ਟਰੇਨ ਦੀ ਤਤਕਾਲ ਟਿਕਟ ਲਈ ਮੁਸਾਫਰਾਂ ’ਚ ਭੱਜ-ਦੌਡ਼ ਸ਼ੁਰੂ
Saturday, Nov 10, 2018 - 04:56 AM (IST)
ਚੰਡੀਗਡ਼੍ਹ, (ਲਲਨ)- ਰੇਲਵੇ ਵਲੋਂ ਕੀਤੇ ਜਾ ਰਹੇ ਮੁਸਾਫਰਾਂ ਲਈ ਬਿਹਤਰ ਸਹੂਲਤਾਂ ਦੇ ਦਾਅਵੇ ਸਿਰਫ਼ ਕਾਗਜ਼ਾਂ ’ਚ ਹੀ ਹਨ। ਇਸ ਮਹੀਨੇ ਛਠ ਪੂਜਾ ਹੋਣ ਕਾਰਨ ਉੱਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੀਆਂ ਟਰੇਨਾਂ ’ਚ ਸੀਟਾਂ ਉਪਲਬਧ ਨਹੀਂ ਹਨ, ਜਿਸ ਕਾਰਨ ਮੁਸਾਫਰਾਂ ਲਈ ਤਤਕਾਲ ਇਕ ਬਦਲ ਬਚ ਰਿਹਾ ਹੈ। ਇਸ ਲਈ ਮੁਸਾਫਰਾਂ ਨੂੰ ਰਨ ਕਾਊਂਟਰ ’ਤੇ ਕਈ ਰਾਤਾਂ ਬਤੀਤ ਪੈ ਰਹੀਆਂ ਹਨ ਪਰ ਫਿਰ ਵੀ ਟਿਕਟਾਂ ਨਹੀਂ ਮਿਲ ਰਹੀਅਾਂ ਹਨ। ਇਸ ਸਬੰਧੀ ਰੇਲਵੇ ਮਾਹਰਾਂ ਦਾ ਕਹਿਣਾ ਹੈ ਕਿ ਰੇਲਵੇ ਅੱਜ ਵੀ ਪੁਰਾਣੀਆਂ ਲੀਹਾਂ ’ਤੇ ਕੰਮ ਕਰ ਰਿਹਾ ਹੈ।
ਘਰ ਜਾਣ ਲਈ ਤਤਕਾਲ ਟਿਕਟ ਦਾ ਹੀ ਸਹਾਰਾ
ਚੰਡੀਗਡ਼੍ਹ ਤੇ ਅੰਬਾਲਾ ਤੋਂ ਉਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੀਆਂ ਕਈ ਟਰੇਨਾਂ ’ਚ ਵੇਟਿੰਗ ਲਿਸਟ ਵੀ ਨਹੀਂ ਹੈ। ਅਜਿਹੇ ’ਚ ਮੁਸਾਫਰਾਂ ਨੂੰ ਆਪਣੇ ਘਰ ਜਾਣ ਲਈ ਤਤਕਾਲ ਟਿਕਟ ਦਾ ਹੀ ਸਹਾਰਾ ਲੈਣਾ ਪੈ ਰਿਹਾ ਹਨ। ਚੰਡੀਗਡ਼੍ਹ ਤੋਂ ਜਾਣ ਵਾਲੀਅਾਂ ਡਿਬਰੂਗਡ਼੍ਹ, ਸਦਭਾਵਨਾ ਤੇ ਪਾਟਲੀਪੁੱਤਰ, ਊਂਚਾਹਾਰ ਟਰੇਨਾਂ ’ਚ ਕਿਸੇ ਵੀ ਕਲਾਸ ’ਚ ਟਿਕਟ ਨਹੀਂ ਹੈ। ਉਥੇ ਹੀ ਅੰਬਾਲਾ ਤੋਂ ਜਾਣ ਵਾਲੀ ਬਰੌਨੀ ਐਕਸਪ੍ਰੈੱਸ, ਅੰਮ੍ਰਿਤਸਰ ਟਾਟਾ, ਜੈਗਰ, ਹਿਮਗਿਰੀ ਅਜਿਹੀਆਂ ਕਈ ਟਰੇਨਾਂ ਹਨ, ਜਿਨ੍ਹਾਂ ’ਚ ਸੀਟਾਂ ਨਹੀਂ ਹਨ, ਜਿਸ ਕਾਰਨ ਲੋਕਾਂ ਨੂੰ ਤਤਕਾਲ ਟਿਕਟ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਉਥੇ ਹੀ ਰੇਲਵੇ ਦੇ ਹਾਈਟੈੱਕ ਦੇ ਦਾਅਵੇ ਸਿਰਫ਼ ਕਾਗਜ਼ਾਂ ’ਚ ਹੀ ਹਨ।
ਟਿਕਟ ਲਈ 24 ਘੰਟੇ ਪਹਿਲਾਂ ਲਗਦੇ ਹਨ ਲਾਈਨ ’ਚ
ਤਤਕਾਲ ਟਿਕਟ ਲਈ ਇੰਨੀ ਮਾਰੋ-ਮਾਰੀ ਹੈ ਕਿ ਮੁਸਾਫਰਾਂ ਨੂੰ ਠੰਡ ’ਚ ਰਾਤ ਰਿਜ਼ਰਵੇਸ਼ਨ ਸੈਂਟਰ ’ਤੇ ਹੀ ਬਤੀਤ ਕਰਨੀ ਪੈ ਰਹੀ ਹੈ। ਮੁਸਾਫਰਾਂ ਦਾ ਕਹਿਣਾ ਹੈ ਕਿ ਉਹ 24 ਘੰਟੇ ਪਹਿਲਾਂ ਲਾਈਨ ’ਚ ਲਗਦੇ ਹਨ, ਇਸ ਤੋਂ ਬਾਅਦ ਰਾਤ ਵੀ ਸਟੇਸ਼ਨ ’ਤੇ ਬਤੀਤ ਕਰਨੀ ਪੈ ਰਹੀ ਹੈ। ਚੰਡੀਗਡ਼੍ਹ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਸੈਂਟਰ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦਾ ਹਾਲ ਇਹ ਹੈ ਕਿ 10 ਨਵੰਬਰ ਦੀ ਟਿਕਟ ਲੈਣ ਲਈ 8 ਨਵੰਬਰ ਤੋਂ ਹੀ ਉਹ ਲਾਈਨਾਂ ’ਚ ਲਗ ਰਹੇ ਹਨ।
ਕੀ ਕਹਿੰਦੇ ਹਨ ਯਾਤਰੀ
ਕਿਸ਼ਨਗਡ਼੍ਹ ਦੇ ਰਹਿਣ ਵਾਲੇ ਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਛਠ ਪੂਜਾ ਲਈ ਉਨ੍ਹਾਂ ਨੇ ਘਰ ਬਿਹਾਰ ਜਾਣਾ ਸੀ ਪਰ ਟਰੇਨਾਂ ’ਚ ਸੀਟ ਨਾ ਹੋਣ ਕਾਰਨ 8 ਨਵੰਬਰ ਤੋਂ ਰਿਜ਼ਰਵੇਸ਼ਨ ਕਾਊਂਟਰ ’ਤੇ ਉਹ ਰਾਤ ਕੱਟ ਰਹੇ ਹਨ, ਤਾਂ ਕਿ ਤਤਕਾਲ ਦੀ ਟਿਕਟ ਮਿਲ ਸਕੇ। ਸਰਕਾਰ ਨੂੰ ਪਹਿਲਾਂ ਨਾਰਮਲ ਟਰੇਨਾਂ ਚਲਾਉਣੀਆਂ ਚਾਹੀਦੀਅਾਂ ਹਨ। ਰੇਲਵੇ ਨੂੰ ਮੁਸਾਫਰਾਂ ਨੂੰ ਬਿਹਤਰ ਸਹੂਲਤ ਲਈ ਸਲੀਪਰ ਕਲਾਸ ਦੀਆਂ ਟਰੇਨਾਂ ਚਲਾਉਣੀਆਂ ਚਾਹੀਦੀਆਂ ਹਨ। ਇਹ ਕਹਿਣਾ ਹੈ ਤਤਕਾਲ ਲਈ ਦੋ ਦਿਨ ਤੋਂ ਰੇਲਵੇ ਸਟੇਸ਼ਨ ’ਤੇ ਰਾਤ ਬਤੀਤ ਕਰਨ ਵਾਲੇ ਰਾਮਦਰਬਾਰ ਦੇ ਰਣਜੀਤ ਦਾ। ਰੇਲਵੇ ਨੂੰ ਚੰਡੀਗਡ਼੍ਹ ਤੋਂ ਬਿਹਾਰ ਲਈ ਇਸ ਤਿਓਹਾਰ ਦੇ ਸੀਜ਼ਨ ’ਚ 1 ਸਪੈਸ਼ਲ ਟਰੇਨ ਹੋਰ ਚਲਾਉਣੀ ਚਾਹੀਦੀ ਹੈ, ਜਿਸ ਨਾਲ ਲੋਕਾਂ ਨੂੰ ਆਸਾਨੀ ਨਾਲ ਸੀਟ ਮਿਲ ਜਾਵੇ।
ਮੰਡਲ ਵਲੋਂ ਫੈਸਟੀਵਲ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਚੰਡੀਗਡ਼੍ਹ-ਗੋਰਖਪੁਰ ਸਪੈਸ਼ਲ ਟਰੇਨ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਟਰੇਨਾਂ ’ਚ ਵੇਟਿੰਗ ਲਿਸਟ ਜ਼ਿਆਦਾ ਹੈ ਜਾਂ ਨੋ ਰੂਮ ਹੈ। ਨਵੀਆਂ ਟਰੇਨਾਂ ਚਲਾਉਣ ਬਾਰੇ ਰੇਲਵੇ ਬੋਰਡ ਹੀ ਸੋਚ ਸਕਦਾ ਹੈ।
-ਹਰੀਦੀਪ ਕੁਮਾਰ, ਡਾਇਰੈਕਟਰ, ਚੰਡੀਗਡ਼੍ਹ ਰੇਲਵੇ ਸਟੇਸ਼ਨ।
