ਵੈਟਨਰੀ ਯੂਨੀਵਰਸਿਟੀ ਨੇ ਪਹਿਲੀ ਵਾਰ ਲੋਕ ਅਰਪਣ ਕੀਤੀ ‘ਘੋੜਿਆਂ ’ਚ ਸੂਲ ਦੀ ਬੀਮਾਰੀ’ ਸੰਬੰਧੀ ਲਿਖੀ ਕਿਤਾਬ
Friday, Oct 30, 2020 - 09:48 AM (IST)
 
            
            ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਡਾ. ਅਰੁਣ ਆਨੰਦ ਅਤੇ ਡਾ. ਸਿਮਰਤ ਸਾਗਰ ਸਿੰਘ ਦੀ ਲਿਖੀ ਹੋਈ ਪੁਸਤਕ ਲੋਕ ਅਰਪਣ ਕੀਤੀ। ਯੂਨੀਵਰਸਿਟੀ ਦੇ ਵੈਟਨਰੀ ਸਰਜਰੀ ਅਤੇ ਰੇਡੀਓਲੋਜੀ ਖ਼ੇਤਰ ਦੇ ਇਨ੍ਹਾਂ ਮਾਹਿਰਾਂ ਦੀ ਕਿਤਾਬ ਦਾ ਵਿਸ਼ਾ ਹੈ ‘ਘੋੜਿਆਂ ਵਿਚ ਸੂਲ (ਢਿੱਡ ਦਰਦ) ਦੀ ਜਾਂਚ ਅਤੇ ਪ੍ਰਬੰਧਨ ਸੰਬੰਧੀ ਵਿਹਾਰਕ ਪਹੁੰਚ’। ਡਾ. ਇੰਦਰਜੀਤ ਸਿੰਘ ਨੇ ਕਿਤਾਬ ਦੇ ਲੇਖ਼ਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪੁਸਤਕ ਲਈ ਉਨ੍ਹਾਂ ਨੇ ਬਹੁਤ ਘਾਲਣਾ ਘਾਲੀ ਹੈ। ਇਸ ਪੁਸਤਕ ਦਾ ਪ੍ਰਕਾਸ਼ਨ ਜਯਾ ਪਬਲੀਸ਼ਿੰਗ ਹਾਊਸ, ਦਿੱਲੀ ਨੇ ਕੀਤਾ ਹੈ।
ਕਿਤਾਬ ਦੇ ਲੇਖ਼ਕਾਂ ਨੇ ਜਾਣਕਾਰੀ ਦਿੱਤੀ ਕਿ ਘੋੜਿਆਂ ਵਿਚ ਸੂਲ ਦੀ ਸਮੱਸਿਆ ਜਾਨ ਨੂੰ ਖ਼ਤਰੇ ਵਾਲੀ ਬੀਮਾਰੀ ਹੈ। ਜੇ ਇਸ ਦਾ ਸਹੀ ਤੇ ਸਟੀਕ ਇਲਾਜ ਨਾ ਕੀਤਾ ਜਾਏ ਤਾਂ ਘੋੜੇ ਦੀ ਮੌਤ ਹੋ ਜਾਂਦੀ ਹੈ, ਜਿਸ ਨਾਲ ਜਾਨੀ ਨੁਕਸਾਨ ਅਤੇ ਬਹੁਤ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ। ਯੂਨੀਵਰਸਿਟੀ ਦੇ ਸਰਜਰੀ ਵਿਭਾਗ ਨੇ ਘੋੜਿਆਂ ਦੀ ਇਸ ਬੀਮਾਰੀ ਦੇ ਇਲਾਜ ਲਈ ਵਿਸ਼ੇਸ਼ ਸਹੂਲਤਾਂ ਸਥਾਪਿਤ ਕੀਤੀਆਂ ਹੋਈਆਂ ਹਨ। ਉੱਤਰੀ ਭਾਰਤ ਵਿਚ ਸਿਰਫ਼ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੀ ਇਸ ਕਿਸਮ ਦੀਆਂ ਸਹੂਲਤਾਂ ਮੌਜੂਦ ਹਨ।
ਕਿਤਾਬ ਪੂਰਨ ਰੂਪ ਵਿਚ ਇਸ ਬੀਮਾਰੀ ਦੇ ਕਾਰਣ, ਨਿਰੀਖਣ ਵਿਧੀਆਂ, ਅਪਰੇਸ਼ਨ ਤੋਂ ਪਹਿਲਾਂ ਦੀ ਤਿਆਰੀ ਅਤੇ ਅਪਰੇਸ਼ਨ ਤੋਂ ਬਾਅਦ ਦੀ ਸਾਂਭ ਸੰਭਾਲ ਬਾਰੇ ਗਿਆਨ ਦੇਣ ਨੂੰ ਸਮਰਪਿਤ ਹੈ। ਪੁਸਤਕ ਵਿਚ ਜਾਣਕਾਰੀ ਦੇਣ ਲਈ 125 ਬਹੁਤ ਉਮਦਾ ਤਸਵੀਰਾਂ ਅਤੇ ਵੇਰਵਾ ਦਿੱਤਾ ਗਿਆ ਹੈ, ਜਿਸ ਨਾਲ ਕਿ ਵੈਟਨਰੀ ਵਿਗਿਆਨ ਦੇ ਵਿਦਿਆਰਥੀਆਂ ਅਤੇ ਡਾਕਟਰਾਂ ਨੂੰ ਫਾਇਦਾ ਮਿਲ ਸਕੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਘੋੜਿਆਂ ਦੀ ਇਸ ਬੀਮਾਰੀ ’ਤੇ ਭਾਰਤੀ ਉਪ ਮਹਾਂਦੀਪ ਵਿਚ ਭਾਰਤੀ ਲੇਖ਼ਕਾਂ ਵੱਲੋਂ ਲਿਖੀ ਗਈ ਇਹ ਪਹਿਲੀ ਪੁਸਤਕ ਹੈ। ਅੰਗ੍ਰੇਜ਼ੀ ਭਾਸ਼ਾ ਵਿਚ ਲਿਖ਼ੀ ਇਸ ਪੁਸਤਕ ਦੀ ਸ਼ਬਦਾਵਲੀ ਬੜੀ ਸੌਖ਼ੀ ਅਤੇ ਸਮਝ ਆਉਣ ਵਾਲੀ ਰੱਖ਼ੀ ਗਈ ਹੈ।
ਡਾ. ਨਵਦੀਪ ਸਿੰਘ, ਮੁਖੀ, ਵੈਟਨਰੀ ਸਰਜਰੀ ਵਿਭਾਗ ਨੇ ਕਿਹਾ ਕਿ ਘੋੜਿਆਂ ਨੂੰ ਸੂਲ ਦੀ ਸਮੱਸਿਆ ਦੇ ਇਲਾਜ ਵਾਸਤੇ ਯੂਨੀਵਰਸਿਟੀ ਵਿਖੇ ਸ੍ਰੀ ਗੰਗਾਨਗਰ (ਰਾਜਸਥਾਨ) ਤੋਂ ਵੀ ਲੋਕ ਘੋੜੇ ਲੈ ਕੇ ਆਉਂਦੇ ਹਨ, ਜਿਨ੍ਹਾਂ ਦਾ ਇਲਾਜ ਕਰਕੇ ਤੰਦਰੁਸਤ ਕੀਤਾ ਜਾਂਦਾ ਹੈ। ਵੈਟਨਰੀ ਸਾਇੰਸ ਕਾਲਜ ਦੇ ਡੀਨ, ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਕਿਤਾਬ ਦੇ ਲੇਖ਼ਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਬਹੁਤ ਮਹੱਤਵਪੂਰਣ ਦਸਤਾਵੇਜ਼ ਤਿਆਰ ਕਰ ਦਿੱਤਾ ਹੈ, ਜਿਸ ਨਾਲ ਘੋੜਿਆਂ ਦੀ ਇਸ ਬੀਮਾਰੀ ਲਈ ਬਹੁਤ ਫ਼ਾਇਦਾ ਮਿਲੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            