ਏਕੇ ਦੀ ਤਾਕਤ ਨਾਲ ਸਰਕਾਰਾਂ ਦੇ ਹੱਲੇ ਦਾ ਜਵਾਬ ਦੇਣਾ ਸਮੇਂ ਦੀ ਲੋੜ : ਉਗਰਾਹਾਂ

12/24/2021 3:39:12 PM

ਭਵਾਨੀਗੜ੍ਹ (ਵਿਕਾਸ) : ਪੈਪਸੀਕੋ ਵਰਕਰਜ਼ ਯੂਨੀਅਨ (ਏਟਕ) ਚੰਨੋ ਵੱਲੋਂ ਕੰਪਨੀ ਦੇ ਮੇਨ ਗੇਟ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਦੇ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਰਕਰਜ਼ ਯੂਨੀਅਨ ਵੱਲੋਂ ਪ੍ਰਧਾਨ ਸੁਖਚੈਨ ਸਿੰਘ ਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਨੇ ਕਿਸਾਨ ਯੂਨੀਅਨ ਨੂੰ ਖੇਤੀ ਸਬੰਧੀ ਲਾਗੂ ਕੀਤੇ ਕਾਨੂੰਨਾਂ ਦੇ ਰੱਦ ਹੋਣ ਦੀ ਵਧਾਈ ਦਿੱਤੀ ਤੇ ਇਸ ਨੂੰ ਏਕੇ ਦੀ ਜਿੱਤ ਕਰਾਰ ਦਿੱਤਾ। ਇਸ ਮੌਕੇ ਹਾਜ਼ਰ ਭਾਕਿਯੂ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਏਕੇ ਤੇ ਸੰਘਰਸ਼ ਦੇ ਜ਼ੋਰ ’ਤੇ ਵੱਡੇ ਤੋਂ ਵੱਡੇ ਹੁਕਮਰਾਨ ਨੂੰ ਝੁਕਾਇਆ ਜਾ ਸਕਦਾ ਹੈ, ਇਸ ਲਈ ਸਮਾਜ ਵਿਚ ਵੰਡ-ਪਾਊ ਨੀਤੀਆਂ ਤੋਂ ਗੁਰੇਜ਼ ਕਰ ਕੇ ਸਾਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਪਿਰਤ ਪਾਉਣ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾ ਦੇ ਸਾਂਝੇ ਸੰਘਰਸ਼ ਦੀ ਬਦੌਲਤ ਹੀ ਕੇਂਦਰ ਦੀ ਮੋਦੀ ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ।

ਉਗਰਾਹਾਂ ਨੇ ਕਿਹਾ ਕਿ ਸਾਨੂੰ ਸਮਾਜਿਕ ਤੌਰ 'ਤੇ ਏਕੇ ਦੀ ਸਾਂਝ ਪਾ ਕੇ ਸਰਕਾਰਾਂ ਦੇ ਵੱਡੇ ਹੱਲੇ ਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਨ ਲਈ ਹਫ਼ਤੇ ਦਾ ਸਮਾਂ ਲਿਆ ਹੈ, ਜੇਕਰ ਫਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਸਰਕਾਰ ਨੂੰ ਮੁੜ ਘੇਰਿਆ ਜਾਵੇਗਾ। ਇਸ ਮੌਕੇ ਵਰਕਰਾਂ ਤੇ ਕਿਸਾਨਾਂ ਵੱਲੋਂ 'ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਜ਼ੋਰਦਾਰ ਨਾਅਰੇ ਲਗਾਉਂਦੇ ਹੋਏ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਗੁਰਜੀਤ ਸਿੰਘ, ਦਰਸ਼ਨ ਸਿੰਘ, ਜਗਪਾਲ ਸਿੰਘ, ਦਲਵਿੰਦਰ ਸਿੰਘ, ਦੀਪਕ ਸਿੰਘ ਸਮੇਤ ਵੱਡੀ ਗਿਣਤੀ ਪੈਪਸੀਕੋ ਵਰਕਰ ਹਾਜ਼ਰ ਸਨ।


Manoj

Content Editor

Related News