ਅਰਿਜੀਤ ਸ਼ੋਅ ਦੇ ਪ੍ਰਬੰਧਕਾਂ ਨੇ ਨਹੀਂ ਪੂਰੇ ਕੀਤੇ ਫਾਇਰ ਸੇਫਟੀ ਨਾਰਮਜ਼!
Friday, Nov 03, 2023 - 04:29 PM (IST)
ਚੰਡੀਗੜ੍ਹ (ਹਾਂਡਾ) : ਸੈਕਟਰ-34 ਵਿਚ 4 ਨਵੰਬਰ ਨੂੰ ਹੋਣ ਵਾਲੇ ਅਰਿਜੀਤ ਸਿੰਘ ਦੇ ਸ਼ੋਅ ਸਬੰਧੀ ਇਕ ਵਾਰ ਫਿਰ ਭੰਬਲਭੂਸਾ ਪੈਦਾ ਹੋ ਗਿਆ ਹੈ। ਪ੍ਰਬੰਧਕਾਂ ਨੇ ਫਾਇਰ ਵਿੰਗ ਤੋਂ ਕੰਡੀਸ਼ਨਲ ਐੱਨ.ਓ.ਸੀ. ਲਈ ਸੀ, ਜਿਸ ਵਿਚ ਫਾਇਰ ਵਿੰਗ ਨੇ ਫਾਇਰ ਸੇਫਟੀ ਨਾਰਮਜ਼ ਦਿੱਤੇ ਸਨ, ਜੋ ਕਿ ਸਮਾਗਮ ਤੋਂ ਪਹਿਲਾਂ ਪੂਰੇ ਕੀਤੇ ਜਾਣੇ ਸਨ।
ਵੀਰਵਾਰ ਫਾਇਰ ਵਿੰਗ ਦੇ ਅਧਿਕਾਰੀ ਨੇ ਟੀਮ ਨਾਲ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਨੂੰ ਫਾਇਰ ਸੇਫਟੀ ਦੇ ਪ੍ਰਬੰਧ ਅਧੂਰੇ ਮਿਲੇ। ਇਸ ਤੋਂ ਬਾਅਦ ਸੈਕਟਰ-32 ਫਾਇਰ ਸਟੇਸ਼ਨ ਅਫ਼ਸਰ ਲਾਲ ਬਹਾਦਰ ਸਿੰਘ ਨੇ ਸਮਾਗਮ ਸਬੰਧੀ ਡੀ.ਸੀ. ਚੰਡੀਗੜ੍ਹ ਨੂੰ ਪੱਤਰ ਲਿਖਿਆ। ਪੱਤਰ ਵਿਚ ਲਿਖਿਆ ਗਿਆ ਹੈ ਕਿ ਅਰਿਜੀਤ ਸ਼ੋਅ ਦੇ ਪ੍ਰਬੰਧਕਾਂ ਨੇ ਫਾਇਰ ਐੱਨ.ਓ.ਸੀ. ਨਹੀਂ ਲਈ ਹੈ, ਨਾ ਹੀ ਸਮਾਗਮ ਵਾਲੀ ਥਾਂ ’ਤੇ ਕੀਤੇ ਗਏ ਫਾਇਰ ਸੇਫਟੀ ਪ੍ਰਬੰਧ ਨਾਰਮਜ਼ ਪੂਰੇ ਕਰਦੇ ਹਨ।
ਇਹ ਵੀ ਪੜ੍ਹੋ- ਸੇਵਾਮੁਕਤ ਕਰਨਲ ਨਾਲ 21 ਲੱਖ ਦੀ ਧੋਖਾਦੇਹੀ ਕਰਨ ਵਾਲੇ ਕੋਲਕਤਾ ਤੋਂ ਗ੍ਰਿਫਤਾਰ
ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਸਹੀ ਪ੍ਰਬੰਧਾਂ ਤੋਂ ਬਿਨ੍ਹਾਂ ਅਤੇ ਫਾਇਰ ਨਾਰਮਜ਼ ਦੀ ਪਾਲਣਾ ਕੀਤੇ ਬਿਨ੍ਹਾਂ ਸ਼ੋਅ ਕੀਤਾ ਗਿਆ ਤਾਂ ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੀ ਹੋਈ ਭੀੜ ਲਈ ਖਤਰਾ ਪੈਦਾ ਹੋ ਜਾਵੇਗਾ। ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਭਾਜੜ ਮਚ ਜਾਵੇਗੀ, ਜਿਸ ਦੇ ਸਿੱਟੇ ਗੰਭੀਰ ਨਿਕਲਣਗੇ। ਉਕਤ ਪੱਤਰ ਦੀ ਕਾਪੀ ਸ਼ੋਅ ਦੇ ਪ੍ਰਬੰਧਕਾਂ ਅਤੇ ਥਾਣਾ ਸੈਕਟਰ-34 ਦੇ ਐੱਸ.ਐੱਚ.ਓ. ਨੂੰ ਵੀ ਭੇਜੀ ਗਈ ਹੈ।
ਇਸ ਦੇ ਨਾਲ ਹੀ ਸ਼ੋਅ ਆਰਗੇਨਾਈਜ਼ਰ ਤਰੁਣ ਚੌਧਰੀ ਨਾਲ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜੇ ਤਕ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੋਈ ਪੱਤਰ ਨਹੀਂ ਮਿਲਿਆ, ਜਿਸ ਵਿਚ ਫਾਇਰ ਵਿੰਗ ਨੇ ਫਾਇਰ ਸੇਫਟੀ ਸਬੰਧੀ ਇਤਰਾਜ਼ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੱਤਰ ਮਿਲਦਾ ਹੈ ਤਾਂ ਉਹ ਸ਼ੋਅ ਤੋਂ ਪਹਿਲਾਂ ਇਸ ਵਿਚ ਦਿੱਤੇ ਫਾਇਰ ਸੇਫਟੀ ਨਾਰਮਜ਼ ਪੂਰੇ ਕਰ ਲੈਣਗੇ। ਚੰਡੀਗੜ੍ਹ ਦੇ ਏ.ਡੀ.ਸੀ. ਰੁਪੇਸ਼ ਅਗਰਵਾਲ ਦਾ ਕਹਿਣਾ ਹੈ ਕਿ ਸਾਰੇ ਦਸਤਾਵੇਜ਼ ਪੂਰੇ ਕਰਨ ਤੋਂ ਬਾਅਦ ਹੀ ਇਜਾਜ਼ਤ ਦਿੱਤੀ ਹੋਵੇਗੀ। ਉਨ੍ਹਾਂ ਨੇ ਫਾਇਰ ਅਫਸਰ ਦਾ ਪੱਤਰ ਮਿਲਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਫਾਇਰ ਅਫ਼ਸਰ ਨੇ ਪੱਤਰ ਭੇਜ ਕੇ ਇਤਰਾਜ਼ ਜਤਾਇਆ ਹੈ ਤਾਂ ਕਾਨੂੰਨੀ ਤੌਰ ’ਤੇ ਜੋ ਵੀ ਵਿਵਸਥਾ ਹੈ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8