1947 ਹਿਜਰਤਨਾਮਾ- 56: ਗੁਰਦੇਵ ਸਿੰਘ ਜੌਹਲ

12/30/2021 5:26:55 PM

'ਸ਼ਾਹ ਮੁਹੰਮਦ ਥਾਣੇਦਾਰ ਨੇ ਹਿੰਦੂ-ਸਿੱਖਾਂ ਨਾਲ ਦਗ਼ਾ ਕੀਤਾ'
"ਪਿਆਰੇ ਪਾਠਕੋ ਮੈਂ ਗੁਰਦੇਵ ਸਿੰਘ ਜੌਹਲ ਪੁੱਤਰ ਕਰਤਾਰ ਸਿੰਘ ਪੁੱਤਰ ਗੁਰਬਚਨ ਸਿੰਘ ਜੱਦੀ ਪਿੰਡ ਜੰਡਿਆਲਾ ਮੰਜਕੀ ਪਰ ਹਾਲ ਆਬਾਦ ਪਿੰਡ ਬਜੂਹਾ ਕਲਾਂ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਤੋਂ ਮੁਖ਼ਾਤਿਬ ਹਾਂ। 1887 'ਚ ਜਦ ਬਾਰਾਂ ਖੁੱਲੀਆਂ ਤਾਂ ਮੇਰੇ ਪੜਦਾਦਾ ਪੰਜਾਬ ਸਿੰਘ ਨੇ ਵੀ ਲੈਲਪੁਰ ਦੀ ਮੁਹਾਰ ਘੱਤੀ। 99ਵੇਂ ਚੱਕ ਪੱਕਾ ਜੰਡਿਆਲਾ ਥਾਣਾ ਖੁਰੜਿਆਂ ਵਾਲਾ ਸ਼ੰਕਰ, ਤਹਿਸੀਲ ਜੜ੍ਹਾਂਵਾਲਾ ਜ਼ਿਲ੍ਹਾ ਲੈਲਪੁਰ ਜਾ ਚਾਰ ਮੁਰੱਬੇ ਆਬਾਦ ਕੀਤੇ। ਮੇਰੇ ਬਾਬਾ ਜੀ ਗੁਰਬਚਨ ਸਿੰਘ ਵੀ ਨਾਲ ਗਏ। ਤਾਏ ਚੰਨਣ ਸਿੰਘ ਨੂੰ ਛੱਡ ਕੇ ਪਿਤਾ ਜੀ, ਭੂਆ ਅਤੇ ਸਾਰੀਆਂ ਭੈਣਾਂ ਭਾਈਆਂ ਰਘਬੀਰ ਸਿੰਘ, ਭੁਪਿੰਦਰ ਸਿੰਘ,ਮੱਖਣ ਸਿੰਘ ਦਾ ਜਨਮ ਬਾਰ ਦਾ ਈ ਐ। ਰੌਲਿਆਂ ਤੋਂ ਪਹਿਲਾਂ ਈ ਪਿਤਾ ਜੀ 1915 ਦੇ ਕਰੀਬ ਪਿੰਡ ਧਾਂਦਰਾ-ਲੈਲਪੁਰ ਦੇ ਗਿਆਨੀ ਨਿਰੰਜਣ ਸਿੰਘ ਦੀ ਬੇਟੀ ਨਿਹਾਲ ਕੌਰ ਨੂੰ ਵਿਆਹੇ। ਉਪਰੰਤ ਭੂਆ ਕਰਤਾਰ ਕੌਰ ਦਾਊਆਣਾ ਸ਼ੰਕਰ ਦੇ ਕਰਨੈਲ ਸਿੰਘ ਪੁਰੇਵਾਲ, ਵੱਡੀ ਭੈਣ ਬਖਸ਼ੀਸ਼ ਕੌਰ ਮੁੱਢਾਂ ਵਾਲਾ ਸ਼ੰਕਰ ਦੇ ਸਾਧੂ ਸਿੰਘ ਤੱਖ਼ਰ (ਭਰਾਤਾ ਚੌਧਰੀ ਦਰਸ਼ਨ ਸਿੰਘ ਮੰਡੀ ਬੋਰਡ) ਅਤੇ ਭੈਣ ਪ੍ਰੀਤਮ ਕੌਰ ਖੁਰੜਿਆਂ ਵਾਲਾ ਸ਼ੰਕਰ ਦੇ ਸਾਧੂ ਸਿੰਘ ਪੁਰੇਵਾਲ ਨੂੰ ਵਿਆਹੀ ਗਈ। 

ਮੈਥੋਂ ਛੋਟੀ ਭੈਣ ਗੁਰਦੇਵ ਕੌਰ ਅਤੇ ਸਾਡੇ ਸਾਰੇ ਭਾਈਆਂ ਦਾ ਵਿਆਹ ਇਧਰ ਆਕੇ ਹੋਇਆ। ਸਾਡੇ ਗੁਆਂਢੀ ਪਿੰਡਾਂ ਵਿੱਚ ਲਹਿੰਦੀ ਵੱਲ ਬੁੱਕੂਵਾਲਾ, ਕੱਚਾ ਜੰਡਿਆਲਾ, ਚੜ੍ਹਦੀ ਵੱਲ ਬਹੁ ਮੁਸਲਿਮ ਵਸੋਂ ਵਾਲਾ ਚੱਕ 96ਵਾਂ ਅਤੇ ਬਡਾਲਾ ਵਗੈਰਾ ਸਨ। ਪਿੰਡ ਦੇ ਚੌਧਰੀਆਂ ਵਿੱਚ ਕੁੱਝ ਟੱਬਰ ਵੱਜਦੇ ਸਨ, ਜਿਨ੍ਹਾਂ 'ਚ ਕਾਜ਼ੀਆਂ ਦਾ ਨੰਦ ਸਿੰਘ, ਘੰਟਿਆਂ ਦਾ ਜਗੀਰ ਸਿੰਘ, ਫੱਤੇ ਕਿਆਂ ਦਾ ਪੱਗੜ ਬਖਸ਼ੀਸ਼ ਸਿੰਘ, ਕੱਚਿਆਂ ਦਾ ਬੁਰਛਾ ਸਿੰਘ, ਭੌਰਿਆਂ ਦਾ ਕਰਤਾਰ ਸਿੰਘ, ਜੱਗਰਾਂ ਦਾ ਕਰਤਾਰ ਸਿੰਘ, ਲੰਬੜਦਾਰ ਸਾਧੂ ਸਿੰਘ ਜੌਹਲ ਜੋ ਇਧਰ ਆ ਕੇ ਚੂਹੇਕੀ-ਨੂਰਮਹਿਲ ਬੈਠੇ ਅਤੇ ਲੰਬੜਦਾਰ ਕਪੂਰ ਸਿੰਘ ਵਗੈਰਾ ਸਨ। ਪਿੰਡ ਵਿੱਚ ਬਹੁਤਾਤ ਵਸੋਂ ਜੱਟ ਸਿੱਖ ਜੌਹਲਾਂ ਦੀ ਹੀ ਸੀ ਤੇ ਬਾਕੀ ਧੰਦਿਆਂ ਦੇ ਅਧਾਰਤ ਕਾਮੇ। ਕੁੱਝ ਘਰ ਮੁਸਲਮਾਨ ਮੁਸੱਲੀਆਂ ਦੇ ਇਕ ਘਰ ਪੁਰਾਣੇ ਵਾਸੂ ਮੁਸਲਿਮ ਜਾਂਗਲੀ ਦਾ, 1-1 ਘਰ ਮੁਸਲਿਮ ਦੁੱਲ੍ਹੇ ਤਰਖਾਣ ਅਤੇ ਮੁਸਲਿਮ ਬਹਾਦਰ ਲੁਹਾਰ ਦਾ ਸੀ। ਇਹ ਦੋਵੇਂ ਆਪਸ ਵਿੱਚ ਸਕੇ ਸਾਲਾ-ਭਨ੍ਹੋਈਆ ਲੱਗਦੇ।

ਅਮਰੂ ਝੀਰ ਘੜਿਆਂ ਮਸ਼ਕਾਂ ਨਾਲ ਲੋਕਾਂ ਦੇ ਘਰਾਂ ਵਿੱਚ ਖੂਹ ਤੋਂ ਪਾਣੀ ਢ੍ਹੋਂਦਾ। ਵਿਆਹਾਂ 'ਚ ਡੋਲ੍ਹੇ ਲੈ ਕੇ ਜਾਂਦਾ। ਇਹ ਇਧਰ ਆ ਕੇ ਜਮਸ਼ੇਰ ਬੈਠਾ। ਇ੍ਹਦਾ ਬੇਟਾ ਅੰਬੂ ਜਮਸ਼ੇਰ ਹਸਪਤਾਲ ਵਿੱਚ ਮੁਲਾਜ਼ਮ ਰਿਹੈ।ਹਾਕਮ ਸਿੰਘ ਅਰੋੜਾ ਹੱਟੀ ਕਰਦਾ। ਖੂਹੀ ਸੱਭ ਤੋਂ ਪਹਿਲਾਂ ਸਾਡੇ ਪੜਦਾਦਾ ਪੰਜਾਬ ਸਿੰਘ ਨੇ ਪਿੰਡ ਦੇ ਵਿਚਕਾਰ ਲਵਾਈ। ਇਕ ਖੂਹੀ ਜਗਤ ਸਿੰਘ ਜੌਹਲ ਦੇ ਘਰ ਹੁੰਦੀ। ਉਹ ਜਗਤ ਸਿੰਘ ਖੂਹੀ ਵਾਲਾ ਵੱਜਦਾ। ਇਕ ਗੁਰਦੁਆਰਾ ਸਾਹਿਬ ਵਿਖੇ ਅਤੇ ਇੱਕ ਫਰਸ਼ ਤੋਂ ਸਿਖ਼ਰ ਤੱਕ ਪੱਕੀ ਛੱਤੀ ਬਾਹਰ। ਇਸ ਨੂੰ ਸਾਫ਼ ਕਰਕੇ ਸਿਆਲਾਂ ਵੇਲੇ ਨਹਿਰ ਦਾ ਪਾਣੀ ਪੀਣ ਜਾਂ ਨਹਾਉਣ ਲਈ ਭਰ ਲੈਂਦੇ। ਭਰ ਗਰਮੀਆਂ 'ਚ ਉਹੀ ਵਰਤਦੇ। ਪਾਣੀ ਇਕ ਦਮ ਠੰਢਾ ਨਿਰਮਲ ਹੁੰਦਾ। ਪਿੰਡ ਬਾਹਰ ਇਕ ਢਾਬ ਹੁੰਦੀ, ਜਿਸ ਦਾ ਪਾਣੀ ਕੱਪੜੇ ਧੋਣ, ਪਸ਼ੂਆਂ ਦੇ ਨਹਾਉਣ ਧੋਣ ਲਈ ਵਰਤਦੇ। ਉਂਝ 3-4 ਸਰਦਿਆਂ ਘਰਾਂ ਵਿੱਚ ਨਲ਼ਕੇ ਵੀ ਸਨ। ਗੁਰਦੁਆਰਾ ਸਾਹਿਬ 'ਚ ਇੱਕ ਵੱਡੀ ਸਮਾਂ ਘੜੀ ਅਤੇ ਨਹਿਰੀ ਪਾਣੀ ਦੀ ਵਾਰੀਆਂ ਦੀ ਸਮਾਂ ਸੂਚੀ ਚੇਪੀ ਹੁੰਦੀ।

ਪਿੰਡ ਵਿੱਚ ਚੌਥੀ ਤੱਕ ਸਕੂਲ ਸੀ। ਸਾਡੇ ਸਾਰੇ ਭਾਈਆਂ ਚੋਂ ਕੋਈ ਸਕੂਲ ਨਾ ਗਿਆ। ਬਾਲ ਉਮਰੇ ਡੰਗਰ ਚਾਰਨੇ, ਸਾਂਭਣੇ ਜਾਂ ਖੇਤੀਬਾੜੀ ਵਿੱਚ ਬਜ਼ੁਰਗਾਂ ਦਾ ਹੱਥ ਵਟਾਉਣਾ ਹੀ ਆਹਰ ਹੁੰਦਾ। ਮੇਰੇ ਹਮ ਉਮਰ ਬਚਪਨ ਦੇ ਸਾਥੀਆਂ ਵਿੱਚ ਮੁਸਲਮਾਨਾ ਦਾ ਢਿੱਲਾ, ਵਿਧਵਾ ਪੁੰਨਾ ਦਾ ਬੇਟਾ ਸੀ, ਜੋ ਅਕਸਰ ਸਾਡੇ ਘਰ ਮਾਈਆਂ ਨਾਲ ਕੰਮ ਵਿੱਚ ਹੱਥ ਵਟਾ ਜਾਂਦੀ। ਵੈਸੇ ਇਹ ਪਰਿਵਾਰ ਪਿੰਡ ਵਿੱਚ ਰੂੰਅ ਪਿੰਜਣ ਦਾ ਕੰਮ ਕਰਦੇ। ਸੱਜਣ ਸਿੰਘ ਜੌਹਲ ਦਾ ਪੁੱਤਰ ਬਲਕਾਰ ਅਤੇ ਭਤੀਜਾ ਪਾਲਾ ਵੀ ਮੇਰੇ ਬਚਪਨ ਦੇ ਬੇਲੀਆਂ ਵਿੱਚ ਸ਼ਾਮਲ ਹੁੰਦੇ। ਇਹ ਰੌਲਿਆਂ ਉਪਰੰਤ ਕੋਟ ਬਾਦਲ ਖਾਂ-ਨੂਰਮਹਿਲ ਬੈਠੇ। ਪਿੰਡ ਵਿੱਚ ਸਿੰਝ ਦਾ ਮੇਲਾ ਆਏ ਸਾਲ ਜੁੜਦਾ। ਮੇਰੇ ਪਿੰਡ ਤੋਂ ਨਾਮੀ ਪਹਿਲਵਾਨ ਨਿਰਮਲ ਤੇ ਗੁਰਦਾਸ ਅਕਸਰ ਸਿੰਝ ’ਚ ਗੁਰਜ ਲੁੱਟ ਲੈਂਦੇ। ਨਿਰਮਲ ਜਿੱਥੇ ਬਾਅਦ 'ਚ ਕੋਟ ਬਾਦਲ ਖਾਂ ਬੈਠਾ। ਉਥੇ ਗੁਰਦਾਸ ਪਿਆਕੜ ਹੋਣ ਕਾਰਨ ਰੌਲਿਆਂ ਤੋਂ ਦੋ ਕੁ ਸਾਲ ਪਹਿਲਾਂ ਹੀ ਫੌਤ ਹੋ ਗਿਆ।

ਬਾਲ ਉਮਰੇ ਹੀ ਪਿਤਾ ਦੀ ਉਂਗਲ ਫੜ ਕੇ ਤੁਰ ਕੇ ਹੀ 93 ਚੱਕ ਨਕੋਦਰ ਥਾਣੀ ਨਨਕਾਣਾ ਸਾਹਿਬ ਅਤੇ ਵੱਡੀ ਨਹਿਰ ਦੇ ਪਾਰ ਚੱਕ ਬੰਗਾ ਭਗਤ ਸਿੰਘ ਦੇ ਸ਼ਹੀਦੀ ਮੇਲੇ ਤੇ ਜਾਣਾ ਮੈਨੂੰ ਅੱਜ ਵੀ ਕੱਲ ਦੀ ਤਰਾਂ ਯਾਦ ਐ। ਜਦ ਰੌਲਿਆਂ ਦੀ ਹਵਾ ਗਰਮ ਹੋਣ ਲੱਗੀ ਤਾਂ ਚੋਣਵੇਂ ਜਵਾਨਾਂ ਦਾ ਵਾਰੀ ਬੰਨ੍ਹ ਕੇ ਪਿੰਡ ਪਹਿਰਾ ਲੱਗਾ।

ਇਧਰੋਂ ਸਲੋਹ-ਨਵਾਂ ਸ਼ਹਿਰ ਤੋਂ ਸੁਨੱਖਾ,ਰੋਅਬ ਸ਼ੋਅਬ ਵਾਲਾ ਮੁਸਲਿਮ ਜਵਾਨ ਸ਼ਾਹ ਮੁਹੰਮਦ ਖੁਰੜਿਆਂ ਵਾਲਾ ਸ਼ੰਕਰ ਵੱਡਾ ਥਾਣੇਦਾਰ ਸੀ। ਉਹ ਅਕਸਰ ਪਿੰਡ ਗੇੜਾ ਰੱਖਦਾ। ਉਸ ਦੀ ਠਾਹਰ ਸਾਧੂ ਸਿੰਘ ਲੰਬੜਦਾਰ ਦੇ ਭਰਾ ਬਾਵਾ ਸਿੰਘ ਦੀ ਹਵੇਲੀ ਹੁੰਦੀ। ਮੁਸੱਲੀ ਮੁਸਲਿਮ ਗੰਗੂ ਖ਼ੋਜੀ ਪੁਲਿਸ ਦਾ ਟਾਊਟ ਵੀ ਵੇਲੇ ਨਾਲ ਆ ਮਿਲਦਾ। ਥਾਣੇਦਾਰ ਨੇ ਉਸ ਨੂੰ ਪਰਾਂ ਲੈਜਾਕੇ ਗੱਲਾਂ ਕਰਨੀਆਂ, ਨਿੰਦ ਪਤਾ ਲੈਣਾ। ਸਿੱਖ ਚੌਧਰੀਆਂ ਨੂੰ ਵਿਸ਼ਵਾਸ ਦਿਵਾਉਂਦਾ, "ਮੇਰੇ ਹੁੰਦਿਆਂ ਤੁਹਾਡੇ ਵੱਲ ਕੋਈ ਗਈ ਅੱਖ ਚੁੱਕ ਕੇ ਨਹੀਂ ਦੇਖ ਸਕਦਾ।" ਪਰ ਉਸ ਅੰਦਰ ਖੋਟ ਸੀ। ਉਸ ਗੁਆਂਢੀ ਪਿੰਡਾਂ ਦੇ ਮੁਸਲਿਮ ਦੰਗਾਈਆਂ ਨੂੰ ਸਿੱਖਾਂ ਵਿਰੁੱਧ ਲਾਮਬੰਦ ਕਰਕੇ ਹਮਲੇ ਲਈ ਉਕਸਾਇਆ। ਇਨ੍ਹਾਂ ਤਾਂ ਕੁਰਾਨ ਦੀਆਂ ਸੌਹਾਂ ਖਾ ਕੇ ਗੁਰੂ ਕਿਆਂ ਨਾਲ ਵਫ਼ਾ ਨਹੀਂ ਕੀਤੀ, ਸਾਡੇ ਨਾਲ ਤਾਂ ਕਿਸੇ ਕੀ ਕਰਨੀ ਸੀ?

ਜੁਲਾਈ '47 'ਚ ਭਾਰੀ ਬਰਸਾਤ ਪਈ। ਕੁਝ ਰੁਕ ਕੇ ਗੁਆਂਢੀ ਪਿੰਡਾਂ ਦੇ ਦੰਗਾਈਆਂ ਨੇ ਗੈਰ ਸਿੱਖਾਂ ਦੇ ਪਿੰਡਾਂ ਨੂੰ ਘੇਰਨਾ ਸ਼ੁਰੂ ਕਰਤਾ। ਢੋਲ ਵੱਜਦੇ, ਯਾ ਅਲੀ ਦੇ ਨਾਅਰੇ ਉੱਚੇ ਉਠਦੇ। ਸਰੀਂਹ, ਬਡਾਲਾ, ਦਾਊਆਣਾ ਸ਼ੰਕਰ, 93ਵੇਂ ਚੱਕ ਵਾਲਿਆਂ ਕਾਫ਼ਲੇ ਦੇ ਰੂਪ ’ਚ ਆਕੇ ਸਾਡੇ ਪਿੰਡ ਆਰਜ਼ੀ ਕੈਂਪ ਲਾ ਲਿਆ। ਸਾਡੇ ਕਾਫ਼ਲੇ ਤੋਂ ਪਹਿਲਾਂ ਵੀ ਇਨ੍ਹਾਂ ਪਿੰਡਾਂ ਚੋਂ ਇਕ ਵੱਡਾ ਕਾਫ਼ਲਾ ਆਪਣੇ ਜੱਦੀ ਪਿੰਡਾਂ ਲਈ ਰਵਾਨਾ ਹੋ ਚੁੱਕਾ ਸੀ। ਖ਼ਬਰ ਮਿਲੀ ਕਿ ਉਸ ਤੇ ਦੰਗਾਈਆਂ ਵਲੋਂ ਕਈ ਥਾਵਾਂ ’ਤੇ, ਖ਼ਾਸ ਕਰ ਬੱਲੋਕੀ ਹੈੱਡ ’ਤੇ ਵੱਡਾ ਹਮਲਾ ਹੋਇਆ। ਪਹਿਲਾਂ ਸਰਕਾਰੀ ਹੁਕਮ ਸੀ ਕਿ ਪਾਕਿਸਤਾਨ ਤੋਂ ਮੁਸਲਿਮ ਮਿਲਟਰੀ ਹਿੰਦੂ-ਸਿੱਖਾਂ ਨੂੰ ਬਚਾ ਕੇ ਭਾਰਤ ਪੁੱਜਦਾ ਕਰੇਗੀ। ਇਸੇ ਤਰ੍ਹਾਂ ਭਾਰਤ ਤੋਂ ਸਿੱਖ-ਡੋਗਰਾ ਮਿਲਟਰੀ ਮੁਸਲਮਾਨਾਂ ਨੂੰ। ਕਈ ਘਟਨਾਵਾਂ ਵਾਪਰੀਆਂ ਕਿ ਧਰਮ ਦੇ ਨਾਮ ’ਤੇ ਫ਼ੌਜਾਂ ਨੇ ਵੀ ਵਿਰੋਧੀ ਧਰਮ ਵਾਲਿਆਂ ਨਾਲ ਜਿੱਥੇ ਵੀ ਦਾਅ ਲੱਗਾ ਉਥੇ ਹੀ ਦੁਸ਼ਮਣੀ ਪਾਲ਼ੀ। ਇਸ ’ਤੇ ਸਰਕਾਰਾਂ ਨੇ ਇਸ ਫ਼ੈਸਲੇ ਨੂੰ ਉਲਟਾ ਦਿੱਤਾ ਕਿ ਆਪਣੀਆਂ ਆਪਣੀਆਂ ਫ਼ੌਜਾਂ ਇਕ ਦੂਜੇ ਦੇ ਅੰਦਰ ਜਾ ਕੇ ਆਪਣੇ ਆਪਣੇ ਬੰਦਿਆਂ ਨੂੰ ਬਚਾ ਕੇ ਲਿਆਉਣ।

ਕਾਫ਼ਲਾ ਜਦੋਂ ਫਲਾਈਵਾਲਾ ਪਿੰਡ ਵੱਲ ਰਵਾਨਾ ਹੋਇਆ ਤਾਂ ਸਾਡੇ ਟੱਬਰ ਦੇ ਗੱਡੇ ਸੱਭ ਤੋਂ ਪਿੱਛੇ ਸਨ। ਕਾਫ਼ਲੇ 'ਚ ਅੱਗੇ ਇਕ ਗੱਡਾ ਵੱਡੀ ਨਹਿਰ ਨਜ਼ਦੀਕ ਚ੍ਹਾਲੇ ਵਿੱਚ ਫਸ ਗਿਆ। ਕਾਫ਼ਲਾ ਖਲੋਅ ਗਿਆ। ਓਧਰੋਂ ਲੁੱਟ ਅਤੇ ਕਤਲੋਗ਼ਾਰਤ ਦੀ ਨੀਅਤ ਨਾਲ ਥਾਣੇਦਾਰ ਸ਼ਾਹ ਮੁਹੰਮਦ ਵਲੋਂ ਉਕਸਾਈ ਇਕ ਵੱਡੀ ਭੀੜ ਨੇ ਢੋਲ ਦੇ ਡੱਗੇ ਤੇ ਕਾਫ਼ਲੇ ਉਪਰ ਹਮਲਾ ਕਰ ਦਿੱਤਾ। ਬੋਕਿਆਂ ਦੇ ਜਗੀਰ ਸਿੰਘ ਦੀ ਭਰਜਾਈ ਕਰਤਾਰ ਕੌਰ ਜਿਸ ਦੀ ਦੇਹ ਕੁੱਝ ਭਾਰੀ ਸੀ ਨੂੰ, ਦੰਗਾਈ ਜਿਥੇ ਜਬਰੀ ਉਠਾ ਕੇ ਲੈ ਗਏ ਉਥੇ ਘੰਟਿਆਂ ਦਾ ਅਰੂੜ ਸਿੰਘ ਵਾਪਸ ਭੱਜਿਆ ਆਉਂਦਾ ਮਾਰਿਆ ਗਿਆ। ਫੱਟੜ ਵੀ ਬਹੁਤ ਹੋਏ। ਉਸ ਭੜਕੀ ਭੀੜ ਨੇ ਪਿੰਡ ਨੂੰ ਵੀ ਲੁੱਟ ਲਿਆ। ਜਗੀਰ ਸਿੰਘ ਦਾ ਪਰਿਵਾਰ ਇਧਰ ਆ ਕੇ ਚੂਹੇਕੀ-ਨੂਰਮਹਿਲ ਬੈਠਿਆ। ਕੁੱਝ ਸਮੇਂ ਬਾਅਦ ਡੋਗਰਾ ਮਿਲਟਰੀ ਆਣ ਪਹੁੰਚੀ। ਮਿਲਟਰੀ ਨੂੰ ਦੇਖ ਦੰਗਾਈ ਭੱਜ ਉੱਠੇ। ਪਿੱਛਿਓਂ ਫਾਇਰਿੰਗ ਕਰਕੇ ਉਨ੍ਹਾਂ ਦਰਜਣਾਂ ਦੇ ਹਿਸਾਬ ਦੰਗਾਈਆਂ ਨੂੰ ਮਾਰਤਾ। ਲਾਸ਼ਾਂ ਨੂੰ ਕੋਈ ਚੁੱਕਣ ਵੀ ਨਾ ਆਇਆ। ਉਨ੍ਹਾਂ ਦਾ ਉਥੇ ਸੰਸਕਾਰ ਕਰਕੇ ਭੁਲੇਖਾ ਪਾਉਣ ਲਈ ਕਿ ਇਹ ਸਿੱਖ ਕਿਆਂ ਦੀਆਂ ਲਾਸ਼ਾਂ ਹਨ, ਚਿਖ਼ਾ ਵਿੱਚ ਆਪਣੇ ਕੜੇ ਉਤਾਰ ਕੇ ਸੁੱਟ ਦਿੱਤੇ।

ਉਪਰੰਤ ਫਲਾਈਵਾਲਾ ਤੋਂ ਕਾਫ਼ਲਾ ਲਹੁਕੇ ਪਿੰਡ ਪਹੁੰਚਿਆ। ਕਰੀਬ 4-5 ਦਿਨ ਦਾ ਕਯਾਮ ਹੋਇਆ। ਖਾਲੀ ਟਰੱਕਾਂ ਦਾ ਕਾਫ਼ਲਾ ਰਫਿਊਜੀਆਂ ਨੂੰ ਲਿਆਉਣ ਲਈ ਸਰਗੋਧੇ ਵੱਲ ਜਾਣ ਵਾਲਾ ਸੀ। ਗੋਰੇ ਡੀ. ਸੀ. ਦਾ ਹੁਕਮ ਹੋਇਆ ਕਿ ਪਹਿਲਾਂ ਫਲਾਈਵਾਲਾ ਕਾਫ਼ਲਾ ਛੱਡ ਆਓ। 80-90 ਦੇ ਕਰੀਬ ਖਾਲੀ ਟਰੱਕ ਆਣ ਖੜ੍ਹੇ। ਇਕ ਘੰਟੇ ਵਿਚ ਹੀ ਸੱਭ ਟਰੱਕ ਤੂੜੇ ਗਏ। ਸਾਡੇ ਪਰਿਵਾਰ ਚੋਂ ਵੀ ਕੁਝ ਮਾਈਆਂ, ਬਜ਼ੁਰਗ ਅਤੇ ਬੱਚੇ ਟਰੱਕ ਵਿੱਚ ਜਾ ਚੜ੍ਹੇ। ਅਸੀਂ ਬਾਕੀ ਪਰਿਵਾਰਕ ਮੈਂਬਰਾਂ ਨਾਲ ਗੱਡਿਆਂ ’ਤੇ ਹੀ ਆਏ। ਫਾਕੇ ਦੁਸ਼ਵਾਰੀਆਂ ਝਾਗਦੇ ਬੱਲੋਕੀ ਹੈੱਡ ਪਹੁੰਚੇ। ਇਥੇ ਕਸੂਰ ਰੋਡ ਕੂਹਣੀ ਮੋੜ ਤੇ ਕਤਲੋਗ਼ਾਰਤ ਦਾ ਦ੍ਰਿਸ਼ ਬੜਾ ਭਿਆਨਕ ਸੀ, ਕਿਉਂ ਜੋ ਸਾਡੇ ਨਾਲ ਫ਼ੌਜ ਦੀ ਨਫ਼ਰੀ ਸੀ, ਸੋ ਹਮਲਾ ਕੋਈ ਨਾ ਹੋਇਆ। ਪਲੇਗ ਵੀ ਫੈਲੀ ਹੋਈ ਸੀ। ਕਰਤਾਰ ਸਿੰਘ ਜੌਹਲ ਇਥੇ ਪਲੇਗ ਦੀ ਭੇਟ ਚੜ੍ਹ ਗਏ। ਉਥੋਂ ਅਗਲੇ ਪਿੰਡ ਉਨ੍ਹਾਂ ਦਾ ਸੰਸਕਾਰ ਕੀਤਾ। ਉਥੋਂ ਖੇਮਕਰਨ-ਅੰਮ੍ਰਿਤਸਰ ਰਾਤਾਂ ਦਾ ਪੜਾਅ ਕਰਦੇ ਹੋਏ ਜਲੰਧਰ ਵੱਲ ਵਧੇ। ਬਿਆਸ ਦਰਿਆ ਦੇ ਪੁੱਲ਼ ਤੇ ਤਬਾਹੀ ਦਾ ਭਿਅਨਕ ਮੰਜ਼ਰ ਦੇਖਿਆ। ਗੱਡੇ, ਸਾਮਾਨ, ਪਸ਼ੂਆਂ ਅਤੇ ਮਨੁੱਖੀ ਲਾਸ਼ਾਂ ਹੜਾਂ ਦੀ ਮਾਰ ਨਾਲ ਦਰੱਖ਼ਤਾਂ ਅਤੇ ਝਾੜੀਆਂ ਵਿੱਚ ਫਸੀਆਂ, ਕਿਨਾਰਿਆਂ ਤੇ ਢੇਰਾਂ ਦੇ ਢੇਰ ਲੱਗੇ ਹੋਏ ਅਸਾਂ ਪ੍ਰਤੱਖ ਦੇਖੇ।

ਸੁਭਾਨਪੁਰ ਪਹੁੰਚੇ ਤਾਂ ਪਹਿਰੇ ਉਪਰ ਖੜੀ ਮਿਲਟਰੀ ਨੇ ਉਥੋਂ ਸਾਡੇ ਕਾਫ਼ਲੇ ਨੂੰ ਕਪੂਰਥਲਾ ਵੱਲ ਮੋੜ ਦਿੱਤਾ। ਉਥੋਂ ਜਲੰਧਰ-ਲਾਂਬੜਾ ਹੁੰਦੇ ਹੋਏ ਕੰਗ ਸਾਹਬੂ ਪਹੁੰਚੇ ਤਾਂ ਨਕੋਦਰ ਵੰਨੀਓਂ ਸੈਂਕੜੇ ਗੱਡਿਆਂ ਦਾ ਮੁਸਲਿਮ ਕਾਫ਼ਲਾ ਪਿਆ ਆਏ। ਇਥੋਂ ਸਾਨੂੰ ਪਿੰਡ ਸਿੰਘਾਂ ਵੱਲ ਮੋੜਤਾ। ਉਥੋਂ ਫਿਰ ਨਕੋਦਰ ਸੜਕ ’ਤੇ ਪੈ ਕੇ ਸ਼ੰਕਰ ਪਿੰਡ, ਛਿੰਝ ਦੇ ਪਿੜ ਵਾਲੇ ਚੌਂਕ ਵਿੱਚ ਰਾਤ ਰਹੇ। ਇਥੋਂ ਬਾਕੀ ਸਾਰੇ ਗੱਡੇ ਆਪੋ ਆਪਣੇ ਪਿੰਡਾਂ ਵੱਲ ਖਿੱਲਰ ਗਏ। ਕੇਵਲ ਸਾਡੇ ਪਰਿਵਾਰ ਦੇ ਚਾਰ ਗੱਡੇ ਰਹਿ ਗਏ। ਦੂਜੇ ਦਿਨ ਦੁਪਹਿਰ ਤੱਕ ਆਪਣੇ ਜੱਦੀ ਪਿੰਡ ਜੰਡਿਆਲਾ ਮੰਜਕੀ ਪਹੁੰਚੇ। ਹਫ਼ਤਾ ਭਰ ਤਾਂ ਥਕੇਵਾਂ ਲਾਹਿਆ, ਮਰ, ਵਿੱਛੜਗਿਆਂ ਅਤੇ ਹਿਜਰਤ ਦੀ ਹੇਜ ਤੇ ਰੁਦਨ ਕੀਤਾ। ਉਪਰੰਤ ਬਜ਼ੁਰਗ ਆਲੇ-ਦੁਆਲੇ ਮੁਸਲਮਾਨਾਂ ਵਲੋਂ ਖਾਲੀ ਕੀਤੇ ਪਿੰਡਾਂ ਦਾ ਮੌਕਾ ਦੇਖਣ ਨਿੱਕਲੇ ਤਾਂ ਉਨ੍ਹਾਂ ਨੂੰ ਬੇਈਂ ਪਾਰ ਜਗਰਾਲ ਪਿੰਡ ਵਿੱਚ ਖਾਲੀ ਮਕਾਨ ਅਤੇ ਜ਼ਮੀਨ ਹੋਣ ਦੀ ਕਨਸੋਅ ਮਿਲੀ। ਤਦ ਉਨ੍ਹਾਂ ਮਾਲ ਦਫ਼ਤਰ ਜਲੰਧਰ ਪਹੁੰਚ ਕਰਕੇ ਜਗਰਾਲ ਦੀ ਕੱਚੀ ਪਰਚੀ ਪਵਾ ਲਈ। 1950 ਵਿੱਚ ਸਾਡੀ ਪੱਕੀ ਪਰਚੀ ਬਜੂਹਾ ਕਲਾਂ ਦੀ ਪਈ। ਮੁਸਲਿਮ ਚੌਧਰੀ ਜਿਨ੍ਹਾਂ ਦਾ ਰੌਲਿਆਂ ਵੇਲੇ ਦਿੱਲੀ ਵਿਚ ਸਿਨਮਾ ਸੀ ਦਾ, ਵੱਡਾ ਖੂਹੀ ਲੱਗਾ ਚੁਬਾਰੇ ਵਾਲਾ ਘਰ ਅਤੇ ਜ਼ਮੀਨ ਸਾਨੂੰ ਅਲਾਟ ਹੋਈ। ਸੋ ਹੁਣ ਤੱਕ ਉਹੀ ਖਾਂਦੇ ਹਾਂ। 

1952 'ਚ ਮੇਰੀ ਸ਼ਾਦੀ ਧੁਲੇਤਾ-ਗੁਰਾਇਆਂ ਦੀ ਸੁਰਜੀਤ ਕੌਰ ਨਾਲ ਹੋਈ। ਮੇਰੇ ਘਰ ਜਸਵਿੰਦਰ ਕੌਰ, ਸਵਰਾਜ ਸਿੰਘ ਅਤੇ ਰਣਜੀਤ ਸਿੰਘ ਬੱਚੇ ਪੈਦਾ ਹੋਏ, ਜੋ ਕਿ ਸਾਰੇ ਬਰੈਂਮਪਟਨ-ਕੈਨੇਡਾ ਵਿੱਚ ਆਬਾਦ ਹਨ। ਪਿਤਾ 1957,ਮਾਤਾ 1982 ਅਤੇ ਸਰਦਾਰਨੀ 2021 'ਚ ਪੂਰੀ ਹੋਈ। ਹੁਣ ਮੈਂ ਕਦੇ ਕੈਨੇਡਾ-ਕਦੇ ਇੰਡੀਆ ਵਿੱਚ ਲੋੜ ਮੁਤਾਬਕ ਰਹਿ ਪੈਂਦਾ ਹਾਂ। ਉਹ ਦਿਨ ਵੀ ਭਲੇ ਸਨ। ਅੱਜ ਵਾਂਗ ਉਦੋਂ ਕੁਰਸੀ ਦੇ ਭੁੱਖਿਆਂ ਨੇ ਖ਼ੂਨ ਦੀ ਹੋਲੀ ਖਿਡਾਵੀ, ਪੰਜਾਬ ਬੁਰੀ ਤਰ੍ਹਾਂ ਬਰਬਾਦ ਹੋਇਆ।ਜਿਸ ਨਾਲ ਜਿਥੇ ਪੰਜਾਬ ਸੈਆਂ ਕੋਹੀ ਪਿੱਛੇ ਪੈ ਗਿਆ ਉਥੇ ਮੱਜ੍ਹਬੀ ਨਫ਼ਰਤ ਦੀ ਕਸਕ ਹਾਲੇ ਤੱਕ ਵੀ ਦਿਲਾਂ 'ਚ ਬਾਕੀ ਏ ।"

ਲੇਖਕ: ਸਤਵੀਰ ਸਿੰਘ ਚਾਨੀਆਂ 
92569-73526


rajwinder kaur

Content Editor

Related News