1947 ਹਿਜਰਤ ਨਾਮਾ 81 : ਸ.ਜਗੀਰ ਸਿੰਘ ਪਦਮ

Thursday, Jul 18, 2024 - 11:05 AM (IST)

ਗਿਆਨੀ ਕਰਤਾਰ ਸਿੰਘ ਪਜਾਮਾ ਮੋਢੇ ਤੇ ਧਰ ਕੇ, ਹਿੰਦੂ-ਸਿੱਖਾਂ ਦੇ ਬਚਾ ਵਾਸਤੇ  ਭੱਜਾ ਫਿਰਦਾ।
 
" ਬਰਖਰਦਾਰੋ, ਮੈਂ ਜਗੀਰ ਸਿੰਘ ਪੁੱਤਰ ਸੰਤਾ ਸਿੰਘ ਪੁੱਤਰ ਜਗਤ ਸਿੰਘ ਕੌਮ ਰਾਮਗੜ੍ਹੀਆ ਸਿੱਖ, ਪਿੰਡ ਰੌਲ਼ੀ-ਨਕੋਦਰ ਤੋਂ ਆਪਣੀ ਹਿਜਰਤ ਨਾਮਾ ਦੀ ਕਹਾਣੀ ਸੁਣਾ ਰਿਹੈਂ। ਵੈਸੇ ਸਾਡਾ ਜੱਦੀ ਪਿੰਡ ਸੋਢੀਆਂ ਦਾ ਮਨਾਵਾਂ ਨਜ਼ਦੀਕ ਜ਼ੀਰਾ (ਫਿਰੋਜ਼ਪੁਰ) ਏ। ਜਦ ਬਾਰਾਂ ਖੁੱਲ੍ਹੀਆਂ ਤਾਂ ਪਿੰਡ ਬੁੰਡਾਲਾ(ਜੰਡਿਆਲਾ ਗੁਰੂ) ਦੇ ਕਈ ਹੁੰਦਲ ਗੋਤ ਦੇ ਜੱਟ ਸਿੱਖ ਜਿੰਮੀਦਾਰਾਂ ਤਾਈਂ ਸਾਂਦਲ ਬਾਰ ਦੇ ਚੱਕ ਨੰਬਰ 73 ਟਿੱਬੀ ਬੰਡਾਲਾ ਤਹਿਸੀਲ ਜੜ੍ਹਾਂਵਾਲਾ ਜ਼ਿਲਾ ਲੈਲਪੁਰ ਵਿਚ ਮੁਰੱਬੇ ਅਲਾਟ ਹੋਏ। ਮੁਰੱਬਿਆਂ ਵਿਚ ਬਹੁਤ ਖੁੱਲ੍ਹੇ ਤੇ ਕਈ ਘੋੜੀ ਪਾਲ਼ ਮੁਰੱਬੇ।ਚੱਕ 73 ਆਬਾਦ ਹੋਇਆ। ਪਿੰਡ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ  ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਕਾਮਿਆਂ ਨੂੰ ਬੁਲਾਇਆ।ਖੇਤੀਬਾੜੀ ਸੰਦਾਂ ਅਤੇ ਘਰੇਲੂ  ਲੁਹਾਰ/ਤਰਖਾਣ ਦੀ ਲੋੜ ਲਈ ਉਨ੍ਹਾਂ ਜਾਣ ਪਛਾਣ ਚੋਂ ਮੇਰੇ ਬਾਬਾ ਜੀ ਨੂੰ ਸੱਦ ਭੇਜਿਆ। ਕਿਓਂ ਜੋ ਬਜ਼ੁਰਗ ਜਾਣਦੇ ਸਨ ਕਿ-

'ਘਰਦੇ ਸੰਦ,ਖੇਤ ਵੀ ਘਰਦੇ,ਰਹਿ ਗਈ ਉਸ ਦੀ ਖੇਤੀ।
   ਠੇਕੇ ਖੇਤ ਤੇ ਸੰਦ ਕਰਾਏ,ਹੋਣ ਨਾ ਬੱਤੀਓਂ ਤੇਤੀ।'

ਉਹ ਕੋਈ ਪਹਿਲੀ ਆਲਮੀ ਜੰਗ ਦਾ ਸਮਾਂ ਹੋਵੇਗਾ ਜਦ,ਬਾਬਾ ਜੀ ਮੁਢਲੇ ਸੰਦਾਂ ਸਮੇਤ ਸਾਡੇ ਬਾਪ ਸੰਤਾ ਸਿੰਘ ਅਤੇ ਬੇਬੇ ਵੀਰ ਕੌਰ ਨੂੰ ਨਾਲ ਲੈਕੇ ਚੱਕ 73 ਵਿਚ ਚਲੇ ਗਏ। ਕੰਮ ਚੰਗਾ ਚੱਲ ਪਿਆ। ਗੁਆਂਢੀ ਪਿੰਡਾਂ ਤੋਂ ਵੀ ਗਾਹਕ ਆ ਜਾਂਦੇ। ਉਨ੍ਹਾਂ ਆਪਣੇ ਬਾਕੀ ਪੁੱਤਰਾਂ ਹਜ਼ਾਰਾ ਸਿੰਘ ਫ਼ੌਜੀ ਅਤੇ ਕਿਰਪਾ ਸਿੰਘ ਨੂੰ ਵੀ ਬੁਲਾ ਲਿਆ।  
ਰੌਲਿਆਂ ਵੇਲੇ ਮੈਂ ਕੋਈ 12-13 ਸਾਲਾਂ ਦਾ ਹੋਵਾਂਗਾ। ਸਾਡੇ ਸਾਰੇ ਭਰਾਵਾਂ ਮੇਰਾ, ਕਸ਼ਮੀਰ ਸਿੰਘ ਅਤੇ ਮੁਖਤਿਆਰ ਸਿੰਘ ਦਾ ਜਨਮ ਬਾਰ ਦਾ ਹੀ ਏ।

PunjabKesari

ਪਿੰਡ ਦੇ ਚੌਧਰੀ : ਪਿੰਡ ਦੇ ਚੌਧਰੀਆਂ ਵਿਚ ਲੰਬੜਦਾਰ ਸੁਰੈਣ ਸਿੰਘ ਹੁੰਦਲ ਹੁੰਦਾ। ਪਿੰਡ ਦੇ ਗੁਰਦੁਆਰਾ ਸਾਬ ਦਾ ਪ੍ਰਧਾਨ ਵੀ ਉਹੀ ਸੀ।ਕੋਈ ਵੀ ਮਸਲਾ ਹੁੰਦਾ ਤਾਂ ਬੋੜ੍ਹ ਥੱਲੇ ਥੜ੍ਹੇ ਤੇ ਖਾਨਗੀ ਪੰਚੈਤ ਦਾ 'ਕੱਠ ਜੁੜਦਾ। ਅਕਸਰ,ਸੁਰੈਣ ਸਿੰਘ ਦਾ ਫ਼ੈਸਲਾ ਹੀ ਅਖ਼ੀਰੀ ਹੁੰਦਾ।   ਸਾਡਾ ਬਾਬਾ ਜਗਤ ਸਿੰਘ ਵੀ ਫੈਸਲਿਆਂ ਤੇ ਜਾਂਦਾ।ਹੋਰ ਵੀ 3-4 ਮੋਹਤਬਰ ਸਨ ਪਰ ਉਨ੍ਹਾਂ ਦੇ ਨਾਮ ਯਾਦ ਨਹੀਂ ਰਹੇ।

ਗੁਆਂਢੀ ਪਿੰਡ : ਚੱਕ 73 ਦੇ ਗੁਆਂਢੀ ਪਿੰਡਾਂ ਵਿੱਚ ਕਲੀਆਂ ਵਾਲਾ ਸਿੱਖਾਂ ਦਾ ਅਤੇ ਜੰਡਵਾਲਾ,ਜੰਡਵਾਲੀ, ਰਾਣੇਵਾਲਾ ਮੁਸਲਮਾਨਾਂ ਦੇ ਪਿੰਡ ਸਨ। 'ਟੇਸ਼ਣ ਸਾਨੂੰ ਜੜ੍ਹਾਂਵਾਲਾ ਲਗਦਾ।

ਪਿੰਡ ਵਿੱਚ ਖੂਹ : ਗੁਰਦੁਆਰਾ ਸਾਬ ਵਿਚ ਵੀ ਇੱਕ ਖੂਹੀ ਸੀ। ਨਹੌਂਣ ਧੋਣ ਲਈ ਉਥੇ ਟੂਟੀਆਂ ਲੱਗੀਆਂ ਹੁੰਦੀਆਂ। ਇਕ ਵੱਡਾ ਖੂਹ ਪਿੰਡ ਵਿੱਚਕਾਰ ਚੁਰੱਸਤੇ ਵਿਚ ਸੀ।ਲੋਕ ਉਥੇ ਨਹੌਂਦੇ,ਬੀਬੀਆਂ ਕੱਪੜੇ ਧੋਂਦੀਆਂ। ਨਜ਼ਦੀਕ ਹੀ ਵੱਡੇ ਬੋਹੜ-ਪਿੱਪਲ ਥੱਲੇ ਹਰ ਵਕ਼ਤ ਮਜਲਿਸ ਜੁੜੀ ਹੁੰਦੀ। ਦਰਬਾਰਾ ਸਿੰਘ ਮਹਿਰਾ ਘੜਿਆਂ ਨਾਲ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਂਹਦਾ। ਵੱਡਿਆਂ ਘਰਾਂ ਵਿੱਚ 4-4 ਅਤੇ ਆਮ ਘਰਾਂ ਵਿਚ 2-2 ਘੜੇ। ਉਹਦੇ ਘਰੋਂ ਬੀਬੀ ਪ੍ਰੀਤਮ ਕੌਰ ਭੱਠੀ ਤੇ ਦਾਣੇ ਭੁੰਨਦੀ।
ਘਰਾਂ ਵਿੱਚ ਦੁੱਖ਼-ਸੁੱਖ ਵੇਲੇ ਉਹ ਕੰਮ ਨਿਪਟਾਉਂਦੇ। ਪਿੰਡ ਦੇ ਨਾਈ ਵੀ ਉਨ੍ਹਾਂ ਦੇ ਨਾਲ ਹੁੰਦੇ। ਇਹੀ ਨਹੀਂ ਸਗੋਂ ਸਾਰੇ ਹੀ ਲੁਹਾਰ ਤਰਖਾਣ,ਨਾਈ ਝੀਰ,ਮੋਚੀ ਤੇਲੀ ਅਤੇ। ਦਰਜ਼ੀ ਜਿੰਮੀਦਾਰਾਂ ਪਾਸੋਂ ਕੰਮ ਬਦਲੇ ਉਜਰਤ ਵਜੋਂ ਹਾੜੀ 16ਕਿੱਲੋ ਕਣਕ, ਸਾਉਣੀ 12 ਕਿੱਲੋ ਮੱਕੀ ਲੈਂਦੇ। ਪੱਠਾ ਦੱਥਾ, ਸਾਗ ਗੰਨੇ ਅਤੇ ਸਬਜ਼ੀ ਭਾਜੀ ਲੋੜ ਮੁਤਾਬਕ ਵੀ ਖੇਤਾਂ ਚੋਂ ਲੈ ਆਉਂਦੇ।

ਗੁਰਦੁਆਰਾ ਸਾਬ : ਗੁਰਦੁਆਰਾ ਸਿੰਘ ਸਭਾ, ਪਿੰਡ ਦੇ ਵਿੱਚ ਸਸ਼ੋਭਤ ਸੀ। ਭਾਈ ਜੀ ਸਵੇਰ ਸ਼ਾਮ ਪਾਠ ਕਰਦੇ। ਗੁਰਪੁਰਬ ਵੀ ਮਨਾਏ ਜਾਂਦੇ।ਭਾਈ ਜੀ ਦਾ ਨਾਮ ਯਾਦ ਨਹੀਂ।ਉਹ ਬਹੁਤ ਹੀ ਭਜਨੀਕ ਅਤੇ ਨੇਕ ਬਖ਼ਤ ਸੀ। ਬੱਚਿਆਂ ਨੂੰ ਗੁਰਮੁਖੀ ਵਰਨਮਾਲਾ ਦੇ ਨਾਲ ਗਤਕਾ ਵੀ ਸਿਖਾਉਂਦੇ। ਪਿੰਡ ਵਿੱਚ ਕੋਈ ਮਸੀਤ ਨਹੀਂ ਸੀ।

ਸਕੂਲ : ਸਾਡੇ ਚੱਕ ਸਕੂਲ ਕੋਈ ਨਹੀਂ ਸੀ। ਮੁੰਡੇ ਗੁਆਂਢੀ ਪਿੰਡ ਕਲੀਆਂ ਵਾਲਾ ਪ੍ਰਾਇਮਰੀ ਸਕੂਲੇ ਪੜ੍ਹਨ ਜਾਂਦੇ। ਕੁੜੀਆਂ ਨੂੰ ਤਦੋਂ ਪੜਾਉਣ ਦਾ ਕੋਈ ਰਿਵਾਜ ਨਹੀਂ ਸੀ ਹੁੰਦਾ। ਮੇਰੇ ਪਿੰਡੋਂ ਹੀ ਅਜੈਬ ਸਿੰਘ ਅਤੇ ਸੁਰਜਣ ਸਿੰਘ ਮੇਰੇ ਹਮ ਜਮਾਤੀ ਹੁੰਦੇ। ਜਦ ਰੌਲ਼ੇ ਪਏ ਤਾਂ ਮੈਂ ਉਦੋਂ ਚੌਥੀ ਜਮਾਤ ਚ ਸਾਂ। ਕੋਈ ਮੁਸਲਿਮ ਬੱਚਾ ਮੇਰੇ ਨਾਲ ਨਹੀਂ ਪੜ੍ਹਿਆ।

ਪਿੰਡ ਵਿੱਚ ਮੁਸਲਮਾਨ : ਪਿੰਡ ਵਿੱਚ ਕੇਵਲ ਦੋ ਘਰ  ਮੁਸਲਿਮ ਮੋਚੀ/ਤੇਲੀਆਂ ਦੇ ਸਨ।ਫੱਤੂ ਅਤੇ ਉਹਦੇ ਘਰੋਂ ਜੈਨਾ ਬੀਬੀ ਮਿਲ਼ ਕੇ ਬਲਦਾਂ ਨਾਲ ਆਟਾ ਪੀਹਣ ਦਾ ਖਰਾਸ ਚਲਾਉਂਦੇ। ਸਰੋਂ ਦਾ ਤੇਲ ਕੱਢਦੇ,ਰੂੰ ਵੀ ਪਿੰਜਦੇ।
ਉਨ੍ਹਾਂ ਦਾ ਬੇਟਾ ਰੱਖੋ, ਮੈਥੋਂ 5-6 ਸਾਲ ਵੱਡਾ ਸੀ, ਵੀ ਕੰਮ ਵਿਚ ਹੱਥ ਵਟਾਉਂਦਾ। ਫੱਤੂ ਦਾ ਭਰਾ ਕੱਥੂ ਵੀ ਉਨ੍ਹਾਂ ਦੇ ਨਾਲ ਹੀ ਹੁੰਦਾ। ਫੱਤੂ ਅਤੇ ਜੈਨਾ ਬੀਬੀ ਲੋਕਾਂ ਦੇ ਘਰਾਂ ਦਾ ਕੰਮ ਵੀ ਕਰ ਆਉਂਦੇ।

ਦਰਜ਼ੀ : ਪਿੰਡ ਵਿੱਚ ਦਰਜ਼ੀ ਦੀ ਇਕ ਦੁਕਾਨ ਸੀ। ਦਰਬਾਰਾ ਸਿੰਘ ਅਤੇ ਗੁਰਦਿੱਤ ਸਿੰਘ ਦੋਏਂ ਸਕੇ ਭਰਾ ਮਿਲ ਕੇ ਲੋਕਾਂ ਦਾ ਨੰਗ ਢੱਕਦੇ। ਕਿਧਰੇ ਕੰਮ ਦਾ ਜ਼ੋਰ ਘੱਟ ਹੁੰਦਾ ਤਾਂ ਖੇਤਾਂ ਵਿਚ ਦਿਹਾੜੀ ਲੱਪਾ ਵੀ ਕਰ ਆਉਂਦੇ।   
ਹੱਟੀਆਂ : ਹੱਟੀਆਂ ਪਿੰਡ ਵਿੱਚ ਤਿੰਨ ਸਨ। ਉਨ੍ਹਾਂ ਵਿਚ ਇਕ ਲੋਟੂ ਨਾਮੇ ਦੁਕਾਨ ਦਾਰ ਦੀ ਹੱਟੀ ਵਾਹਵਾ ਚੱਲਦੀ।ਪਰ ਆਮ ਸਰਦੇ ਘਰਾਂ ਵਾਲੇ 'ਕੱਠਾ ਰਾਸ਼ਨ ਜੜ੍ਹਾਂਵਾਲਿਓਂ ਵੀ ਲੈ ਆਉਂਦੇ।

ਖੇਤੀਬਾੜੀ : ਜ਼ਮੀਨਾਂ ਅਤੇ ਨਹਿਰੀ ਪਾਣੀ ਖੁੱਲ੍ਹਾ ਸੀ। ਸਾਡੀ ਕੋਈ ਜ਼ਮੀਨ ਨਹੀਂ ਸੀ। ਬਜ਼ੁਰਗਾਂ ਨੇ ਵੀ ਓਧਰ ਕੋਈ ਇਕ ਅੱਧ ਮੁਰੱਬਾ ਖਰੀਦ ਕਰਨ ਦਾ ਹਿਆਂ ਨਾ ਕੀਤਾ। ਨਾ ਹੀ ਕੋਈ ਭੌਲੀ਼ ਹਾਲੇ ਉਪਰ ਲੈ ਕੇ ਵਾਹਿਆ। ਜਿੰਮੀਦਾਰ ਆਪਣੀਆਂ ਫ਼ਸਲਾਂ ਵਿੱਚ ਬਹੁਤਾ ਨਰਮਾ, ਕਣਕ ਜਵਾਰ ਹੀ ਬੀਜਦੇ। ਜਿਣਸ ਕਈ  ਵਾਰ ਵਪਾਰੀ ਘਰਾਂ ਚੋਂ ਹੀ ਖ਼ਰੀਦ ਕੇ ਲੈ ਜਾਂਦੇ ਜਾਂ ਫਿਰ ਆਪ ਜੜਾਂ ਵਾਲਾ ਮੰਡੀ ਵਿੱਚ ਵੇਚ ਆਉਂਦੇ। ਨਰਮਾ ਅਕਸਰ ਚੱਕ ਝੁੰਮਰਾ ਮੰਡੀ ਵੇਚਦੇ। ਵੱਡੀ ਨਹਿਰ ਗੋਗੇਰਾ ਬ੍ਰਾਂਚ ਪਿੰਡ ਦੇ ਬਾਹਰਵਾਰ ਲੰਘਦੀ, ਖੇਤਾਂ ਨੂੰ ਸੈਰਾਬ ਕਰਦੀ।ਹਾਲੀ਼-ਪਾਲੀ਼ ਖੁਸ਼ੀ ਚ ਝੂਮਦੇ। ਵਜਦ ਵਿੱਚ ਆਕੇ ਉਹ ਕਿਸੇ ਲੋਕ ਗੀਤ ਦੀ ਸਤਰ ਨੂੰ ਛੇੜਦੇ।
ਜੱਦੀ ਪਿੰਡਾਂ ਨੂੰ ਮੁਹਾਰ : ਦੇਸ਼ ਆਜ਼ਾਦੀ ਦਾ ਪਰਵਾਨਾ ਆਇਆ‌। ਫਿਰਕੂ ਮਾਰ-ਧਾੜ ਸ਼ੁਰੂ ਹੋਈ। ਘਰਾਂ ਵਿੱਚ ਗੱਲਾਂ ਚੱਲਦੀਆਂ ਕਿ ਹੁਣ ਉਠਣਾ ਪੈਣੈ। ਬਾਰ ਪਾਕਿਸਤਾਨ ਬਣੇਗਾ।ਬਚਾ ਵਾਸਤੇ ਸਾਡੇ ਬਜ਼ੁਰਗਾਂ ਭੱਠੀ ਨੂੰ ਖੂਬ ਗਰਮ ਰੱਖਿਆ। ਨਿੱਤ ਤਲਵਾਰਾਂ, ਬਰਛੇ ਬਣਦੇ। ਚਾਚਾ ਹਜ਼ਾਰਾ ਸਿੰਘ ਫ਼ੌਜੀ,ਚਾਚਾ ਕਿਰਪਾ ਸਿੰਘ ਅਤੇ ਗੁਰਦਿੱਤ ਸਿੰਘ ਸਿੰਘ ਦਰਜ਼ੀ ਹੋਰਾਂ ਪਿੰਡ ਚੋਂ ਪਿੱਤਲ ਦੇ ਭਾਂਡੇ ਕੱਠੇ ਕਰਕੇ ਗਰਨੇਡ ਬਣਾਏ। ਰੌਲ਼ਾ ਕਾਫ਼ੀ ਵੱਧ ਗਿਆ। ਮੋਹਤਬਰਾਂ ਦੇ ਕੱਠ ਵਿਚ ਇਕ ਦਿਨ ਪਿੰਡ ਛੱਡਣ ਦਾ ਫੈਸਲਾ ਲਿਆ। ਪਸ਼ੂਆਂ ਦੇ ਰੱਸੇ ਖੋਲਤੇ। ਜਿਨ੍ਹਾਂ ਪਾਸ ਗੱਡੇ ਸਨ ਉਨ੍ਹਾਂ ਗੱਡਿਆਂ ਉਤੇ ਜਿਨ੍ਹਾਂ ਪਾਸ ਨਹੀਂ ਸਨ ਉਨ੍ਹਾਂ ਸਿਰਾਂ ਉਪਰ ਹੀ ਕੱਚੀਆਂ ਰਸਦਾਂ, ਗਹਿਣਾ ਗੱਟਾ ਦੀਆਂ ਗਠੜੀਆਂ ਰੱਖ ਕੇ ਖੁਰੜਿਆਂ ਵਾਲੇ ਸ਼ੰਕਰ ਨੂੰ ਹੋ ਤੁਰੇ। ਹੋਰ ਵੀ ਪਿੰਡਾਂ ਵਾਲੇ ਆ ਗਏ। ਇਕ ਵੱਡਾ ਰਫਿਊਜੀ ਕੈਂਪ ਬਣ ਗਿਆ। ਤਦੋਂ ਦਾ ਪ੍ਰਸਿੱਧ ਸਿੱਖ ਦਰਵੇਸ਼ ਲੀਡਰ  ਗਿਆਨੀ ਕਰਤਾਰ ਸਿੰਘ ਪਜਾਮਾ ਮੋਢੇ ਤੇ ਧਰ ਕੇ, ਹਿੰਦੂ-ਸਿੱਖਾਂ ਦੇ ਬਚਾ ਵਾਸਤੇ ਪਿੰਡਾਂ ਵਿੱਚ ਭੱਜਾ ਫਿਰਦਾ।
ਹਫ਼ਤਿਆਂ ਬੱਧੀ ਅਸੀਂ ਉਥੇ ਕਾਫ਼ਲੇ ਦੇ ਤੁਰਨ ਦੀ ਉਡੀਕ ਵਿੱਚ ਬੈਠੇ ਰਹੇ। ਸਾਡੇ ਕਾਫ਼ਲੇ ਲਈ ਵੀ ਉਸ ਨੇ ਡੋਗਰਾ ਮਿਲਟਰੀ ਮੰਗਵਾਈ ਪਰ ਮਿਲਟਰੀ ਦੇ ਆਉਣ ਤੋਂ ਪਹਿਲਾਂ ਹੀ ਕਾਫ਼ਲਾ ਤੁਰ ਪਿਆ।ਫਲਾਈ ਵਾਲਾ ਪਿੰਡ ਨਜ਼ਦੀਕ ਲੁੱਟ ਮਾਰ ਅਤੇ ਉਧਾਲੇ ਦੇ ਲੋਭੀਆਂ ਵਲੋਂ ਕਾਫ਼ਲੇ ਉਪਰ ਹਮਲਾ ਹੋਇਆ। ਕੁੱਝ ਮਾਰੇ ਗਏ, ਕੁੱਝ ਫੱਟੜ ਹੋਏ। ਕਾਫ਼ਲਾ ਖਲੋਅ ਗਿਆ। ਡੋਗਰਾ ਮਿਲਟਰੀ ਵੀ ਪਹੁੰਚ ਗਈ।ਉਸ ਨੇ ਦੰਗੱਈਆਂ ਤੇ ਗੋਲ਼ੀ ਚਲਾਈ।ਕਈ ਮਾਰੇ ਗਏ। ਫਿਰ ਕਾਫ਼ਲਾ ਤੁਰਿਆ। ਡੋਗਰਾ ਮਿਲਟਰੀ ਵੀ ਨਾਲ਼ ਰਹੀ। ਮੌਤ ਦੀ ਘਾਟੀ ਵਜੋਂ ਜਾਣਿਆਂ ਜਾਂਦਾ ਬੱਲੋ ਕੀ ਹੈੱਡ (ਰਾਵੀ ਦਰਿਆ ਦਾ ਪੁੱਲ਼)-ਕਸੂਰ-ਖੇਮਕਰਨ-ਪੱਟੀ-ਤਰਨਤਾਰਨ ਹੁੰਦੇ ਹੋਏ ਸਾਡਾ ਕਾਫ਼ਲਾ ਪਿੰਡ ਬੰਡਾਲਾ( ਜੰਡਿਆਲਾ ਗੁਰੂ) ਪਹੁੰਚਿਆ। 73 ਚੱਕ ਤੋਂ ਤੁਰਕੇ ਬੁੰਡਾਲੇ ਪਹੁੰਚਣ ਲਈ ਕਰੀਬ ਸਵਾ ਮਹੀਨੇ  ਦਾ ਸਮਾਂ ਲੱਗ ਗਿਆ। ਅਸੀਂ ਵੀ ਜਿੰਮੀਦਾਰਾਂ ਦੇ ਨਾਲ ਹੀ ਉਨ੍ਹਾਂ ਦੇ ਪਿੰਡ ਰਹੇ। ਉਨ੍ਹਾਂ ਦੀ ਕੱਚੀ ਪਰਚੀ ਸਲੇਮਾ-ਨਕੋਦਰ ਦੀ ਪਈ। ਉਪਰੰਤ ਪੱਕੀ ਪਰਚੀ ਮੁਸਲਮਾਨਾਂ ਵਲੋਂ ਖ਼ਾਲੀ ਕੀਤੇ ਪਿੰਡ ਇਸ ਰੌਲ਼ੀ-ਨਕੋਦਰ ਦੀ। ਸੋ ਸਾਰੇ ਹੀ 73 ਚੱਕ ਵਾਲਿਆਂ ਇਥੇ ਵਾਸ ਕਰਲਿਆ। ਮੁਸਲਮਾਨਾਂ ਦਾ ਇਕ ਘਰ ਸਾਨੂੰ ਵੀ ਅਲਾਟ ਹੋ ਗਿਆ। ਕਿਓਂ ਜੋ ਬਾਰ ਵਿੱਚ ਸਾਡੀ ਜ਼ਮੀਨ ਕੋਈ ਨਹੀਂ ਸੀ ਇਸ ਕਰਕੇ ਸਾਨੂੰ ਇਧਰ ਕੋਈ ਜ਼ਮੀਨ ਨਾ ਮਿਲ਼ੀ।

ਮੁੜ ਪਿੰਡ ਦਾ ਗੇੜਾ : ਮੇਰਾ ਬੇਟਾ ਗੁਰਚਰਨ ਸਿੰਘ, ਪਿੰਡ ਦੇ ਸਰਪੰਚ ਸੁਖਵੰਤ ਸਿੰਘ, ਜਥੇਦਾਰ ਭਜਨ ਸਿੰਘ ਅਤੇ ਪਿੰਡੋਂ ਹੀ ਹੋਰ 4-5 ਬੰਦੇ, ਜਥੇਦਾਰ ਕੁਲਦੀਪ ਸਿੰਘ ਵਡਾਲਾ ਸਾਬ ਦੇ ਜਥੇ ਨਾਲ ਪਾਕਿਸਤਾਨ ਵਿੱਚ ਗੁਰਧਾਮਾਂ ਦੀ ਯਾਤਰਾ ਤੇ 2-3 ਬਾਰ ਜਾ ਆਏ ਹਨ। 2012 ਵਿੱਚ ਯਾਤਰਾ ਸਮੇਂ ਬਾਰ ਦੇ ਚੱਕ 73 ਵਿਚ ਵੀ ਗਏ। ਸਰਪੰਚ ਸੁਖਵੰਤ ਸਿੰਘ ਜੀ ਬੋਲੇ," ਉਥੇ ਸਾਨੂੰ ਜਾਂਗਲੀ ਕੱਥੂ ਤੇਲੀ ਧਾਹ ਕੇ ਮਿਲਿਆ।ਉਸ ਨੂੰ ਮੈਂ ਦੱਸਿਆ ਕਿ ਮੈਂ ਤੇਜਾ ਸਿੰਘ ਦਾ ਪੋਤਰਾ ਵਾਂ । ਬੜੀ ਟਹਿਲ ਕੀਤੀ ਉਸ ਨੇ। ਸੌ ਰੁਪਏ ਪਿਆਰ ਵੀ ਦਿੱਤਾ ਉਸ, ਆਉਣ ਲੱਗਿਆਂ। ਦੂਜੇ ਗੇੜੇ ਅਸੀਂ ਪਿੰਡ ਦੇ ਪ੍ਰਾਇਮਰੀ ਸਕੂਲ ਅਤੇ ਮਸੀਤ ਦੇ ਨਾਮ ਪੁਰ ਵਿੱਤੀ ਮਦਦ ਵੀ ਦੇ ਕੇ ਆਏ। ਅਫ਼ਸੋਸ ਕਿ ਹੁਣ ਉਥੇ ਪੁਰਾਣਾ ਬਜ਼ੁਰਗ ਕੋਈ ਜੀਵੰਤ ਨਾ ਰਿਹਾ।"
                        ---0---
ਮੇਰੀ ਸ਼ਾਦੀ 1959 ਵਿੱਚ ਜੋਧ ਨਗਰੀ (ਤਰਸਿੱਕਾ) ਦੀ ਸਰਦਾਰਨੀ ਦਲਜੀਤ ਕੌਰ ਨਾਲ ਹੋਈ। ਕ੍ਰਮਵਾਰ ਗੁਰਚਰਨ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ ਅਤੇ ਗੁਰਮੀਤ ਸਿੰਘ ਚਾਰ ਬੇਟੇ ਪੈਦਾ ਹੋਏ। ਸਰਦਾਰਨੀ ਚਾਰ ਕੁ ਵਰ੍ਹੇ ਪਹਿਲਾਂ ਅਤੇ ਬੈਂਕ ਮੁਲਾਜਮ ਪੁੱਤਰ ਸਤਨਾਮ ਸਿੰਘ ਜੋ ਕਿ ਤਰਖਾਣਾ ਕੰਮ ਦਾ ਵੱਡਾ ਕਾਰੀਗਰ ਸੀ ਵੀ, ਇਸ ਵਰ੍ਹੇ ਚੜ੍ਹਾਈ ਕਰ ਗਿਆ। ਜੋ ਕਿ ਬਹੁਤ ਤਕਲੀਫ਼ ਦੇਹ ਐ। ਮੇਰੇ ਬੱਚਿਆਂ ਵਿੱਚ ਖਾਸ ਇਹ ਹੈ ਕਿ ਸਾਰੇ ਹੀ ਗੁਰਸਿੱਖ ਕਹਿਣੇਦਾਰ ਨੇ। ਹੁਣ ਤੱਕ ਰੋਟੀ ਇਕ ਚੁੱਲ੍ਹੇ ਤੇ ਹੀ ਪੱਕਦੀ ਹੈ। ਨੂੰਹਾਂ-ਪੁੱਤ-ਪੋਤਰਿਆਂ ਦਾ ਇਤਫ਼ਾਕ ਅਤੇ ਮੁਹੱਬਤ ਹੀ ਅੱਜ ਮੇਰੀ ਲੰਬੀ ਉਮਰ ਦਾ ਰਾਜ਼ ਏ। ਕੱਲ੍ਹ ਦਾ ਰੱਬ ਰਾਖਾ।" -ਕਹਿੰਦਿਆਂ ਉਸ ਨੇ ਆਪਣੀ ਕਥਾ ਕਹਿ ਸੁਣਾਈ।

ਮੁਲਾਕਾਤੀ : ਸਤਵੀਰ ਸਿੰਘ ਚਾਨੀਆਂ
                  92569-73526


Tarsem Singh

Content Editor

Related News