ਭਿਆਨਕ ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ

07/25/2020 11:55:25 PM

ਰਾਏਕੋਟ,(ਭੱਲਾ)- ਅੱਜ ਦੇਰ ਰਾਤ ਪਿੰਡ ਗੋਂਦਵਾਲ ਨੇੜੇ ਲੁਧਿਆਣਾ ਰੋਡ ’ਤੇ ਵਾਪਰੇ ਇਕ ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦੀ ਖਬਰ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਰੀਜਾ ਕਾਰ ਜੋ ਕਿ ਕਾਫੀ ਤੇਜ਼ ਰਫਤਾਰ ਨਾਲ ਲੁਧਿਆਣਾ ਤੋਂ ਰਾਏਕੋਟ ਸਾਈਡ ਵੱਲ ਨੂੰ ਆ ਰਹੀ ਸੀ, ਜਦੋਂ ਉਹ ਪਿੰਡ ਗੋਂਦਵਾਲ ਨੇੜੇ ਇਕ ਢਾਬੇ ਨੇੜੇ ਪੁੱਜੀ ਤਾਂ ਅਚਾਨਕ ਸੜਕ ’ਤੇ ਆਏ ਇਕ ਬੇਸਹਾਰਾ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਸੜਕ ਕਿਨਾਰੇ ਖੜ੍ਹੇ ਇਕ ਟਰਾਂਸਫਾਰਮਰ ਵਾਲੇ ਖੰਭੇ ਨਾਲ ਟਕਰਾ ਕੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਇੰਜਨ ਕਾਰ ’ਚੋਂ ਨਿੱਕਲ ਕੇ ਸੜਕ ਦੇ ਦੂਜੇ ਕਿਨਾਰੇ ਜਾ ਡਿੱਗਾ। ਲੋਕਾਂ ਨੇ ਇਸ ਹਾਦਸੇ ਦੀ ਸੂਚਨਾ ਸਿਟੀ ਪੁਲਸ ਨੂੰ ਦਿੱਤੀ । ਸੂਚਨਾ ਮਿਲਦੇ ਹੀ ਥਾਣਾ ਸਿਟੀ ਮੁਖੀ ਹੀਰਾ ਸਿੰਘ ਸੰਧੂ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਲੋਕਾਂ ਦੀ ਸਹਾਇਤਾ ਨਾਲ ਬੜੀ ਮੁਸ਼ਕਿਲ ਨਾਲ ਗੱਡੀ ’ਚ ਸਵਾਰ 3 ਵਿਅਕਤੀਆਂ ਨੂੰ ਜ਼ਖਮੀਂ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ । ਮਿਲੀ ਜਾਣਕਾਰੀ ਅਨੁਸਾਰ ਕਾਰ ’ਚ ਰਾਏਕੋਟ ਨਿਵਾਸੀ 2 ਸਕੇ ਭਰਾ ਗੁਰਦੀਪ ਸਿੰਘ ਗਰੇਵਾਲ ਅਤੇ ਪ੍ਰਦੀਪ ਸਿੰਘ ਗਰੇਵਾਲ ਦੋਨੋਂ ਪੁੱਤਰ ਹਰਜਿੰਦਰ ਸਿੰਘ ਵਾਸੀ ਗੁਰੂ ਨਾਨਕਪੁਰਾਂ ਮੁਹੱਲਾ ਅਤੇ ਇਕ ਸੁਧਾਰ ਬਾਜ਼ਾਰ ਨਿਵਾਸੀ ਇੰਦਰਜੀਤ ਸਿੰਘ ਪੁੱਤਰ ਮਨਜਿੰਦਰ ਸਿੰਘ ਸਵਾਰ ਸਨ |

ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ’ਚ ਪ੍ਰਦੀਪ ਸਿੰਘ (32) ਵਾਸੀ ਰਾਏਕੋਟ ਅਤੇ ਇੰਦਰਜੀਤ ਸਿੰਘ (43) ਵਾਸੀ ਸੁਧਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੁਰਦੀਪ ਸਿੰਘ ਦੀ ਹਾਲਤ ਡਾਕਟਰਾਂ ਮੁਤਾਬਕ ਕਾਫੀ ਗੰਭੀਰ ਦੱਸੀ ਗਈ ਹੈ | ਇਸ ਸਬੰਧੀ ਐੱਸ. ਆਈ. ਗੁਰਤਾਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਹਾਦਸੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ |


Bharat Thapa

Content Editor

Related News