ਸਿਗਰਟ ਲੈਣ ਗਏ ਨੌਜਵਾਨ ਨੇ ਝਾਂਸਾ ਦੇ ਕੇ ਮਹਿਲਾ ਦੁਕਾਨਦਾਰ ਦਾ ਚੋਰੀ ਕੀਤਾ ਫੋਨ
Saturday, Sep 14, 2024 - 05:20 AM (IST)
ਲੁਧਿਆਣਾ (ਗੌਤਮ) - ਸਿਗਰਟ ਲੈਣ ਗਏ ਨੌਜਵਾਨ ਨੇ ਝਾਂਸਾ ਦੇ ਕੇ ਮਹਿਲਾ ਦੁਕਾਨਦਾਰ ਦਾ ਫੋਨ ਚੋਰੀ ਕਰ ਲਿਆ। ਪਤਾ ਲੱਗਣ ’ਤੇ ਔਰਤ ਨੇ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਚੋਰੀ ਦੇ ਮੋਬਾਈਲ ਸਮੇਤ ਕਾਬੂ ਕਰ ਲਿਆ ਅਤੇ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।
ਪੁਲਸ ਨੇ ਮੁਲਜ਼ਮ ਦੀ ਪਛਾਣ ਕਿਲਾ ਮੁਹੱਲਾ ਦੇ ਰਹਿਣ ਵਾਲੇ ਹਿਮਾਂਸ਼ੁ ਗਿੱਲ ਦੇ ਰੂਪ ’ਚ ਕੀਤੀ ਹੈ। ਪੁਲਸ ਨੇ ਇਸੇ ਮੁਹੱਲੇ ਦੀ ਰਹਿਣ ਵਾਲੀ ਭੋਲੀ ਪਤਨੀ ਸੋਹਣ ਲਾਲ ਦੇ ਬਿਆਨ ’ਤੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਕਤ ਮੁਲਜ਼ਮ ਉਸ ਦੀ ਦੁਕਾਨ ’ਤੇ ਸਿਗਰਟ ਲੈਣ ਲਈ ਆਇਆ ਸੀ। ਮੁਲਜ਼ਮ ਨੇ ਸਿਗਰਟ ਲੈਣ ਤੋਂ ਬਾਅਦ ਦੁਕਾਨ ’ਤੇ ਪਿੱਛੇ ਲਟਕ ਰਹੇ ਸ਼ੈਂਪੂ ਦੇਣ ਲਈ ਕਿਹਾ।
ਜਿਉਂ ਹੀ ਉਹ ਸ਼ੈਂਪੂ ਦੇਣ ਲੱਗਾ ਤਾਂ ਮੁਲਜ਼ਮ ਕਾਊਂਟਰ ’ਤੇ ਰੱਖਿਆ ਉਸ ਦਾ ਮੋਬਾਈਲ ਲੈ ਕੇ ਫਰਾਰ ਹੋ ਗਿਆ ਅਤੇ ਸਿਗਰਟ ਦੇ ਪੈਸੇ ਵੀ ਨਹੀਂ ਦੇ ਕੇ ਗਿਆ, ਜਿਸ ’ਤੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਸ ਨੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਕਾਬੂ ਕਰ ਲਿਆ। ਪੁਲਸ ਮੁਲਜ਼ਮ ਤੋਂ ਚੋਰੀ ਦੀਆਂ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕਰ ਰਹੀ ਹੈ।