ਬੋਰੀ ਵਾਲਾ ਬਸਤਾ

Friday, Apr 26, 2019 - 01:05 PM (IST)

ਨਾਜਰ ਇੱਕ ਜਿਮੀਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਵੱਡੇ ਜ਼ਿਮੀਦਾਰਾਂ ਦੀ ਪੈਲੀ ਦੇ ਵਿਚਾਰ ਦੋ ਏਕੜ ਦਾ ਜ਼ਮੀਨ ਦਾ ਟੱਕ ਹੀ ਉਸਦੀ ਕਮਾਈ ਦਾ ਸਾਧਨ ਸੀ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਨਾਜਰ ਆਪਣੇ ਪੁੱਤ ਜੀਤੇ ਨੂੰ ਪੜ੍ਹਿਆ ਲਿਖਿਆ ਤੇ ਉਸਦੀ ਭੈਣ ਆਸ਼ੀਸ ਦਾ ਵਿਆਹ ਕਿਸੇ ਚੰਗੇ ਘਰੇ ਹੁੰਦਾ ਵੇਖਣਾ ਚਾਹੁੰਦਾ ਸੀ। ਖੇਤ ਕੱਚੀ ਅੱਧ ਢਹੀ ਕੋਠੀ ਦੀ ਛਾਵੇਂ ਬੈਠਾ ਨਾਜਰ ਆਪਣੇ ਪੁੱਤ ਲਈ ਵੇਖੇ ਸੁਪਨਿਆਂ ਨੂੰ ਤੀਲੇ ਦੀ ਮਦਦ ਨਾਲ ਜ਼ਮੀਨ ਤੇ ਉਕਰਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੇਜ਼ ਵਗਦੀ ਹਵਾ ਉਸ ਦੇ ਉਲੀਕੇ ਸੁਪਨਿਆਂ ਨੂੰ ਖਤਮ ਕਰ ਰਹੀ ਸੀ। 
ਉਸ ਦੇ ਭਰਾ ਆਪਣਾ ਹਿੱਸਾ ਵੇਚ ਕੇ ਸਹਿਰ ਜਾ ਵਸੇ ਸਨ। ਸਾਂਝੇ ਘਰ ਵਿੱਚ ਨਾਜ਼ਰ ਨੇ ਭਰਾਵਾਂ ਨੂੰ ਪੜ੍ਹਾ ਲਿਖਾ ਕਿ ਨੌਕਰੀ ਲੈਣ ਦੇ ਯੋਗ ਕਰ ਦਿੱਤਾ ਤੇ ਆਪ ਜ਼ਿੰਮੇਵਾਰੀਆਂ ਦੇ ਬੋਝ 'ਚ ਦੱਬਦਾ ਜਾ ਰਿਹਾ ਸੀ। ਜੀਤਾ ਪੜ੍ਹਾਈ ਵੱਲ ਘੱਟ ਧਿਆਨ ਦੇ ਕੇ ਖੇਤੀਬਾੜੀ ਦੇ ਕੰਮਾਂ 'ਚ ਆਪਣੇ ਪਿਉ ਦਾ ਹੱਥ ਵਟਾਉਂਦਾ ਸੀ। ਜ਼ਮੀਨ ਨਾਲ ਮੋਹ ਹੋਣ ਦੇ ਬਾਵਜੂਦ ਨਾਜਰ ਚਾਹੁੰਦਾ ਸੀ ਕਿ ਉਸਦਾ ਪੁੱਤ ਪੜ੍ਹ ਲਿਖਕੇ ਨੌਕਰੀ ਤੇ ਲੱਗ ਜਾਵੇ। ਨਾਜਰ ਨੇ ਇੱਕ ਚੰਗਾ ਘਰ ਵੇਖ ਕੇ ਆਸ਼ੀਸ ਦਾ ਰਿਸਤਾ ਨਾਲ ਦੇ ਪਿੰਡ ਤੈਅ ਕਰ ਦਿੱਤਾ ਸੀ। ਵਿਆਹ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਆੜਤੀਏ ਕੋਲ ਪੁੱਜ ਗਏ। ਵਿਆਹ ਲਈ ਪੈਸੇ ਦੇ ਕੇ ਆੜਤੀਏ ਨੇ ਉਸਦੀ ਜ਼ਮੀਨ ਗਹਿਣੇ ਲਿਖਵਾ ਲਈ ਸੀ। ਕਰਜੇ ਦਾ ਭਾਰ ਕੁੜੀ ਨੂੰ ਵਿਆਹੁਣ ਦੇ ਭਾਰ ਨਾਲੋਂ ਹਲਕਾ ਲੱਗ ਰਿਹਾ ਸੀ। ਸੋਚਦਾ ਸੋਚਦਾ ਨਾਜਰ ਕਦੋਂ ਘਰੇ ਆ ਗਿਆ ਉਸਨੂੰ ਪਤਾ ਹੀ ਨਾ ਲੱਗਾ। ਆਸ਼ੀਸ ਦਾ ਵਿਆਹ ਸੁਖੀਸਾਂਦੀ ਨਿਬੜ ਗਿਆ ਸੀ। ਹੁਣ ਵਿਆਹ ਤੋ ਬਾਅਦ ਕਰਜ਼ੇ ਦਾ ਫ਼ਿਕਰ ਨਾਜਰ ਨੂੰ ਅੰਦਰੋਂ ਅੰਦਰੀ ਖਾ ਰਿਹਾ ਸੀ। ਜੀਤੇ ਨੂੰ ਵਾਰ ਵਾਰ ਸਕੂਲ ਜਾਣ ਲਈ ਕਹਿਕੇ ਨਾਜਰ ਅੱਕ ਚੁੱਕਾ ਸੀ। ਸਮਾਂ ਆਪਣੀ ਚਾਲ ਚਲਦਾ ਗਿਆ। ਨਾਜਰ ਦੇ ਦੁੱਖਾਂ ਨੇ ਉਸਨੂੰ ਸਮੇਂ ਤੋ ਪਹਿਲਾਂ ਬੁੱਢਾ ਕਰ ਦਿੱਤਾ ਸੀ। ਉਸਦੇ ਚਿਹਰੇ ਤੋਂ ਇੱਕ ਹਾਰੇ ਹੋਏ ਇਨਸਾਨ ਦੀ ਝਲਕ ਪੈਂਦੀ ਸੀ। ਪੁੱਤਾਂ ਵਾਂਗੂ ਪਾਲੀ ਫਸਲ ਉੱਪਰ ਖਰਾਬ ਮੌਸਮ ਵੇਖ ਕੇ ਨਾਜਰ ਦਾ ਸਰੀਰ ਜਿਵੇਂ ਸੁੰਨ ਜਾ ਹੋ ਜਾਂਦਾ ਸੀ। ਅਚਾਨਕ ਆਏ ਮੀਂਹ ਨੇ ਉਸਦੀਆਂ ਆਸਾ ਉੱਪਰ ਪਾਣੀ ਫੇਰ ਦਿੱਤਾ ਸੀ। ਮੀਂਹ ਦੀ ਮਾਰ ਝੱਲਕੇ ਹਟੀ ਫਸਲ ਨੂੰ ਵੱਡਕੇ ਮੰਡੀ ਲੈ ਪਹੁੰਚਿਆ। ਤਿੰਨ ਚਾਰ ਦਿਨ ਦੀ ਪਰੇਸ਼ਾਨੀ ਤੋਂ ਬਾਅਦ ਫਸਲ ਵੇਚਕੇ ਘਰ ਆ ਗਿਆ। ਉਸਨੂੰ ਆਸ ਸੀ ਕਿ ਕੱਲ ਆੜਤੀਏ ਤੋਂ ਪੈਸੇ ਲੈ ਕੇ ਉਹ ਮੁੰਡੇ ਦੀ ਫੀਸ ਭਰ ਸਕੇਂਗਾ। ਸਕੂਲੋਂ ਟਾਲਾ ਵੱਟਦਾ ਜੀਤਾ ਵੀ ਨਾਜਰ ਨਾਲ ਸ਼ਹਿਰ ਜਾਣ ਦੀ ਜਿੱਦ ਕਰਨ ਲੱਗ ਪਿਆ। ਉਸ ਲਈ ਪੜ੍ਹਾਈ ਕੋਈ ਮਾਇਨੇ ਨਹੀਂ ਰੱਖਦੀ ਸੀ। ਗਰਮੀ 'ਚ ਪਸੀਨੋ ਪਸੀਨਾ ਹੋਇਆ ਨਾਜਰ ਤੇ ਜੀਤਾ ਆੜਤੀਏ ਦੀ ਦੁਕਾਨ ਤੇ ਪੁੱਜ ਗਏ। ਪੈਸੇ ਦਾ ਹਿਸਾਬ ਕਿਤਾਬ ਕਰਨ ਤੋਂ ਬਾਅਦ ਆੜਤੀਏ ਨੇ ਪੈਸੇ ਉਸਦੇ ਸਿਰ ਤੋੜ ਦਿੱਤੇ। ਤੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਗਹਿਣੇ ਪਈ ਜ਼ਮੀਨ ਦਾ ਵਾਸਤਾ ਪਾ ਕੇ ਨਾਜਰ ਆੜਤੀਏ ਦੀਆਂ ਮਿੰਨਤਾਂ ਕਰ ਰਿਹਾਂ ਸੀ। ਆਪਣੇ ਪਿਉ ਦੀ ਉਮਰ ਦੇ ਸਾਮਾਨ ਨਾਜਰ ਨੂੰ ਆੜਤੀਏ ਦਾ ਪੁੱਤ ਪਤਾ ਹੀ ਨਹੀਂ ਕਿੰਨਾ ਕੁਝ ਬੋਲ ਗਿਆ, ਧੱਕੇ ਮਾਰਕੇ ਨਾਜਰ ਨੂੰ ਦੁਕਾਨ ਤੋਂ ਬਾਹਰ ਕਰ ਦਿੱਤਾ। ਦੋਵੇਂ ਪਿਉ ਪੁੱਤ ਖਾਲੀ ਝੋਲਾ ਲੈ ਕੇ ਘਰ ਆ ਵੜੇ। ਪਿਤਾ ਦੇ ਵਗਦੇ ਹੰਝੂਆਂ ਨੇ ਜੀਤੇ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਸੀ। ਹੁਣ ਉਹ ਸਮਝ ਗਿਆ ਸੀ ਕਿ ਉਸ ਦਾ ਅਨਪੜ ਪਿਉ ਕਿਉਂ ਔਖਾ ਹੋ ਕੇ ਉਸਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਰੀ ਰਾਤ ਦੋਵਾਂ ਦੀ ਬਿਨਾਂ ਸੁੱਤੇ ਹੀ ਲੰਘ ਗਈ। ਸਵੇਰੇ ਘਰ ਦਾ ਕੰਮ ਕਰਕੇ ਜੀਤਾ ਆਪਣੀ ਮਾਂ ਦਾ ਬਣਾਇਆ ਬੋਰੀ ਦਾ ਬਸਤਾ ਲੈ ਕੇ ਸਕੂਲ ਵਾਲੇ ਰਾਹ ਪੈ ਗਿਆ। ਉਸਦੇ ਪੜਨ ਵਾਲੇ ਫੈਸਲੇ ਨੇ ਹਾਰ ਮੰਨ ਚੁੱਕੇ ਪਿਉ ਨੂੰ ਫੇਰ ਕਿਸਮਤ ਨਾਲ
ਲੜਨ ਲਈ ਖੜ੍ਹਾ ਕਰ ਦਿੱਤਾ ਸੀ। ਜੀਤੇ ਨੂੰ ਬੋਰੀ ਦਾ ਬਸਤਾ ਆਪਣੇ ਪਿਉ ਦੇ ਕਰਜ਼ੇ ਦੇ ਬੋਝ ਨੂੰ ਹਲਕਾ ਕਰਨ ਦਾ ਇਕੋ ਇੱਕ ਰਾਹ ਲੱਗ ਰਿਹਾ ਸੀ।

ਲਿਖਤ-ਅਤਿੰਦਰਪਾਲ ਸਿੰਘ ਪਰਮਾਰ
ਸੰਪਰਕ-81468 08995
ਪਿੰਡ-ਸੰਗਤਪੁਰਾ, ਮੋਗਾ


Aarti dhillon

Content Editor

Related News