ਅੱਜ ਦੇ ਦਿਨ 'ਤੇ ਵਿਸ਼ੇਸ਼: 'ਦਾਸਤਾਨ-ਏ-ਪੰਜਾਬ'

Tuesday, Nov 01, 2022 - 11:45 AM (IST)

ਅੱਜ ਬੇਸ਼ੱਕ ਅਸੀਂ ਪੰਜਾਬ ਦਿਵਸ ਮਨਾ ਰਹੇ ਹਾਂ ਪਰ ਸੱਚਾਈ ਇਹ ਹੈ ਕਿ ਅੱਜ ਦੇ ਦਿਨ 1 ਨਵੰਬਰ 1966 ਨੂੰ ਪੰਜਾਬ ਭਾਸ਼ਾ ਦੇ ਅਧਾਰ 'ਤੇ ਵੰਡਿਆ ਗਿਆ ਸੀ। ਹਿੰਦੀ ਬੋਲਦੇ ਇਲਾਕੇ ਲਈ ਹਰਿਆਣਾ ਬਣਾ ਦਿੱਤਾ ਗਿਆ ਅਤੇ ਪਹਾੜੀ ਬੋਲਣ ਵਾਲੇ ਇਲਾਕੇ ਨੂੰ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ ਭਾਵ ਪੰਜਾਬ ਨੂੰ ਪਹਿਲਾਂ ਨਾਲੋਂ ਵੀ ਇਸ ਕਰਕੇ ਛੋਟਾ ਬਣਾ ਦਿੱਤਾ ਗਿਆ ਕਿ ਕਿਤੇ ਪੰਜਾਬ ਇਕ ਖ਼ੁਦਮੁਖਤਿਆਰੀ ਵਾਲਾ ਦੇਸ਼ ਨਾ ਬਣ ਸਕੇ। 

ਜੇਕਰ ਅੱਜ ਦੇ ਪੰਜਾਬ ਦੀ ਗੱਲ ਕਰੀਏ ਤਾਂ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ 75 ਸਾਲਾ ਬਾਅਦ ਵੀ ਪਹਿਲਾਂ ਵਰਗਾ ਖੁਸ਼ਹਾਲ ਪੰਜਾਬ ਨਹੀਂ ਬਣਾ ਸਕੀਆਂ। ਅੱਜ ਸਾਡੇ ਪੰਜਾਬ ਦੀ ਜਵਾਨੀ ਉਨ੍ਹਾਂ ਮੁਲਕਾਂ ਵਿੱਚ ਜਾਣ ਲਈ ਮਜਬੂਰ ਹੈ ਜਿਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਭਗਤ ਸਿੰਘ ਵਰਗੇ ਹਜ਼ਾਰਾਂ ਨੌਜਵਾਨਾਂ ਨੇ ਸ਼ਹਾਦਤ ਦਿੱਤੀ ਸੀ । ਉਸੇ ਪੰਜਾਬ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਖੋਹਣ ਲਈ ਮੁਗਲ, ਅੰਗਰੇਜ਼, ਅਫਗਾਨ ਸਮੇਂ-ਸਮੇਂ 'ਤੇ ਹਮਲੇ ਕਰਦੇ ਰਹੇ। ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ ਮਤਲਬ ਪੰਜ ਦਰਿਆਵਾਂ ਤੋਂ ਬਣਿਆ ਹੈ। ਜੇਹਲਮ ਅਤੇ ਝਨਾਬ ਪਾਕਿਸਤਾਨ ਵਿਚ ਰਹਿ ਗਏ, ਸਤਲੁਜ, ਰਾਵੀ, ਬਿਆਸ ਭਾਰਤ ਦੇ ਹਿੱਸੇ ਆਏ ।

ਕਿਸੇ ਵੇਲੇ ਪੰਜਾਬ ਨੂੰ ਯੂਨਾਨੀਆਂ, ਮੱਧ-ਏਸ਼ੀਆਈਆਂ, ਅਫਗਾਨਾਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਸੀ। ਬਾਬਰ ਦੇ ਮੁਗਲ ਸਾਮਰਾਜ ਦੀ ਸਥਾਪਨਾ ਦੇ ਨਾਲ-ਨਾਲ ਹੀ ਪੰਜਾਬ ਦੀ ਧਰਤੀ 'ਤੇ ਗੁਰੂ ਨਾਨਕ ਦੇ ਸਿੱਖ ਧਰਮ ਦੀ ਸ਼ੁਰੂਆਤ ਹੋ ਗਈ ਸੀ। ਸਿੱਖ ਧਰਮ ਨੇ ਲੋਕਾਂ ਵਿੱਚ ਐਸੀ ਚੇਤਨਾ ਪੈਦਾ ਕੀਤੀ ਕਿ ਲੋਕ ਤਲਵਾਰ ਫੜਕੇ ਹਮਲਾਵਰ ਦੇ ਖ਼ਿਲਾਫ਼ ਖੜ੍ਹੇ ਹੋ ਗਏ। ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਸਥਾਪਿਤ ਕੀਤਾ। ਭਾਵੇਂ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੋਸਤਾਨ 'ਤੇ 10 ਹਮਲੇ ਕੀਤੇ ਪਰ ਜਦੋਂ ਉਹ ਵਾਪਿਸ ਮੁੜਦਾ ਤਾਂ ਸਿੱਖ ਹਮਲਾ ਕਰਕੇ ਉਸਨੂੰ ਲੁੱਟ ਲੈਂਦੇ। ਸਿੱਖਾਂ ਨੇ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਅਫਗਾਨ ਸਾਮਰਾਜ ਦੀ ਕਬਰ 'ਤੇ ਖ਼ਾਲਸਾ ਰਾਜ ਸਥਾਪਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਵਿੱਚ ਪੰਜਾਬ 'ਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ। ਵੰਡ ਤੋਂ ਪਹਿਲਾਂ ਪੰਜਾਬ ਦੀਆਂ ਪੰਜ ਡਵੀਜਨਾਂ (ਅੰਬਾਲਾ, ਜਲੰਧਰ, ਲਾਹੌਰ, ਰਾਵਲਪਿੰਡੀ, ਮੁਲਤਾਨ) ਅਤੇ 29 ਜ਼ਿਲ੍ਹੇ ਸਨ। ਅਗਰੇਜ਼ਾਂ ਦੇ ਜਾਣ ਤੋਂ ਬਾਅਦ ਸੰਨ 1947 ਵੇਲੇ ਸਿੱਖਾਂ ਲਈ ਇਕ ਵੱਖਰਾ ਰਾਜ ਬਣਾਉਣ ਦੀ ਮੰਗ ਨੇ ਜ਼ੋਰ ਫੜਿਆ ਸੀ ਜਿਸ ਨੂੰ ਭਾਰਤ ਦੇ ਸਿਆਸਤਦਾਨਾਂ ਨੇ ਦਬਾ ਦਿੱਤਾ ਸੀ। ਉਸ ਵਕਤ ਮਾਸਟਰ ਤਾਰਾ ਸਿੰਘ ਅਤੇ ਅਕਾਲੀ ਦਲ ਨੇ ਨਵਾਂ ਦੇਸ਼ ਪਾਕਿਸਤਾਨ ਬਣਾਏ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ 'ਪਾਕਿਸਤਾਨ ਮੁਰਦਾਬਾਦ' ਦਾ ਨਾਅਰਾ ਲਾਇਆ ਸੀ। ਮੁਸਲਿਮ ਲੀਗ ਨੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਰਹਿਣ ਦਾ ਲਾਲਚ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਲਈ ਇੱਕ ਵੱਖਰਾ ਖ਼ੁਦਮੁਖ਼ਤਿਆਰ ਸਿੱਖ ਸੂਬਾ ਬਣਾ ਦਿੱਤਾ ਜਾਵੇਗਾ ਪਰ ਉਹ ਅਜਿਹੇ ਕਿਸੇ ਲਾਲਚ ਵਿੱਚ ਨਹੀਂ ਆਏ। 

ਮਾਸਟਰ ਤਾਰਾ ਸਿੰਘ ਨੇ ਭਾਸ਼ਾ ਦੇ ਆਧਾਰ 'ਤੇ ਪੰਜਾਬ ਦੀ ਮੁੜ ਹੱਦਬੰਦੀ ਕਰਨ ਦੀ ਮੰਗ ਰੱਖੀ ਸੀ। ਇਸ ਸੰਘਰਸ਼ ਦੌਰਾਨ ਉਨ੍ਹਾਂ ਨੂੰ 1949, 1953, 1955 ਅਤੇ 1960 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਨੂੰ ਹੋਰ ਛੋਟਾ ਕਰ ਦਿੱਤਾ ਗਿਆ ਜਿਸ 'ਚੋਂ ਰਾਜਸਥਾਨ, ਜੰਮੂ-ਕਸ਼ਮੀਰ ਤੇ ਦਿੱਲੀ ਕੱਢ ਦਿੱਤੇ ਗਏ ਤੇ ਆਖਿਰ ਸੰਨ 1966 ਨੂੰ ਇੱਕ ਵਾਰ ਫਿਰ ਪੰਜਾਬ ਦੇ ਟੁਕਡ਼ੇ ਕੀਤੇ ਗਏ ਤੇ ਪੰਜਾਬ ਵਿੱਚੋਂ ਦੋ ਹੋਰ ਸਟੇਟਾਂ ਹਰਿਆਣਾ ਤੇ ਹਿਮਾਚਲ ਬਣਾ ਦਿੱਤੀਆਂ। ਇਹ ਸਭ ਤਾਂ ਹੀ ਕੀਤਾ ਗਿਆ ਕਿ ਮੁਡ਼ ਦੁਬਾਰਾ ਕਿਤੇ ਸਿੱਖ ਰਾਜ ਕਾਇਮ ਨਾਂ ਹੋ ਸਕੇ ਤੇ ਪੰਜਾਬ ਨੂੰ ਇੱਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਗਿਆ। 

ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸਨ ਅਤੇ ਪਹਿਲੇ ਰਾਜਪਾਲ ਧਰਮਵੀਰ ਸਨ। ਇਸ ਵਿਚ 17 ਜ਼ਿਲ੍ਹੇ ਤੇ 83 ਤਹਿਸੀਲਾਂ ਸਨ। ਨਵੇਂ ਪੰਜਾਬ ਦੀ ਆਬਾਦੀ 1 ਕਰੋੜ, 11 ਲੱਖ, 47 ਹਜ਼ਾਰ 54 ਸੀ ਅਤੇ ਰਕਬਾ 50,225 ਵਰਗ ਕਿਲੋਮੀਟਰ ਸੀ। 1966 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਬੜੇ ਉਤਰਾਅ ਚੜ੍ਹਾ ਵੇਖੇ ਹਨ। 1978 ਤੋਂ ਬਾਅਦ ਪੰਜਾਬ ਲਈ ਬੜਾ ਮਾੜਾ ਵਕਤ ਹੋਇਆ ਜਿਸ ਦਾ ਸਿਖ਼ਰ 1984 ਦਾ ਸਾਲ ਰਿਹਾ। ਇਸ ਦੌਰਾਨ ਪੰਜਾਬ ਨੂੰ ਆਪਣੇ ਹੀ ਲੋਕਾਂ ਨੂੰ ਗੁਆਉਣਾ ਪਿਆ। ਪੰਜਾਬ ਦੇ ਇਹ ਜ਼ਖ਼ਮ ਸ਼ਾਇਦ ਨਾ ਭਰਨ ਯੋਗ ਹਨ। 1966 ਤੋਂ ਬਾਅਦ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਰਾਜ ਕੀਤਾ ਅਤੇ ਪੰਜਾਬ ਨੂੰ ਕੈਲੀਫੋਰਨੀਆ ਵਰਗਾ ਬਣਾਉਣ ਦੇ ਵਾਅਦੇ ਵੀ ਕੀਤੇ ਗਏ ਪਰ 75 ਸਾਲਾਂ ਬਾਅਦ ਵੀ ਅਸੀਂ ਪੰਜਾਬ ਨੂੰ ਚੰਡੀਗੜ੍ਹ ਵਰਗਾ ਖ਼ੂਬਸੂਰਤ ਵੀ ਨਹੀਂ ਬਣਾ ਸਕੇ। ਬੇੇਸ਼ੱਕ ਪੰਜਾਬ ਅਤੇ ਹੋਰ ਸੂਬਿਆਂ ਦੇ ਬਹੁਤ ਸਾਰੇ ਮਸਲਿਆਂ ਦੀ ਚਾਬੀ ਕੇਂਦਰ ਸਰਕਾਰ ਕੋਲ ਹੈ ਪਰ ਪੰਜਾਬੀਆਂ ਦਾ ਆਪਣੇ ਪੰਜਾਬ ਨੂੰ ਮਜਬੂਰੀ ਵੱਸ ਛੱਡ ਕੇ ਦੂਜੇ ਮੁਲਕਾਂ ਵਿੱਚ ਜਾਣਾ ਸਾਡੇ ਸਿਸਟਮ ਅਤੇ ਰਾਜਨੀਤੀ 'ਤੇ ਕਈ ਸਵਾਲੀਆ ਨਿਸ਼ਾਨ ਲਾਉਂਦੇ ਹਨ ।

ਕੁਲਦੀਪ ਸਿੰਘ ਰਾਮਨਗਰ

ਨੋਟ- ਇਹ ਲੇਖਕ ਦੇ ਨਿੱਜੀ ਵਿਚਾਰ ਹਨ।
 


Harnek Seechewal

Content Editor

Related News