ਫਾਜ਼ਿਲਕਾ 'ਚ ਸਿਹਤ ਸੇਵਾਵਾਂ ਦੀ ਹਾਲਤ ਖ਼ਰਾਬ, ਨਹੀਂ ਹੈ ਪੂਰਾ ਸਟਾਫ਼, ਸਿਹਤ ਮੰਤਰੀ ਨੇ ਦਿਵਾਇਆ ਸੁਧਾਰ ਦਾ ਭਰੋਸਾ
Monday, Nov 20, 2023 - 06:29 PM (IST)

ਫਾਜ਼ਿਲਕਾ - ਸਿਹਤ ਅਫ਼ਸਰਾਂ ਦੀ ਕਮੀ ਕਾਰਨ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੀਆਂ ਸਿਹਤ ਸੇਵਾਵਾਂ ਵੀ ਡਾਵਾ-ਡੋਲ ਹੀ ਚੱਲ ਰਹੀਆਂ ਹਨ। ਮੈਡੀਕਲ ਅਫ਼ਸਰਾਂ ਦੀ ਕਮੀ ਕਾਰਨ ਐਮਰਜੈਂਸੀ ਸੇਵਾਵਾਂ ਦੀ ਹਾਲਤ ਹੋਰ ਵੀ ਜ਼ਿਆਦਾ ਖ਼ਰਾਬ ਹੈ। ਜ਼ਿਲ੍ਹਾ ਹਸਪਤਾਲ 'ਚ ਐਮਰਜੈਂਸੀ ਮੈਡੀਕਲ ਅਫ਼ਸਰਾਂ ਦੀਆਂ 9 ਅਸਾਮੀਆਂ ਹਨ, ਜਿਨ੍ਹਾਂ 'ਚੋਂ 8 ਖ਼ਾਲੀ ਪਈਆਂ ਹਨ।
ਇਸੇ ਤਰ੍ਹਾਂ ਅਬੋਹਰ 'ਚ ਵੀ 10 'ਚੋਂ 6 ਪੋਸਟਾਂ ਖ਼ਾਲੀ ਹੀ ਪਈਆਂ ਹਨ। ਕਮਿਊਨਿਟੀ ਹੈਲਥ ਸੈਂਟਰਾਂ 'ਚ ਵੀ 32 'ਚੋਂ 20 ਸੀਟਾਂ ਖ਼ਾਲੀ ਹਨ। ਪੇਂਡੂ ਖੇਤਰਾਂ ਦਾ ਹਾਲ ਤਾਂ ਹੋਰ ਜ਼ਿਆਦਾ ਖ਼ਰਾਬ ਹੈ, ਜਿੱਥੇ ਰਾਤ ਸਮੇਂ ਕੋਈ ਵੀ ਐਮਰਜੈਂਸੀ ਸੇਵਾਵਾਂ ਉਪਲੱਬਧ ਨਹੀਂ ਹਨ। ਜ਼ਿਲ੍ਹੇ 'ਚ ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਵੀ 9 ਪੋਸਟਾਂ ਹਨ, ਜਿਨ੍ਹਾਂ 'ਚੋਂ ਸਿਰਫ਼ 2 'ਤੇ ਹੀ ਤਾਇਨਾਤੀ ਹੋਈ ਹੈ, ਬਾਕੀ ਸੀਟਾਂ ਖਾਲੀ ਹਨ। ਐਮਰਜੈਂਸੀ ਮੈਡੀਕਲ ਅਫ਼ਸਰਾਂ ਦੇ ਨਾ ਹੋਣ ਕਾਰਨ ਮੁੱਖ ਡਾਕਟਰਾਂ ਨੂੰ ਜਾਣਾ ਪੈਂਦਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ - ਟੁੱਟਿਆ 140 ਕਰੋੜ ਭਾਰਤੀਆਂ ਦਾ ਸੁਫ਼ਨਾ, ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਬਣਿਆ ਵਰਲਡ ਚੈਂਪੀਅਨ
ਪੇਂਡੂ ਇਲਾਕਿਆਂ ਦੇ ਕਮਿਊਨਿਟੀ ਹੈਲਥ ਸੈਂਟਰਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਅਜਿਹਾ ਹੀ ਹਾਲ ਦੇਖਣ ਨੂੰ ਮਿਲ ਰਿਹਾ ਹੈ। ਜਲਾਲਾਬਾਦ, ਰਾਮਸਰਾ, ਸੀਤੋ ਗੁੰਨੋ, ਖੂਈ ਖੇੜਾ, ਡੱਬਵਾਲਾ ਕਲਾਂ ਤੇ ਬਹਾਵ ਵਾਲਾ 'ਚ ਸਪੈਸ਼ਲਿਸਟ ਡਾਕਟਰਾਂ ਦੀਆਂ ਕੁੱਲ 30 ਪੋਸਟਾਂ ਹਨ, ਜਿਨ੍ਹਾਂ 'ਚੋਂ 23 ਖ਼ਾਲੀ ਹਨ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਡੈਂਟਲ ਹੈਲਥ ਅਫਸਰ, ਐਪੀਡੇਮੀਓਲਾਜਿਸਟ, ਜ਼ਿਲ੍ਹਾ ਹੈਲਥ ਅਫਸਰ ਵੀ ਨਹੀਂ ਹਨ।
ਪੰਜਾਬ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਲਾਲਾਬਾਦ ਦੌਰੇ ਦੌਰਾਨ ਮੰਨਿਆ ਕਿ ਜ਼ਿਲ੍ਹੇ 'ਚ ਸਿਹਤ ਸੇਵਾਵਾਂ ਦੀ ਹਾਲਤ ਬਹੁਤ ਖ਼ਸਤਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸੁਧਾਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਸਿਹਤ ਸੇਵਾਵਾਂ 'ਚ ਸੁਧਾਰ ਲਿਆਉਣ ਅਤੇ ਨਵੇਂ ਮੈਡੀਕਲ ਉਪਕਰਨ ਖਰੀਦਣ ਲਈ ਜ਼ਿਲ੍ਹੇ ਨੂੰ 550 ਕਰੋੜ ਅਤੇ 1,900 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 350 ਡਾਕਟਰਾਂ ਨੂੰ ਵੀ ਜਲਦੀ ਹੀ ਭਰਤੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵਿਦੇਸ਼ੋਂ ਆਏ ਫ਼ੋਨ ਨੇ ਕੱਢੀ ਪੈਰਾਂ ਹੇਠੋਂ ਜ਼ਮੀਨ, ਲਾਰੈਂਸ ਬਿਸ਼ਨੋਈ ਦਾ ਭਰਾ ਦੱਸ ਮੰਗੀ 5 ਕਰੋੜ ਦੀ ਫਿਰੌਤੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8