ਮੀਂਹ ਤੇ ਝੱਖੜ ਨੇ ਖੇਤਾਂ ’ਚ ‘ਸੋਨੇ ਰੰਗੀ’ ਕਣਕ ਦੀ ਫ਼ਸਲ ਵਿਛਾਈ, ਝਾੜ ’ਤੇ ਵੀ ਪਵੇਗਾ ਅਸਰ

03/20/2023 6:26:49 PM

ਸੰਗਰੂਰ (ਸਿੰਗਲਾ) : ਸੂਬੇ ’ਚ ਬੀਤੇ ਕੁਝ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਤੇ ਮੀਂਹ ਕਾਰਨ ਪੰਜਾਬ ਦੇ ਕਿਸਾਨਾਂ ਦੇ ਸ਼ਾਹ ਸੂਤੇ ਨਜ਼ਰ ਆ ਰਹੇ ਹਨ ਅਤੇ ਕਿਸਾਨਾਂ ਨੂੰ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦੇ ਖਰਾਬ ਹੋਣ ਜਾਣ ਦੀ ਚਿੰਤਾ ਦਿਨ ਰਾਤ ਸਤਾ ਰਹੀ ਹੈ। ਕਣਕ ਦੀ ਫ਼ਸਲ ਦੀ ਵਿਢਾਈ ’ਚ ਸਿਰਫ਼ 10-15 ਦਿਨਾਂ ਹੀ ਬਾਕੀ ਸਨ ਪਰ ਇਸ ਮੀਂਹ ਤੇ ਝੱਖੜ ਨੇ ਕਣਕ ਦੀ ਫ਼ਸਲ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ। ਖੇਤਾਂ ’ਚ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਵਿੱਛ ਚੁੱਕੀ ਤੇ ਜੇਕਰ ਇਹ ਮੀਂਹ ਝੱਖੜ ਨਹੀਂ ਰੁਕਦਾ ਤਾਂ ਇਸ ਵਾਰ ਕਣਕ ’ਤੇ ਝਾੜ ਕਾਫ਼ੀ ਬੁਰਾ ਅਸਰ ਪਾਵੇਗਾ ਤੇ ਇਸ ਕਾਰਨ ਕਿਸਾਨਾਂ ਦੀ ਚਿੰਤਾਵਾਂ ’ਚ ਭਾਰੀ ਵਾਧਾ ਹੋ ਗਿਆ ਹੈ। ਇਸ ਮੀਂਹ ਝੱਖੜ ਕਾਰਨ ਕਣਕ ਦੀ ਫ਼ਸਲ ਤੋਂ ਇਲਾਵਾ ਸਬਜ਼ੀਆਂ ਦੀਆਂ ਫ਼ਸਲਾਂ ਦਾ ਬੂਰੀ ਤਰ੍ਹਾਂ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀਕਾਂਡ : ਅਦਾਲਤ ਨੇ ਸੁਮੇਧ ਸੈਣੀ ਤੇ ਉਮਰਾਨੰਗਲ ਦੀ ਅਗਾਊਂ ਜ਼ਮਾਨਤ ਦਾ ਫ਼ੈਸਲਾ ਰੱਖਿਆ ਸੁਰੱਖਿਅਤ

ਕੱਦੂ, ਭਿੰਡੀ, ਤੋਰੀ ਸਣੇ ਹੋਰ ਫਰਵਰੀ ਤੇ ਮਾਰਚ ਮਹੀਨਿਆਂ ਬੀਜੀਆਂ ਫ਼ਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪੁੱਜਾ ਹੈ। ਮੌਸਮੀ ’ਚ ਆਈ ਇਸ ਤਬਦੀਲੀ ਕਾਰਨ ਆਲੂ ਦੇ ਕਾਸ਼ਤਕਾਰ ਕਿਸਾਨ ਵੀ ਕਾਫ਼ੀ ਪ੍ਰੇਸ਼ਾਨ ਹਨ ਕਿਉਂਕਿ ਇਕ ਤਾਂ ਆਲੂ ਦੀ ਪੁਟਾਈ ਬਿਲਕੁਲ ਠੱਪ ਹੋ ਗਈ ਹੈ ਤੇ ਆਲੂ ਵੀ ਬੇ ਰੰਗਾ ਤੇ ਖੇਤਾਂ ’ਚ ਗੱਲ ਰਿਹਾ ਹੈ, ਜਿਸ ਕਾਰਨ ਦੀ ਕੀਮਤ ’ਚ ਵੀ ਗਿਰਾਵਟ ਆਵੇਗੀ। ਜਿਹੜੇ ਕਿਸਾਨਾਂ ਵੱਲੋਂ ਆਲੂ ਦੀ ਪੁਟਾਈ ਕਰ ਲਈ ਗਈ ਉਨ੍ਹਾਂ ਨੂੰ ਅਗਲੀ ਫ਼ਸਲ ਬੀਜਣ ’ਚ ਮੁਸ਼ਕਿਲਾਂ ਆ ਰਹੀਆਂ ਹਨ ਕਿਉਂਕਿ ਮੌਸਮ ਸਾਫ਼ ਨਾ ਹੋਣ ਕਾਰਨ ਉਹ ਅਗਲੀ ਫ਼ਸਲ ਬੀਜਣ ’ਚ ਅਸਮੱਰਥ ਹਨ।

ਇਹ ਵੀ ਪੜ੍ਹੋ- ਮਲੋਟ ’ਚ ਵੱਡੀ ਵਾਰਦਾਤ, ਕੁੜੀ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਪਰਿਵਾਰ ਨੇ ਨੌਜਵਾਨ ਨੂੰ ਦਿੱਤੀ ਰੂਹ ਕੰਬਾਊ ਮੌਤ

ਪਿਛਲੇ ਸਾਲ ਵੀ ਮਾਰਚ ਤੇ ਅਪ੍ਰੈਲ ਮਹੀਨੇ ਮੌਸਮ ’ਚ ਆਈ ਇਕਦਮ ਤਬਦੀਲੀ ਤੇ ਭਾਰੀ ਗਰਮੀ ਕਾਰਨ ਕਣਕ ਦਾ ਦਾਣਾ ਬਿਲਕੁੱਲ ਸੁੱਕ ਗਿਆ ਸੀ, ਜਿਸ ਕਾਰਨ ਝਾੜ ਬਹੁਤ ਜ਼ਿਆਦਾ ਘੱਟ ਗਿਆ ਸੀ। ਪਿਛਲੇ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਸੂਬੇ ’ਚ ਕਈ ਥਾਵਾਂ ’ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਵੀ ਵੱਡੇ ਪੱਧਰ ’ਤੇ ਸਾਹਮਣੇ ਆਈਆਂ ਸਨ। ਜੇਕਰ ਇਸ ਸਾਲ ਵੀ ਕਣਕ ਦੀ ਝਾੜ ਘੱਟ ਨਿਕਲਦਾ ਹੈ ਤਾਂ ਕਿਸਾਨਾਂ ਦੀਆਂ ਮੁਸ਼ਕਿਲਾਂ ’ਚ ਮੁੜ ਭਾਰੀ ਵਾਧਾ ਹੋ ਜਾਵੇਗਾ। ਸਰਕਾਰਾਂ ਨੂੰ ਇਸ ਸਬੰਧੀ ਜਲਦ ਹੀ ਕੋਈ ਰੂਪ-ਰੇਖਾ ਉਲੀਕਣੀ ਚਾਹੀਦੀ ਹੈ ਤਾਂ ਜੋ ਪਿਛਲੇ ਸਾਲ ਵਾਂਗ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਨਾ ਕੀਤੀ ਜਾਵੇ। ਕਣਕ ਦਾ ਝਾੜ ਘੱਟ ਨਿਕਲਣ ਕਾਰਨ ਇਕੱਲਾ ਕਿਸਾਨਾਂ ਨੂੰ ਨਹੀਂ ਬਿਲਕੁਲ ਖੇਤੀ ’ਤੇ ਨਿਰਭਰ ਧੰਦਿਆਂ ਨੂੰ ਕਾਰਨ ਵਾਲੇ ਸਭ ਨੂੰ ਨੁਕਸਾਨ ਹੁੰਦਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News