ਬੈਂਕਾਂ ਦੀ ਹਡ਼ਤਾਲ ਕਾਰਨ ਕੰਮ-ਕਾਜ ਪ੍ਰਭਾਵਿਤ
Thursday, Dec 27, 2018 - 12:46 AM (IST)
ਸੰਗਰੂਰ, (ਵਿਵੇਕ ਸਿੰਧਵਾਨੀ) - ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ’ਤੇ ਦੇਸ਼ ਵਿਚਲੇ ਸਰਕਾਰੀ ਬੈਂਕਾਂ ਦੇ 10 ਲੱਖ ਤੋਂ ਵੀ ਵੱਧ ਮੁਲਾਜ਼ਮ ਅੱਜ ਹਡ਼ਤਾਲ ’ਤੇ ਰਹੇ। ਇਸ ਤਹਿਤ ਸੰਗਰੂਰ ’ਚ ਵੀ ਸਾਰੇ ਸਰਕਾਰੀ ਬੈਂਕਾਂ ਦੇ ਮੁਲਾਜ਼ਮ ਪੂਰਨ ਤੌਰ ’ਤੇ ਹਡ਼ਤਾਲ ’ਤੇ ਰਹੇ ਅਤੇ ਬੈਂਕਾਂ ’ਚ ਕੋਈ ਕੰਮ-ਕਾਜ ਨਹੀਂ ਹੋਇਆ। ਜਿਥੇ ਬੈਂਕਾਂ ਦੇ ਕਰਮਚਾਰੀ ਬੈਂਕ ਆਫ ਬਡ਼ੌਦਾ, ਦੇਣਾ ਬੈਂਕ ਤੇ ਵਿਜੈ ਬੈਂਕ ਦੇ ਰਲੇਵੇਂ ਦਾ ਵਿਰੋਧ ਕਰ ਰਹੇ ਹਨ, ਉਥੇ ਹੀ 1 ਦਸੰਬਰ 2017 ਤੋਂ ਲਾਗੂ ਹੋਣ ਵਾਲੇ ਤਨਖਾਹ ਸਮਝੌਤੇ ਦੇ ਲਾਗੂ ਨਾ ਹੋਣ ਪ੍ਰਤੀ ਵੀ ਰੋਸ ਵਿਅਕਤ ਕਰ ਰਹੇ ਹਨ। ਇਸ ਲਡ਼ੀ ਤਹਿਤ ਸੰਗਰੂਰ ਵਿਖੇ ਬੈਂਕ ਕਰਮਚਾਰੀਆਂ ਨੇ ਸਟੇਟ ਬੈਂਕ ਆਫ ਇੰਡੀਆ, ਮੁੱਖ ਸ਼ਾਖਾ ਅੱਗੇ ਜ਼ਬਰਦਸਤ ਰੈਲੀ ਤੇ ਮੁਜ਼ਾਹਰਾ ਕੀਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਡੀ. ਪੀ. ਬਾਤਿਸ਼ ਆਗੂ ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ ਕੇਂਦਰ ਸਰਕਾਰ ਸਰਮਾਏਦਾਰੀ ਤਾਕਤਾਂ ਦੇ ਇਸ਼ਾਰੇ ’ਤੇ ਸਰਕਾਰੀ ਬੈਂਕਾਂ ਨੂੰ ਬਦਨਾਮ ਤੇ ਕਮਜ਼ੋਰ ਕਰ ਕੇ ਪ੍ਰਾਈਵੇਟ ਹੱਥਾਂ ’ਚ ਦੇਣ ਦੀਆਂ ਕੌਝੀਆਂ ਹਰਕਤਾਂ ਕਰ ਰਹੀ ਹੈ, ਜਿਸ ਨੂੰ ਬੈਂਕਾਂ ਦੇ ਕਰਮਚਾਰੀ ਆਪਣੇ ਏਕੇ ਦਾ ਸਬੂਤ ਦੇ ਕੇ ਕਾਮਯਾਬ ਨਹੀਂ ਹੋਣ ਦੇਣਗੇ। ਸਟੇਟ ਬੈਂਕ ਆਫ ਇੰਡੀਆ ਅਾਫਸਰਜ਼ ਐਸੋ. ਦੇ ਜ਼ਿਲਾ ਸਕੱਤਰ ਕਾ. ਦਵਿੰਦਰ ਗੁਪਤਾ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜਿੱਥੇ ਸਰਕਾਰ ਛੋਟੇ-ਛੋਟੇ ਪ੍ਰਾਈਵੇਟ ਬੈਂਕ ਖੋਲਣ ਦੀ ਇਜਾਜ਼ਤ ਦੇ ਰਹੀ ਹੈ, ਉਥੇ ਹੀ ਸਰਕਾਰੀ ਬੈਂਕਾਂ ਦਾ ਇਹ ਕਹਿ ਕੇ ਰਲੇਵਾਂ ਕਰ ਰਹੀ ਹੈ ਕਿ ਛੋਟੇ ਬੈਂਕ ਕਾਮਯਾਬ ਨਹੀਂ ਰਹੇ। ਉਨ੍ਹਾਂ ਤਾਡ਼ਨਾ ਕੀਤੀ ਕਿ ਜੇਕਰ ਬੈਂਕ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਗੌਰ ਨਾ ਕੀਤਾ ਤਾਂ ਬੈਂਕ ਕਰਮਚਾਰੀ ਅਣਮਿਥੇ ਸਮੇਂ ਦੀ ਹਡ਼ਤਾਲ ’ਤੇ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। ਕੈਨਰਾ ਬੈਂਕ ਆਫੀਸਰ ਐਸੋ. ਦੇ ਆਗੂ ਨਰੇਸ਼ ਕੁਮਾਰ ਨੇ ਕਿਹਾ ਕਿ ਇਕ ਸਾਲ ਤੋਂ ਵੱਧ ਬੀਤ ਜਾਣ ਤੋਂ ਬਾਅਦ ਵੀ ਬੈਂਕ ਕਰਮਚਾਰੀਆਂ ਦੀਆਂ ਤਨਖਾਹਾਂ ’ਚ ਵਾਧਾ ਨਹੀਂ ਕੀਤਾ ਜਾ ਰਿਹਾ। ਜਨਰਲ ਸਕੱਤਰ ਕਾ. ਪਾਲੀ ਰਾਮ ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਬੈਂਕਾਂ ਦੇ ਰਲੇਵੇਂ ਕਰਕੇ ਤੇ ਤਨਖਾਹਾਂ ਨਾ ਵਧਾਉਣ ਵਰਗੇ ਹੱਥਕੰਡੇ ਅਪਣਾ ਕੇ ਸਰਕਾਰੀ ਬੈਂਕਾਂ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਤਿਆਰੀ ਕਰ ਰਹੀਆਂ ਹਨ। ਹੋਰਨਾਂ ਤੋਂ ਇਲਾਵਾ ਰੈਲੀ ਨੂੰ ਸਟੇਟ ਬੈਂਕ ਆਫ ਇੰਡੀਆ ਦੇ ਆਗੂ ਕੇਸਰ ਸਿੰਘ, ਪੰਜਾਬ ਨੈਸ਼ਨਲ ਬੈਂਕ ਦੇ ਆਗੂ ਕੈਲਾਸ਼ ਮੀਨਾ ਤੇ ਜਗਨ ਨਾਥ ਅਤੇ ਰਾਜੇਸ਼ ਮਿੱਤਲ ਹਾਜ਼ਰ ਸਨ।
ਸ਼ੇਰਪੁਰ, (ਅਨੀਸ਼)-ਕੁਝ ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਬੈਂਕ ਕਰਮਚਾਰੀਆਂ ਦੀ ਯੂਨੀਅਨ ਵੱਲੋਂ ਦਿੱਤੇ ਗਏ ਹਡ਼ਤਾਲ ਦੇ ਸੱਦੇ ’ਤੇ ਅੱਜ ਕਸਬੇ ਦੀਆਂ ਬੈਂਕਾਂ ਬੰਦ ਰਹੀਆਂ, ਜਿਸ ਕਰਕੇ ਬੈਂਕ ਨਾਲ ਲੈਣ-ਦੇਣ ਕਰਨ ਵਾਲੇ ਖਾਤਾਧਾਰਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 25 ਦਸੰਬਰ ਨੂੰ ਕ੍ਰਿਸਮਸ ਡੇ ਹੋਣ ਕਰਕੇ ਬੈਂਕਾਂ ਬੰਦ ਰਹੀਆਂ, ਜਿਸ ਕਰਕੇ ਲੋਕਾਂ ਦਾ ਲੈਣ-ਦੇਣ ਬਿਲਕੁਲ ਠੱਪ ਹੋ ਕੇ ਰਹਿ ਗਿਆ।
ਬੈਂਕਾਂ ਦੀ ਹਡ਼ਤਾਲ ਕਾਰਨ ਏ. ਟੀ. ਐਮ. ’ਚ ਵੀ ਕੈਸ਼ ਖਤਮ ਹੋ ਗਿਆ । ਵਪਾਰੀਆਂ ਨੇ ਦੱਸਿਆ ਕਿ ਬੈਂਕਾਂ ਬੰਦ ਹੋਣ ਕਰਕੇ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਕੰਮ-ਕਾਜ ਬਿਲਕੁਲ ਠੱਪ ਹੋ ਕੇ ਰਹਿ ਗਏ ਹਨ ਕਿਉਂਕਿ ਵਪਾਰੀ ਵਰਗ ਨੂੰ ਮਾਲ ਮੰਗਾਉਣ ਲਈ ਬੈਂਕ ’ਚ ਪੈਸੇ ਜਮ੍ਹਾ ਕਰਵਾਉਣੇ ਪੈਂਦੇ ਹਨ, ਇਸ ਤੋਂ ਬਾਅਦ ਹੀ ਮਾਲ ਦੀ ਅਦਾਇਗੀ ਹੁੰਦੀ ਹੈ ।
