨਾਲ ਉਸ ਦਾ ਹੱਲ ਨਹੀਂ ਕੀਤਾ ਜਾ ਸਕਦਾ। 

ਬੈਂਚ ਨੇ ਕੇਂਦਰ ਤੇ ਦਿੱਲੀ ਸਰਕਾਰ ਤੋਂ ਦੋ ਹਫ਼ਤਿਆਂ ਵਿਚ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਵੀ ਸਹਾਇਤਾ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਰਕਾਰ ਦੀ ਸਮਾਜੀ ਕਲਿਆਣ ਨੀਤੀ ਦਾ ਇਕ ਵਿਆਪਕ ਮੁੱਦਾ ਹੈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਇਨ੍ਹਾਂ ਨੂੰ ਸਾਡੀਆਂ ਨਜ਼ਰਾਂ ਤੋਂ ਦੂਰ ਰੱਖੋ। ਕੋਰਟ ਨੇ ਕਿਹਾ ਕਿ ਇਹ ਮੁੱਦਾ ਇਕ ਸਮਾਜੀ-ਆਰਥਕ ਸਮੱਸਿਆ ਹੈ ਤੇ ਕੌਮੀ ਰਾਜਧਾਨੀ ਵਿਚ ਮੰਗਤਿਆਂ ਤੇ ਬੇਘਰਿਆਂ ਦੇ ਟੀਕਾਕਰਨ ਵੱਲ ਕੇਂਦਰ ਤੇ ਦਿੱਲੀ ਸਰਕਾਰ ਨੂੰ ਫੌਰੀ ਧਿਆਨ ਦੇਣਾ ਚਾਹੀਦਾ ਹੈ। ਮੰਗਤੇ ਤੇ ਬੇਘਰੇ ਵੀ ਕੋਰੋਨਾ ਦੇ ਸੰਬੰਧ 'ਚ ਹੋਰਨਾਂ ਲੋਕਾਂ ਦੀ ਤਰ੍ਹਾਂ ਡਾਕਟਰੀ ਸਹੂਲਤਾਂ ਦੇ ਹੱਕਦਾਰ ਹਨ।

ਇਹ ਵੀ ਪੜ੍ਹੋ : ਮਰਯਾਦਾ ਦੀ ਉਲੰਘਣਾ ਦਾ ਮਾਮਲਾ: ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਦਿੱਤੇ ਅਸਤੀਫ਼ੇ
 
ਸਕੂਲਾਂ 'ਚ ਪੜ੍ਹਨ ਵਾਲਾ ਬਚਪਨ ਮੰਗ ਰਿਹਾ ਭੀਖ
ਜੇਕਰ ਵੇਖਿਆ ਜਾਵੇ ਤਾਂ ਦੇਸ਼ ਵਿੱਚ ਭੀਖ ਮੰਗਣ ਦਾ ਰਿਵਾਜ ਆਮ ਹੁੰਦਾ ਜਾ ਰਿਹਾ ਹੈ। ਅਸੀਂ ਵੇਖਦੇ ਹਾਂ ਕਈ ਲੋਕ ਹੱਟੇ-ਕੱਟੇ ਅਤੇ ਤੰਦਰੁਸਤ ਹੁੰਦਿਆਂ ਹੋਇਆਂ ਵੀ ਗਲੀਆਂ ਮੁਹੱਲਿਆਂ ਵਿੱਚ ਭੀਖ ਮੰਗਦੇ ਫਿਰਦੇ ਹਨ। ਇਸ ਦੇ ਇਲਾਵਾ ਬਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿੱਚ ਬੱਚੇ ਬੱਚੀਆਂ ਜਿਨ੍ਹਾਂ ਨੂੰ ਇਸ ਉਮਰ ਵਿਚ ਸਕੂਲਾਂ ਵਿੱਚ ਪੜ੍ਹਨ ਲਈ ਜਾਣਾ ਚਾਹੀਦਾ ਸੀ ਉਹ ਵੀ ਕਿਸੇ ਦੇ ਕਹਿਣ ਤੇ ਜਾਂ ਆਪ ਮੁਹਾਰੇ ਭੀਖ ਮੰਗਦੇ ਵੇਖੇ ਜਾ ਸਕਦੇ ਹਨ। ਮੇਰੇ ਇਕ ਜਾਣਕਾਰ ਦੇ ਰਿਸ਼ਤੇਦਾਰ ਹਨ, ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਮੁਹੱਲੇ ਵਿਚ ਤਿੰਨ ਭੀਖ ਮੰਗਣ ਵਾਲੇ ਇਕ ਅਪਾਹਜ ਬੰਦੇ ਨੂੰ ਰੇੜ੍ਹੀ 'ਤੇ ਲਈ ਘਰ-ਘਰ 'ਚੋਂ ਉਸ ਦੀ ਆੜ ਵਿੱਚ ਭੀਖ ਮੰਗਦੇ ਫਿਰਨ ਤਾਂ ਉਸ ਜਾਣਕਾਰ ਦੇ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਝਾੜ ਪਾਉਂਦਿਆਂ ਕਿਹਾ ਕਿ " ਉਏ ਤੁਸੀਂ ਤਿੰਨ ਜਣੇ ਹੋ ਇਸ ਇੱਕਲੇ ਨੂੰ ਕਮਾ ਕੇ ਨਹੀਂ ਖਿਲਾ ਸਕਦੇ। " ਬਸ ਫਿਰ ਕੀ ਸੀ ਉਸ ਅਪਾਹਜ ਨਾਲ ਭੀਖ ਮੰਗਣ ਵਾਲੇ ਬੰਦਿਆਂ ਨੂੰ ਭੱਜਣ ਨੂੰ ਥਾਂ ਨਾ ਮਿਲੇ। ਦਰਅਸਲ ਸਾਡੇ ਸਮਾਜ ਵਿੱਚ ਲੋਕਾਂ ਦੀ ਇਕ ਮਾਨਸਿਕਤਾ ਬਣ ਚੁੱਕੀ ਹੈ ਉਹ ਇਹ ਕਿ ਲੋਕੀ ਤਹਿਕੀਕ ਨਹੀਂ ਕਰਦੇ। ਮਰਦ ਭਾਵੇਂ ਥੋੜ੍ਹਾ ਬਹੁਤ ਇਸ ਸਬੰਧੀ ਵੇਖ ਲੈਂਦੇ ਹਨ ਪਰ ਅਕਸਰ ਔਰਤਾਂ ਨਰਮ ਹਿਰਦੇ ਵਾਲੀਆਂ ਹੁੰਦੀਆਂ ਹਨ ਅਤੇ ਉਹ ਅਜਿਹੇ ਪੇਸ਼ੇਵਰ ਭਿਖਾਰੀਆਂ ਨੂੰ ਪਹਿਚਾਨਣ ਵਿੱਚ ਧੋਖਾ ਖਾ ਜਾਂਦੀਆਂ ਹਨ। ਲੋੜ ਹੈ ਅੱਜ ਸਮਾਜ ਦੇ ਲੋਕਾਂ ਨੂੰ ਪੇਸ਼ੇਵਰ ਕਿਸਮ ਦੇ ਭਿਖਾਰੀਆਂ ਤੋਂ ਸੁਚੇਤ ਹੋਣ ਦੀ...। ਜੇਕਰ ਅਸੀਂ ਸੁਚੇਤ ਹੋਵਾਂਗੇ ਤਦ ਹੀ ਅਸੀਂ ਸਮਾਜ ਨੂੰ ਅਜਿਹੇ ਪੇਸ਼ੇਵਰ ਭਿਖਾਰੀਆਂ ਤੋਂ ਛੁਟਕਾਰਾ ਦਿਵਾ ਸਕਦੇ ਹਾਂ। 
ਅੱਬਾਸ ਧਾਲੀਵਾਲ, 
ਮਲੇਰਕੋਟਲਾ। 
ਸੰਪਰਕ :9855259650 
Abbasdhaliwal72@gmail.com 

ਨੋਟ:  ਦੇਸ਼ ਵਿੱਚ ਵਧ ਰਹੀ ਭਿਖਾਰੀਆਂ ਦੀ ਗਿਣਤੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਪੁਨਰਵਾਸ ਲਈ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News