ਆਰਟੀਕਲ-ਵੋਟਾਂ ਦੌਰਾਨ ਜਾਗਰੂਕ

Tuesday, Apr 30, 2019 - 10:19 AM (IST)

ਵੋਟਰ ਵੀ ਬੇਵੱਸ ਨਜ਼ਰ ਕਿਉਂ ਆਉਂਦਾ? ਦੇਸ਼ ਨੂੰ ਆਰਥਿਕ ਤੇ ਸਮਾਜਿਕ ਪੱਧਰ ਤੇ ਮਜ਼ਬੂਤ ਕਰਨ ਲਈ ਜਿੰਮੇਵਾਰ ਸਰਕਾਰਾਂ ਤੇ ਉਸ ਦੇਸ਼ ਵਿੱਚ ਰਹਿਣ ਵਾਲੇ ਨਾਗਰਿਕ ਹੁੰਦੇ ਹਨ। ਸਰਕਾਰਾਂ ਨੂੰ ਚੁਣਨ ਦੀ ਪ੍ਰਕਿਰਿਆ ਵੱਖੋ-ਵੱਖਰੀ ਹੁੰਦੀ ਹੈ। ਸਾਡੇ ਦੇਸ਼ ਵਿੱਚ ਲੋਕਤੰਤਰ ਹੈ ਜਿਸਦਾ ਅਰਥ ਹੈ ਕਿ ਲੋਕਾਂ ਦੁਆਰਾ ਵੋਟਾਂ ਦੁਆਰਾ ਆਪਣੀ ਪੰਸਦ ਦੀ ਸਰਕਾਰ ਚੁਣੀ ਜਾਂਦੀ ਹੈ। ਲੋਕਤੰਤਰ ਹੋਣ ਦੇ ਬਾਵਜੂਦ ਵੀ ਸਾਡੇ ਦੇਸ਼ ਦਾ ਵੋਟਰ ਬੇਵੱਸ, ਲਾਚਾਰ ਮਹਿਸੂਸ ਕਰਦਾ ਹੈ। ਵੋਟਾਂ ਦੇ ਦੌਰਾਨ ਸਿਆਸੀ ਪਾਰਟੀਆ ਲੋਕਾਂ ਨੂੰ ਬਹੁਤ ਵੱਡੇ ਵੱਡੇ ਸੁਪਨੇ ਵਿਖਾਉਂਦੀਆ ਹਨ। ਹਰ ਤਰੀਕੇ ਨਾਲ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਯਤਨ ਕੀਤਾ ਜਾਂਦਾ ਹੈ। ਪੈਸੇ ਅਤੇ ਨਸ਼ੇ ਦੀ ਵਰਤੋਂ ਵੀ ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਕੀਤੀ ਜਾਂਦੀ ਹੈ। ਸਰਕਾਰ ਚੁਣੀ ਭਾਵੇਂ ਲੋਕਾਂ ਦੁਆਰਾ ਹੀ ਜਾਂਦੀ ਹੈ। ਪਰ ਆਪਣੀ ਚੁਣੀ ਸਰਕਾਰ ਤੋ ਹੀ ਲੋਕ ਦੁਖੀ ਹੋ ਜਾਂਦੇ ਹਨ। ਸਰਕਾਰਾਂ ਹਰ ਮੁੱਦੇ ਤੇ ਫੇਲ੍ਹ ਨਜ਼ਰ ਆਉਂਦੀਆਂ ਹਨ। ਇਹਨਾਂ ਦੁਆਰਾ ਕੀਤੇ ਗਏ ਵਾਅਦੇ ਤੇ ਮੈਨੀਫੈਸਟੋ ਸਭ ਲਾਰੇ ਬਣ ਜਾਂਦੇ ਹਨ। ਜਿਸ ਕਰਕੇ ਵੋਟਰ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦਾ ਹੈ। ਕੀ ਅਸੀਂ ਹਰ ਵਾਰ ਗਲਤ ਸਰਕਾਰਾਂ ਹੀ ਚੁਣਦੇ ਰਹੇਗਾ? ਕੋਈ ਚੰਗੀ ਪਾਰਟੀ ਉੱਭਰਕੇ ਆਉਂਦੀ ਹੈ ਤਾ ਉਸਦੀ ਸਰਕਾਰ ਕਿਉ ਨਹੀਂ ਬਣਦੀ ਇਹ ਕੁਝ ਸਵਾਲ ਜਵਾਬ ਮੰਗਦੇ ਨੇ। ਪਹਿਲਾਂ ਨਾਲੋਂ ਸਿਖਿਆ ਦਾ ਪੱਧਰ ਵੱਧਣ ਕਰਕੇ ਅੱਜ ਦਾ ਵੋਟਰ ਜਾਗਰੂਕ ਹੋ ਚੁੱਕਾ ਹੈ। ਉਸਨੂੰ ਆਪਣੀ ਵੋਟ ਦੇ ਹੱਕ ਦੀ ਸਹੀ ਵਰਤੋਂ ਕਰਨ ਬਾਰੇ ਜਾਣਕਾਰੀ
ਹੈ। ਫੇਰ ਵੀ ਜਾਗਰੂਕ ਵੋਟਰ ਵੀ ਨਿਰਾਸ਼ ਹੋ ਜਾਂਦੇ ਹਨ। ਜਦੋਂ ਲੀਡਰ ਵੋਟਾਂ ਲੈਣ ਆਉਂਦੇ ਹਨ ਨੌਜਵਾਨਾਂ ਨੂੰ ਚਾਹੀਦਾ ਉਹ ਦਲੀਲ ਅੰਕੜਿਆਂ ਦੇ ਆਧਾਰ ਤੇ ਲੀਡਰਾਂ ਨੂੰ ਸਵਾਲ ਕਰਨ ਤਾਂ ਜੋ ਲੀਡਰ ਝੂਠੇ ਲਾਅਰੇ ਲਾਉਣ ਤੋ ਪਹਿਲਾਂ ਸੋਚਣ। ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਲਈ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਹੈ। ਕੁਝ ਨੌਜਵਾਨ ਸਵਾਲ ਕਰਨਾ ਤਾਂ ਚਾਹੁੰਦੇ ਹਨ ਪਰ ਲੀਡਰਾਂ ਦੇ ਸਮਰੱਥਕ ਉਹਨਾਂ ਦੇ ਆਪਣੇ ਚਾਚੇ, ਤਾਏ ਹੋਣ ਕਰਕੇ ਨੌਜਵਾਨਾਂ ਚੁੱਪ ਹੋ ਜਾਂਦੇ ਹਨ। ਕੋਈ ਵੀ ਰੀਤ ਕਿਵੇਂ ਚੱਲ ਰਹੀ ਹੈ ਉਸ ਰੀਤ ਪਿੱਛੇ ਕੀ ਲੌਜਿਕ ਇਹ ਸਮਝਣ ਦੀ ਲੋੜ ਹੈ ਨਾ ਕਿ ਪੀੜ੍ਹੀ ਦਰ ਪੀੜ੍ਹੀ ਗੁਲਾਮੀ ਸਹਿਣ ਦੀ ਲੋੜ ।ਕਿਸੇ ਨੂੰ ਪਹਿਲ ਕਰਕੇ ਹੀ ਨਵੀਂ ਰੀਤ ਬਣਾਉਣੀ ਪੈਂਦੀ ਹੈ। ਜੋ ਸਮੇਂ ਦੀ ਹਾਣੀ ਹੋਵੇ। ਜਾਗਰੂਕ ਵੋਟਰਾਂ ਦਾ ਨਿਰਾਸ਼ ਹੋਣ ਦਾ ਮੁੱਖ ਕਾਰਨ ਇਹੀ ਹੈ ਕਿ ਚੰਗੇ ਲੀਡਰਾ ਦਾ ਘੱਟ ਹੋਣਾ ਹੈ। ਜੇਕਰ ਵੋਟਰ ਆਪਣੀ ਸੂਝਬੂਝ ਨਾਲ ਸਹੀ ਲੀਡਰ ਦੀ ਚੋਣ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਉਸ ਲੀਡਰ ਦੇ ਜਿੱਤਣ ਦਾ ਵੀ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ, ਕਿਉਂਕਿ ਸਰਕਾਰ ਬਣਾਉਣ ਲਈ ਜ਼ਿਆਦਾ ਲੀਡਰਾਂ ਦੇ ਬਹੁਮੱਤ ਦੀ ਲੋੜ ਹੁੰਦੀ ਹੈ। ਸਿਆਸਤ ਵਿੱਚ ਚੰਗੇ ਲੀਡਰਾਂ ਦੀ ਘਾਟ ਕਰਕੇ ਵਿਰੋਧੀ, ਪੁਰਾਣੀਆਂ ਪਾਰਟੀਆਂ ਵੋਟਰਾਂ ਦੀ ਕਮਜ਼ੋਰੀ ਦਾ ਫਾਇਦਾ ਚੁੱਕਦੀਆਂ ਹਨ। ਲੋੜ ਹੈ ਸੂਝਵਾਨ, ਬੁੱਧੀਜੀਵੀ ਤੇ ਸਿੱਖਿਅਤ ਨੌਜਵਾਨਾਂ ਨੂੰ ਇਕੱਠੇ ਹੋ ਕੇ ਇਸਦਾ ਹੱਲ ਕੱਢਣ ਦੀ ਤਾਂ ਜੋ ਵੋਟਰ ਠੱਗਿਆ ਠੱਗਿਆ ਨਾ ਮਹਿਸੂਸ ਕਰੇ। ਉਸਨੂੰ ਆਪਣੀ ਚੁਣੀ ਸਰਕਾਰ ਤੇ ਮਾਣ ਮਹਿਸੂਸ ਹੋਵੇ। ਵੋਟ ਦੇ ਅਧਿਕਾਰ ਅਤੇ ਇਸਦੀ ਮੱਹਤਤਾ ਸਮਝਾਉਣ ਲਈ ਵੋਟਰਾਂ ਨੂੰ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾਵੇ। ਆਪਣੇ ਨਿੱਜੀ ਸੁਆਰਥਾ ਤੋਂ ਉੱਪਰ ਉੱਠ ਕੇ ਸਾਨੂੰ ਇੱਕ ਮੰਚ ਥੱਲੇ ਇਕੱਠੇ ਹੋ ਕੇ ਸਹੀ ਸਰਕਾਰ ਚੁਣਨ ਲਈ ਯਤਨਸ਼ੀਲ ਹੋਣਾ ਪਵੇਗਾ। ਇਸ ਤਰ੍ਹਾਂ ਦੇ ਸਾਰਥਿਕ ਕਦਮ ਹੀ ਨਿਰੋਏ ਸਮਾਜ ਨੂੰ ਸਿਰਜ ਸਕਦੇ ਹਨ।

ਲਿਖਤ-ਅਤਿੰਦਰਪਾਲ ਸਿੰਘ ਪਰਮਾਰ
ਸੰਪਰਕ-814686 08995
ਸੰਗਤਪੁਰਾ,ਮੋਗਾ


Aarti dhillon

Content Editor

Related News