ਵਿਜੀਲੈਂਸ ਬਿਊਰੋ ਵਲੋਂ ਕਣਕ ਦੀ ਵੰਡ ’ਚ ਹੇਰਾ-ਫੇਰੀ ਸਬੰਧੀ ਮਾਮਲਾ ਦਰਜ

01/15/2020 9:01:09 PM

ਚੰਡੀਗਡ਼੍ਹ, (ਰਮਨਜੀਤ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਠਾਨਕੋਟ ਜ਼ਿਲੇ ਦੇ ਪਿੰਡ ਖਿਆਲਾ ਵਿਖੇ ਜਨਤਕ ਵੰਡ ਪ੍ਰਣਾਲੀ ਤਹਿਤ ਕਣਕ ਦੀ ਵੰਡ ’ਚ ਹੇਰਾ-ਫੇਰੀ ਕਰਨ ਦੇ ਦੋਸ਼ ਹੇਠ ਸਰਕਾਰੀ ਰਾਸ਼ਨ ਡਿਪੂ ਦੇ ਮਾਲਕ ਪਰਸ਼ੋਤਮ ਲਾਲ, ਉਸ ਦੀ ਪਤਨੀ ਸੋਨੀਆ, ਪਿੰਡ ਦੀ ਸਰਪੰਚ ਰਜਨੀ ਅਤੇ ਕਮੇਟੀ ਮੈਂਬਰ ਦਿਵਾਨ ਚੰਦ ਖਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਠਾਨਕੋਟ ਜ਼ਿਲੇ ਦੇ ਪਿੰਡ ਖਿਆਲਾ ਵਿਖੇ ਰਾਸ਼ਨ ਡਿਪੂ ਚਲਾ ਰਹੇ ਪਰਸ਼ੋਤਮ ਲਾਲ ਨੂੰ ਬੀ. ਪੀ. ਐੱਲ. ਪਰਿਵਾਰਾਂ ਨੂੰ ਵੰਡਣ ਲਈ ਕਣਕ ਦਾ ਕੋਟਾ ਅਲਾਟ ਕੀਤਾ ਗਿਆ ਸੀ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਕੀਤੀ ਜਾਂਚ ਅਨੁਸਾਰ ਇਸ ਪਿੰਡ ’ਚ ਬੀ. ਪੀ. ਐੱਲ. ਪਰਿਵਾਰਾਂ ਨੂੰ ਜਾਰੀ 229 ਨੀਲੇ ਕਾਰਡਾਂ ਸਬੰਧੀ ਦਸੰਬਰ, 2014 ਤੋਂ ਮਾਰਚ, 2017 ਦੇ ਅਰਸੇ ਦੌਰਾਨ ਇਸ ਡਿਪੂ ਨੂੰ 138 ਕੁਇੰਟਲ ਕਣਕ ਅਲਾਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਰਸ਼ੋਤਮ ਲਾਲ ਨੇ ਸਰਪੰਚ ਰਜਨੀ ਅਤੇ ਹੋਰਨਾਂ ਨਾਲ ਮਿਲੀਭੁਗਤ ਕਰ ਕੇ ਗਰੀਬ ਪਰਿਵਾਰਾਂ ਨੂੰ ਵੰਡਣ ਲਈ ਡਿਪੂ ’ਤੇ ਆਈ ਕਣਕ ਹਡ਼ੱਪ ਲਈ। ਇਹ ਕਣਕ ਪੰਜਾਬ ਸਰਕਾਰ ਵਲੋਂ ਲਾਗੂ ਜਨਤਕ ਵੰਡ ਪ੍ਰਣਾਲੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਨਹੀਂ ਵੰਡੀ ਗਈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਪੁਲਸ ਥਾਣਾ ਅੰਮ੍ਰਿਤਸਰ ਵਿਖੇ ਫੌਜਦਾਰੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ਾਂ ਦੀ ਪਡ਼ਤਾਲ ਲਈ ਅਗਲੇਰੀ ਜਾਂਚ ਜਾਰੀ ਹੈ।


Bharat Thapa

Content Editor

Related News