ਨਕਲੀ ਸਬ-ਇੰਸਪੈਕਟਰ ਨੂੰ ਅਸਲੀ ਪੁਲਸ ਨੇ ਕੀਤਾ ਕਾਬੂ

10/24/2020 11:06:28 PM

ਅਬੋਹਰ, (ਰਹੇਜਾ)– ਪੰਜਾਬ ਪੁਲਸ ਨੇ ਸਪੈਸ਼ਲ ਆਪ੍ਰੇਸ਼ਨ ਸੈੱਲ ਅਤੇ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਇਕੱਠਿਆਂ ਕਾਰਵਾਈ ਕਰਦੇ ਹੋਏ ਇਕ ਨਕਲੀ ਸਬਇੰਸਪੈਕਟਰ ਨੂੰ ਕਾਬੂ ਕਰ ਉਸਦੇ ਖਿਲਾਫ ਥਾਣਾ ਨੰਬਰ 1 ਦੇ ਵਿਚ ਮਾਮਲਾ ਦਰਜ ਕਰਵਾਇਆ ਹੈ। ਪੁਲਸ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਅਬੋਹਰ ਖੇਤਰ ’ਚ ਇਕ ਵਿਅਕਤੀ ਵਲੋਂ ਪੁਲਸ ਦੀ ਵਰਦੀ ਪਾ ਕੇ ਨਕਲੀ ਐੱਸ. ਆਈ. ਬਣ ਕੇ ਲੋਕਾਂ ਨਾਲ ਠੱਗੀਆਂ ਕਰਨ ਦੀ ਖਬਰ ਮਿਲ ਰਹੀ ਸੀ।

ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਹਰਮੀਤ ਸਿੰਘ ਅਤੇ ਕਾਉਂਟਰ ਇੰਟੈਲੀਜੈਂਸ ਦੇ ਕਰਮਚਾਰੀ ਹਰਦਿਆਲ ਸਿੰਘ ਨੇ ਦੱਸਿਆ ਕਿ ਹਵਲਦਾਰ ਪ੍ਰਹਲਾਦ ਰਾਏ, ਹਰਸਿਮਰਨ ਸਿੰਘ, ਵਿਨੋਦ ਕੁਮਾਰ, ਹੀਰਾ ਸਿੰਘ, ਤਰਸੇਮ ਸਿੰਘ ਅਤੇ ਕਾਂਸਟੇਬਲ ਸੁਰੇਸ਼ ਕੁਮਾਰ ਦੇ ਨਾਲ ਮਲੋਟ ਰੋਡ਼ ’ਤੇ ਗਸ਼ਤ ਦੇ ਦੌਰਾਨ ਸ਼ੱਕ ਦੇ ਅਧਾਰ ’ਤੇ ਕਾਰ ’ਚ ਸਵਾਰ ਗੁਰਮੀਤ ਸਿੰਘ ਉਰਫ ਬਿੱਟੂ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਨੂਕੇ ਕੇ ਥਾਣਾ ਅਮੀਰ ਖਾਸ ਜ਼ਿਲਾ ਫਾਜ਼ਿਲਕਾ ਨੂੰ ਰੋਕ ਕੇ ਪੁਛਗਿੱਛ ਕੀਤੀ ਗਈ ਤਾਂ ਉਹ ਸੱਪਸ਼ਟ ਜਵਾਬ ਨਹੀਂ ਦੇ ਸੱਕਿਆ। ਪੁਲਸ ਵਲੋਂ ਕੀਤੀ ਜਾਂਚ-ਪਡ਼ਤਾਲ ’ਚ ਕਾਰ ’ਚੋਂ ਨਕਲੀ ਆਈ. ਡੀ. ਕਾਰਡ ਸਣੇ ਹੋਰ ਅਪਮਾਨਜਨਕ ਸਮੱਗਰੀ ਬਰਾਮਦ ਹੋਈ ਹੈ। ਪੁਲਸ ਮੁਤਾਬਕ ਉਕਤ ਵਿਅਕਤੀ ਪੁਲਸ ਦੇ ਉੱਚ ਅਧਿਕਾਰਿਆਂ ਤੋਂ ਜਾਨ-ਪਹਿਚਾਣ ਦਾ ਦਾਵਾ ਕਰ ਕੇ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਕਰਦਾ ਸੀ। ਪੁਲਸ ਨੇ ਜਾਂਚ ਦੇ ਬਾਅਦ ਉਕਤ ਕਥਿਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਉੱਚ ਅਧਿਕਾਰਿਆਂ ਮੁਤਾਬਕ ਦੋਸ਼ੀ ਨੂੰ ਕਲ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।


Bharat Thapa

Content Editor

Related News