71 ਦਿਨਾਂ ਬਾਅਦ ਆਮ ਮੁਸਾਫਰਾਂ ਲਈ ਚੱਲੀਆਂ ਖਾਸ ਰੇਲਗੱਡੀਆਂ

Tuesday, Jun 02, 2020 - 10:20 AM (IST)

71 ਦਿਨਾਂ ਬਾਅਦ ਆਮ ਮੁਸਾਫਰਾਂ ਲਈ ਚੱਲੀਆਂ ਖਾਸ ਰੇਲਗੱਡੀਆਂ

ਫਿਰੋਜ਼ਪੁਰ (ਮਲਹੋਤਰਾ): 22 ਮਾਰਚ ਤੋਂ ਆਮ ਮੁਸਾਫਰਾਂ ਦੇ ਲਈ ਬੰਦ ਕੀਤੀ ਗਈ ਭਾਰਤੀ ਰੇਲ ਸੋਮਵਾਰ 71 ਦਿਨਾਂ ਬਾਅਦ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ। ਭਾਵੇਂ ਦੇਸ਼ 'ਚ ਰੇਲ ਨੈਟਵਰਕ ਨੂੰ ਪੂਰੀ ਤਰ੍ਹਾਂ ਬਹਾਲ ਨਹੀਂ ਕੀਤਾ ਗਿਆ। ਫਿਰ ਵੀ ਆਮ ਮੁਸਾਫਰਾਂ ਦੀ ਜ਼ਰੂਰਤ ਮੁਤਾਬਕ ਦੇਸ਼ 'ਚ ਕੁੱਲ 200 ਅਪ-ਡਾਊਨ ਖਾਸ ਰੇਲ ਗੱਡੀਆਂ ਚਲਾਈਆਂ ਗਈਆਂ ਹਨ, ਤਾਂ ਕਿ ਤਾਲਾਬੰਦੀ ਕਾਰਨ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਫਸੇ ਲੋਕ ਆਪਣੇ ਘਰਾਂ ਤੱਕ ਪਹੁੰਚ ਸਕਣ। ਇਸੇ ਲੜੀ 'ਚ ਫਿਰੋਜ਼ਪੁਰ ਮੰਡਲ ਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸੋਮਵਾਰ 8 ਰੇਲ ਗੱਡੀਆਂ ਰਵਾਨਾ ਹੋਈਆਂ। ਡੀ.ਆਰ.ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਹਰਿਦੁਆਰ, ਜੈਨਗਰ, ਨਿਊ ਜਲਪਾਈਗੁੜੀ, ਮੁੰਬਈ ਸੈਂਟਰਲ, ਬਾਂਦਰਾ ਟਰਮੀਨਲਜ਼, ਹਜ਼ੂਰ ਸਾਹਿਬ ਨਾਂਦੇੜ ਅਤੇ ਕਲਕੱਤਾ ਦੇ ਲਈ ਅੱਠ ਰੇਲ ਗੱਡੀਆਂ ਰਵਾਨਾ ਕੀਤੀਆਂ ਗਈਆਂ।

284 ਮੁਸਾਫਰ ਲੈ ਕੇ ਹਰਿਦੁਆਰ ਗਈ ਰੇਲ ਗੱਡੀ
ਉਨ੍ਹਾਂ ਦੱਸਿਆ ਕਿ ਮੰਡਲ ਦੀ ਸਭ ਤੋਂ ਪਹਿਲੀ ਸਪੈਸ਼ਲ ਟਰੇਨ ਨੰ: 02054 ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਹਰਿਦੁਆਰ ਦੇ ਲਈ 284 ਮੁਸਾਫਰ ਲੈ ਕੇ ਨਿਕਲੀ ਜੋ ਰਸਤੇ 'ਚ ਬਿਆਸ, ਜਲੰਧਰ ਸ਼ਹਿਰ, ਫਗਵਾੜਾ, ਲੁਧਿਆਣਾ, ਸਰਹੰਦ, ਅੰਬਾਲਾ ਛਾਉਣੀ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਰੁੜਕੀ ਸਟੇਸ਼ਨਾਂ ਤੇ ਰੁਕੇਗੀ।ਦੂਜੀ ਸਪੈਸ਼ਲ ਰੇਲਗੱਡੀ ਨੰਬਰ 04650 ਅੰਮ੍ਰਿਤਸਰ ਤੋਂ ਜੈਨਗਰ ਦੇ ਲਈ ਰਵਾਨਾ ਕੀਤੀ ਗਈ। ਜਿਸ 'ਚ 123 ਮੁਸਾਫਰ ਚੜ੍ਹੇ। ਇਸ ਰੇਲ ਗੱਡੀ ਦੇ ਠਹਿਰਾਓ ਬਿਆਸ, ਕਰਤਾਰਪੁਰ, ਜਲੰਧਰ ਸ਼ਹਿਰ, ਜਲੰਧਰ ਛਾਉਣੀ, ਫਿਲੌਰ, ਫਗਵਾੜਾ, ਲੁਧਿਆਣਾ, ਸਰਹੰਦ, ਅੰਬਾਲਾ ਛਾਉਣੀ, ਪੁਰਾਣੀ ਦਿੱਲੀ, ਮੁਰਾਦਾਬਾਦ, ਲਖਨਊ, ਫੈਜ਼ਾਬਾਦ, ਛਪਰਾ, ਦਰਭੰਗਾ ਆਦਿ ਰੱਖੇ ਗਏ ਹਨ।

ਬਿਨਾਂ ਰਿਜ਼ਰਵੇਸ਼ਨ ਨਹੀਂ ਬੈਠ ਸਕਦੇ ਗੱਡੀ 'ਚ
ਰੇਲ ਅਧਿਕਾਰੀਆਂ ਨੇ ਦੱਸਿਆ ਕਿ ਜੋ ਸਪੈਸ਼ਲ ਰੇਲਗੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਆਮ ਮੁਸਾਫਰਾਂ ਨੂੰ ਕੁਝ ਖਾਸ ਨਿਯਮਾਂ ਦੇ ਅਧੀਨ ਸਫਰ ਕਰਨ ਦੀ ਇਜਾਜ਼ਤ ਪ੍ਰਦਾਨ ਕੀਤੀ ਗਈ ਹੈ। ਬਿਨਾਂ ਰਿਜ਼ਰਵੇਸ਼ਨ ਕੋਈ ਵੀ ਇਨ੍ਹਾਂ ਰੇਲ ਗੱਡੀਆਂ 'ਚ ਨਹੀਂ ਬੈਠ ਸਕਦਾ। ਰੇਲਗੱਡੀ ਸਬੰਧਤ ਸਟੇਸ਼ਨ ਤੋਂ ਨਿਕਲਣ ਤੋਂ ਕਰੀਬ ਡੇਢ ਘੰਟਾ ਪਹਿਲਾਂ ਸਟੇਸ਼ਨ ਤੇ ਰਿਪੋਰਟ ਕਰਨੀ ਹੋਵੇਗੀ। ਸਟੇਸ਼ਨ ਤੇ ਥਰਮਲ ਸਕੈਨਿੰਗ ਤੋਂ ਬਾਅਦ ਮੁਸਾਫਰਾਂ ਨੂੰ ਗੱਡੀ ਵਿਚ ਬੈਠਣ ਦੀ ਇਜ਼ਾਜਤ ਦਿੱਤੀ ਜਾਵੇਗੀ। ਰੇਲ ਗੱਡੀ 'ਚ ਤੈਨਾਤ ਸਾਰੇ ਸਟਾਫ ਨੂੰ ਸਾਰੇ ਸੁਰੱਖਿਆ ਉਪਕਰਣ ਤੇ ਥਰਮਲ ਸਕੈਨਿੰਗ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ।


author

Shyna

Content Editor

Related News