1947 ਹਿਜਰਤਨਾਮਾ 79 : ਦਰਸ਼ਣ ਸਿੰਘ ਪੁਰੇਵਾਲ

Thursday, Jun 27, 2024 - 01:59 PM (IST)

'ਅਸੀਂ ਕੇਹਰ-ਭਾਨ ਵਾਲੇ 34 ਚੱਕ ਤੋਂ ਹੁੰਨੇ ਆਂ'

" ਮੈਂ, ਦਰਸ਼ਣ ਸਿੰਘ ਪੁੱਤਰ ਪ੍ਰੀਤਮ ਸਿੰਘ ਪੁੱਤਰ ਸ.ਠਾਕੁਰ ਸਿੰਘ ਪੁਰੇਵਾਲ, ਪਿੰਡ ਮਾਲੜੀ-ਨਕੋਦਰ ਤੋਂ ਮੁਖ਼ਾਤਿਬ ਹਾਂ। 1910 ਤੋਂ ਕੁੱਝ ਪਹਿਲਾਂ ਬਾਬਾ ਜੀ ਆਸਟ੍ਰੇਲੀਆ ਤੋਂ ਚੰਗੀ ਕਮਾਈ ਕਰ ਕੇ ਵਾਪਸ ਪਰਤੇ। ਤਦੋਂ ਬਾਰਾਂ ਖੁੱਲ੍ਹ ਚੁੱਕੀਆਂ ਸਨ। ਉਪਰੰਤ ਬਾਬਾ ਠਾਕੁਰ ਸਿੰਘ ਹੋਰੀਂ ਆਪਣੇ ਸ਼ਰੀਕੇ ਭਾਈਚਾਰੇ ਵੱਲ ਦੇਖਾ ਦੇਖੀ ਸਾਂਦਲਬਾਰ ਦੇ ਜ਼ਿਲ੍ਹਾ ਲੈਲਪੁਰ ਦੀ ਤਸੀਲ ਜੜ੍ਹਾਂ ਵਾਲਾ ਦੇ ਚੱਕ 234 ਗੋਗੇਰਾ ਬ੍ਰਾਂਚ ਵਿਚ ਖੇਤੀ ਕਰਨ ਚਲੇ ਗਏ। ਉਨ੍ਹਾਂ ਆਪਣੇ ਪੁੱਤਰਾਂ ਰਣਜੀਤ ਸਿੰਘ, ਪ੍ਰੀਤਮ ਸਿੰਘ,ਮਣਸਾ ਸਿੰਘ ਨੂੰ ਵੀ ਬੁਲਾ ਲਿਆ। ਮਿਹਨਤ ਕਰਕੇ ਡੂਢ ਮੁਰੱਬਾ ਮੁੱਲ ਲਿਆ। ਬਹੁਤਾ ਨਰਮਾ, ਕਣਕ, ਛੋਲੇ, ਜਵਾਰ ਜਾਂ ਪੱਠਾ ਦੱਥਾ ਹੀ ਬੀਜਦੇ। ਬਜ਼ੁਰਗ ਨਰਮਾਂ, ਚੱਕ ਝੁੰਮਰਾ ਅਤੇ ਬਾਕੀ ਜਿਣਸ ਅਕਸਰ ਜੜ੍ਹਾਂਵਾਲਾ ਹੀ ਗੱਡਿਆਂ ਉਤੇ ਲੱਦ ਕੇ ਵੇਚ ਆਉਂਦੇ। ਸਾਡੇ ਬਜ਼ੁਰਗ ਪਿੰਡ ਵਿੱਚ ਸ਼ਾਹੂਕਾਰ ਵੱਜਦੇ, ਘੋੜੀਆਂ ਵਾਲੇ ਸਰਦਾਰ ਸਦੀਂਦੇ, ਇੱਟਾਂ ਦਾ ਭੱਠਾ ਵੀ ਲਾਇਆ। ਸਾਡੇ ਬਾਪ ਦੀ ਸ਼ਾਦੀ ਇਧਰ ਅਤੇ ਬਾਕੀਆਂ ਦੀ ਬਾਹਰ ਵਿੱਚ ਹੋਈ। ਮੇਰੀ ਮਾਤਾ ਪੂਰਨ ਕੌਰ, ਇਲਾਕੇ ਵਿੱਚ ਪੂਰੋ ਸ਼ਾਹਣੀ ਵੱਜਦੀ, ਜਿਸ ਦਾ ਪੇਕਾ ਪਿੰਡ ਬਿਲਗਾ-ਨੂਰਮਹਿਲ ਸੀ। ਦਾਦੀ ਰਾਜ ਕੌਰ, ਪੇਕਾ ਪਿੰਡ ਦੁਸਾਂਝ ਕਲਾਂ-ਫਗਵਾੜ੍ਹਾ ਵੀ ਦੁਬੰਗ ਬੇਬੇ ਸਦੀਂਦੀ।
ਸਾਡੇ ਸ਼ਰੀਕੇ 'ਚੋਂ ਬਰਾਬਰ ਪੀੜ੍ਹੀ ਦੇ ਅਮਰ ਸਿੰਘ, ਗੁਰਬਖ਼ਸ਼ ਸਿੰਘ ਵਲਦ ਪ੍ਰਤਾਪ ਸਿੰਘ ਉਧਰ ਦਾਊਆਣਾ ਸ਼ੰਕਰ ਬੈਠੇ। ਗੁਆਂਢੀ ਪਿੰਡਾਂ ਵਿੱਚ ਚੱਕ 233,35,36 ਅਤੇ 37 ਵੱਜਦੇ।

ਇਕ ਗੁਰਦੁਆਰਾ ਸਿੰਘ ਸਭਾ ਸੀ। ਗੁਰਮੁਖ ਸਿੰਘ ਅਤੇ ਨਿਰੰਜਣ ਸਿੰਘ ਦੋ ਸਕੇ ਭਰਾ ਉਥੇ ਸੇਵਾ ਕਰਦੇ। ਬੱਚਿਆਂ ਨੂੰ ਗੁਰਮੁਖੀ ਅਤੇ ਨਾਲ ਨਾਲ ਗੱਤਕਾ ਵੀ ਸਿਖਾਉਂਦੇ। ਮੈਂ ਵੀ ਉਨ੍ਹਾਂ ਕੋਲ ਪੜ੍ਹਦਾ ਰਿਹਾ। ਪਿੰਡ ਵਿੱਚਕਾਰ ਇਕ ਖੂਹ ਸੀ ਜਿਥੋਂ ਸੁੱਚਾ ਸਿੰਘ ਮਹਿਰਾ ਘੜਿਆਂ ਵਿੱਚ ਪਾਣੀ ਢੋਂਹਦਾ। ਉਹਦੇ ਘਰੋਂ ਭੱਠੀ 'ਤੇ ਦਾਣੇ ਭੁੰਨਦੀ। ਲੋਕਾਂ ਦੇ ਵਿਆਹ ਸ਼ਾਦੀਆਂ ਦੇ ਕੰਮ ਵੀ ਨਿਪਟਾਉਂਦੇ। ਵੈਸੇ ਤਦੋਂ ਕਈ ਸਰਦੇ ਘਰਾਂ ਵਿੱਚ ਨਲ਼ਕੇ ਵੀ ਸਨ। ਦੋ ਵੱਡੀਆਂ ਨਹਿਰਾਂ ਪਿੰਡ ਦੇ ਬਾਹਰਵਾਰ ਚੜ੍ਹਦੇ-ਲਹਿੰਦੇ ਵਹਿੰਦੀਆਂ। ਖੇਤਾਂ ਨੂੰ ਸਿੰਜਦੀਆਂ।

ਪਿੰਡ ਵਿੱਚ ਇੱਕ ਮੋਚੀ---ਜੋ ਜੁੱਤੀਆਂ ਗੰਢਦਾ ਅਤੇ ਨਵੇਂ ਖੁੱਸੇ ਬਣਾਉਂਦਾ।   

ਪਿੰਡ ਦੇ ਚੌਧਰੀਆਂ ਵਿਚ ਸਾਡਾ ਬਾਬਾ ਠਾਕੁਰ ਸਿੰਘ, ਪਿਸ਼ੌਰਾ ਸਿੰਘ ਨਾਈ। ਚਾਰ ਭਰਾ ਦਲੀਪ ਸਿੰਘ ਲੰਬੜਦਾਰ, ਪੂਰਨ ਸਿੰਘ, ਨੱਥਾ ਸਿੰਘ ਅਤੇ ਬਸੰਤ ਸਿੰਘ ਹੁੰਦੇ। ਦੋ ਭਰਾ ਲੰਬੜਦਾਰ ਕਿਹਰ ਸਿੰਘ ਅਤੇ ਭਾਨ ਸਿੰਘ ਵੀ ਵੱਜਦੇ, ਜਿਨ੍ਹਾਂ ਦਾ ਪਿਛਲਾ ਪਿੰਡ ਬੀਹਲਾ-ਮਾਲਵਾ ਸੀ। 234 ਚੱਕ ਵਿੱਚ ਖ਼ਾਸੀਅਤ ਇਹ ਸੀ ਕਿ ਸਾਡੇ ਦੁਆਬੀਆਂ ਦੇ 2 ਘਰ ਛੱਡ ਕੇ ਬਾਕੀ ਸਾਰੇ ਮਲਵਈ ਪੈਂਨਸ਼ਨੀਏਂ ਹੀ ਸਨ। ਇਸੀ ਵਜ਼ਾ ਉਹ ਫ਼ੌਜੀਆਂ ਦਾ ਚੱਕ ਵੱਜਦਾ। ਇਕ ਹੋਰ ਖ਼ਾਸ ਇਹ ਕਿ ਸਾਰਾ ਪਿੰਡ ਹੀ ਸਿੱਖ ਬਰਾਦਰੀ ਦਾ ਸੀ। ਇੱਥੋਂ ਤੱਕ ਕਿ ਜੋ ਕੁੱਝ ਘਰ ਬ੍ਰਾਹਮਣਾਂ, ਨਾਈਆਂ ਜਾਂ ਮੱਜ੍ਹਬੀ ਪਰਿਵਾਰਾਂ ਦੇ ਸਨ, ਉਹ ਵੀ ਸਾਰੇ ਸਰਦਾਰ ਹੀ। ਕੇਵਲ 2 ਘਰ ਮੁਸਲਿਮ ਭਾਈਚਾਰੇ ਦੇ ਹੁੰਦੇ, ਜੋ ਲੁਹਾਰਾ ਤਰਖਾਣਾਂ ਕੰਮ ਕਰਦੇ। ਇਨ੍ਹਾਂ 'ਚੋਂ ਇਕ ਦਾ ਨਾਮ ਮੁਹੰਮਦੀ ਸੀ।
ਇਕ ਬੜੀ ਵੱਡੀ ਘਟਨਾ ਮੈਨੂੰ ਯਾਦ ਆ ਰਹੀ ਐ। ਕਿ ਸਾਡੇ ਥਾਣੇ ਦਾ ਵੱਡਾ ਥਾਣੇਦਾਰ ਬਦਲਕੇ ਨਵਾਂ ਆਇਆ। ਉਸ ਨੇ ਨਹਿਰੀ ਡਾਕ ਬੰਗਲੇ ਵਿਚ ਪਿੰਡ ਦੇ ਮੋਹਤਬਰਾਂ ਦਾ 'ਕੱਠ ਸੱਦਿਆ। ਥਾਣੇਦਾਰ ਨੇ ਆਪਣਾ ਭਾਸ਼ਨ ਸ਼ੁਰੁ ਕੀਤਾ ਕਿ ਮੈਂ ਇੰਜ ਕਰਦਿਆਂਗਾ, ਉਂਜ ਕਰਦਿਆਂਗਾ। ਪਿੰਡ ਦੇ ਚੌਧਰੀਆਂ ਤੋਂ ਸਹਿਯੋਗ ਮੰਗਦਿਆਂ ਉਸ ਕਿਹਾ ਕਿ ਅਗਰ ਪਿੰਡ ਵਿੱਚ ਕੋਈ ਸ਼ਰਾਰਤੀ ਅਨਸਰ ਹੈ ਤਾਂ ਦੱਸੋ। ਉਪਰ ਜ਼ਿਕਰ ਪਿੰਡ ਦੇ ਚੌਧਰੀ ਕਿਹਰ-ਭਾਨ ਵੀ ਉਸ ਨੇ ਆਪਣੇ ਖੱਬੇ-ਸੱਜੇ ਬਿਠਾਏ ਹੋਏ ਸਨ। ਲੰਬੜਦਾਰ ਦਲੀਪ ਸਿੰਘ ਅਤੇ ਉਸ ਦੇ ਉਪਰ ਜ਼ਿਕਰ 3 ਭਰਾ ਸਾਹਮਣੇ ਮੰਜਿਆਂ ਉਤੇ। ਉਨ੍ਹਾਂ ਦੋਨਾਂ ਧਿਰਾਂ ਦੀ ਪਹਿਲਾਂ ਵੀ ਕੁੱਝ ਖਹਿਬਾਜ਼ੀ ਚੱਲਦੀ ਸੀ। ਲੰਬੜਦਾਰ ਦਲੀਪ ਸਿੰਘ ਵਗੈਰਾ ਨੇ ਕੇਹਰ-ਭਾਨ ਵੱਲ ਇਸ਼ਾਰਾ ਕਰਦਿਆਂ, ਥਾਣੇਦਾਰ ਨੂੰ ਕਿਹਾ," ਜਨਾਬ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਤਾਂ ਤੁਸੀਂ ਆਪਣੇ ਖੱਬੇ-ਸੱਜੇ ਬਿਠਾਏ ਹੋਏ ਨੇ।"
ਇਹ ਸੁਣਦਿਆਂ ਹੀ ਸਮਝੋ ਕੇਹਰ-ਭਾਨ ਦੇ ਤਾਂ ਸੱਤੀਂ ਕੱਪੜੀਂ ਅੱਗ ਲੱਗ ਗਈ। ਉਨ੍ਹਾਂ ਬੜੀ ਹੇਠੀ ਸਮਝੀ ਜਿਵੇਂ, ਦਰੋਪਤੀ ਦਾ ਭਰੀ ਸਭਾ ਵਿੱਚ ਚੀਰ ਹਰਨ ਹੋ ਗਿਆ। ਉਨ੍ਹਾਂ ਦਲੀਪ ਸਿੰਘ ਵਗੈਰਾ ਨੂੰ ਨਤੀਜਾ ਭੁਗਤਣ ਦੀ ਧਮਕੀ, ਥਾਣੇਦਾਰ ਦੀ ਹਾਜ਼ਰੀ ਵਿੱਚ ਹੀ ਦੇ ਦਿੱਤੀ ਜਿਸ ਦਾ ਸਰ-ਅੰਜਾਮ ਉਸੇ ਸ਼ਾਮ ਆ ਗਿਆ। 

PunjabKesari

ਦਲੀਪ ਸਿੰਘ ਲੰਬੜਦਾਰ ਵਗੈਰਾ ਦਾ ਕਤਲ:
ਸ਼ਾਮ ਢਲੇ, ਸੂਰਜ ਅਸਤ ਹੋਣ 'ਤੇ ਪਿੰਡ ਵਿੱਚ ਗੋਲ਼ੀਆਂ ਦੀ ਤਾੜ ਤਾੜ ਸ਼ੁਰੂ ਹੋਈ। ਲੰਬੜਦਾਰ ਦਲੀਪ ਸਿੰਘ, ਪੂਰਨ ਸਿੰਘ, ਨੱਥਾ ਸਿੰਘ ਤਿੰਨੋਂ ਭਰਾ ਕੇਹਰ-ਭਾਨ ਟੋਲੇ ਵਲੋਂ ਮਾਰ ਦਿੱਤੇ ਗਏ। ਚੌਥਾ ਭਰਾ ਬਸੰਤ ਸਿੰਘ ਭੱਜ ਕੇ ਸਾਡੇ ਘਰ ਲੁਕ ਗਿਆ। ਲੰਬੜਦਾਰ ਕਿਹਰ ਸਿੰਘ ਵੀ ਰਫ਼ਲ ਲੈ ਕੇ ਉਸ ਮਗਰ ਭੱਜ ਆਇਆ। ਉਸ ਮੇਰੇ ਪਿਤਾ ਜੀ ਵੱਲ ਰਫ਼ਲ ਸਿੱਧੀ ਕਰਦਿਆਂ ਆਪਣੇ ਸ਼ਿਕਾਰ ਦੀ ਮੰਗ ਕੀਤੀ। ਪਿਤਾ ਜੀ ਨੇ ਵੀ ਘਬਰਾਹਟ ਵਿਚ ਦਾਣਿਆਂ ਦੇ ਬੱਧੇ ਕੁੱਪ ਵੱਲ ਇਸ਼ਾਰਾ ਕਰਤਾ ਤਾਂ ਕੇਹਰ ਧੂਹ ਕੇ ਸ਼ਿਕਾਰ ਕੱਢ ਲਿਆਇਆ। ਸਾਡੇ ਵਿਹੜੇ ਵਿੱਚ, ਸਾਡੀਆਂ ਅੱਖਾਂ ਦੇ ਸਾਹਮਣੇ ਹੀ ਬਸੰਤ ਸਿੰਘ ਭੁੰਨ ਦਿੱਤਾ। ਉਪਰੰਤ ਉਹ ਭਗੌੜੇ ਹੋ ਗਏ। ਪੈਸੇ ਦੀ ਲੋੜ ਪੂਰੀ ਕਰਨ ਲਈ ਉਨ੍ਹਾਂ ਸਾਡੇ ਬਾਬੇ ਪਾਸ ਆਪਣਾ ਅੱਧਾ ਮੁਰੱਬਾ ਗਹਿਣੇ ਰੱਖਿਆ। ਅਖ਼ੀਰ ਉਹ ਫੜੇ ਗਏ। ਮੁਕੱਦਮਾ ਚੱਲਿਆ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ। ਇਹ ਵਾਕਿਆ ਕਰੀਬ 1932-33 ਦਾ ਏ। ਭਾਨੇ ਦੇ ਬੇਟੇ ਜਗੀਰ ਅਤੇ ਵਜ਼ੀਰ ਹੋਏ ਜੋ ਇਧਰ ਆ ਕੇ ਲੌਂਗੋਵਾਲ-ਸੰਗਰੂਰ ਬੈਠੇ। ਇਸ ਚੌਹਰੇ ਕਤਲਕਾਂਡ ਨਾਲ ਕੇਹਰ-ਭਾਨ ਭਰਾਵਾਂ ਦੀ ਇੰਨੀ ਪ੍ਰਸਿੱਧੀ ਹੋ ਗਈ ਕਿ 234 ਚੱਕ, ਹੁਣ ਤੱਕ ਕੇਹਰ-ਭਾਨ ਦਾ ਚੱਕ ਸਦੀਦਾਂ ਏ। ਦੁਰਗਾ ਸਿੰਘ ਬ੍ਰਾਹਮਣ ਦੇ ਭਰਾ ਦੇਵਾ ਸਿੰਘ ਨੇ ਕਿਹਰ-ਭਾਨ ਦਾ ਕਿੱਸਾ ਛਾਪਿਆ। ਜੋ ਬਹੁਤ ਮਕਬੂਲ ਹੋਇਆ। ਪੁਲਸ ਨੇ ਬਾਅਦ ਵਿੱਚ ਉਹ ਜ਼ਬਤ ਕਰ ਲਏ। ਉਨ੍ਹਾਂ 'ਚੋਂ ਮੈਨੂੰ ਇਕ ਬੰਦ ਯਾਦ ਏ-

'ਲਾਲਾ ਲਾਲਾ ਹੋ ਗਈ ਦਲੀਪ ਮਾਰਿਆ।
ਨੱਥਾ, ਕੰਧ ਟੱਪ ਕੇ ਕਪਾਹ 'ਚ ਮਾਰਿਆ।

ਹੁਣ ਕਿੱਥੇ ਜਾਣਾ ਭੱਜ ਨੱਥਿਆ ਵੇ ਸੂਰਮਾ।
ਨਿੱਤ ਜੀਣੀ ਕੋਲੋਂ ਸੀ ਕੁਟਾਉਂਦਾ ਚੂਰਮਾ।

ਪਹਿਲੀ ਗੋਲ਼ੀ ਮਾਰੀ ਕਾਲਜੇ ਤੇ ਸਿੰਨਕੇ।
ਘਾਣੀ 'ਚ ਲੁਟਾਤਾ ਆਟੇ ਵਾਂਗੂੰ ਗੁੰਨ੍ਹ ਕੇ।'

ਕੇਹਰ-ਭਾਨ ਹੋਰਾਂ ਦੀ ਇੱਕ ਭੈਣ ਮਾਈ ਨੰਦ ਕੌਰ ਓਧਰ ਨਜ਼ਦੀਕੀ ਪਿੰਡ ਚੱਕ 93 ਨਕੋਦਰ ਦੇ ਵਰਿਆਮ ਸਿੰਘ ਭੰਗੀ ਨੂੰ ਵਿਆਹੀ ਹੋਈ ਸੀ (ਇਨ੍ਹਾਂ ਦਾ ਪਰਿਵਾਰ/ਪੋਤਰਾ ਸੁਖਪਾਲ ਸਿੰਘ ਭੰਗੀ ਹੁਣ ਚੱਕ ਵੇਂਡਲ-ਨਕੋਦਰ ਬੈਠਾ ਹੈ)। ਵਰਿਆਮ ਸਿੰਘ ਦੇ ਦੋ ਹੋਰ ਭਰਾ ਅਮਰ ਸਿੰਘ ਅਤੇ ਦੀਵਾਨ ਸਿੰਘ ਸਨ, ਜਿਨ੍ਹਾਂ ਦਾ ਪਿਛਲਾ ਜੱਦੀ ਪਿੰਡ ਇਧਰ ਚੱਕ ਬਾਗੜੀ-ਨਕੋਦਰ ਸੀ। ਦਲੀਪ ਸਿੰਘ ਲੰਬੜਦਾਰ ਦੇ ਕਤਲ ਉਪਰੰਤ ਪਿਸ਼ੌਰਾ ਸਿੰਘ ਨਾਈ ਸਰਬਰਾਹ ਲੰਬੜਦਾਰ ਬਣਿਆਂ। 1945 ਚ ਬਾਲਗ ਹੋਣ ਉਪਰੰਤ, ਦਲੀਪ ਸਿੰਘ ਲੰਬੜਦਾਰ ਦਾ ਬੇਟਾ ਮਹਿੰਦਰ ਸਿੰਘ ਪੱਕਾ ਲੰਬੜਦਾਰ ਬਣ ਗਿਆ ਸੋ ਇਧਰ ਆ ਕੇ ਲੌਂਗੋਵਾਲ-ਸੰਗਰੂਰ ਬੈਠਾ।

ਮੈਂ ਚੱਕ 124 ਰੋਡੀ ਦੇ ਪ੍ਰਾਇਮਰੀ ਸਕੂਲ ਤੋਂ 1944 ਵਿੱਚ ਚੌਥੀ ਜਮਾਤ ਪਾਸ ਕੀਤੀ। ਉਥੇ ਰੋਡੀ ਤੋਂ ਅਬਦੁਲ ਗ਼ਫ਼ੂਰ, ਮੌਲਵੀਆਣਾ ਤੋਂ ਗ਼ੁਲਾਮ ਫ਼ਰੀਦ, ਮੇਰੇ ਚੱਕੋਂ ਬਸ਼ੀਰ ਮੁਹੰਮਦ, ਰਫ਼ੀਕ, ਮੁਨੱਵਰ ਹੁਸੈਨ, ਅਬਦੁੱਲਾ, ਹਬੀਬ ਉਲ੍ਹਾ ਵਗੈਰਾ ਮੁਸਲਿਮ ਮੁੰਡੇ ਮੇਰੇ ਸਕੂਲ ਸਾਥੀ ਹੁੰਦੇ। ਤਦੋਂ ਮੇਰੇ ਚੱਕ ਤੋਂ ਬ੍ਰਾਹਮਣਾ ਦਾ ਮੁੰਡਾ ਨਸੀਬ ਚੰਦ ਪੁੱਤਰ ਦੁਰਗਾ ਸਿੰਘ ਮਿਡਲ ਕਲਾਸ ਵਿੱਚ ਜੜ੍ਹਾਂਵਾਲਾ ਪੜ੍ਹਦਾ। ਉਹਦੇ ਛੋਟੇ ਭਰਾ ਦੇਸ ਰਾਜ ਅਤੇ ਓਮ ਪ੍ਰਕਾਸ਼ ਮੇਰੇ ਸਕੂਲ ਵਿੱਚ। ਜੋ ਇਧਰ ਆ ਕੇ ਸੁਨਾਮ-ਸੰਗਰੂਰ ਬੈਠੇ। ਮੈਂ 1944 ਵਿੱਚ ਚੌਥੀ ਜਮਾਤ ਪਾਸ ਕਰਕੇ ਇਧਰ ਜਮਸ਼ੇਰ-ਜਲੰਧਰ ਦੇ ਮਿਡਲ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਆ ਦਾਖ਼ਲ ਹੋਇਆ। ਜਮਸ਼ੇਰ ਮੇਰੀ ਵੱਡੀ ਭੈਣ ਪ੍ਰੀਤਮ ਸਿੰਘ ਪੁੱਤਰ ਸਵਰਨ ਸਿੰਘ ਸ਼ੇਰਗਿੱਲ ਨੂੰ ਵਿਆਹੀ ਹੋਈ ਸੀ, ਉਨ੍ਹਾਂ ਪਾਸ ਹੀ ਰਿਹਾ।

ਰੌਲਿਆਂ ਵੇਲੇ ਮੈਂ ਇਧਰ ਜਮਸ਼ੇਰ ਹੀ ਸਾਂ। ਬਜ਼ੁਰਗਾਂ ਦੇ ਦੱਸਣ ਮੁਤਾਬਕ ਉਧਰ 234 ਚੱਕ ਵਿੱਚ ਦਾਊਆਣਾ ਸ਼ੰਕਰ ਤੋਂ ਕੁੱਝ ਲਿਹਾਜ਼ੀ ਬੰਦੇ ਰੌਲਿਆਂ ਤੋਂ ਸੁਚੇਤ ਕਰਨ ਆਏ। ਉਨ੍ਹਾਂ ਪਿੰਡ ਛੱਡਣ ਦੀ ਤਿਆਰੀ ਕਰਨ, ਤੱਦ ਤੱਕ ਮੋਰਚੇ ਬਣਾਉਣ, ਹਥਿਆਰ 'ਕੱਠੇ ਕਰਨ ਅਤੇ ਪਹਿਰਾ ਲਾਉਣ ਲਈ ਕਿਹਾ। ਚੱਕ ਵਾਲਿਆਂ ਤੁਰੰਤ ਉਸ 'ਤੇ ਅਮਲ ਕੀਤਾ। ਉਸ ਇਲਾਕੇ ਵਿੱਚ ਸਿੱਖ-ਹਿੰਦੂ ਬਹੁ ਵਸੋਂ ਸੀ। ਸਰਦਾਰ ਵੀ ਬਹੁਤੇ ਸੁਚੇਤ ਅਤੇ ਹਥਿਆਰ ਬੰਦ ਸਨ। ਸੋ ਤਦੋਂ ਪਿੰਡਾਂ ਉਪਰ ਘੱਟ ਹਮਲੇ ਹੋਏ। ਹਾਂ ਜਿੱਥੇ ਬਲੋਚ ਮਿਲਟਰੀ ਨੇ ਦੰਗੱਈਆਂ ਦਾ ਸਾਥ ਦਿੱਤਾ ਉਥੇ ਬਹੁਤਾ ਨੁਕਸਾਨ ਹੋਇਆ।

-ਤੇ ਕਾਫ਼ਲਾ ਤੁਰ ਪਿਆ: ਖੂਨ ਪਸੀਨੇ ਨਾਲ ਬਣਾਈ ਸੰਵਾਰੀ, ਜਰਖੇਜ਼ ਬਾਰ ਛੱਡਣ ਦਾ ਵੇਲਾ ਆ ਗਿਆ। ਸ਼ੰਕਰ ਦਾਊਆਣਾ ਵਿਚ ਆਂਡ-ਗੁਆਂਢ ਪਿੰਡਾਂ ਦੇ ਗੱਡਿਆਂ ਦਾ ਕਾਫ਼ਲਾ ਕੱਠਾ ਹੋ ਕੇ ਫਲਾਈ ਵਾਲਾ-ਲਹੁਕੇ- ਜੜ੍ਹਾਂਵਾਲਾ-ਬੱਲੋ ਕੀ ਹੈੱਡ-ਖੇਮਕਰਨ-ਅੰਬਰਸਰ ਹੁੰਦਾ ਹੋਇਆ ਇਧਰ ਆਪਣੇ ਆਪਣੇ ਪਿੰਡਾਂ ਵਿੱਚ ਖਿੱਲਰ ਗਿਆ। ਉਦੋਂ ਸਾਡੇ ਪਿਛਲੇ ਜੱਦੀ ਪਿੰਡ ਸ਼ੰਕਰ, ਸਿੰਜ ਦਾ ਵੇਲਾ ਸੀ। ਵਡੇਰਿਆਂ ਮੁੜ ਉਥੇ ਆ ਕਯਾਮ ਕੀਤਾ। ਸਾਡੀ ਕੱਚੀ ਪਰਚੀ ਨੰਗਲ-ਨਕੋਦਰ ਦੀ ਪਈ। ਉਪਰੰਤ ਪੱਕੀ ਪਰਚੀ ਇਸ ਮਾਲੜੀ ਦੀ ਪਈ। 
ਬਜ਼ੁਰਗ, ਇਧਰੋਂ ਜਾਣ ਲੱਗੇ ਖੇਤੀਬਾੜੀ ਦੇ ਸੰਦਾਂ ਦੇ ਗੱਡੇ ਭਰਕੇ, ਲਵੇਰੀਆਂ, ਘੋੜੀਆਂ ਨਾਲ ਲੈਸ ਹੋ ਕੇ ਗਏ। ਅਫ਼ਸੋਸ ਕਿ ਵਾਪਸ ਫਾਕੇ ਝਾਗਦੇ ਖਾਲੀ ਹੱਥ ਹੀ ਪਰਤੇ। ਮੇਰੇ ਘਰ ਦੋ ਬੇਟੀਆਂ, ਤਿੰਨ ਬੇਟੇ ਗੁਰਦੀਪ,ਹਰਪਾਲ ਅਤੇ ਪਰਮਿੰਦਰ ਹੋਏ। ਹੁਣ ਮੈਂ ਵਿਚਕਾਰਲੇ ਬੇਟੇ ਹਰਪਾਲ ਸਿੰਘ ਪਾਸ ਰਹਿ ਕੇ ਜ਼ਿੰਦਗੀ ਦੀ ਸ਼ਾਮ ਹੰਢਾਅ ਰਿਹੈਂ। ਨੂੰਹ-ਪੁੱਤ-ਪੋਤਰੇ ਚੰਗੀ ਸੇਵਾ ਭਾਵਨਾ ਅਤੇ ਹਲੀਮੀ ਵਾਲੇ ਨੇ। ਹੁਣ 90 ਵਿਆਂ 'ਚ ਮੇਰੀ ਚੰਗੀ ਸਿਹਤ ਅਤੇ ਲੰਬੀ ਉਮਰ ਦਾ ਇਹੋ ਰਾਜ਼ ਏ।-ਕੱਲ੍ਹ ਕੀ ਮੇਰੀ ਬਲਾ ਜਾਨੇ।"

ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News