ਪਾਵਰਕਾਮ ਦੇ ਸਟੋਰਾਂ ’ਚੋਂ ਵੱਡੇ ਪੱਧਰ ’ਤੇ ਸਾਮਾਨ ਚੋਰੀ
Friday, Oct 10, 2025 - 06:17 PM (IST)

ਭਵਾਨੀਗੜ੍ਹ, (ਵਿਕਾਸ)-ਭਵਾਨੀਗੜ੍ਹ ਸ਼ਹਿਰ ਤੇ ਇਲਾਕੇ ਅੰਦਰ ਚੋਰੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਬੀਤੀ ਰਾਤ ਵੀ ਚੋਰਾਂ ਨੇ ਪਾਵਰਕਾਮ ਸਬ ਡਵੀਜ਼ਨ ਭਵਾਨੀਗੜ੍ਹ ਦੇ ਦਫਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਟੋਰਾਂ ’ਚੋਂ ਵੱਡੀ ਪੱਧਰ ’ਤੇ ਵਿਭਾਗ ਦਾ ਸਾਮਾਨ ਚੋਰੀ ਕਰ ਲਿਆ।
ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਭਵਾਨੀਗੜ੍ਹ ਇੰਜ. ਜਗਦੀਪ ਸਿੰਘ ਨੇ ਦੱਸਿਆ ਕਿ ਇੱਥੇ ਪੀ.ਐੱਸ.ਪੀ.ਸੀ.ਐੱਲ. ਸਬ ਡਵੀਜ਼ਨ ਦੇ ਪੁਰਾਣੇ ਦਫਤਰ ਵਿਖੇ ਲੰਘੀ 8-9 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰ ਜੇ.ਈਜ਼. ਦੇ ਸਟੋਰਾਂ ਦੇ ਜਿੰਦੇ ਤੋੜ ਕੇ ਲੱਗਭਗ 8 ਕੁਇੰਟਲ ਕੰਡਕਟਰ, 250 ਮੀਟਰ ਕੇਬਲ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲੈ ਗਏ। ਅਧਿਕਾਰੀ ਨੇ ਦੱਸਿਆ ਕਿ ਘਟਨਾ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਕੇ ਪੁਲਸ ਨੂੰ ਮਾਮਲੇ ਦੀ ਜਾਂਚ ਉਪਰੰਤ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।