'ਕਰਫ਼ਿਊ ਪਾਸ ਨੂੰ ਸੋਸ਼ਲ ਮੀਡੀਆ ਤੇ ਅੱਪਲੋਡ ਕਰਨ 'ਤੇ ਹੋਵੇਗੀ ਕਾਰਵਾਈ'

Monday, Mar 30, 2020 - 07:25 PM (IST)

'ਕਰਫ਼ਿਊ ਪਾਸ ਨੂੰ ਸੋਸ਼ਲ ਮੀਡੀਆ ਤੇ ਅੱਪਲੋਡ ਕਰਨ 'ਤੇ ਹੋਵੇਗੀ ਕਾਰਵਾਈ'

ਫਿਰੋਜ਼ਪੁਰ, (ਕੁਮਾਰ)- ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜ਼ਿਲ੍ਹਾ ਫਿਰੋਜ਼ਪੁਰ ਵਿਚ ਕਰਫ਼ਿਊ ਲਗਾਇਆ ਗਿਆ ਹੈ, ਕਰਫ਼ਿਊ ਦੌਰਾਨ ਲੋਕਾਂ ਨੂੰ ਕਈ ਵਾਰ ਕਿਤੇ ਆਉਣ-ਜਾਣ ਦੀਆਂ ਮਜਬੂਰੀਆਂ ਵੀ ਹੁੰਦੀਆਂ ਹਨ, ਕਿਸੇ ਦੇ ਘਰ ਵਿਚ ਕੋਈ ਮਰੀਜ਼ ਹੈ ਜਾਂ ਕਿਸੇ ਨੂੰ ਐਮਰਜੈਂਸੀ ਲਈ ਇੱਧਰ ਉੱਧਰ ਜਾਣਾ ਪੈਂਦਾ ਹੈ। ਉਸ ਲਈ ਕਰਫ਼ਿਊ ਪਾਸ ਦੀ ਸੁਵਿਧਾ ਹੁੰਦੀ ਹੈ ਜਿਸ ਨੂੰ ਪ੍ਰਸ਼ਾਸਨ ਵੱਲੋਂ ਪ੍ਰਾਪਤ ਕਰ ਕੇ ਇੱਧਰ ਉੱਧਰ ਆ ਜਾ ਸਕਦੇ ਹਨ। ਪਰ ਕਈ ਲੋਕ ਜਿਨ੍ਹਾਂ ਨੇ ਪਾਸ ਬਣਵਾਏ ਹਨ ਉਨ੍ਹਾਂ ਵੱਲੋਂ ਇਹ ਕਰਫ਼ਿਊ ਪਾਸ ਨੂੰ ਸੋਸ਼ਲ ਮੀਡੀਆ ਤੇ ਅੱਪਲੋਡ ਕੀਤਾ ਜਾਂਦਾ ਹੈ ਜਾਂ ਲੋਕਾਂ ਅੱਗੇ ਵਿਖਾਵਾ ਕੀਤਾ ਜਾਂਦਾ ਹੈ ਜੋ ਕਿ ਸਹੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਜਸ਼ਨ ਦਾ ਸਮਾਂ ਨਹੀਂ ਹੈ, ਜੋ ਅਸੀਂ ਇਸ ਨੂੰ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਦਿਖਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਕਰਫ਼ਿਊ ਪਾਸ ਲੋਕਾਂ ਦੀ ਮਜਬੂਰੀਆਂ ਨੂੰ ਦੇਖਦੇ ਹੋਏ ਜਾਰੀ ਕੀਤੇ ਜਾਂਦੇ ਹਨ ਤਾਂ ਜੋ ਐਮਰਜੈਂਸੀ ਹਾਲਤਾਂ ਵਿਚ ਇੱਧਰ ਉੱਧਰ ਆਉਣ-ਜਾਣ ਲਈ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਇੱਕ ਸਪੈਸ਼ਲ ਟੀਮ ਜੋ ਕਿ ਸੋਸ਼ਲ ਮੀਡੀਆ ਤੇ ਨਿਗਰਾਨੀ ਕਰ ਰਹੀ ਹੈ ਜੇਕਰ ਕੋਈ ਅਜਿਹਾ ਕਰਦਾ ਨਜ਼ਰ ਆਉਂਦਾ ਹੈ ਤਾਂ ਉਸਦਾ ਕਰਫ਼ਿਊ ਪਾਸ ਵੀ ਰੱਦ ਕੀਤਾ ਜਾਵੇਗਾ ਅਤੇ ਉਸ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੇ ਹਾਲਾਤਾਂ ਵਿਚ ਕੁੱਝ ਦੁਕਾਨਦਾਰ, ਕੈਮਿਸਟ ਅਤੇ ਵਿਕਰੇਤਾ ਜਾਂ ਚੀਜ਼ਾਂ ਦੀ ਸਪਲਾਈ ਕਰਨ ਵਾਲੇ ਆਪਣੀਆਂ ਵਸਤੂਆਂ ਨੂੰ ਰੇਟਾਂ ਤੋਂ ਵੱਧ ਵੇਚਣ ਜਾਂ ਮੁਨਾਫ਼ਾ-ਖ਼ੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਮਨੁੱਖਤਾ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਰੂਰੀ ਵਸਤੂਆਂ ਦੀ ਸਪਲਾਈ ਕਰਨ ਲਈ ਜਿਨ੍ਹਾਂ ਦੁਕਾਨਦਾਰਾਂ/ਵਿਕ੍ਰੇਤਾਵਾਂ ਨੂੰ ਪਾਸ ਜਾਰੀ ਕੀਤੇ ਗਏ ਹਨ ਉਹ ਜ਼ਰੂਰੀ ਵਸਤੂਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਾਰੀ ਕੀਤੇ ਪਾਸਾਂ ਦੀ ਲਿਸਟ ਪੁਲਿਸ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਗਈ ਹੈ ਜੇਕਰ ਕੋਈ ਦੁਕਾਨਦਾਰ ਵੱਧ ਪ੍ਰੋਫਿਟ ਤੇ ਚੀਜ਼ਾਂ ਵੇਚਦਾ ਹੈ ਜਾਂ ਪਾਸ ਬਣੇ ਹੋਣ ਦੇ ਬਾਵਜੂਦ ਵੀ ਸਪਲਾਈ ਨਹੀਂ ਕਰਦਾ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News